ਬਾਬਾ ਫਰੀਦ / ਬਾਬਾ ਫ਼ਰੀਦ
ਪੰਜਾਬੀ ਸੂਫ਼ੀ ਕਵਿਤਾ ਦੇ ਮੋਢੀ, ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਬਾਣੀ ਸਦਕਾ, ਲਹਿੰਦੀ ਭਾਸ਼ਾ ਪ੍ਰਯੋਗ ਵਿੱਚ ਸਮਰੱਥ, ਸਦਾਚਾਰਕ ਭਾਵ, ਮਾਨਵਵਾਦੀ ਸਿਧਾਂਤਾਂ ਕਰਕੇ ਬਾਬਾ ਫਰੀਦ ਦਾ ਨਾਂ ਪੰਜਾਬੀ ਸਾਹਿਤ ਵਿੱਚ ਉੱਚ ਕੋਟੀ ਦਾ ਹੈ। ਜਿੱਥੇ ਮੁਸਲਮਾਨ ਬਾਬਾ ਫਰੀਦ ਨੂੰ ਸੂਫੀ ਦਰਵੇਸ਼ ਸਮਝਕੇ ਸਤਿਕਾਰ ਭੇਂਟ ਕਰਦੇ ਹਨ, ਉੱਥੇ ਸਿਖ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਹੋਣ ਕਰਕੇ ਆਪਣਾ ਮੱਥਾ ਉਨ੍ਹਾਂ ਦੇ ਸਨਮੁੱਖ ਝੁਕਾਉਂਦੇ ਹਨ। ਬਾਬਾ ਫਰੀਦ ਦਾ ਜੀਵਨ, ਰਚਨਾਵਾਂ ਤੇ ਉਨ੍ਹਾਂ ਦੇ ਸਿੱਧਾਂਤਾ ਵਿੱਚ ਆਦਰਸ਼ਕ ਭਾਵ ਸਾਰੀ ਮਾਨਵ ਜਾਤੀ ਲਈ ਪ੍ਰੇਰਨਾ ਦਾ ਸੋਮਾ ਹਨ।
ਜੀਵਨ – ਬਾਬਾ ਫਰੀਦ ਸਾਹਿਬ ਦਾ ਜਨਮ 1173 ਈ. ਵਿੱਚ ਮੁਲਤਾਨ ਵਿਖੇ ਹੋਇਆ। ਫਰੀਦ ਨੇ ਮੁੱਢਲੀ ਵਿਦਿਆ ਆਪਣੇ ਪਿੰਡ ਵਿੱਚ ਮਸੀਤ ਤੋਂ ਪ੍ਰਾਪਤ ਕੀਤੀ। 16 ਸਾਲ ਦੀ ਉਮਰ ਵਿੱਚ ਕਾਹਬੇ ਦਾ ਹੱਜ ਕੀਤਾ, ਮੁੱਖਤਿਆਰ ਕਾਕੀ ਨੂੰ ਆਪਣਾ ਮੁਰਸ਼ਦ ਧਾਰਣ ਕੀਤਾ।
ਫਰੀਦ ਸਾਹਿਬ ਨੂੰ ਪਹਿਲੇ ਪੜਾ ਦਾ ਸੂਫੀ ਕਿਹਾ ਜਾਂਦਾ ਹੈ।
ਬਾਬਾ ਫਰੀਦ ਨੇ ਪੰਜਾਬੀ ਬੋਲੀ ਵਿੱਚ 112 ਸਲੋਕਾਂ ਤੇ ਚਾਰ ਸ਼ਬਦਾਂ ਵਿੱਚ ਰਚਨਾ ਕੀਤੀ ਹੈ, ਇਹ ਸਾਰੀ ਬਾਣੀ ਆਦਿ ਗ੍ਰੰਥ ਵਿੱਚ ਸ਼ਾਮਲ ਹੈ।
ਸੂਫੀ ਅੰਸ਼ – ਮੁਸਲਮਾਨੀ ਧਰਮ ਦੇ ਮੁਢਲੇ ਅਸੂਲ ਅਤੇ ਸੂਫ਼ੀਆਂ ਦੀਆਂ ਮੁੱਢਲੀਆਂ ਗੱਲਾਂ ਇੱਕ ਦੂਸਰੇ ਨਾਲ ਮਿਲਦੀਆਂ ਹਨ, ਇਸ ਲਈ ਫਰੀਦ ਪਹਿਲੇ ਪੜਾ ਦਾ ਸੂਫ਼ੀ ਹੋਇਆ ਹੈ। ਫਰੀਦ ਨੇ ਸ਼ਰੀਅਤ ਦਾ ਬਿਆਨ ਬੜੇ ਬਲਵਾਨ ਢੰਗ ਨਾਲ ਕੀਤਾ ਹੈ। ਫਰੀਦ ਸਾਹਿਬ ਲਿਖਦੇ ਹਨ —
ਸ਼ੇਖ ਫਰੀਦ ਪਿਆਰੇ ਅੱਲ੍ਹਾ ਲੱਗੇ
ਫਰੀਦ ਦਾ ਜੀਵਨ ਅਨੁਭਵ ਇਸ ਤਰ੍ਹਾਂ ਦਾ ਹੈ ਕਿ ਉਹ ਵਿਸ਼ਵਾਸ਼ ਕਰਦੇ ਹਨ ਕਿ ਵਿਸ਼ਵ ਦੀ ਗਤੀਸ਼ੀਲਤਾ ਦਾ ਕਾਰਣ ਪਰਮਾਤਮਾ ਹੈ। ਮੁਸਲਮਾਨੀ ਧਰਮ ਦੀਆਂ ਸਦਾਚਾਰਕ ਗੱਲਾਂ ਨੂੰ ਪਾਲਣ ਕਰਨ ਲਈ ਇਸ ਤਰ੍ਹਾਂ ਪੇਸ਼ ਕੀਤੀਆਂ ਹਨ। ਸਦਾਚਾਰਕ ਭਾਵ ਇਵੇਂ ਹਨ :
(ੳ) ਫਰੀਦਾ ਦਰ ਦਰਵਾਜ਼ੇ ਜਾਕੇ ਕਿਉਂ-ਡਿਠੋ ਘੜਿਆਲ,
ਇਹੋ ਨਿਦੋਸਾ ਮਾਰੀਐ, ਹਮ ਦੋਸਾਂ ਦਾ ਕੀ ਹਾਲ
(ਅ) ਫਰੀਦਾ ਗਲੀਏ ਚਿਕੜ ਦੂਰ ਘਰ, ਨਾਲ ਪਿਆਰੇ ਨੇਹੁ
ਚਲਾਂ ਤਾਂ ਭਿਜੈ ਕੰਬਲੀ ਰਹਾਂ ਤਾਂ ਤੁਟੈ ਨੇਹੁ
(ੲ) ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਇ,
(ਸ) ਫਰੀਦਾ ਮਨ ਮੈਦਾਨ ਕਰ, ਟੋਏ ਟਿੱਭੇ ਢਾਹ
ਫਰੀਦ ਸਾਹਿਬ ਦਾ ਪਰਮਾਤਮਾ ਅਪਾਰ, ਅਗੰਮ ਬੇਅੰਤ ਪਾਲਣਹਾਰ ਹੈ ਤੇ ਉਹ ਬਖਸ਼ਣਹਾਰ ਵੀ ਹੈ। ਧਰਮਾਂ ਨੂੰ ਪਿਆਰ ਕਰਨਾ ਖੁਦਾ ਨੂੰ ਪਿਆਰ ਕਰਨਾ ਹੈ।
ਫਰੀਦ ਪਹਿਲਾ ਕਵੀ ਹੋਇਆ ਹੈ ਜਿਸਦੀ ਪੰਜਾਬੀ ਸਾਧਾਰਣ ਲੋਕਾਂ ਨੂੰ ਆਸਾਨੀ ਨਾਲ ਸਮਝ ਆਉਂਦੀ ਹੈ।
ਲਹਿੰਦੀ ਮੁਲਤਾਨੀ ਭਾਸ਼ਾ ਦੀ ਵਰਤੋਂ ਨਾਲ ਉਹ ਸੁਖੈਨਤਾ, ਸਪਸ਼ਟਤਾ ਤੇ ਸਾਦਗੀ ਨਾਲ ਵਿਸ਼ੇਸ਼ ਤੌਰ ਤੇ ਜੁੜੇ ਹੋਏ ਲਗਦੇ ਹਨ। ਉਹ ਲਿਖਦੇ ਹਨ :
ਫਰੀਦੈ ਇਨੀ ਨਿਕੀ ਜੰਘੀਐ ਥਲ ਡੂਗਰ ਭਵਿਓਮ ਅਜ ਫਰੀਦੈ ਕੂਜੜਾ ਸੈ ਕੋਹਾਂ ਥੀਓਮ
ਫਰੀਦ ਸਾਹਿਬ ਸਦਾ ਸੰਸਾਰਕ ਖੁਸ਼ੀਆਂ ਤੋਂ ਉੱਚੇ ਰਹਿ ਕੇ ਆਤਮਾ ਨਾਲ ਜੁੜਨ ਦੀ ਚੇਸ਼ਟਾ ਕਰਦੇ ਸਨ। ਉਨ੍ਹਾਂ ਦਾ ਰਸਤਾ ਸੰਸਾਰ ਤੋਂ ਅਧਿਆਤਮਵਾਦ ਵਲ ਜਾਣ ਦਾ ਅਨੋਖਾ ਤੇ ਸੁਖੈਨ ਰਸਤਾ ਅਖਵਾਉਂਦਾ ਹੈ। ਇਸ ਪ੍ਰਕਾਰ ਅਧਿਆਤਮਵਾਦ ਉਨ੍ਹਾਂ ਦੀ ਰਚਨਾਂ ਵਿੱਚ ਹਰ ਪੱਖ ਤੋਂ ਫੈਲਿਆ ਹੋਇਆ ਨਜ਼ਰ ਆਉਂਦਾ ਹੈ।
ਇਸ ਤੋਂ ਇਹ ਭਾਵ ਨਹੀਂ ਕਿ ਫਰੀਦ ਲੋਕਾਂ ਨੂੰ ਪਲਾਇਣ ਦਾ ਰਸਤਾ ਦਸਦੇ ਸਨ।
ਇਸ ਤੋਂ ਬਿਨਾਂ ਉਨ੍ਹਾਂ ਨੇ ਸਾਰੀ ਰਚਨਾ ਵਿੱਚ ਜੀਵਨ ਸੱਚ ਦਾ ਸੰਕਲਪ ਤੇ ਜੀਵਨ ਦੀ ਨਾਸ਼ਮਾਨਤਾ ਵਲ ਵਿਸ਼ੇਸ਼ ਧਿਆਨ ਦੁਆਇਆ ਹੈ।
ਚਲਿ ਚਲਿ ਗਈਆਂ ਪੰਖੀਆਂ, ਜਿੰਨੀ ਵਸਾਏ ਤਲ ਫਰੀਦਾ ਸਰੂ ਭਰਿਆ ਭੀ ਚਲਸੀ ਥੱਕੇ ਕੰਵਲ ਇੱਕਲ
ਜ਼ਿੰਦਗੀ ਦੀ ਨਾਸ਼ਮਾਨਤਾ ਤੇ ਸੱਚ ਦੀ ਗੱਲ ਇਵੇਂ ਉਘਾੜੀ ਹੈ ਤੇ ਲੋਕਾਂ ਨੂੰ ਧਰਮ ਨਾਲ ਜੋੜਿਆ ਹੈ।
ਜਿਤੁ ਦਿਹਾੜੇ ਧਨ ਵਰੀ ਸਾਹੇ ਲਏ ਲਿਖਾਇ
ਮਲਕੁ ਜਿ ਕੰਨੀ ਸੁਣੀਦਾਂ, ਪਹੁ ਦਿਖਾਲੇ ਆਇ
ਜਿੰਦੁ ਨਿਮਾਣੀ ਕਢੀਐ, ਹੱਡਾਂ ਨੂੰ ਕੜਕਾਇ
ਜਿੰਦ ਵਹੁਟੀ ਮਰਣੁ ਵਰੁ, ਲੈ ਜਾਸੀ ਪਰਣਾਇ
ਫਰੀਦ ਬਾਣੀ ਦੇ ਪ੍ਰਮੁੱਖ ਵਿਸ਼ੇ ਗੁਰਬਾਣੀ ਨਾਲ ਮੇਲ ਖਾਂਦੇ ਹਨ। ਗੁਰੂ ਅਰਜਨ ਸਾਹਿਬ ਨੇ ਜਦੋਂ ਆਦਿ ਗ੍ਰੰਥ ਦੀ ਸੰਪਾਦਨਾ ਕੀਤੀ ਤਾਂ ਇਹ ਜ਼ਰੂਰ ਖਿਆਲ ਰੱਖਿਆ ਕਿ ਇਹ ਸਾਨੂੰ ਜੀਵਨ ਨਾਲ ਜੋੜੇ ਤੇ ਸੱਚ ਨੂੰ ਜੀਵਨ ਵਿੱਚ ਬਲਵਾਨ ਬਣਾਏ। ਉਹ ਨਿੰਦਾ ਕਰਨ ਵਾਲਿਆਂ ਨੂੰ ਕਹਿੰਦੇ ਹਨ :
(ੳ) ਫਰੀਦਾ ਜੇ ਤੂੰ ਅਕਲਿ ਲਤੀਫ, ਕਾਲੇ ਲਿਖ ਨ ਲੇਖ,
ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾ ਕਰਿ ਦੇਖ
ਅਹਿੰਸਾ ਦਾ ਮਾਰਗ ਉਨ੍ਹਾਂ ਨੇ ਇਸ ਪ੍ਰਕਾਰ ਬਿਆਨ ਕੀਤਾ ਹੈ :
(ਅ) ਫਰੀਦਾ ਜੈ ਤੈ ਮਾਰਨਿ ਮੁਕੀਆ ਤਿਨ ਨਾ ਮਾਰੇ ਘੁੰਮਿ
ਆਪਨੜੇ ਘਰਿ ਜਾਈਐ ਪੈਰ ਤਿਨ ਕੇ ਚੁੰਮਿ
ਸਦਾ ਨਾਮ ਸਿਮਰਨ ਦੇ ਵਿਸ਼ੈ ਨੂੰ ਇੰਞ ਉਘਾੜਿਆ ਹੈ :
(ੲ) ਫਰੀਦਾ ਕਾਲੀ ਜਿੰਨ੍ਹੀ ਨ ਰਾਵਿਆ, ਧਉਲੀ ਰਾਵੇ ਕੋਇ
ਕਰ ਸਾਈ ਸਿਉ ਪਿਰਹੜੀ ਰੰਗੁ ਨਵੇਲਾ ਹੋਇ,
ਪੰਜਾਬੀ ਕਵਿਤਾ ਦਾ ਮੁੱਢ ਬੰਨ੍ਹਣ ਵਾਲੇ ਤੇ ਸੂਫੀ ਭਾਵਨਾਵਾਂ ਨੂੰ ਪਹਿਲੀ ਵਾਰੀ ਪੇਸ਼ ਕਰਨ ਕਰਕੇ ਫਰੀਦ ਦਾ ਪੰਜਾਬੀ ਸਾਹਿਤ ਵਿੱਚ ਸਥਾਨ ਬਹੁਤ ਉੱਚਾ ਸਵੀਕਾਰ ਕੀਤਾ ਜਾਂਦਾ ਹੈ।