ਲੇਖ : ਬੁੱਤਖਾਨਾ
ਬੁੱਤਖਾਨਾ
ਇਹ ਸਰੀਰ ਹੱਡ-ਮਾਸ ਦਾ ਬਣਿਆ ਹੋਇਆ ਮਿੱਟੀ ਦਾ ਬੁੱਤ ਹੀ ਹੈ, ਜਿਸ ਨੇ ਫਿਰ ਦੋਬਾਰਾ ਮਿੱਟੀ ਵਿਚ ਰਲ ਜਾਣਾ ਹੈ। ਮਿੱਟੀ ਤੋਂ ਮਿੱਟੀ ਉਪਜਦੀ ਹੈ ਤੇ ਬੁੱਤ ਤੋਂ ਹੀ ਬੁੱਤ ਸਿਰਜਿਆ ਜਾਂਦਾ ਹੈ। ਇਸ ਬੁੱਤ ‘ਤੇ ਲੱਖ ਸ਼ਿੰਗਾਰ ਕਰ ਲਓ, ਪਹਿਲਾਂ ਤਾਂ ਝੁਰੜੀਆਂ ਨਾਲ ਬਿਰਧ ਹੋ ਜਾਂਦਾ ਹੈ ਤੇ ਫਿਰ ਅੰਤ ਵਿਚ ਖ਼ਾਕ ਵਿਚ ਹੀ ਰਲ ਜਾਂਦਾ ਹੈ। ਆਧੁਨਿਕ ਯੁੱਗ ਵਿਚ ਅਸੀਂ ਬੁੱਤ ਨੂੰ ਹੀ ਸਭ ਕੁਝ ਸਮਝ ਲਿਆ ਹੈ ਤੇ ਹਰ ਸਮੇਂ ਇਸ ਨੂੰ ਸੰਵਾਰਨ-ਸ਼ਿੰਗਾਰਨ ਵਿਚ ਲੱਗੇ ਰਹਿੰਦੇ ਹਾਂ। ਬੁੱਤ ਭਾਵੇਂ ਪੁਰਸ਼ ਰੂਪ ਵਿਚ ਹੋਵੇ ਜਾਂ ਇਸਤਰੀ ਰੂਪ ਵਿਚ, ਇਸ ਦੇ ਉਨ੍ਹਾਂ ਗੁਣਾਂ ਤੇ ਧਿਆਨ ਨਹੀਂ ਜਾਂਦਾ ਜੋ ਮਰ ਕੇ ਵੀ ਨਹੀਂ ਮਿਟਦੇ, ਸਰੀਰ ਦੇ ਮਿੱਟੀ ਵਿਚ ਰਲ ਜਾਣ ਤੋਂ ਬਾਅਦ ਵੀ ਇਹ ਜਿਉਂਦੇ ਰਹਿੰਦੇ ਹਨ।
ਕੁਝ ਮਹਾਪੁਰਖਾਂ ਦੇ ਲੋਕ ਬੁੱਤ ਬਣਾਉਂਦੇ ਹਨ ਤੇ ਸਮਾਂ ਪਾ ਕੇ ਉਨ੍ਹਾਂ ਦੀ ਪੂਜਾ ਸ਼ੁਰੂ ਹੋ ਜਾਂਦੀ ਹੈ। ਇਸ ਤਰ੍ਹਾਂ ਬੁੱਤ ਇਕ ਵਿਅਕਤੀ ਦਾ ਚਿੰਨ੍ਹ ਹੈ। ਜਿਉਂਦੇ ਸਮੇਂ ਇਹ ਬੁੱਤ ਸਾਹਾਂ ਨਾਲ ਧੜਕਦਾ ਹੈ, ਮੌਤ ਤੋਂ ਬਾਅਦ ਇਹ ਇਕ ਥਾਂ ‘ਤੇ ਸਥਿਰ ਹੋ ਜਾਂਦਾ ਹੈ ਤੇ ਲੋਕ ਆਪਣੇ ਪਿਆਰਿਆਂ ਦੇ ਬੁੱਤ ਹੱਡੀਆਂ ਮਾਸ ਦੀ ਥਾਂ ‘ਤੇ ਇੱਟਾਂ, ਮਿੱਟੀ, ਚੂਨੇ ਅਤੇ ਰੇਤੇ ਨਾਲ ਬਣਾਉਂਦੇ ਹਨ ਜੋ ਆਖ਼ਰਕਾਰ ਇਸ ਨੇ ਵੀ ਮਿੱਟੀ ਵਿਚ ਰਲ ਜਾਣਾ ਹੁੰਦਾ ਹੈ।
ਪੰਜਾਬੀ ਦਾ ਪ੍ਰਸਿੱਧ ਕਵੀ ਮੋਹਨ ਸਿੰਘ, ਸਰੀਰ ਰੂਪੀ ਸੁੰਦਰ ਬੁੱਤ ਵਿਚ ਅਰਥ ਵਿਸਤਾਰ ਪੈਦਾ ਕਰਦਾ ਹੋਇਆ ਕਹਿੰਦਾ ਹੈ ਕਿਉਂ ਨਾ ਅਸੀਂ ਬੁੱਤ ਦੀ ਸੁੰਦਰਤਾ ਨੂੰ ਇਕੱਠਾ ਕਰਕੇ ਸਾਰੀ ਮਾਨਵਜਾਤੀ ਲਈ ਇਕ ਬੁਤਖ਼ਾਨਾ ਸਜਾਈਏ, ਅਰਥਾਤ ਸਾਡਾ ਸਾਰਾ ਸਮਾਜ ਹੀ ਕਿਉਂ ਨਾ ਮਾਨਵੀ ਕਦਰਾਂ-ਕੀਮਤਾਂ ਨਾਲ ਇਕ ਸੁੰਦਰ ਰੂਪ ਧਾਰਨ ਕਰੇ।
ਭਾਈ ਵੀਰ ਸਿੰਘ ਤਾਂ ਸੁੰਦਰ ਇਮਾਰਤ ਨੂੰ ਸਭ ਦੀ ਸਾਂਝੀ ਦੱਸਦੇ ਸਨ, ਸੁੰਦਰਤਾ ਭਾਵੇਂ ਸਰੀਰਕ ਰੂਪ, ਵਿਚ ਵਿਅਕਤੀਗਤ ਰੂਪ ਵਿਚ ਹੋਏ ਜਾਂ ਕੋਈ ਇਮਾਰਤ, ਸਥਾਨ, ਪ੍ਰਾਕ੍ਰਿਤੀ ਦੀ ਸੁੰਦਰ ਵਸਤੂ, ਮਨੁੱਖੀ ਕਲਿਆਣ ਦਾ ਪੱਖ ਇਸਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।
ਇਸ ਸਰੀਰ ਰੂਪੀ ਬੁੱਤ ਨੂੰ ਸਭ ਤੋਂ ਵੱਧ ਇਸਤਰੀਆਂ ਸ਼ਿੰਗਾਰਦੀਆਂ ਹਨ। ਹਰ ਇਕ ਵਿਅਕਤੀ ਦੀ ਸ਼ਖ਼ਸੀਅਤ ਦੇ ਦੋ ਮਹੱਤਵਪੂਰਨ ਅੰਗ ਹੁੰਦੇ ਹਨ। ਇਕ ਉਸ ਦਾ ਭੌਤਿਕ ਰੂਪ ਅਤੇ ਦੂਸਰਾ ਆਂਤਰਿਕ ਰੂਪ। ਦੇਖਿਆ ਗਿਆ ਹੈ ਕਿ ਆਧੁਨਿਕ ਇਸਤਰੀਆਂ ਇਸ ਭੌਤਿਕ ਰੂਪ ਵਿਚ ਬੰਦ ਬੁੱਤ ਨੂੰ ਹੀ ਸਭ ਕੁਝ ਸਮਝਦੀਆਂ ਹਨ ਤੇ ਹਰ ਤਰ੍ਹਾਂ ਦੀਆਂ ਬਣਾਉਟੀ ਖੁਸ਼ਬੂਆਂ ਅਤੇ ਕੋਸਮੈਟਕ ਦੀ ਵਰਤੋਂ ਕਰਕੇ ਆਪਣੀ ਸੁੰਦਰਤਾ ਵਿਚ ਵਾਧਾ ਕਰਦੀਆਂ ਹਨ। ਆਪਣੇ ਬੁੱਤ ਨੂੰ ਸਾਂਭਣਾ, ਸੰਵਾਰਨਾ, ਸਿਹਤਮੰਦ ਰੱਖਣਾ ਹੋਰ ਗੱਲ ਹੈ, ਪ੍ਰੰਤੂ ਜਦੋਂ ਇਸਤਰੀਆਂ ਜ਼ਹਿਰੀਲੇ ਕੈਮੀਕਲਾਂ ਦੀ ਵਰਤੋਂ ਕਰਕੇ ਇਸ ਬੁੱਤ ਨੂੰ ਸਾਂਭਦੀਆਂ ਹਨ ਤਾਂ ਸਿਹਤ ਦੇ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੀਆਂ ਹੁੰਦੀਆਂ। ਸੂਫ਼ੀ ਕਵਿਤਾ ਵਿਚ ਵੀ ਇਸ ਸਰੀਰ ਨੂੰ ਚਰਖਾ ਕਿਹਾ ਗਿਆ ਹੈ, ਜਿਸ ਦੀ ਸਿਫ਼ਤ ਸਲਾਹ ਵਿਚ ਸੂਫ਼ੀਆਂ ਨੇ ਭਾਵ ਪ੍ਰਗਟ ਕੀਤੇ ਹਨ।
ਭੌਤਿਕ ਰੂਪ ਵਿਚ ਇਸ ਬੁੱਤ ਨੂੰ ਕਾਇਮ ਰੱਖਣ ਬਾਰੇ ਪ੍ਰਸਿੱਧ ਨਿਬੰਧਕਾਰ ਬੇਕਨ ਦਾ ਕਥਨ ਹੈ, “ਇਕ ਸਿਹਤਮੰਦ ਸਰੀਰ ਆਤਮਾ ਲਈ ਆਲੀਸ਼ਾਨ ਇਮਾਰਤ ਦੀ ਤਰ੍ਹਾਂ ਹੈ, ਜਿਹੜਾ ਬੀਮਾਰ ਸਰੀਰ ਹੈ ਉਹ ਕੈਦਖ਼ਾਨੇ ਦੀ ਤਰ੍ਹਾਂ।”
ਇਸੇ ਤਰ੍ਹਾਂ ਹੀ ਅਮਰੀਕਾ ਦਾ ਪ੍ਰਸਿੱਧ ਕਵੀ ਵਾਲਟ ਵਿਟਮੈਨ ਕਹਿੰਦਾ ਹੈ ਕਿ ਜੇ ਕੋਈ ਚੀਜ਼ ਪਵਿੱਤਰ ਹੈ ਤਾਂ ਮਨੁੱਖੀ ਸਰੀਰ ਹੀ ਪਵਿੱਤਰ ਹੈ। ਇਸ ਤਰ੍ਹਾਂ ਸਿਹਤ ਦੇ ਨਿਯਮਾਂ ਅਨੁਸਾਰ ਇਸ ਸਰੀਰ ਰੂਪੀ ਬੁੱਤ ਦੀ ਸੰਭਾਲ ਤਾਂ ਪੂਰੀ ਜ਼ਰੂਰੀ ਹੈ। ਜੇ ਸਿਹਤ ਚੰਗੀ ਹੋਵੇਗੀ ਤਾਂ ਇਹ ਬੁੱਤ ਵੀ ਸੋਹਣਾ ਲੱਗੇਗਾ।
ਸਿਹਤਮੰਦ ਸਰੀਰ ਤੋਂ ਬਾਅਦ ਮਨੁੱਖ ਦੀ ਸੋਹਣੇ ਬਣਨ ਦੀ ਇੱਛਾ ਹੁੰਦੀ ਹੈ। ਮੀਰ ਦਾ ਕਥਨ ਹੈ ਕਿ ਇਸਤਰੀ ਨੂੰ ਪਰਮਾਤਮਾ ਨੂੰ ਦਿੱਤੀ ਜਾਣ ਵਾਲੀ ਪਹਿਲੀ ਸੁਗਾਤ ਸੁੰਦਰਤਾ ਹੀ ਹੈ ਪਰ ਇਹ ਖੋਹੀ ਜਾਣ ਵਾਲੀ ਵੀ ਪਹਿਲੀ ਹੀ ਹੁੰਦੀ ਹੈ।
ਸੁੰਦਰਤਾ ਦੇ ਪ੍ਰਭਾਵ ਬਾਰੇ ਚਾਰਲਸ ਰੀਡ ਦਾ ਕਥਨ ਹੈ, “ਸੁੰਦਰਤਾ ਇਕ ਸ਼ਕਤੀ ਹੈ ਤੇ ਮੁਸਕਰਾਹਟ ਉਸਦੀ ਤਲਵਾਰ।”
ਇਸ ਸੁੰਦਰ ਬੁੱਤ ਬਾਰੇ ਪ੍ਰਸਿੱਧ ਇਨਕਲਾਬੀ ਅਮਰੀਕਨ ਨਿਬੰਧਕਾਰ ਰਸਕਿਨ ਕਹਿੰਦਾ ਹੈ ਕਿ ਜੇ ਸਭ ਤੋਂ ਸੁੰਦਰ ਵਸਤਾਂ ਸੰਸਾਰ ਵਿਚ ਦਿਸਦੀਆਂ ਹਨ, ਸਭ ਤੋਂ ਵੱਧ ਵਿਅਰਥ ਹੁੰਦੀਆਂ ਹਨ। ਰਸਕਿਨ ਨੇ ਮੋਰ ਅਤੇ ਲਿਲੀ ਦੇ ਫੁੱਲਾਂ ਦੀ ਉਦਾਹਰਣ ਦਿੱਤੀ ਹੈ, ਜੋ ਮਨ ਨੂੰ ਮੋਂਹਦੇ ਜਰੂਰ ਹਨ ਪਰ ਜਿਨ੍ਹਾਂ ਦੀ ਉਪਯੋਗਤਾ ਬਹੁਤ ਘੱਟ ਹੈ।
ਇਸ ਸੋਹਣੇ ਸਰੀਰ ਰੂਪੀ ਬੁੱਤ ਦੀ ਸਾਰਥਿਕਤਾ ਬਾਰੇ ਲੇਡੀ ਬਲਿਜ਼ਗਟਨ ਦਾ ਮਤ ਹੈ ਕਿ ਖੁਸ਼ੀ ਤੋਂ ਬਿਨਾਂ ਸੁੰਦਰਤਾ ਲਈ ਕੋਈ ਹੋਰ ਕੋਸਮੈਟਿਕ ਨਹੀਂ ਹੋ ਸਕਦਾ। ਇਸ ਪ੍ਰਕਾਰ ਜੋ ਸਾਹਮਣੇ ਸੋਹਣਾ ਦਿਸਦਾ ਹੈ, ਉਹ ਜ਼ਰੂਰੀ ਨਹੀਂ ਕਿ ਚੰਗਾ ਵੀ ਹੋਵੇ, ਪਰ ਜੋ ਚੰਗੇ ਕਿਰਦਾਰ ਦਾ ਹੁੰਦਾ ਹੈ, ਉਸ ਦਾ ਭੌਤਿਕ ਰੂਪ ਜ਼ਰੂਰ ਚੰਗਾ ਲੱਗਣ ਲੱਗ ਜਾਂਦਾ ਹੈ।
ਅੰਗਰੇਜ਼ੀ ਦਾ ਸੰਸਾਰ ਪ੍ਰਸਿੱਧ ਰੋਮਾਂਟਿਕ ਕਵੀ ਕੀਟਸ ਸੁੰਦਰਤਾ ਬਾਰੇ ਕਹਿੰਦਾ ਹੈ ਕਿ ਕੋਈ ਸੁੰਦਰ ਵਸਤੂ ਹਮੇਸ਼ਾ ਲਈ ਖੁਸ਼ੀ ਦਾ ਕਾਰਣ ਬਣਦੀ ਹੈ। ਇਸ ਗੱਲ ਨੂੰ ਅੱਗੇ ਵਿਸਤਾਰ ਵਿਚ ਪੇਸ਼ ਕਰਦਾ ਹੋਇਆ ਕੀਟਸ ਅੰਤ ‘ਤੇ ਇਹ ਨਿਰਣਾ ਕੱਢਦਾ ਹੈ ਕਿ ਸੱਚ ਹੀ ਸੁੰਦਰਤਾ ਹੈ ਤੇ ਸੁੰਦਰਤਾ ਹੀ ਸੱਚ।
ਬੁੱਤ ਨੂੰ ਛੱਡ ਕੇ ਬੁੱਤਖਾਨਾ ਸਜਾਉਣਾ ਸੋਹਣੇ ਲੋਕਾਂ ਨੂੰ ਸੋਹਣੀ ਥਾਂ ‘ਤੇ ਵਸਾਉਣਾ ਹੁੰਦਾ ਹੈ। ਸੋਹਣੇ ਲੋਕਾਂ ਤੋਂ ਭਾਵ ਉਹ ਲੋਕ ਹਨ ਜਿਨ੍ਹਾਂ ਦੇ ਤਨ ਤੇ ਮਨ ਦੋਵੇਂ ਸੁੰਦਰ ਹਨ। ਕੇਵਲ ਸੋਹਣਾ ਬੁੱਤ ਤਾਂ ਚਾਰ ਦਿਨ ਦੀ ਚਾਂਦਨੀ ਦੀ ਤਰ੍ਹਾਂ ਹੁੰਦਾ ਹੈ ਜੋ ਛੇਤੀ ਖ਼ਤਮ ਹੋ ਜਾਂਦੀ ਹੈ। ਕਈ ਵਾਰੀ ਉੱਚੇ ਲੰਮੇ ਗੱਭਰੂ ਦੇ ਪੱਲੇ ਠੀਕਰੀਆਂ ਹੀ ਹੁੰਦੀਆਂ ਹਨ। ਉਚੇ-ਲੰਮੇ ਕੱਦਾਂ ਵਾਲਿਆਂ ਨੇ ਕਦੇ ਜ਼ਿੰਦਗੀ ਵਿਚ ਸੋਹਣੇ ਬੁੱਤਾਂ ਕਰਕੇ ਪ੍ਰਾਪਤੀਆਂ ਨਹੀਂ ਕੀਤੀਆਂ। ਨੈਪੋਲੀਅਨ ਦਾ ਕੱਦ ਮਸਾਂ ਪੰਜ ਫੁਟ ਸੀ ਤੇ ਲਾਲ ਬਹਾਦਰ ਸ਼ਾਸਤਰੀ ਹਮੇਸ਼ਾ ਨਿਰਮਾਣ ਹੋ ਕੇ ਆਪਣੇ ਕਮਜ਼ੋਰ ਕੰਧਿਆਂ ਦੀ ਗੱਲ ਕਰਦੇ ਸਨ।
ਇਬਰਾਹੀਮ ਲਿੰਕਨ ਬੁੱਤ ਵਜੋਂ ਸਭ ਤੋਂ ਸੁਹਣਾ ਰਾਸ਼ਟਰਪਤੀ ਸੀ, ਪਰ ਉਸਨੇ ਸਾਰਿਆ ਦੇ ਦਿਲਾਂ ‘ਤੇ ਰਾਜ ਕੀਤਾ। ਮਹਾਰਾਜਾ ਰਣਜੀਤ ਸਿੰਘ, ਜਿਸ ਦੇ ਮੂੰਹ ‘ਤੇ ਮਾਤਾ ਦੇ ਨਿਸ਼ਾਨ ਤੇ ਇਕ ਅੱਖ ਸੀ, ਉਨ੍ਹਾਂ ਬਾਰੇ ਇਕ ਅੰਗਰੇਜ਼ ਨੇ ਫ਼ਕੀਰ ਅਜ਼ੀਜ਼ੂਦੀਨ ਤੋਂ ਪੁੱਛਿਆ ਕਿ ਮਹਾਰਾਜੇ ਦੀ ਕਿਹੜੀ ਅੱਖ ਖ਼ਰਾਬ ਹੈ ਤਾਂ ਇਸ ਮੁਸਲਮਾਨ ਵਜ਼ੀਰ ਦਾ ਜੁਆਬ ਸੀ ਕਿ ਮਹਾਰਾਜੇ ਦਾ ਜਲਾਲ ਹੀ ਇੰਨਾ ਹੈ ਕਿ ਪਤਾ ਹੀ ਨਹੀਂ ਚਲਦਾ ਕਿ ਉਨ੍ਹਾਂ ਦੀ ਕਿਹੜੀ ਅੱਖ ਖ਼ਰਾਬ ਹੈ।
ਮਨੁੱਖ ਇੱਕੀਵੀਂ ਸਦੀ ਵਿਚ ਪ੍ਰਵੇਸ਼ ਕਰ ਗਿਆ ਹੈ। ਹੁਣ ਮਨੁੱਖੀ ਬੁੱਤ ਭਾਵੇਂ ਸਰੀਰ ਰੂਪੀ ਹੋਵੇ ਜਾਂ ਪੱਥਰ ਦਾ ਬਣਿਆ ਹੋਵੇ, ਜਾਂ ਪੁਰਾਣੀਆਂ ਬੋਲਦੀਆਂ ਕਦਰਾਂ-ਕੀਮਤਾਂ ਦਾ, ਪੁਰਸ਼ ਤੇ ਵਿਸ਼ੇਸ਼ ਤੌਰ ‘ਤੇ ਇਸਤਰੀ ਦਾ ਇਹ ਕਰੱਤਵ ਹੈ ਕਿ ਉਹ ਬੁੱਤ ਪੂਜ ਨਾ ਬਣਨ ਸਗੋਂ ਬੂਤ ਸ਼ਿਕਨ ਬਣਨ। ਆਪਣੇ ਆਪ ਨੂੰ ਇਕ ਬੁੱਤ ਸਵੀਕਾਰ ਕਰਕੇ ਇਸ ਨੂੰ ਬਣਾਉਟੀ ਵਸਤਾਂ ਨਾਲ ਸੰਵਾਰਨਾ, ਲਿਸ਼ਕਾਉਣਾ ਵੀ ਇਕ ਬੁੱਤ ਪੂਜਾ ਹੀ ਹੈ। ਇਸ ਨਾਲ ਸਾਡੀ ਸ਼ਖ਼ਸੀਅਤ ਹੋਰ ਵਧੇਰੇ ਨਿੱਖਰ ਕੇ ਸਾਡੇ ਸਾਹਮਣੇ ਨਹੀਂ ਆ ਸਕਦੀ। ਇਸ ਸਰੀਰ ਰੂਪੀ ਬੁੱਤ ਨੇ ਇਕ ਦਿਨ ਸਫ਼ੈਦੀ ਦੀ ਭਾਹ ਜ਼ਰੂਰ ਮਾਰਨੀ ਹੈ, ਹਿਰਨਾਂ ਵਰਗੀ ਚੁੰਗੀਆਂ ਭਰਦੀ ਚਾਲ ਕਿਸੇ ਦਿਨ ਸੁਸਤ ਚਾਲ ਵਿਚ ਜ਼ਰੂਰ ਬਦਲੇਗੀ। ਚੰਬੇ ਦੀਆਂ ਲੜੀਆਂ ਵਰਗੇ ਮੋਤੀਆਂ ਸਮਾਨ ਦੰਦ ਕਿਸੇ ਦਿਨ ਬਣਾਉਟੀ ਦੰਦਾਂ ਨੂੰ ਜ਼ਰੂਰ ਥਾਂ ਦੇਣਗੇ। ਇਹ ਸੋਹਣਾ ਸਰੀਰ ਰੂਪੀ ਬੁੱਤ ਆਕਾਸ਼ ਵਿਚ ਚੜ੍ਹੀ ਬਰਸਾਤੀ ਰੰਗਦਾਰ ਪੀਂਘ ਦੀ ਤਰ੍ਹਾਂ ਹੈ ਜੋ ਸਮਾਜਿਕ ਨਿਆਂ ਦੀ ਸਵੇਰ ਹੋਣ ਨਾਲ ਅਲੋਪ ਹੋ ਹੀ ਜਾਣੀ ਹੈ।
ਸਮੁੱਚੀ ਮਨੁੱਖਤਾ ਬੜੀ ਤੇਜ਼ੀ ਨਾਲ ਅੱਗੇ ਵਧ ਕੇ ‘ਵਿਸ਼ਵ ਇਕ ਪਿੰਡ’ ਦੇ ਸੰਕਲਪ ਨੂੰ ਅਪਣਾਉਣ ਜਾ ਰਹੀ ਹੈ। ਨਿਰੋਲ ਆਪਣੇ ਆਪ ਤਕ ਕੇਂਦਰਿਤ ਰਹਿਣ ਵਾਲੇ ਲੋਕ ਇਸ ਕਾਫਲੇ ਵਿਚ ਜ਼ਰੂਰ ਪਿੱਛੇ ਰਹਿ ਜਾਣਗੇ। ਉਹ ਸਮਾਂ ਦੂਰ ਨਹੀਂ ਕਿ ਮਨੁੱਖਤਾ ਨਰੋਈਆਂ ਕਦਰਾਂ-ਕੀਮਤਾਂ ਨਾਲ ਇਕ ਨਵੇਂ ਸ਼ਿਵਾਲੇ ਦਾ ਨਿਰਮਾਣ ਕਰੇਗੀ ਜਿਸ ਵਿਚ ਹਰ ਵਿਅਕਤੀ ਆਪਣੇ ਬੁੱਤ ਨੂੰ ਭੁੱਲ ਕੇ ਮਨੁੱਖਤਾ ਦੇ ਸਾਂਝੇ ਬੁੱਤਖਾਨੇ ਨੂੰ ਪ੍ਰਣਾਮ ਕਰਨਗੇ। ਪੁਰਸ਼ਾਂ ਨਾਲੋਂ ਇਸਤਰੀਆਂ ਵਧੇਰੇ ਇਸ ਬੁੱਤਖਾਨੇ ਨੂੰ ਸਜਾਉਣ ਲਈ ਪ੍ਰਯਤਨਸ਼ੀਲ ਹੋਣਗੀਆਂ। ਮਨੁੱਖਤਾ ਵਿਚ ਸੰਪੂਰਨ ਆਜ਼ਾਦੀ ਤਾਂ ਹੀ ਆ ਸਕਦੀ ਹੈ ਜੇ ਇਸਤਰੀ ਆਰਥਕ ਤੌਰ ‘ਤੇ ਆਪਣੇ ਪੈਰਾਂ ‘ਤੇ ਖੜ੍ਹੀ ਹੈ। ਫਿਰ ਉਸਦੀ ਸੋਚ ਵੀ ਆਪਣੀ ਹੋਵੇਗੀ, ਆਦਰਸ਼ ਤੇ ਨਿਸ਼ਾਨਾ ਵੀ ਆਪਣਾ ਵਿਕਸਿਤ ਹੋਇਆ ਹੋਵੇਗਾ। ਅੰਧ ਵਿਸ਼ਵਾਸ, ਭਰਮ, ਪੁਰਾਣੇ ਵਹਿਮ, ਲੋਕ ਲਾਜ, ਝੂਠੀ ਸ਼ਰਮ, ਬੇਸੀਦਾ ਸੰਸਕਾਰ, ਉਸ ਦੀ ਸ਼ਖ਼ਸੀਅਤ ਨੂੰ ਹਿਲਾ ਨਹੀਂ ਸਕਣਗੇ। ਇਕ ਅਜਿਹਾ ਬੁੱਤਖਾਨਾ ਸਜਾਇਆ ਮੌਤ ਜਾਵੇਗਾ, ਜਿਥੇ ਇਕ ਬੁੱਤ ਨਹੀਂ, ਸਮੁੱਚੀ ਮਨੁੱਖਤਾ ਹੀ ਇਸ ਵਿਚ ਭਾਈਵਾਲ ਹੋਵੇਗੀ।