ਲੇਖ : ਪੱਤਰਕਾਰ ਖੁਸ਼ਵੰਤ ਸਿੰਘ
ਪੱਤਰਕਾਰ ਖੁਸ਼ਵੰਤ ਸਿੰਘ (1915-2014)
ਜਨਮ : 2 ਫਰਵਰੀ 1915
ਮੌਤ : 20 ਮਾਰਚ 2014
ਖੁਸ਼ਵੰਤ ਸਿੰਘ ਦੇ ਤੁਰ ਜਾਣ ਨਾਲ ਭਾਰਤੀ ਪੱਤਰਕਾਰੀ ਦੇ ਖੇਤਰ ਵਿਚ ਇਕ ਯੁੱਗ ਦਾ ਅੰਤ ਹੋ ਗਿਆ ਹੈ। ਹੁਣ ਜੀਵਨ ਦੇ ਸਾਰੇ ਮਸਲਿਆਂ ਸਮਾਜਿਕ, ਰਾਜਨੀਤਕ, ਸਦਾਚਾਰਕ ਤੇ ਆਪਣੀਆਂ ਤੇਜ਼ ਤਰਾਰ ਵਿਅੰਗਮਈ ਟਿੱਪਣੀਆ ਤੇ ਵਿਆਖਿਆ ਕਰਨ ਵਾਲਾ ਕਿਥੋਂ ਲੱਭੇਗਾ? ਖੁਸ਼ਵੰਤ ਸਿੰਘ ਦਾ ਭਾਰਤੀ ਪੱਤਰਕਾਰਾਂ ਵਿਚ ਗੱਲ ਕਹਿਣ ਦਾ ਇਕ ਨਿਵੇਕਲਾ ਅੰਦਾਜ਼ ਸੀ ਤੇ ਪਾਠਕ ਪੱਬਾਂ ਭਾਰ ਹੋ ਕੇ ਕਿਸੇ ਮਸਲੇ ਬਾਰੇ ਉਸਦੀ ਟਿੱਪਣੀ ਦੀ ਉਡੀਕ ਕਰਦੇ ਸਨ। ਉਸ ਵਰਗਾ ਸੈਕੂਲਰ ਪੱਤਰਕਾਰ ਲੱਭਣਾ ਮੁਸ਼ਕਲ ਹੋਵੇਗਾ। ਜਿੰਨੀ ਬੇਬਾਕੀ, ਨਿਡਰਤਾ ਨਾਲ ਉਹ ਆਪਣੀ ਤਿਖੀ ਕਲਮ ਨਾਲ ਨਸ਼ਤਰ ਲਾਉਂਦਾ ਸੀ ਉਸ ਵਰਗਾ ਹੋਰ ਕੋਈ ਨਹੀਂ।
ਖੁਸ਼ਵੰਤ ਸਿੰਘ ਇਕ ਵਿਅਕਤੀ ਨਹੀਂ ਸਗੋਂ ਇਕ ਪੂਰੀ ਸੰਸਥਾ ਸੀ। ਉਹ ਨਿਰੋਲ ਇਕ ਸ੍ਰੇਸ਼ਠ ਪੱਤਰਕਾਰ ਤੇ ਕਾਲਮ ਨਵੀਸ ਹੀ ਨਹੀਂ ਸੀ ਸਗੋਂ ਉਸਦੀ ਸਿਰਜਣਾਤਮਕ ਪ੍ਰਤਿਭਾ ਆਕਾਸ਼ਾਂ ਨੂੰ ਛੋਂਹਦੀ ਸੀ। ਉਸ ਦੀ ਪੱਤਰਕਾਰੀ ਤੇ ਨਾਵਲਾਂ ਨੇ ਕਿਸੇ ਕੁਲੀਨ ਵਰਗ ਤੱਕ ਗੱਲ ਕਰਨੀ ਸੀਮਤ ਨਹੀਂ ਰੱਖੀ ਸਗੋਂ ਉਸਦਾ ਸਾਹਿਤ ਤਾਂ ਦੇਸ਼ ਦਾ ਕੋਈ ਕੋਨਾ ਨਹੀਂ ਜਿਥੇ ਪ੍ਰਾਪਤ ਨਹੀਂ ਹੁੰਦਾ ਤੇ ਹਰ ਪਾਠਕ ਵਰਗ ਤੱਕ ਉਸ ਦੀ ਪਹੁੰਚ ਸੀ।
ਜਿੰਨਾ ਉਸ ਦਾ ਸਾਹਿਤ ਰੌਚਕ ਹੈ। ਉਨੀ ਹੀ ਜ਼ਿੰਦਗੀ ਰੌਚਕ ਹੈ ਅਤੇ ਇਹ ਰੌਚਕ ਘਟਨਾਵਾਂ ਨਾਲ ਭਰਪੂਰ ਹੈ। ਅਮੀਰ ਘਰਾਣੇ ਵਿਚ ਪੈਦਾ ਹੋ ਕੇ ਉਸਨੇ ਪੱਤਰਕਾਰੀ ਰਾਹੀਂ ਆਉਂਦੇ ਧਨ ਨੂੰ ਆਪਣਾ ਸਭ ਤੋਂ ਵੱਡਾ ਤੋਹਫ਼ਾ ਸਮਝਿਆ ਤੇ ਆਮ ਲੋਕਾਂ ਦੀ ਗੱਲ ਕੀਤੀ। ਖੁਸ਼ਵੰਤ ਸਿੰਘ ਦਾ ਜਨਮ 2 ਫਰਵਰੀ 1915 ਨੂੰ ਹਦਿਆਲੀ ਪਿੰਡ ਵਿਚ ਸਰਗੋਧਾ ਜ਼ਿਲ੍ਹੇ (ਪਾਕਿਸਤਾਨ), ‘ਚ ਹੋਇਆ। ਉਸ ਦੇ ਪਿਤਾ ਸਰ ਸੋਭਾ ਸਿੰਘ ਪ੍ਰਸਿੱਧ ਇਮਾਰਤਕਾਰ ਸਨ ਜਿਨ੍ਹਾਂ ਨੇ ਦਿੱਲੀ ਵਿਚ ਕਈ ਇਮਾਰਤਾਂ ਤੇ ਖ਼ਾਸ ਤੌਰ ‘ਤੇ ਕਨਾਟ ਪੈਲੇਸ ਦਾ ਨਿਰਮਾਣ ਕੀਤਾ। ਉਸ ਦੇ ਚਾਚਾ ਸ. ਉਜਲ ਸਿੰਘ ਪੰਜਾਬ ਤੇ ਤਾਮਿਲਨਾਡੂ ਦੇ ਗਵਰਨਰ ਰਹੇ।
ਉਨ੍ਹਾਂ ਨੇ ਮੁੱਢਲੀ ਵਿਦਿਆ ਮਾਡਰਨ ਸਕੂਲ ਨਵੀਂ ਦਿੱਲੀ, ਕਾਲਜ ਦੀ ਪੜ੍ਹਾਈ ਗੌਰਮਿੰਟ ਕਾਲਜ ਲਾਹੌਰ, ਸੇਂਟ ਸਟੀਫਨ ਕਾਲਜ ਨਵੀਂ ਦਿੱਲੀ, ਕਿੰਗਜ਼ ਕਾਲਜ ਲੰਡਨ ਤੋਂ ਵਕਾਲਤ ਦੀ ਪੜ੍ਹਾਈ ਕੀਤੀ। ਕੁਝ ਸਮਾਂ ਉਹ ਵਕਾਲਤ ਵੀ ਕਰਦੇ ਰਹੇ ਪਰ ਮਨ ਲੇਖਣੀ ਤੇ ਪੱਤਰਕਾਰੀ ‘ਚ ਹੋਣ ਕਰਕੇ ਪੱਤਰਕਾਰਤਾ ਵੱਲ ਆ ਗਏ। ਦੇਸ਼ ਦੀਆਂ ਪ੍ਰਮੁੱਖ ਅਖ਼ਬਾਰਾਂ ਦਾ ਉਹ ਸਮੇਂ ਅਨੁਸਾਰ ਸੰਪਾਦਨ ਕਰਦੇ ਰਹੇ। ਉਹ ਪਹਿਲਾਂ ਸਰਕਾਰੀ ਜਨਰਲ ਯੋਜਨਾ ਦੇ ਸੰਪਾਦਕ ਬਣੇ। ਫਿਰ ਇਲਸ ਟਰੇਟਿਡ ਵੀਕਲੀ ਵਿਚ ਉਨ੍ਹਾਂ ਨੇ ਪੰਜਾਬੀ ਸਭਿਆਚਾਰ ਦੇ ਵਿਭਿੰਨ ਪੱਖੇ ਨੂੰ ਬਹੁਤ ਦਿਲਕਸ਼ ਤਸਵੀਰਾਂ ਨਾਲ ਪੇਸ਼ ਕੀਤਾ।
ਇਕ ਸੈਕੂਲਰ ਪੱਤਰਕਾਰ ਹੋਣ ਦੇ ਨਾਲ ਉਨ੍ਹਾਂ ਦੀ ਪ੍ਰਸਿੱਧ ਪੁਸਤਕ ‘ਸਿੱਖ ਹਿਸਟਰੀ’ ਪ੍ਰਮਾਣਿਕ ਦਸਤਾਵੇਜ਼ ਸਮਝੀ ਜਾਂਦੀ ਹੈ। ਉਨ੍ਹਾਂ ਦੀ ਪ੍ਰਸਿੱਧ ਪੁਸਤਕ ‘ਟਰੇਨ ਟੂ ਪਾਕਿਸਤਾਨ’ ਨੇ ਉਨ੍ਹਾਂ ਨੂੰ ਅਮਰ ਕਰ ਛੱਡਿਆ ਹੈ। ਉਨ੍ਹਾਂ ਦੀ ਸ਼ਾਦੀ ਕੰਵਲ ਮਲਿਕ ਨਾਲ ਹੋਈ ਤੇ ਇਕ ਲੜਕਾ ਰਾਹੁਲ ਸਿੰਘ ਤੇ ਲੜਕੀ ਮਾਲਾ ਹੋਈ, ਜਿਸ ਨਾਲ ਉਨ੍ਹਾਂ ਦੀ ਗ੍ਰਹਿਸਥੀ ਬਹੁਤ ਪ੍ਰਸੰਨਤਾ ਪੂਰਣ ਬੀਤੀ। ਉਨ੍ਹਾਂ ਦੀਆਂ ਲਿਖੀਆਂ ਪੁਸਤਕਾਂ ਦੀ ਜੇ ਗੱਲ ਕਰੀਏ ਤਾਂ ਇਹ 70 ਤੋਂ ਉਪਰ ਬਣਦੀਆਂ ਹਨ।
ਪੰਜਾਬੀ ਲੇਖਕ ਉਨ੍ਹਾਂ ਨਾਲ ਸੰਪਰਕ ਬਣਾ ਕੇ ਬਹੁਤ ਖੁਸ਼ ਹੁੰਦੇ ਹਨ। ਉਨ੍ਹਾਂ ਦੁਆਰਾ ਲਿਖੀ ਹੋਈ ਪ੍ਰਸ਼ੰਸਾ ਦੀ ਇਕ ਸਤਰ ਪੀਐਚਡੀ ਦੀ ਡਿਗਰੀ ਨਾਲੋਂ ਉੱਚੀ ਸਮਝੀ ਜਾਂਦੀ ਸੀ। ਉਹ ਨਿੱਜੀ ਜੀਵਨ ਵਿਚ ਪੂਰੇ ਹਲੀਮ ਸਨ। ਪੰਜਾਬੀ ਲੇਖਕਾਂ ਦੀਆਂ ਭੇਜੀਆਂ ਪੁਸਤਕਾਂ ਦੀ ਉਹ ਪਹੁੰਚ ਰਸੀਦ ਭੇਜਦੇ ਹਨ ਤੇ ਵਕਤ ਮਿਲਣ ‘ਤੇ ਪੜ੍ਹਨ ਤੇ ਲਿਖਣ ਦਾ ਵਾਅਦਾ ਵੀ ਕਰਦੇ ਸਨ। ਉਨ੍ਹਾਂ ਨੇ ਕਈ ਪੰਜਾਬੀ ਲੇਖਾਂ ਨੂੰ ਨਿੱਜੀ ਰਾਏ ਨਾਲ, ਉਤਸਾਹਿਤ ਕੀਤਾ। ਅਜਿਹੇ ਯੁੱਗ ਪੁਰਸ਼ ਕਦੇ ਕਦਾਈ ਹੀ ਜੰਮਦੇ ਹਨ। ਉਨ੍ਹਾਂ ਦੇ ਕਾਲਮਾਂ ਤੇ ਰਚਨਾਵਾਂ ਦਾ ਜਾਦੂ ਸਿਰ ਚੜ੍ਹ ਕੇ ਬੋਲਦਾ ਹੈ। ਉਨ੍ਹਾਂ ਦਾ ਲੜਕਾ ਰਾਹੁਲ ਸਿੰਘ ਪੱਤਰਕਾਰੀ ਦੇ ਖੇਤਰ ਵਿਚ ਬਹੁਤ ਸਰਗਰਮ ਹੈ ਖੁਸ਼ਵੰਤ ਸਿੰਘ ਦੇ ਜਾਣ ਦਾ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ।