CBSEEducationਲੇਖ ਰਚਨਾ (Lekh Rachna Punjabi)

ਲੇਖ : ਬਸੰਤ ਦਿਵਸ


ਬਸੰਤ ਦਿਵਸ


ਕੁਦਰਤ ਵੀ ਇੱਕ ਚੰਚਲ ਮੌਜਣ ਨਾਰ ਦੀ ਤਰ੍ਹਾਂ ਹੈ, ਜੋ ਸਮੇਂ-ਸਮੇਂ ਬਾਅਦ ਨਵੀਆਂ ਪੁਸ਼ਾਕਾਂ ਪਹਿਨਦੀ ਹੈ। ਪ੍ਰਾਕ੍ਰਿਤੀ ਵਿੱਚ ਵੀ ਹਰ ਸਮੇਂ ਪਤਝੜ ਨਹੀਂ ਰਹਿੰਦੀ, ਖੜਖੜ ਕਰਦੇ ਪੱਤੇ ਕੁੱਝ ਸਮੇਂ ਲਈ ਹੀ ਝੜਦੇ ਹਨ, ਫਿਰ ਜਦੋਂ ਸਰਦੀ ਖ਼ਤਮ ਹੋਣ ‘ਤੇ ਆਉਂਦੀ ਹੈ ਤਾਂ ਪ੍ਰਾਕ੍ਰਿਤੀ ਦੀ ਗੋਦ ਵਿੱਚ ਨਵੇਂ ਫੁੱਲ ਅਤੇ ਸ਼ਗੂਫੇ ਖਿੜਦੇ ਹਨ। ਪ੍ਰਾਕ੍ਰਿਤੀ ਦੇ ਹਰ ਅੰਗ ਘਾਹ, ਤ੍ਰਿਣ ਟਹਿਣੀਆਂ ਵਿਚ ਜਾਨ ਪੈਂਦੀ ਹੈ ਤੇ ਸੁੱਤੀ ਹੋਈ ਪ੍ਰਾਕ੍ਰਿਤੀ ਵੀ ਉਸ ਜੋਬਨਮੱਤੀ ਮੁਟਿਆਰ ਦੀ ਤਰ੍ਹਾਂ ਅੰਗੜਾਈ ਭਰਦੀ ਹੈ ਤੇ ਆਪਣੇ ਨਿੱਘ ਅਲਸਾਏ ਬਸਤਰਾਂ ਨੂੰ ਲਾਹ ਕੇ ਨਵੀਂ ਪੁਸ਼ਾਕ ਪਹਿਨਦੀ ਹੈ। ਮਨੁੱਖ ਦੀ ਫ਼ਿਤਰਤ ਵੀ ਅਜੀਬ ਹੈ, ਜਦੋਂ ਸਖ਼ਤ ਸਰਦੀ ਹੁੰਦੀ ਹੈ ਤਾਂ ਇਹ ਨਿੱਘ ਅਤੇ ਗਰਮੀ ਨੂੰ ਯਾਦ ਕਰਦਾ ਹੈ ਤੇ ਜਦੋਂ ਸਖ਼ਤ ਲੂਆਂ ਤੇ ਤਪਸ਼ ਉਸ ਦੇ ਸਰੀਰ ਨੂੰ ਝੁਲਸਦੀ ਹੈ ਤਾਂ ਠੰਡੀਆਂ ਹਵਾਵਾਂ ਅਤੇ ਠੰਡ ਆਉਣ ਦੀ ਉਡੀਕ ਕਰਨ ਲੱਗ ਜਾਂਦਾ ਹੈ। ਬਾਕੀ ਵਸਤਾਂ ਵਾਂਗ ਉਹ ਮੌਸਮ ਦੇ ਪੱਖ ਤੋਂ ਵੀ ਉਸ ਗੱਲ ਦੀ ਮੰਗ ਕਰਦਾ ਹੈ, ਜੋ ਉਸ ਨੂੰ ਪ੍ਰਾਪਤ ਨਹੀਂ। ਪਰ ਬਸੰਤ ਰਿਤੂ ਜਿਸ ਨੂੰ ਯੂਰਪੀ ਦੇਸ਼ ਮੌਸਮ ਬਹਾਰ ਦਾ ਸਮਾਂ ਕਹਿੰਦੇ ਹਨ, ਉਹ ਮੌਸਮਾਂ ਵਿੱਚ ਇੱਕ ਅਜਿਹਾ ਮੌਸਮ ਹੈ ਜਿਸ ਬਾਰੇ ਹਰ ਮਨੁੱਖ ਦੀ ਇਹ ਇੱਛਾ ਹੁੰਦੀ ਹੈ ਕਿ ਇਹ ਬਸੰਤੀ ਪੌਣਾਂ ਜਿਨ੍ਹਾਂ ਵਿੱਚ ਨਾ ਇੰਨਾ ਪਾਲਾ ਹੁੰਦਾ ਹੈ ਤੇ ਨਾ ਹੀ ਧੁੱਪ ਵਿੱਚ ਅਜੇ ਇੰਨੀ ਗਰਮੀ ਪੈਦਾ ਹੋਈ ਹੁੰਦੀ ਹੈ, ਕਿ ਮਨੁੱਖ ਇਸ ਮੌਸਮ ਤੋਂ ਬੇਜ਼ਾਰ ਹੋ ਜਾਵੇ ਤੇ ਇਸ ਬਹਾਰ ਦੇ ਮੌਸਮ ਦੀ ਜਾਣ ਦੀ ਕਾਮਨਾ ਕਰੇ। ਸਾਡੇ ਭਾਰਤ ਵਿੱਚ ਕੁੱਝ ਪਹਾੜੀ ਸਥਾਨਾਂ ਨੂੰ ਛੱਡ ਕੇ ਬਰਫ਼ ਨਹੀਂ ਪੈਂਦੀ, ਪਰ ਯੂਰਪ ਦੇ ਬਹੁਤ ਸਾਰੇ ਦੇਸ਼ ਅਜਿਹੇ ਹਨ, ਜਿੱਥੇ ਬਹੁਤ ਸਮੇਂ ਬਰਫ ਹੀ ਪੈਂਦੀ ਹੈ ਤੇ ਸੂਰਜ ਦੀਆਂ ਸੁਨਹਿਰੀ ਕਿਰਨਾਂ ਦੇਖਣ ਲਈ ਮਨੁੱਖ ਤਰਸਦਾ ਹੈ, ਇਸ ਲਈ ਯੂਰਪੀ ਦੇਸ਼ਾਂ ਵਿੱਚ ਇਹ ਗੱਲ ਆਮ ਕਹੀ ਜਾਂਦੀ ਹੈ ਕਿ ਜਦੋਂ ਦੋ ਅੰਗਰੇਜ਼ ਮਿਲਦੇ ਹਨ ਤਾਂ ਉਹਨਾਂ ਦਾ ਪਹਿਲਾ ਇਹ ਕੰਮ ਹੁੰਦਾ ਹੈ ਕਿ ਉਹ ਮੌਸਮ ਦੀ ਗੱਲ ਕਰਦੇ ਹਨ।

ਹਰ ਸਾਲ ਪਤਝੜ ਆਉਂਦੀ ਹੈ ਤੇ ਫਿਰ ਸਰਦੀ, ਠੰਡ ਤੋਂ ਬਾਅਦ ਮੌਸਮ ਬਹਾਰ, ਸਾਨੂੰ ਪਤਾ ਹੀ ਨਹੀਂ ਚਲਦਾ ਕਿ ਪਤਝੜ ਦੇ ਪੱਤਿਆਂ ਦੀ ਤਰ੍ਹਾਂ ਸਾਡੀਆਂ ਕਈ ਬਹਾਰਾਂ ਵੀ ਝੜ ਜਾਂਦੀਆਂ ਹਨ ਤੇ ਸਾਡੀ ਉਮਰਾਂ ਦੀ ਟਾਹਣੀ ਝੁਕਣੀ ਵੀ ਸ਼ੁਰੂ ਹੋ ਜਾਂਦੀ ਹੈ। ਉਮਰ ਖ਼ਿਆਮ ਕਹਿੰਦਾ ਹੈ ਕਿ ਬਹਾਰ ਵਿੱਚ ਫੁੱਲ ਮੁਰਝਾਉਣ ਤੋਂ ਬਾਅਦ ਬਹਾਰ ਵੀ ਚਲੀ ਜਾਂਦੀ ਹੈ।

ਸਖ਼ਤ ਸਰਦੀ, ਅਸਹਿ ਗਰਮੀ, ਪਤਝੜ ਤੇ ਬਸੰਤ ਵਿੱਚੋਂ ਪੌਣਾਂ ਨਾਲ ਨਿੱਖਰੀ ਹੋਈ ਬਹਾਰ ਦੀ ਰੁੱਤ ਹੀ ਅਜਿਹੀ ਹੈ, ਜਿਸ ਦੀ ਤਾਂਘ ਤੇ ਹਰਿਆਵਲ ਮਨ ਨੂੰ ਮੋਂਹਦੀ ਹੈ ਤੇ ਇਸ ਦਾ ਸੁਰਮਈ, ਕੋਮਲ ਤੇ ਮਨ ਨੂੰ ਖ਼ੁਸ਼ੀ ਦੇਣ ਵਾਲਾ ਪ੍ਰਭਾਵ ਹਰ ਨਰ, ਨਾਰੀ, ਬੱਚੇ ਤੇ ਬੁੱਢੇ ਲਈ ਸਾਂਝਾ ਹੁੰਦਾ ਹੈ। ਖਿੜੇ ਹੋਏ ਫੁੱਲ ਤਾਂ ਉਨ੍ਹਾਂ ਸ਼ਬਦਾਂ ਦੀ ਤਰ੍ਹਾਂ ਹੁੰਦੇ ਹਨ, ਜਿਨ੍ਹਾਂ ਨੂੰ ਬੱਚੇ ਵੀ ਸਮਝਦੇ ਹਨ। ਕਵੀਆਂ ਨੂੰ ਤੁਰੀ ਆਉਂਦੀ ਪਤਲੀ ਕੁੜੀ ਗੰਦਲ ਵਰਗੀ ਲੱਗਦੀ ਹੈ ਤੇ ਚਿਨਾਰ ਦੇ ਸੰਘਣੇ ਤੇ ਖਿੜੇ ਹੋਏ ਫੁੱਲਾਂ ਨਾਲ ਦਰੱਖ਼ਤ, ਜੋਗੀਆਂ ਵਰਗੇ। ਬਸੰਤ ਰੁੱਤ ਵਿੱਚ ਜਦੋਂ ਗੁਲਦਾਉਂਦੀਆਂ ਖਿੜਦੀਆਂ ਹਨ, ਧਰਤੀ ‘ਤੇ ਸਰੋਂ ਦੇ ਫੁੱਲ ਸੋਨਾ ਖਿਲਾਰਦੇ ਹਨ, ਸ਼ਹਿਦ ਦੀਆਂ ਮੱਖੀਆਂ ਭਿਣ-ਭਿਣ ਕਰਦੀਆ ਹੋਈਆਂ ਇੱਕ ਮਨਮੋਹਣੀ ਗੂੰਜ ਪੈਦਾ ਕਰਦੀਆਂ ਹਨ, ਭੌਰੇ ਫੁੱਲਾਂ ਦੁਆਲੇ ਮੰਡਰਾਉਂਦੇ ਹਨ, ਅੰਬਾਂ ਦੇ ਬੂਟਿਆਂ ਵਿੱਚ ਲੁਕੀਆਂ ਹੋਈਆਂ ਬੁਲਬੁਲਾਂ ਗੀਤ ਛੋਂਹਦੀਆਂ ਹਨ ਤਾਂ ਇਵੇਂ ਜਾਪਦਾ ਹੈ ਕਿ ਸਮੁੱਚੀ ਮਾਨਵਜਾਤੀ ਵਿੱਚ ਘਰ-ਘਰ ਵਿੱਚ ਬਸੰਤ ਰਾਗ ਸੁਖ ਤੇ ਉਮਾਹ ਦੇ ਤੋਹਫੇ ਵੰਡ ਰਿਹਾ ਹੈ। ਹਰ ਦੇਸ਼ ਵਿੱਚ ਬਸੰਤ ਰੁੱਤ ਦੀ ਵਿਸ਼ੇਸ਼ ਮਹਿਮਾ ਹੈ। ਇੱਕ ਪੋਲਿਸ਼ ਕਹਾਵਤ ਹੈ ਕਿ ਜਿੱਥੇ ਬਸੰਤ ਇੱਕ ਸੁਨੱਖੀ ਕੁਆਰੀ ਕੁੜੀ ਦੀ ਤਰ੍ਹਾਂ ਹੈ, ਉਥੇ ਗਰਮੀ ਬ੍ਰਿਧ ਮਾਂ ਦੀ ਤਰ੍ਹਾਂ ਪਤਝੜ ਇੱਕ ਵਿਧਵਾ ਦੀ ਤਰ੍ਹਾਂ ਤੇ ਠੰਡ ਇੱਕ ਮਤਰੇਈ ਮਾਂ ਦੀ ਤਰ੍ਹਾਂ ਹੁੰਦੀ ਹੈ।

ਇਹ ਹੀ ਕਾਰਣ ਹੈ ਕਿ ਸੰਸਾਰ ਵਿੱਚ ਸਾਰੇ ਪ੍ਰਸਿੱਧ ਕਵੀਆਂ ਨੇ ਬਸੰਤ ਦਾ ਆਗਮਨ ਬੜੇ ਕਲਾਮਈ ਢੰਗ ਨਾਲ ਬਿਆਨ ਕੀਤਾ ਹੈ। ਇੱਕ ਪ੍ਰਸਿੱਧ ਅੰਗਰੇਜ਼ੀ ਗੀਤ ਦੇ ਬੋਲ ਹਨ, “ਦੇਖੋ ਠੰਢ ਖ਼ਤਮ ਹੋ ਗਈ ਹੈ, ਬਾਰਸ਼ ਤੇ ਬਰਫ਼ ਵੀ ਨਹੀਂ ਰਹੀ, ਧਰਤੀ ‘ਤੇ ਫੁੱਲ ਨਿਕਲ ਰਹੇ ਹਨ, ਪੱਤੀਆਂ ਦੇ ਗੀਤ ਗਾਉਣ ਦਾ ਸਮਾਂ ਆ ਗਿਆ ਹੈ ਤੇ ਉਨ੍ਹਾਂ ਦੀ ਮਧੁਰ ਸੁਰ ਸੁਣਾਈ ਦੇਣ ਲੱਗ ਪਈ ਹੈ।”

ਲੋਂਗ ਫੈਲੋ ਬਹਾਰ ਦੇ ਮੌਸਮ ਨੂੰ ਯਾਦ ਕਰਦਾ ਹੋਇਆ ਕਹਿੰਦਾ ਹੈ, “ਬਹਾਰ ਦੇ ਮੌਸਮ ਆਪਣੀ ਪੂਰੀ ਸਜਾਵਟ ਨਾਲ ਨਜ਼ਰ ਆਉਣ, ਸਾਰੇ ਪੰਛੀ ਅਤੇ ਫੁੱਲਾਂ ਵਿੱਚ ਖੇੜਾ ਹੋਵੇ।”

ਉਮਰ ਖ਼ਿਆਮ ਦੀ ਰੁਬਾਈਆਂ ਵਿੱਚ ਵੀ ਬਸੰਤ ਦੇ ਛੇਤੀ ਲੰਘ ਜਾਣ ਦੀ ਤੜਫਣੀ ਸਮਾਈ ਹੋਈ ਹੈ, ਜਦੋਂ ਉਹ ਕਹਿੰਦਾ ਹੈ, “ਗੁਲਾਬ ਦੇ ਫੁੱਲਾਂ ਦੀ ਖੁਸ਼ਬੂ ਖ਼ਤਮ ਹੋਣ ‘ਤੇ ਬਹਾਰ ਵੀ ਚਲੀ ਜਾਵੇਗੀ ਤੇ ਕਿਸੇ ਨੌਜਵਾਨ ਦਾ ਪ੍ਰੇਮ ਭਰਿਆ ਪੱਤਰ ਵੀ ਸੰਪੂਰਨ ਹੋ ਜਾਵੇਗਾ, ਕੋਇਲਾਂ ਜਿਹੜੀਆਂ ਟਹਿਣੀਆਂ ‘ਤੇ ਗਾਉਂਦੀਆਂ ਹਨ, ਫਿਰ ਪਤਾ ਨਹੀਂ ਕਦੋਂ ਵਾਪਸ ਪਰਤਣਗੀਆਂ।”

ਟੈਨੀਸਨ ਕਹਿੰਦਾ ਹੈ ਕਿ ਕਿਸੇ ਨੌਜਵਾਨ ਦੀਆਂ ਅਕਾਸ਼ਾਂ ਵਿੱਚ ਪਤੰਗਾਂ ਹੀ ਉੱਚੀਆਂ ਨਹੀਂ ਉੱਡਦੀਆਂ, ਉਸ ਦੀ ਕਲਪਨਾ ਵੀ ਪਿਆਰ ਦੇ ਆਵੇਸ਼ ਨਾਲ ਆਕਾਸ਼ ਵਿੱਚ ਉਡਾਰੀਆਂ ਲਾਉਂਦੀ ਹੈ।

ਪ੍ਰਾਕ੍ਰਿਤੀ ਅਤੇ ਮਨੁੱਖੀ ਮਨ ਦਾ ਆਪਸ ਵਿੱਚ ਬਹੁਤ ਡੂੰਘਾ ਸੰਬੰਧ ਹੈ। ਸੰਸਾਰ ਦਾ ਸਭ ਤੋਂ ਮਹਾਨ ਯੋਧਾ ਨੈਪੋਲੀਅਨ ਕਹਿੰਦਾ ਹੈ ਕਿ ਜਿੱਥੇ ਫੁੱਲ ਮੁਰਝਾਉਂਦੇ ਹਨ, ਉੱਥੇ ਮਨੁੱਖ ਨਹੀਂ ਵੱਸਦੇ।

ਪੰਜਾਬੀ ਦਾ ਸਭ ਤੋਂ ਵੱਡਾ ਸੱਭਿਆਚਾਰਕ ਕਵੀ ਚਾਤ੍ਰਿਕ ਬਸੰਤ ਬਾਰੇ ਆਪਣਾ ਪਿਆਰ ਤੇ ਦੁਲਾਰ ਭੇਂਟ ਕਰਦਾ ਹੋਇਆ ਕਹਿੰਦਾ ਹੈ ਕਿ ਬਸੰਤ ਦੀ ਆਂਵਦ ਤਾਂ ਸੁੱਤੀਆਂ ਕਲਾ ਜਗਾ ਦਿੰਦੀ ਹੈ।

ਬਸੰਤ ਦੇ ਖਿੜ੍ਹੇ ਹੋਏ ਮਹੀਨੇ ਵਿੱਚ ਕਵੀ ਮੋਹਨ ਸਿੰਘ ਦੀ ਪ੍ਰੇਮਿਕਾ, ਪਤਨੀ ਬਸੰਤ ਆ ਕੇ ਸੁਪਨੇ ਵਿੱਚ ਗਿਲਾ ਕਰਦੀ ਹੈ ਕਿ ਹੁਣ ਤਾਂ ਛੇ ਬਸੰਤਾਂ ਵੀ ਲੰਘ ਚੁੱਕੀਆਂ ਹਨ, ਉਸ ਨੂੰ ਆਪਣੀ ਬਸੰਤ ਚੇਤੇ ਨਹੀਂ ਆਈ।

ਇਹ ਪ੍ਰਾਕ੍ਰਿਤੀ ਦੀ ਖਿੜੀ ਹੋਈ ਗੋਦ ਹੀ ਹੈ, ਜਿੱਥੇ ਮਨੁੱਖ ਆਪਣੇ ਸਾਰੇ ਦੁੱਖ ਭੁੱਲਦਾ ਹੈ, ਪ੍ਰਾਕ੍ਰਿਤੀ ਮਨੁੱਖ ਦੀ ਸਹੀ ਸਾਥਣ ਹੈ ਦੋਸਤ ਹੈ।

ਵਰਡਜ਼ਵਰਥ ਨੂੰ ਉਦੋਂ ਸਾਰੇ ਦੁੱਖ ਭੁੱਲ ਜਾਂਦੇ ਹਨ, ਜਦੋਂ ਉਹ ਖਿੜ੍ਹੇ ਹੋਏ ਡੈਫੋਡਿਲ ਦੇ ਫੁੱਲਾਂ ਨੂੰ ਆਪਣੇ ਮਨ ਵਿੱਚ ਯਾਦ ਕਰ ਲੈਂਦਾ ਹੈ।

ਅੰਗਰੇਜ਼ੀ ਦਾ ਪ੍ਰਸਿੱਧ ਰੋਮਾਂਟਿਕ ਕਵੀ ਬਾਇਰਨ ਕਹਿੰਦਾ ਹੈ ਕਿ ਫੁੱਲਾਂ ਦੀ ਹਾਜ਼ਰੀ ਵਿੱਚ ਅਸੀਂ ਕਦੇ ਵੀ ਇਕੱਲੇ ਨਹੀਂ ਹੁੰਦੇ।

ਨਾ ਹੀ ਅਮਰੀਕਨ ਲੇਖਕ ਥੋਰੋ ਨੂੰ ਜਦੋਂ ਉਹ ਫੁੱਲਾਂ ਵਿਚਕਾਰ ਹੁੰਦਾ ਹੈ, ਕਿਸੇ ਹੋਰ ਵਸਤੂ ਦੀ ਹਾਜ਼ਰੀ ਦੀ ਲੋੜ ਰਹਿੰਦੀ ਹੈ।

ਭਾਈ ਵੀਰ ਸਿੰਘ ਵੀ ਬਨਖਸ਼ੇ ਦੇ ਫੁੱਲ ਦੀ ਤਰ੍ਹਾਂ ਹੀ ਛੁਪੇ ਹੋਏ ਜਗਿਆਸਾ ਦਾ ਜੀਵਨ ਜੀਣ ਦੀ ਇੱਛਾ ਨੂੰ ਪ੍ਰਗਟ ਕਰਦੇ ਹਨ।

ਫੁੱਲਾਂ ਦੀ ਜੀਵਨ ਵਿੱਚ ਇੰਨੀ ਮਹਾਨਤਾ ਹੈ ਕਿ ਅੱਜ ਜਿੱਥੇ ਪਦਾਰਥਵਾਦ ਤੇ ਉਦਯੋਗੀਕਰਨ ਕਰਕੇ ਪ੍ਰਿਥਵੀ ਦੀ ਗੋਦ ਫੁੱਲਾਂ ਤੋਂ ਸੱਖਣੀ ਹੋ ਰਹੀ ਹੈ, ਉੱਥੇ ਲੋਕ ਬਨਾਵਟੀ ਫੁੱਲਾਂ ਨੂੰ ਆਪਣੀਆਂ ਬੈਠਕਾਂ ਵਿੱਚ ਸਜਾਉਂਦੇ ਹਨ। ਜਦੋਂ ਕਦੇ ਕਿਸੇ ਬਹੁਤ ਹੀ ਪਿਆਰ ਰਾਂਗਲੇ ਸਾਜਣ ਨੇ ਘਰ ਵਿੱਚ ਆਉਣਾ ਹੁੰਦਾ ਹੈ ਤਾਂ ਉਸ ਦਾ ਰਾਹ ਫੁੱਲਾਂ ਨਾਲ ਸਜਾਇਆ ਜਾਂਦਾ ਹੈ। ਸਰਕਾਰੀ ਤੇ ਅਰਧ ਸਰਕਾਰੀ ਸਮਾਗਮਾਂ ਸਮੇਂ ਵੀ ਫੁੱਲਾਂ ਦੇ ਗੁਲਦਸਤੇ ਭੇਂਟ ਕੀਤੇ ਜਾਂਦੇ ਹਨ। ਅੱਜ ਕੱਲ੍ਹ ਹਰ ਸ਼ਹਿਰ ਅਤੇ ਕਸਬੇ ਵਿੱਚ ਲੋਕਾਂ ਲਈ ਰੋਜ਼ ਗਾਰਡਨ ਬਣਾਉਣ ਦਾ ਮਨੋਰਥ ਮਿੱਥਿਆ ਜਾਂਦਾ ਹੈ ਤੇ ਕਈ ਸ਼ਹਿਰਾਂ ਵਿੱਚ ਤਾਂ ਸੈਲਾਨੀਆਂ ਲਈ ਇਹ ਫੁੱਲਾਂ ਦੇ ਬਾਗ਼-ਬਗ਼ੀਚੇ ਵਿਸ਼ੇਸ਼ ਖਿੱਚ ਦਾ ਕਾਰਨ ਹੁੰਦੇ ਹਨ।

ਖਿੜ੍ਹੀ ਹੋਈ ਬਸੰਤ ਤੇ ਹਰਿਆਵਲ ਸਾਨੂੰ ਕੁਦਰਤ ਨੇ ਦਿੱਤੀ ਹੈ, ਪਰ ਮਨੁੱਖ ਦਾ ਕਲਾਕਾਰ ਮਨ ਇਸ ਨੂੰ ਸਦਾ ਲਈ ਸਾਂਭ ਲੈਂਦਾ ਹੈ। ਖਿੜੀ ਹੋਈ ਪ੍ਰਾਕ੍ਰਿਤੀ ਮਨੁੱਖ ਨਾਲ ਕੋਈ ਸ਼ਰਾਰਤ ਨਹੀਂ ਕਰਦੀ ਮਨੁੱਖ ਉਸ ਦੀ ਸੁੰਦਰਤਾ ਤੇ ਸਹਜ-ਸਵਾਦ ਨੂੰ ਹਮੇਸ਼ਾਂ ਲਈ ਬਾਗ਼-ਬਗੀਚੇ ਬਣਾ ਕੇ ਸਾਂਭਣ ਦੀ ਕੋਸ਼ਿਸ਼ ਕਰਦਾ ਹੈ।

ਵੱਡੇ ਤੇ ਉੱਚੇ ਲੰਮੇ ਸਰੂ ਦੇ ਦਰੱਖ਼ਤ ਕੁਦਰਤ ਹਨ, ਪਰ ਮਨੁੱਖ ਉਨ੍ਹਾਂ ਨੂੰ ਸਹੀ ਤਰਤੀਬ ਵਿੱਚ ਲਾ ਕੇ ਆਕਾਸ਼ੀ ਚੜ੍ਹਾਈਆਂ ਪਤੰਗਾਂ ਨਾਲ ਮੇਲ ਕਰਾਉਂਦਾ ਹੈ। ਖਿੰਡੀ ਹੋਈ ਕੁਦਰਤ ਨੂੰ ਰਾਣੀ ਬਣਾ ਕੇ ਤੇ ਉਸ ਦੇ ਨਕਸ਼ ਸੰਵਾਰਨੇ ਮਨੁੱਖ ਦੇ ਹਿੱਸੇ ਹੀ ਆਏ ਹਨ। ਭਾਰਤ ਵਿੱਚ ਕਸ਼ਮੀਰ ਦੀ ਸੁੰਦਰਤਾ ਨਿਰਸੰਦੇਹ ਸਵਰਗ ਦੀ ਤਰ੍ਹਾਂ ਹੈ ਪਰ ਮਨੁੱਖ ਨੇ ਕੁਦਰਤ ਰਾਣੀ ਦੇ ਬਸੰਤੀ ਰੂਪ ਨੂੰ ਸਾਂਭਣ ਲਈ ਸ਼ਾਲੀਮਾਰ ਗਾਰਡਨ, ਨਿਸ਼ਾਤ ਗਾਰਡਨ ਤੇ ਹੋਰ ਅਨੇਕਾਂ ਅਜਿਹੇ ਕਰਿਸ਼ਮੇ ਕਰ ਦਿਖਾਏ ਹਨ ਜਿੱਥੇ ਪ੍ਰਾਕ੍ਰਿਤੀ ਤੇ ਮਨੁੱਖ ਦੀ ਪਰਸਪਰ ਸਾਂਝ ਇਹ ਗੱਲ ਪ੍ਰਗਟ ਕਰਦੀ ਹੈ ਕਿ ਬਸੰਤੀ ਪੌਣਾਂ ਨਾਲ ਸ਼ਿੰਗਾਰੀ ਹੋਈ ਕੁਦਰਤ ਮਨੁੱਖੀ ਮਨਾਂ ਵਿੱਚ ਵੀ ਹਰਿਆਵਲ ਲਿਆਉਂਦੀ ਹੈ। ਕਸ਼ਮੀਰ ਵਿੱਚ ਖਿੜ੍ਹੀ ਹੋਈ ਹਰਿਆਵਲ ਦੀ ਖਿੱਚ ਸਾਰੇ ਸੰਸਾਰ ਵਿੱਚ ਹੈ, ਪਰ ਜਿਨ੍ਹਾਂ ਲੋਕਾਂ ਦੇ ਮਨਾਂ ਵਿੱਚ ਬਸੰਤੀ ਪੌਣਾਂ ਲਈ ਕੋਈ ਸਥਾਨ ਨਹੀਂ, ਉਹ ਇਸ ਹਰਿਆਵਲ ਦੀ ਖੁਸ਼ਬੂ ਸਭ ਨਾਲ ਸਾਂਝੀ ਕਰਨ ਲਈ ਤਿਆਰ ਨਹੀਂ।

ਇਹ ਸਹੀ ਹੈ ਕਿ ਸਰਦੀ ਤੋਂ ਬਾਅਦ ਜਦੋਂ ਮੌਸਮ ਖੁਲ੍ਹਦਾ ਹੈ, ਬਸੰਤੀ ਪੌਣਾਂ ਪ੍ਰਾਕ੍ਰਿਤੀ ਦੀ ਹਰਿਆਵਲ ਦੀ ਖੁਸ਼ਬੂ ਨਾਲ ਕਈ ਦਿਨ ਚਲਦੀਆਂ ਹਨ, ਪਰ ਮਨੁੱਖ ਨੇ ਬਸੰਤ ਰੁੱਤ ਨੂੰ ਮਨਾਉਣ ਲਈ ਇੱਕ ਦਿਨ ਮਿਥ ਲਿਆ ਹੈ। ਇਸ ਸੋਹਣੇ, ਸਜੀਲੇ ਤੇ ਖ਼ੁਸ਼ਬੂਆਂ ਵੰਡਦੇ ਦਿਨ ਕਈ ਥਾਵਾਂ ‘ਤੇ ਬਸੰਤ ਦੇ ਮੇਲੇ ਲੱਗਦੇ ਹਨ, ਫੁੱਲਾਂ ਦੀ ਹਰਿਆਲੀ ਦੇ ਸੂਚਕ ਪੀਲੇ ਬਸਤਰ ਪਹਿਨੇ ਜਾਂਦੇ ਹਨ, ਘਰਾਂ ਵਿੱਚ ਪੀਲੇ ਚੌਲ ਬਣਦੇ ਹਨ। ਭਗਤ ਸਿੰਘ ਵਰਗੇ ਦੇਸ਼ ਭਗਤ ਨੇ ਬਸੰਤੀ ਚੋਲੇ ਨੂੰ ਪਹਿਨਣ ਦੀ ਗੱਲ ਕੀਤੀ ਸੀ ਤੇ ਆਜ਼ਾਦੀ ਦੀ ਸ਼ਮ੍ਹਾ ਉੱਤੇ ਪਰਵਾਨੇ ਦੀ ਤਰ੍ਹਾਂ ਮਰ ਮਿਟਿਆ ਸੀ। ਬਸੰਤ ਵਾਲੇ ਦਿਨ ਹੀ ਵੀਰ ਹਕੀਕਤ ਰਾਏ ਨੂੰ ਸੱਚ ਬੋਲਣ ਦੀ ਜੁਅਰਤ ਦਿਖਾਉਣ ਬਦਲੇ ਸ਼ਹੀਦ ਕੀਤਾ ਗਿਆ ਸੀ। ਇਸ ਦਿਨ ਬਟਾਲੇ ਵਿਖੇ ਹਕੀਕਤ ਰਾਏ ਦੀ ਸਮਾਧ ‘ਤੇ ਮੇਲਾ ਜੁੜਦਾ ਹੈ। ਆਕਾਸ਼ ਬਸੰਤੀ ਪੌਣਾ ਨਾਲ ਨੀਲੀਆਂ, ਪੀਲੀਆਂ ਤੇ ਚਿੱਟੀਆਂ ਪਤੰਗਾਂ ਨਾਲ ਭਰ ਜਾਂਦਾ ਹੈ। ਜਿੱਥੇ ਵੀ ਪੰਜਾਬੀ ਸੱਭਿਆਚਾਰ ਧੜਕਦਾ ਹੈ, ਉੱਥੇ ਬਸੰਤ ਦੇ ਚਾਅ ਅਤੇ ਖੇੜ੍ਹਾ ਸਾਂਭਿਆ ਨਹੀਂ ਜਾਂਦਾ। ਪਾਕਿਸਤਾਨ ਵਿੱਚ ਬਸੰਤ ਵਾਲੇ ਦਿਨ ਪਤੰਗਬਾਜ਼ੀ ਆਪਣੇ ਪੂਰੇ ਜਲਾਲ ‘ਤੇ ਹੁੰਦੀ ਹੈ।

ਕੁਦਰਤ ਵੱਲੋਂ ਦਿੱਤੀ ਗਈ ਇਹ ਸੂਹੇ ਫੁੱਲਾਂ ਦੀ ਚੰਗੇਰ ਜਿੱਥੇ ਮਨੁੱਖੀ ਚਾਅ, ਖੇੜ੍ਹੇ, ਖ਼ੁਸ਼ਬੂ ਦੀ ਸੂਚਕ ਹੈ, ਉੱਥੇ ਇਸ ਮੌਸਮ ਬਹਾਰ ਦੀ ਬਸੰਤੀ ਪੌਣ ਪਿਆਰ, ਮਿਲਵਰਤਣ ਮਨੁੱਖੀ ਏਕਤਾ ਦੇ ਕੁਦਰਤੀ ਗੁਣਾਂ ਦਾ ਸਾਡੇ ਵਿੱਚ ਸੰਚਾਰ ਕਰਦੀ ਹੈ ਜਿਸ ਨਾਲ ਸਾਡਾ ਹਿਰਦਾ ਵੀ ਖਿੜੀ ਹੋਈ ਪ੍ਰਾਕ੍ਰਿਤੀ ਦੀ ਤਰ੍ਹਾਂ ਹਰਿਆ ਭਰਿਆ ਹੋ ਜਾਂਦਾ ਹੈ।