ਲੇਖ : ਬਲਰਾਜ ਸਾਹਨੀ
ਬਲਰਾਜ ਸਾਹਨੀ (1913-1973)
ਬਲਰਾਜ ਸਾਹਨੀ ਦੀ ਸ਼ਖਸੀਅਤ ਦੇ ਅਨੇਕਾਂ ਪੱਖ ਸਾਡੇ ਸਾਹਮਣੇ ਪੇਸ਼ ਹੁੰਦੇ ਹਨ। ਹਿੰਦੀ ਸਿਨੇਮਾ ਦਾ ਉਹ ਇੱਕ ਉੱਘਾ ਨਾਇਕ ਅਤੇ ਚਰਿੱਤਰ ਅਭਿਨੇਤਾ ਹੋਇਆ ਹੈ। ਬਲਰਾਜ ਸਾਹਨੀ ਇੱਕ ਅਜਿਹਾ ਵਿਅਕਤੀ ਸੀ ਜਿਸਨੇ ਆਪਣੀ ਮਾਂ-ਬੋਲੀ ਪੰਜਾਬੀ ਅਤੇ ਇੱਥੋਂ ਦੇ ਕਲਚਰ ਨੂੰ ਰੱਜ ਕੇ ਪਿਆਰ ਕੀਤਾ ਤੇ ਇੱਕ ਅੰਤਰ-ਰਾਸ਼ਟਰੀ ਹਸਤੀ ਹੋਣ ਦੇ ਬਾਵਜੂਦ ਉਸਨੇ ਪੰਜਾਬੀ ਵਿੱਚ ਲਿਖਣਾ ਸ਼ੁਰੂ ਕੀਤਾ।
ਬਲਰਾਜ ਸਾਹਨੀ ਦਾ ਜਨਮ ਮਈ ਦਿਵਸ ਵਾਲੇ ਦਿਨ ਅਰਥਾਤ 1 ਮਈ, 1913 ਨੂੰ ਰਾਵਲ ਪਿੰਡੀ ਵਿੱਚ ਸ੍ਰੀ ਹਰਬੰਸ ਲਾਲ ਸਾਹਨੀ ਦੇ ਘਰ ਹੋਇਆ। ਛੋਟੇ ਬੱਚੇ ਦੇ ਰੂਪ ਵਿੱਚ ਉਸ ਦਾ ਨਾਂ ਯੁਧਿਸ਼ਟਰ ਸੀ। ਆਰੰਭਕ ਪੜ੍ਹਾਈ ਉਸਨੇ ਰਾਵਲ ਪਿੰਡੀ ਵਿੱਚ ਪੜ੍ਹੀ। D.A.V. ਹਾਈ ਸਕੂਲ ਰਾਵਲ ਪਿੰਡੀ ਤੋਂ ਮੈਟ੍ਰਿਕ ਪਾਸ ਕੀਤੀ। 1934 ਵਿੱਚ ਉਸਨੇ ਐਮ.ਏ. ਅੰਗਰੇਜ਼ੀ ਪਾਸ ਕੀਤੀ। ਬਲਰਾਜ ਸਾਹਨੀ ਪਹਿਲੇ ਰੇਡਿਓ ਬੀ.ਬੀ.ਸੀ. ਵਿੱਚ ਅਨਾਉਂਸਰ ਰਿਹਾ। 1940 ਵਿੱਚ ਉਸਨੇ ਫ਼ਿਲਮੀ ਦੁਨੀਆਂ ਵਿੱਚ ਪ੍ਰਵੇਸ਼ ਕੀਤਾ। ਸਨ 1973 ਵਿੱਚ ਵਿਸਾਖੀ ਵਾਲੇ ਦਿਨ 13 ਅਪ੍ਰੈਲ ਨੂੰ, ਉਸਨੇ ਆਪਣੀ ਬੇਟੀ ਦੇ ਦੁੱਖ ਨੂੰ ਦਿਲ ਨਾਲ ਲਗਾ ਲਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ।
ਬਲਰਾਜ ਸਾਹਨੀ ਨੇ ਪੰਜਾਬੀ ਦੀ ਪੜ੍ਹਾਈ ਵਿਧੀਵਤ ਢੰਗ ਨਾਲ ਕਿਸੇ ਸਕੂਲ ਜਾਂ ਕਾਲਜ ਵਿੱਚ ਨਹੀਂ ਪੜ੍ਹੀ ਪਰ ਲੇਖਕਾਂ ਦੇ ਸਾਥ ਨਾਲ ਉਸ ਵਿੱਚ ਜਜ਼ਬਾ ਪੈਦਾ ਹੋਇਆ ਤੇ ਉਸਨੇ ਪੰਜਾਬੀ ਵਿੱਚ ਲਿਖਣਾ ਸ਼ੁਰੂ ਕੀਤਾ। ਉਸਦਾ ਭਰਾ ਭੀਸ਼ਮ ਸਾਹਨੀ ਹਿੰਦੀ ਦਾ ਇੱਕ ਬਹੁਤ ਉੱਚ ਕੋਟੀ ਦਾ ਲੇਖਕ ਸੀ। ਨਾਨਕ ਸਿੰਘ ਦੇ ਚਿੱਟਾ ਲਹੂ ਨਾਵਲ ਨੇ ਉਸਨੂੰ ਬਹੁਤ ਪ੍ਰਭਾਵਿਤ ਕੀਤਾ ਤੇ ਉਹ ਨਾਨਕ ਸਿੰਘ ਨੂੰ ਮਿਲਣ ਖ਼ਾਤਰ ਅੰਮ੍ਰਿਤਸਰ ਦੀਆਂ ਤੰਗ ਗਲੀਆਂ ਵਿੱਚ ਮਿਲਣ ਚਲਾ ਗਿਆ। ਪਰ ਉਥੇ ਇੱਕ ਫ਼ਿਲਮ ਐਕਟਰ ਹੋਣ ਕਰਕੇ ਭੀੜ ਨੂੰ ਕਾਬੂ ਵਿੱਚ ਰੱਖਣਾ ਮੁਸ਼ਕਲ ਹੋ ਗਿਆ। ਇਹ ਗਲ ਉਸਦੇ ਹਰਮਨ ਪਿਆਰਾ ਹੋਣ ਨੂੰ ਦਰਸਾਂਦੀ ਹੈ।
ਬਲਰਾਜ ਸਾਹਨੀ ਨੇ ਵੱਖੋ-ਵੱਖ ਕਿਸਮ ਦੀ ਵਾਰਤਕ ਲਿਖੀ ਹੈ ਜੋ ਇਸ ਪ੍ਰਕਾਰ ਹੈ:
(ੳ) ਸਫ਼ਰਨਾਮਾ : ਬਲਰਾਜ ਸਾਹਨੀ ਨੇ ਰੂਸੀ ਸਫ਼ਰਨਾਮਾ ਅਤੇ ਪਾਕਿਸਤਾਨੀ ਸਫ਼ਰਨਾਮਾ ਲਿਖਿਆ। ਪਾਕਿਸਤਾਨ ਉਸਦੀ ਜਨਮਭੂਮੀ ਸੀ। ਦੇਸ਼ ਦੀ ਵੰਡ ਤੋਂ ਬਾਅਦ ਜਦੋਂ ਉਹ ਦੁਬਾਰਾ ਘਰ ਜਾਂਦਾ ਹੈ ਤਾਂ ਉਸਨੂੰ ਛੋਟੀ ਭੈਣ ਦੀ ਯਾਦ ਆਉਂਦੀ ਹੈ ਤੇ ਧਾਹਾਂ ਮਾਰ ਕੇ ਰੋ ਪੈਂਦਾ ਹੈ। ਮੁੱਖ ਰੂਪ ਵਿੱਚ ਉਹ ਭਾਵੁਕ ਵਿਅਕਤੀ ਸੀ ਤੇ ਭਾਵੁਕਤਾ ਨਾਲ ਭਰੀ ਹੋਈ ਉਸਨੇ ਸਾਰੀ ਰਚਨਾ ਲਿਖੀ।
(ਅ) ਸਵੈ-ਜੀਵਨੀ : ਪੰਜਾਬੀ ਦਾ ਇਹ ਹੀ ਅਨੋਖਾ ਲੇਖਕ ਹੋਇਆ ਹੈ ਜਿਸਨੇ ਆਪਣੀ ਫਿਲਮੀ ਆਤਮ-ਕਥਾ ਲਿਖੀ ਹੈ ਜਿਸ ਵਿੱਚ ਉਸ ਸਮੇਂ ਦੇ ਪ੍ਰਸਿੱਧ ਲੋਕਾਂ ਦਾ ਜ਼ਿਕਰ ਹੈ।
(ੲ) ਡਾਇਰੀ : ਬਲਰਾਜ ਸਾਹਨੀ ਦੀ ਗੈਰ-ਜਜ਼ਬਾਤੀ ਡਾਇਰੀ ਇੱਕ ਅਜਿਹੀ ਪੁਸਤਕ ਹੈ ਜਿਸ ਤੇ ਕੋਈ ਵੀ ਲੇਖਕ ਮਾਣ ਕਰ ਸਕਦਾ ਹੈ। ਇਹਨਾਂ ਪੁਸਤਕਾਂ ਤੋਂ ਬਿਨਾਂ ਬਲਰਾਜ ਸਾਹਨੀ ਨੇ ਕੁੱਝ ਨਾਟਕ, ਕਹਾਣੀਆਂ, ਸਿਨੇਮਾ ਅਤੇ ਸਟੇਜ ਬਾਰੇ ਵੀ ਆਪਣੇ ਵਿਚਾਰ ਪੇਸ਼ ਕੀਤੇ ਹਨ।
ਪੂਰਨ ਸਿੰਘ ਦੀ ਤਰ੍ਹਾਂ ਬਲਰਾਜ ਸਾਹਨੀ ਵੀ ਪੰਜਾਬੀ ਮਿੱਟੀ ਨੂੰ ਪਿਆਰ ਕਰਨ ਵਾਲਾ ਸੀ। ਉਸਦੀ ਵਾਰਤਕ ਵਿੱਚ ਸਰ੍ਹੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਵਰਗਾ ਸੁਆਦ ਆਉਂਦਾ ਹੈ। ਉਸਨੇ ਦੋਹੇਂ ਪੰਜਾਬਾਂ ਨੂੰ ਆਪਸ ਵਿੱਚ ਜੋੜਿਆ। ਬਲਰਾਜ ਸਾਹਨੀ ਦੀ ਵਾਰਤਕ ਵਿੱਚ ਬੜਾ ਖੁਲਮ-ਖੁਲ੍ਹਾ ਅਤੇ ਬੇਬਾਕ ਬਿਆਨ ਵੇਖਣ ਨੂੰ ਮਿਲਦਾ ਹੈ। ਉਸ ਦੀ ਸਾਰੀ ਵਾਰਤਕ ਪੰਜਾਬੀ-ਪੁਣੇ ਨਾਲ ਭਰੀ ਹੋਈ ਹੈ। ਇਵੇਂ ਲੱਗਦਾ ਹੈ ਜਿਵੇਂ ਸਾਡਾ ਬਹੁਤ ਨਿੱਘਾ ਦੋਸਤ ਆਪਣੇ ਮਨ ਦੀਆਂ ਤਹਿਆਂ ਖੋਲ੍ਹ ਕੇ ਸਾਡੇ ਸਾਹਮਣੇ ਰੱਖ ਰਿਹਾ ਹੋਵੇ।
ਬਲਰਾਜ ਸਾਹਨੀ ਵਰਗਾ ਲੇਖਕ ਕਦੇ-ਕਦੇ ਪੈਦਾ ਹੁੰਦਾ ਹੈ। ਪੰਜਾਬੀ ਭਾਸ਼ਾ ਸਾਹਿਤ ਨੂੰ ਉਸ ‘ਤੇ ਬਹੁਤ ਮਾਣ ਹੈ। ਬਲਰਾਜ ਸਾਹਨੀ ਦੇ ਸਾਹਿਤ ਦੀਆਂ ਮੁੱਖ ਵਿਸ਼ੇਸ਼ਤਾਵਾਂ ਅਸੀਂ ਇਸ ਪ੍ਰਕਾਰ ਵੇਰਵੇ ਸਹਿਤ ਬਿਆਨ ਕਰ ਸਕਦੇ ਹਾਂ।
(ੳ) ਮਾਰਕਸਵਾਦੀ ਦ੍ਰਿਸ਼ਟੀਕੋਣ
(ਅ) ਪ੍ਰਤੀਬਧ ਲੇਖਕ
(ੲ) ਭਾਵੁਕਤਾ ਤੇ ਬੌਧਿਕਤਾ ਦਾ ਸੁਮੇਲ
(ਸ) ਭਾਸ਼ਾ ਦੀ ਠੇਠਤਾ ਅਤੇ ਨਿਸ਼ੰਗਤਾ
(ਹ) ਆਤਮ ਪ੍ਰਕਾਸ਼ ਸ਼ੈਲੀ
(ਕ) ਪੋਠੋਹਾਰੀ ਦਾ ਅਸਰ
(ਖ) ਸਰਬਾਂਗੀ ਲੇਖਕ
ਬਲਰਾਜ ਸਾਹਨੀ ਨੂੰ ਰੂਸ ਦਾ ਨਹਿਰੂ ਅਵਾਰਡ ਪ੍ਰਾਪਤ ਹੋਇਆ। ਇਸ ਦਾ ਇੱਕ ਕਾਰਨ ਇਹ ਵੀ ਸੀ ਕਿ ਵਿਚਾਰਾਂ ਦੇ ਪੱਖ ਤੋਂ ਬਲਰਾਜ ਸਾਹਨੀ ਪ੍ਰਸਿੱਧ ਚਿੰਤਕ ਮਾਰਕਸ ਦਾ ਉਪਾਸ਼ਕ ਸੀ ਤੇ ਦੇਸ਼ ਵਿੱਚ ਸਮਾਜਵਾਦੀ ਵਿਚਾਰਾਂ ਅਨੁਸਾਰ ਦੇਸ਼ ਦੇ ਪ੍ਰਸ਼ਾਸਨ ਨੂੰ ਢਾਲਣ ਦਾ ਇਛੁੱਕ ਸੀ। ਮੇਰੀ ਰੂਸੀ ਯਾਤਰਾ ਵਿੱਚ ਉਸਨੇ ਰੂਸ ਦੀ ਉਨ੍ਹਾਂ ਫੈਕਟਰੀਆਂ ਦਾ ਜ਼ਿਕਰ ਕੀਤਾ ਹੈ ਜਿੱਥੇ ਲੋਕਾਂ ਨੇ ਸੰਪੂਰਨ ਤੌਰ ਤੇ ਮਾਰਕਸ ਦੇ ਮੁਤਾਬਕ ਪ੍ਰਬੰਧ ਚਲਾਇਆ ਹੈ। ਉਸ ਸਮੇਂ ਉੱਥੇ ਸਾਰੇ ਲੋਕ ਬਰਾਬਰ ਸਨ। ਕੋਈ ਕਿਸੇ ਦੇ ਅਧੀਨ ਨਹੀਂ ਸੀ। ਬਲਰਾਜ ਸਾਹਨੀ ਨੇ ਜਦੋਂ ਸਭ ਕੁੱਝ ਦੇਖਿਆ ਤਾਂ ਬਹੁਤ ਪ੍ਰਭਾਵਿਤ ਹੋਇਆ। ਉਹ ਆਪਣੇ ਸਫ਼ਰਨਾਮੇ ਵਿੱਚ ਇੱਛਾ ਜ਼ਾਹਿਰ ਕਰਦਾ ਹੈ ਕਿ ਭਾਰਤ ਵਿੱਚ ਵੀ ਇਹੋ-ਜਿਹਾ ਇੰਨਕਲਾਬ ਆਉਣਾ ਚਾਹੀਦਾ ਹੈ। ਉਹ ਸਹੀ ਅਰਥਾਂ ਵਿੱਚ ਇੱਕ ਮਾਰਕਸਵਾਦੀ ਸੀ। ਉਸਨੇ ਕਈ ਵਾਰ ਕਿਹਾ ਸੀ ਕਿ ਉਹ ਫ਼ਿਲਮਾਂ ਦੇ ਸਾਰੇ ਪੈਸੇ ਨੂੰ ਤਿਆਗ ਦੇਣਾ ਚਾਹੁੰਦਾ ਹੈ, ਪਰੰਤੂ ਕੁੱਝ ਲੋਕ ਉਸ ਨਾਲ ਰਲ ਜਾਣ, ਪਰ ਉਸਦੀ ਇਹ ਗੱਲ ਮਨ ਵਿੱਚ ਰਹੀ।
ਮਾਰਕਸਵਾਦੀ ਹੋਣ ਕਰਕੇ ਬਲਰਾਜ ਸਾਹਨੀ ਪੂਰੇ ਰੂਪ ਵਿੱਚ ਪ੍ਰਤੀਬੱਧ ਲੇਖਕ ਸੀ। ਉਸਦੀ ਹਰ ਗੱਲ ਸੱਚ ‘ਤੇ ਆਧਾਰਿਤ ਸੀ। ਉਸਦੇ ਵਿਚਾਰਾਂ ਵਿੱਚ ਕਿਤੇ ਵੀ ਝੂਠ, ਪਾਖੰਡ ਜਾਂ ਫੋਕਾ ਦਿਖਾਵਾ ਨਹੀਂ ਹੁੰਦਾ। ਬਲਰਾਜ ਸਾਹਨੀ ਦੀ ਸਾਰੀ ਰਚਨਾ ਭਾਵੁਕ ਹੈ, ਪਰੰਤੂ ਇਹ ਸਾਰੀ ਭਾਵੁਕਤਾ ਬੁੱਧੀ ‘ਤੇ ਆਧਾਰਿਤ ਹੈ। ਉਹ ਕਿਤੇ ਵੀ ਉਲਾਰ ਨਹੀਂ ਹੁੰਦਾ ਜਾਪਦਾ, ਜਦੋਂ ਬਹੁਤ ਕਿਤੇ ਜਜ਼ਬਾਤੀ ਵੀ ਹੁੰਦਾ ਹੈ ਅਤੇ ਦੂਸਰੇ ਪਾਸੇ ਉਹ ਆਪਣੀ ਬੁੱਧੀ ਨਾਲ ਗੱਲ ਨੂੰ ਸਮਝਾ ਵੀ ਦਿੰਦਾ ਹੈ। ਉਸਦੇ ਸਫ਼ਰਨਾਮੇ ਵਿੱਚ ਬਹੁਤ ਸਾਰੇ ਬੌਧਕ ਵਿਚਾਰ ਹਨ। ਬਲਰਾਜ ਸਾਹਨੀ ਦੇ ਵਿਚਾਰਾਂ ਦੀ ਵਿਸ਼ੇਸ਼ਤਾ ਦਲੇਰੀ ਅਤੇ ਨਿਸ਼ੰਗਤਾ ਹੈ, ਉਸ ਵਿੱਚ ਫੋਕੀ ਬਣਾਵਟ ਨਹੀਂ। ਆਮ ਪੰਜਾਬੀ ਜਿਸ ਤਰ੍ਹਾਂ ਘਰ ਵਿੱਚ ਗੱਲਾਂ ਕਰਦੇ ਹਨ ਅਤੇ ਖ਼ੁਰਾਕ ਖਾਂਦੇ ਹਨ ਤੇ ਖੁਲ੍ਹੀਆਂ ਗੱਲਾ ਕਰਦੇ ਹਨ ਤਾਂ ਇਹ ਸਾਰੇ ਭਾਵ ਉਸ ਵਿੱਚ ਮਿਲਦੇ ਹਨ। ਕਈ ਵਾਰੀ ਪੰਜਾਬੀ ਸੁਭਾਅ ਦੇ ਮੁਤਾਬਕ ਉਹ ਕੁੱਝ ਗਾਲ੍ਹਾਂ ਅਤੇ ਨੰਗੇ ਸ਼ਬਦਾਂ ਦਾ ਪ੍ਰਯੋਗ ਵੀ ਕਰ ਜਾਂਦੇ ਹਨ ਤੇ ਇਹ ਉਸਦੀ ਮਜ਼ਬੂਰੀ ਹੈ। ਪੰਜਾਬ ਦੇ ਜਿੰਨੇ ਵੀ ਵੱਡੇ ਲੇਖਕ ਹੋਏ ਹਨ ਚਾਹੇ ਉਹ ਅੰਗਰੇਜ਼ੀ ਦੇ ਕਿਉਂ ਨਾ ਹੋਣ ਉਹਨਾਂ ਵਿੱਚ ਇਹ ਨੰਗੇਜ ਦੀ ਪ੍ਰਵਿਰਤੀ ਆਮ ਪਾਈ ਜਾਂਦੀ ਹੈ। ਜਿਵੇਂ ਖੁਸ਼ਵੰਤ ਸਿੰਘ, ਮੁਲਖ ਰਾਜ ਆਨੰਦ ਆਦਿ ਹਨ। ਬਲਰਾਜ ਸਾਹਨੀ ਵਿੱਚ ਵੀ ਇਹ ਰੁਚੀ ਹੈ।
ਬਲਰਾਜ ਸਾਹਨੀ ਦੀ ਸਾਰੀ ਵਾਰਤਕ ਵਿੱਚ ਉਸਦੀ ਸ਼ਖਸੀਅਤ ਝਲਕਦੀ ਹੈ। ਉਹ ਹਰ ਥਾਂ ਤੇ ਹਾਜ਼ਰ ਰਹਿੰਦਾ ਹੈ। ਨਾਟਕਾਂ ਅਤੇ ਫ਼ਿਲਮਾਂ ਵਿੱਚ ਕੰਮ ਕਰਕੇ ਉਸ ਦੀ ਵਾਰਤਕ ਵਿੱਚ ਨਾਟਕੀ ਅਤੇ ਫਿਲਮੀ ਗੁਣ ਆ ਗਏ ਹਨ। ਉਹ ਜਦੋਂ ਵੀ ਕਿਸੇ ਘਟਨਾ ਨੂੰ ਉਸਾਰਦਾ ਹੈ ਤਾਂ ਕੋਸ਼ਿਸ਼ ਕਰਦਾ ਹੈ ਕਿ ਆਪਣੇ ਜੀਵਨ ਵਿੱਚ ਉਸ ਘਟਨਾ ਨੂੰ ਅਪਨਾ ਲਵੇ। ਬਲਰਾਜ ਸਾਹਨੀ ਪੋਠੋਹਾਰੀ ਸੀ ਅਤੇ ਪੋਠੋਹਾਰੀ ਭਾਸ਼ਾ ਵਿੱਚ ਗੱਲ ਕਰਦਾ ਹੈ। ਉਸਦੀ ਵਾਰਤਕ ਉੱਤੇ ਪੋਠੋਹਾਰੀ ਦਾ ਬਹੁਤ ਅਸਰ ਹੈ। ਉਹ ਆਮ ਕਰਕੇ ਹੋਸੀ, ਜਾਸੀ ਅਤੇ ਜਾਤਕ ਦੀ ਵਰਤੋਂ ਕਰਦਾ ਸੀ। ਉਸ ਦੀ ਸਾਰੀ ਭਾਸ਼ਾ ਉੱਤੇ ਸਮੁੱਚੇ ਤੌਰ ‘ਤੇ ਲਹਿੰਦੀ ਭਾਸ਼ਾ ਦਾ ਅਸਰ ਹੈ ਤੇ ਜਿਸ ਵਿੱਚ ਪੋਠੋਹਾਰੀ ਦਾ ਰੰਗ ਵਧੇਰੇ ਉਘੜਵਾਂ ਹੈ। ਇਸ ਤਰ੍ਹਾਂ ਬਲਰਾਜ ਸਾਹਨੀ ਜਿੱਥੇ ਇੱਕ ਸਫ਼ਲ ਅਭਿਨੇਤਾ ਸੀ ਉੱਥੇ ਇੱਕ ਉੱਤਮ ਸਾਹਿਤਕਾਰ ਵੀ मी।