NCERT class 10thਲੇਖ ਰਚਨਾ (Lekh Rachna Punjabi)

ਲੇਖ : ਪੱਛਮੀ ਕਲਚਰ ਦਾ ਮਾੜਾ ਪ੍ਰਭਾਵ


ਪੱਛਮੀ ਕਲਚਰ ਦਾ ਮਾੜਾ ਪ੍ਰਭਾਵ


ਪੱਛਮੀ ਦੇਸ਼ਾਂ ਵਿਚ ਵਸੇ ਹੋਏ ਤੇ ਆਪਣੇ ਦੇਸ਼ ਦੀ ਮਹਿਕ ਤੋਂ ਵਿਹੂਣੇ ਲੋਕਾਂ ਨੂੰ ਪੁੱਛੋ ਕਿ ਉਹ ਕਿਹੜੀ ਮਜਬੂਰੀ ਸੀ ਜਿਹੜੀ ਉਨ੍ਹਾਂ ਨੂੰ ਪਰਾਏ ਦੇਸ਼ਾਂ ਵਿਚ ਲੈ ਕੇ ਆਈ, ਤਾਂ ਉਨ੍ਹਾਂ ਦੇ ਮੂੰਹੋਂ ਇਹ ਹੀ ਭਾਵੁਕ ਬੋਲ ਨਿਕਲਣਗੇ ਕਿ ਰੋਜ਼ੀ ਰੋਟੀ ਦੀ ਖਾਤਰ ਉਨ੍ਹਾਂ ਨੂੰ ਆਪਣਾ ਦੇਸ਼ ਛੱਡਣਾ ਪਿਆ ਹੈ। ਰਿਜ਼ਕ ਤਾਂ ਪੰਛੀ ਤੇ ਦਰਵੇਸ਼ ਵੀ ਆਪਣੇ ਨਾਲ ਨਹੀਂ ਬੰਨ੍ਹ ਸਕਦੇ। ਪ੍ਰਦੇਸਾਂ ਵਿਚ ਵਿਆਹੀਆਂ ਅਤੇ ਆਪਣੇ ਪਤੀਆਂ ਦੇ ਵਿਵਹਾਰ ਤੋਂ ਦੁਖੀ ਔਰਤਾਂ ਦੇ ਮਨਾਂ ਨੂੰ ਫਰੋਲੇ ਤਾਂ ਉਹ ਦੱਸਣਗੀਆਂ ਕਿ ਉਹ ਉਸ ਘੜੀ ਨੂੰ ਕੋਸਦੀਆਂ ਹਨ, ਜਦੋਂ ਉਨ੍ਹਾਂ ਦੇ ਬਾਬਲ ਨੇ ਬਾਹਰਲੀ ਚਮਕ – ਦਮਕ ਨੂੰ ਦੇਖਦਿਆਂ ਤੇ ਬਿਨਾਂ ਪੜਤਾਲ ਕੀਤਿਆਂ ਪਰਦੇਸੀ ਲਾੜੇ ਨਾਲ ਉਨ੍ਹਾਂ ਦੇ ਹੱਥ ਪੀਲੇ ਕਰ ਦਿੱਤੇ। ਪੱਛਮੀ ਦੇਸ਼ਾਂ ਵਿਚ ਵਸੇ ਹੋਏ ਬਿਰਧਾਂ ਦੇ ਮਨਾਂ ਨੂੰ ਫਰੋਲੋ ਤਾਂ ਦਿਲ ਦੀ ਕਿਸੇ ਨੁੱਕਰ ਵਿਚ ਇਕ ਚੀਸ ਸੁਣਾਈ ਦੇਵੇਗੀ ਤੇ ਉਨ੍ਹਾਂ ਵਿਚ ਬਾਹਰ ਰਹਿੰਦੇ ਉਨ੍ਹਾਂ ਦੇ ਬੱਚਿਆਂ ਦੁਆਰਾ ਕੀਤੀ ਗਈ ਦੁਰਵਿਵਹਾਰ ਦੀ ਕਹਾਣੀ ਸੁਣਾਈ ਦੇਵੇਗੀ।

ਰੋਜ਼ ਪੱਛਮੀ ਦੇਸ਼ਾਂ ਵਿਚ ਬੈਠੇ ਹੋਏ ਪਰਵਾਸੀ ਭਾਰਤੀ ਪੂਰਬ ਨੂੰ ਜਾਂਦੀਆਂ ਹੋਈਆਂ ਕੂੰਜਾਂ ਨੂੰ ਦੇਖਦੇ ਹਨ ਤੇ ਮਨ ਹੀ ਮਨ ਵਿਚ ਉਨ੍ਹਾਂ ਰਾਹੀਂ ਆਪਣੇ ਪਿਆਰੇ ਘਰਾਂ ਲਈ ਸੁਨੇਹੇ ਭੇਜਦੇ ਹਨ।

ਪੂਰਬ ਨੂੰ ਜਾਂਦੀਆਂ ਕੂੰਜਾਂ ਨੂੰ ਉਹ ਭਰੇ ਮਨ ਨਾਲ ਕਹਿੰਦੇ ਹਨ ਕਿ ਉਨ੍ਹਾਂ ਨੂੰ ਆਪਣੇ ਪਿਤਾ ਦੀ ਨਿੱਘੀ ਗਲਵੱਕੜੀ ਅੱਜ ਵੀ ਯਾਦ ਹੈ, ਪਰ ਉਨ੍ਹਾਂ ਦੇ ਪੈਰਾਂ ਵਿਚ ਤਾਂ ਮਾਨੋ ਲੋਹੇ ਦੀਆਂ ਬੇੜੀਆਂ ਪਹਿਨਾ ਦਿੱਤੀਆਂ ਗਈਆਂ ਹਨ, ਹੁਣ ਉਨ੍ਹਾਂ ਨੂੰ ਵਾਪਸ ਘਰਾਂ ਨੂੰ ਮੁੜਨਾ ਮੁਹਾਲ ਲਗਦਾ ਹੈ। ਉਨ੍ਹਾਂ ਦੇ ਖਾਲੀ ਖੀਸਿਆਂ ਵਿਚ ਨਿੱਤ ਨਵੇਂ ਦਿਨ ਡਾਲਰਾਂ ਦੀ ਗਿਣਤੀ ਵਧ ਜਾਂਦੀ ਹੈ ਤੇ ਇਹ ਹਿਰਸ ਉਨ੍ਹਾਂ ਨੂੰ ਕਿਤੇ ਟਿਕਣ ਨਹੀਂ ਦਿੰਦੀ। ਉਹ ਮਹਿਸੂਸ ਕਰਦੇ ਹਨ ਕਿ ਉਹ ਆਪਣੀ ਮਾਂ ਦੀ ਕੁੱਖ ਦਾ ਕਰਜ਼ਾ ਪੂਰੀ ਤਰ੍ਹਾਂ ਨਹੀਂ ਚੁਕਾ ਸਕੇ। ਕਈ ਹਾਲਤਾਂ ਵਿਚ ਆਪਣੀ ਭਾਰਤ ਵਿਚ ਬੈਠੀ ਹੋਈ ਪਤਨੀ, ਜਿਸ ਨੇ ਆਪਣੀਆਂ ਸੁਹਾਗ ਦੀਆਂ ਚੂੜੀਆਂ ਵੇਚ ਕੇ ਉਨ੍ਹਾਂ ਨੂੰ ਉਚੇਰੀ ਪੜ੍ਹਾਈ ਲਈ ਭੇਜਿਆ, ਉਨ੍ਹਾਂ ਤੋਂ ਉਨ੍ਹਾਂ ਨੂੰ ਵਿਛੜਿਆਂ ਇਵੇਂ ਜਾਪਦਾ ਹੈ ਜਿਵੇਂ ਯੁੱਗ ਬੀਤ ਗਏ ਹੋਣ। ਉਨ੍ਹਾਂ ਨੂੰ ਤਾਂ ਆਪਣੀ ਪਤਨੀ ਦੀਆਂ ਵੰਗਾਂ ਦੀ ਛਣਕਾਰ ਵੀ ਅਜੇ ਤਕ ਯਾਦ ਹੈ, ਪੈਰਾਂ ਵਿਚ ਛਮ – ਛਮ ਕਰਦੀਆਂ ਪੰਜੇਬਾਂ ਦੀ ਗੂੰਜ ਉਨ੍ਹਾਂ ਦੀਆਂ ਰਾਤਾਂ ਦੀ ਨੀਂਦ ਖਰਾਬ ਕਰ ਦਿੰਦੀ ਹੈ। ਉਨ੍ਹਾਂ ਦੀ ਪਤਨੀ ਦੇ ਨੁਕੀਲੇ ਤੇ ਸੋਹਣੇ ਨੱਕ ‘ਤੇ ਪਏ ਹੋਏ ਲੌਂਗ ਦਾ ਲਿਸ਼ਕਾਰਾ ਦੂਰ ਬੈਠਿਆਂ ਵੀ ਉਨ੍ਹਾਂ ਵਿਚਲੀ ਚਮਕ ਉਨ੍ਹਾਂ ਦੀ ਰੂਹ ਨੂੰ ਰੁਸ਼ਨਾ ਜਾਂਦੀ ਹੈ ਪਰ ਪਰਦੇਸਾਂ ਵਿਚ ਭਟਕਣਾ ਉਨ੍ਹਾਂ ਦੀ ਕਿਸਮਤ ਵਿਚ ਲਿਖਿਆ ਹੋਇਆ ਹੈ।

ਪੱਛਮੀ ਦੇਸ਼ਾਂ ਵਿਚ ਕਈ ਥਾਂ ‘ਤੇ ਪੰਜਾਬੀਆਂ ਦੀ ਘੁੱਗ ਵਸੋਂ ਹੈ, ਪਰ ਪੰਜਾਬੀਅਤ ਦੀ ਖੁਸ਼ਬੂ ਨੂੰ ਉਹ ਭੁੱਲ ਰਹੇ ਹਨ। ਪੂਰਬ ਨੂੰ ਜਾਂਦੀਆਂ ਕੂੰਜਾਂ ਨੂੰ ਇਕ ਅਜਿਹਾ ਪੰਜਾਬੀ ਸਭਿਆਚਾਰ ਤੋਂ ਵਿਛੜਿਆ ਹੋਇਆ ਆਪਣੇ ਮਨ ਦੀ ਹੂਕ ਨੂੰ ਇਵੇਂ ਪੇਸ਼ ਕਰਦਾ ਹੋਇਆ ਕਹਿੰਦਾ ਹੈ ਕਿ ਏਥੇ ਵਸਦੇ ਪੰਜਾਬੀਆਂ ਦੇ ਦਿਲਾਂ ਵਿਚ ਤਾਂ ਇਵੇਂ ਜਾਪਦਾ ਹੈ ਜਿਵੇਂ ‘ਵਾਰੇ ਸ਼ਾਹ’ ਮਰ ਹੀ ਗਿਆ ਹੈ। ਜਿਨ੍ਹਾਂ ਭਾਈਆਂ ਨਾਲ ਰਲ ਕੇ ਬੈਠ ਕੇ ਮਜਲਸਾਂ ਸੋਹੰਦੀਆਂ ਹਨ, ਉਹ ਖੁਦਗਰਜ਼ੀ, ਲਾਲਚ ਅਤੇ ਹੰਕਾਰ ਕਾਰਨ ਏਥੇ ਪੱਛਮ ਵਿਚ ਲੋਕ ਜੁੜ ਕੇ ਬੈਠਦੇ ਹੀ ਨਹੀਂ। ਪਿਆਰ ਮੁਹੱਬਤ ਦੀ ਵੰਝਲੀ ਜਿਹੜਾ ਰਾਂਝਾ ਵਜਾਉਂਦਾ ਸੀ, ਉਸ ਦੇ ਵੀਰ ਪੱਛਮ ਵਿਚ ਆ ਕੇ ਉਸ ਦੀ ਸੁਰ ਨੂੰ ਭੁੱਲ ਹੀ ਗਏ ਹਨ। ਉਡਦੀਆਂ ਕੂੰਜਾਂ ਨੂੰ ਸੁਨੇਹਾ ਦਿੰਦਾ ਹੋਇਆ ਇਕ ਪੰਜਾਬੀ ਭਰੇ ਮਨ ਨਾਲ ਕਹਿੰਦਾ ਹੈ ਕਿ ਪੱਛਮ ਦੇ ਪੰਜਾਬੀ ਹੁਣ ‘ਸੱਥ’ ਵਿਚ ਨਹੀਂ, ਸਗੋਂ ਪੱਬ ਵਿਚ ਬੈਠਦੇ ਹਨ। ਬੁੱਲ੍ਹੇ ਸ਼ਾਹ ਦੀਆਂ ਕਾਫੀਆਂ ਦੀ ਥਾਂ ‘ਤੇ ਉਹ ਹੁਣ ਪੌਪ ਸੰਗੀਤ ਦੀਆਂ ਧੁਨਾਂ ਨਾਲ ਨੱਚਦੇ ਹਨ। ਪੰਜਾਬੀ ਲੋਕ ਗੀਤਾਂ ਨੂੰ ਵੀ ਉਨ੍ਹਾਂ ਨੇ ਹੁਣ ਪੱਛਮੀ ਰੰਗ ਦੇ ਦਿੱਤਾ ਹੈ, ਆਪਣੇ ਸਭਿਆਚਾਰ ‘ਤੇ ਉਨ੍ਹਾਂ ਨੇ ਹੁਣ ਪੱਛਮ ਦੀ ਖੁਸ਼ਬੂ ਬਿਖੇਰ ਦਿੱਤੀ ਹੈ।

ਪੰਜਾਬੀ ਮੁਟਿਆਰਾਂ ਪੱਛਮੀ ਜੀਵਨ ਸ਼ੈਲੀ ਵਿਚ ਰੰਗੀਆਂ ਹੋਈਆਂ ਤ੍ਰਿੰਝਣਾਂ ਵਿਚ ਇਕੱਠੀਆਂ ਨਹੀਂ ਹੁੰਦੀਆਂ, ਸਗੋਂ ਉਹ ਕਲੱਬਾਂ ਵਿਚ ਇਕੱਠੀਆਂ ਹੁੰਦੀਆਂ ਹਨ। ਪੰਜਾਬੀ ਗਿੱਧੇ ਦੀ ਥਾਂ ਹੁਣ ਡਿਸਕੋ ਨੇ ਲੈ ਲਈ ਹੈ। ਇਥੇ ਚਾਟੀਆਂ ਵਿਚ ਮਧਾਣੀਆਂ ਦੀ ਆਵਾਜ਼ ਕਿਤੇ ਸੁਣਾਈ ਨਹੀਂ ਦਿੰਦੀ, ਸਗੋਂ ਸਾਰੇ ਪੰਜਾਬੀ ਘਰਾਂ ਵਿਚ ਮਸ਼ੀਨਾਂ ਨਾਲ ਹੀ ਕੰਮ ਹੁੰਦਾ ਹੈ। ਪੂਰਬ ਵੱਲ ਜਾਂਦੀਆਂ ਕੂੰਜਾਂ ਨੂੰ ਦੇਖ ਕੇ ਇਕ ਪੰਜਾਬੀ ਵੀਰ ਸੁਨੇਹਾ ਦਿੰਦਾ ਹੈ ਕਿ ਇਥੇ ਤਾਂ ਪੰਜਾਬੀ ਰਾਤਾਂ ਨੂੰ ‘ਓਵਰ ਟਾਈਮ’ ਲਾ ਕੇ ਥੱਕੇ – ਟੁੱਟੇ ਘਰ ਪਰਤਦੇ ਹਨ, ਅੰਮ੍ਰਿਤ ਵੇਲਾ ਤਾਂ ਉਨ੍ਹਾਂ ਦੇ ਨਸੀਬ ਵਿਚ ਹੀ ਨਹੀਂ ਹੈ ਤੇ ਨਾ ਹੀ ਉਨ੍ਹਾਂ ਦੀਆਂ ਸੁਆਣੀਆਂ ਉਨ੍ਹਾਂ ਨੂੰ ਛਾਹ ਵੇਲਾ ਪਰੋਸਦੀਆਂ ਹਨ। ਏਥੇ ਹੁਣ ਪੰਜਾਬੀ ਘਰਾਂ ਵਿਚ ਘੁੰਡ ਵਿਚ ਸ਼ਰਮਾਉਣਾ ਤਾਂ ਕੀ, ਖੁਲ੍ਹੇ ਆਮ ਸਰੀਰ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ। ਔਰਤ ਦੀ ਆਜ਼ਾਦੀ ਦੀ ਮੁਹਿੰਮ ਨੇ ਹਰ ਨਵ-ਯੁਵਤੀ ਦੇ ਮਨ ਵਿਚ ਇਹ ਪਾ ਦਿੱਤਾ ਹੈ ਕਿ ਹਰ ਉਹ ਵਸਤੂ, ਰਿਵਾਜ, ਪਰੰਪਰਾ ਜੋ ਵਿਰਸੇ ਨੇ ਉਨ੍ਹਾਂ ਨੂੰ ਦਿੱਤਾ ਹੈ, ਉਸ ਦਾ ਵਿਰੋਧ ਉਨ੍ਹਾਂ ਨੇ ਖੁਲ੍ਹੇਆਮ ਕਰਨਾ ਹੈ। ਪੰਜਾਬੀ ਸਭਿਆਚਾਰ, ਗਿੱਧੇ, ਭੰਗੜੇ ਨੂੰ ਤਾਂ ਉਨ੍ਹਾਂ ਨੇ ਕੈਸਟਾਂ ਵਿਚ ਬੰਦ ਕਰਕੇ ਰੱਖ ਲਿਆ ਹੈ। ਉਥੋਂ ਦੇ ਪੰਜਾਬੀ ਬੱਚੇ ਤਾਂ ਆਪਣੀਆਂ ਜਨਮ-ਮਰਨ, ਵਿਆਹ-ਸ਼ਾਦੀਆਂ ਦੀ ਰਸਮਾਂ ਤੋਂ ਤਾਂ ਕੋਸਾਂ ਦੂਰ ਹੋ ਗਏ ਹਨ। ਜੇ ਇਹ ਬੱਚੇ ਭਾਰਤ ਵਿਚ ਜਨਮ ਲੈਂਦੇ ਤਾਂ ਉਨ੍ਹਾਂ ਦੇ ਘਰਾਂ ਦੇ ਬੂਹੇ ‘ਤੇ ਸਰੀਂਹ ਦੀਆਂ ਫਲੀਆਂ ਜਾਂ ਅੰਬ ਦੇ ਪੱਤੇ ਪਰੋ ਕੇ ਟੰਗੇ ਜਾਂਦੇ, ਤੇਰਾਂ ਦਿਨਾਂ ਤਕ ਉਨ੍ਹਾਂ ਦੀ ਮਾਂ ਨੂੰ ਭੁੰਜੇ ਪੈਰ ਨਾ ਰੱਖਣ ਦਿੱਤਾ ਜਾਂਦਾ। ਉਨ੍ਹਾਂ ਦੀ ਪਹਿਲੀ ਲੋਹੜੀ ਮਨਾਈ ਜਾਂਦੀ ਤੇ ਕਈ ਤਰ੍ਹਾਂ ਦੀਆਂ ਮਿੱਠੀਆਂ ਵਸਤਾਂ ਵੰਡੀਆਂ ਜਾਂਦੀਆਂ।

ਪੱਛਮੀ ਦੇਸ਼ਾਂ ਵਿਚ ਵਿਆਹੇ ਜਾਣ ਵਾਲੇ ਗਭਰੂ ਅਤੇ ਮੁਟਿਆਰਾਂ ਕੇਵਲ ਅਦਾਲਤਾਂ ਵਿਚ ਜਾ ਕੇ ਜੱਜਾਂ ਦਾ ਮੂੰਹ ਦੇਖ ਕੇ ਤੇ ਰਜਿਸਟਰ ‘ਤੇ ਦਸਤਖ਼ਤ ਕਰਕੇ ਪਤੀ-ਪਤਨੀ ਬਣ ਜਾਂਦੇ ਹਨ, ਉਨ੍ਹਾਂ ਨੂੰ ਇਸ ਗੱਲ ਦੀ ਕੀ ਸਾਰ ਹੋ ਸਕਦੀ ਹੈ ਕਿ ਪੰਜਾਬ ਵਿਚ ਉਨ੍ਹਾਂ ਦੀ ਮੰਗਣੀ ਤੇ ਵਿਆਹ ਸਮੇਂ ਕਿੰਨੀਆਂ ਰਸਮਾਂ ਨਿਭਾਈਆਂ ਜਾਂਦੀਆਂ ਹਨ। ਉਡਦੀਆਂ ਕੂੰਜਾਂ ਹੱਥ ਇਕ ਸੁਨੇਹਾ ਦਿੰਦਾ ਹੋਇਆ ਤੇ ਪੰਜਾਬੀਅਤ ਲਈ ਤਰਲੇ ਲੈਂਦਾ ਹੋਇਆ ਇਕ ਬਜ਼ੁਰਗ ਇਹ ਸੁਨੇਹਾ ਦੇਣੋਂ ਨਹੀਂ ਹਟਦਾ ਕਿ ਮੁੰਡੇ ਦੇ ਵਿਆਹ ਵੇਲੇ ਘੋੜੀਆਂ ਤੇ ਕੁੜੀ ਦੇ ਘਰ ਸੁਹਾਗ ਦੇ ਗੀਤ ਹੁਣ ਪੱਛਮੀ ਲੋਕਾਂ ਨੂੰ ਕਿਵੇਂ ਮਿਲ ਸਕਣਗੇ। ਪੱਛਮੀ ਨੌਜਵਾਨਾਂ ਤੇ ਮੁਟਿਆਰਾਂ ਨੂੰ ਹੁਣ ਮਾਈਏਂ, ਛੱਕ ਆਦਿ ਦਾ ਅਰਥ ਕੌਣ ਸਮਝਾਏਗਾ।

ਪੂਰਬ ਨੂੰ ਜਾਂਦੀਆਂ ਕੂੰਜਾਂ ਨੂੰ ਹਸਰਤ ਨਾਲ ਭਰੀਆਂ ਅੱਖਾਂ ਨਾਲ ਦੇਖਦਾ ਹੋਇਆ ਇਕ ਪੰਜਾਬੀ ਪਰਵਾਸੀ ਕਹਿੰਦਾ ਹੈ ਕਿ ਏਥੇ ਪੱਛਮ ਵਿਚ ਤਾਂ ਹੁਣ ਭਾਰਤੀ ਤਿਓਹਾਰਾਂ ਵਰਗੀ ਪਵਿੱਤਰਤਾ ਤੇ ਰੌਣਕ ਦੇਖਣ ਨੂੰ ਨਹੀਂ ਮਿਲ ਸਕਦੀ। ਏਥੇ ਤਾਂ ਤਿਓਹਾਰ ਮਨਾਉਣ ਦਾ ਸੰਕਲਪ ਹੀ ਹੋਰ ਹੈ। ਪੱਛਮੀ ਰੰਗ ਵਿਚ ਰੰਗੇ ਹੋਏ ਲੋਕ ਏਥੇ ਧਰਤੀ ਦੀ ਮਿੱਟੀ ਨਾਲ ਜੁੜਨਾ ਆਪਣੀ ਹੱਤਕ ਸਮਝਦੇ ਹਨ। ਅੰਮ੍ਰਿਤਸਰ ਦੀ ਦੀਵਾਲੀ ਨੂੰ ਯਾਦ ਕਰਦਾ ਹੋਇਆ ਇਕ ਪੰਜਾਬੀ ਆਪਣੀਆਂ ਅੱਖਾਂ ਨਮ ਕਰਦਾ ਹੋਇਆ ਕਹਿੰਦਾ ਹੈ ਕਿ ਜੋ ਰੂਹਾਨੀ ਨਜ਼ਾਰਾ ਆਤਿਸ਼ਬਾਜ਼ੀ ਸਮੇਂ ਅੰਮ੍ਰਿਤਸਰ ਵਿਚ ਦਿਸਦਾ ਹੈ, ਉਹ ਲੱਖ ਯਤਨ ਕਰਨ ‘ਤੇ ਵੀ ਯੂਰਪ ਵਿਚ ਨਹੀਂ ਦੇਖਿਆ ਜਾ ਸਕਦਾ। ਜਗਰਾਵਾਂ ਦੀ ਰੋਸ਼ਨੀ, ਛਪਾਰ ਦਾ ਮੇਲਾ, ਬਾਬਾ ਬਕਾਲਾ ਦੀ ਪੂਰਨਮਾਸ਼ੀ ਤੇ ਬਸੰਤ ਵਾਲੇ ਦਿਨ ਜਦੋਂ ਆਕਾਸ਼ ਨੀਲੀਆਂ, ਪੀਲੀਆਂ ਪਤੰਗਾਂ ਨਾਲ ਭਰ ਜਾਂਦਾ ਹੈ ਤਾਂ ਪਰਵਾਸੀ ਪੰਜਾਬੀਆਂ ਦੀ ਰੂਹ ਕੁਰਲਾ ਉਠਦੀ ਹੈ।

ਹੁਣ ਇਥੇ ਪਰਵਾਨ ਚੜੀਆਂ ਤੇ ਪੱਛਮੀ ਰੰਗ ਵਿਚ ਰੰਗੀਆਂ ਹੋਈਆਂ ਮੁਟਿਆਰਾਂ ਨੂੰ ਕੌਣ ਸਮਝਾਵੇ ਕਿ ਇਕ ਪੰਜਾਬਣ ਦਾ ਰੂਪ ਜਿੰਨਾਂ ਵਿਆਹ-ਸ਼ਾਦੀ ਜਾਂ ਖੁਸ਼ੀ ਭਰੇ ਤਿਓਹਾਰ ਸਮੇਂ ਫੁਲਕਾਰੀ ਸਰੀਰ ‘ਤੇ ਸਜਾਉਣ ਨਾਲ ਵਧਦਾ ਹੈ ਉਹ ਹੋਰ ਕਿਸੇ ਵਸਤਰ ਪਾਉਣ ਨਾਲ ਨਹੀਂ ਵਧਦਾ, ਫਿਰ ਇਹ ਫੁਲਕਾਰੀਆਂ ਵੀ ਕਿੰਨੇ ਰੰਗਾਂ ਦੀਆਂ ਅਤੇ ਉਨ੍ਹਾਂ ‘ਤੇ ਕੀਤੀਆਂ ਗਈਆਂ ਕਢਾਈਆਂ ਪੰਜਾਬੀ ਮੁਟਿਆਰਾਂ ਦੀ ਕਲਾਕਾਰੀ ਨੂੰ ਪੇਸ਼ ਕਰਦੀਆਂ ਹਨ, ਉਹ ਪੱਛਮ ਦੀਆਂ ਪੰਜਾਬੀ ਲੜਕੀਆਂ ਕਿਵੇਂ ਜਾਣ ਸਕਦੀਆਂ ਹਨ। ਇਕ ਪੰਜਾਬੀ ਪਰਵਾਸੀ ਬੜੇ ਹਿਰਦੇਵੇਧਕ ਢੰਗ ਨਾਲ ਕੂੰਜਾਂ ਹੱਥ ਇਹ ਸੁਨੇਹਾ ਭੇਜਦਾ ਹੈ ਕਿ ਪੱਛਮ ਵਿਚ ਵਸੀਆਂ ਭਾਰਤੀ ਨਾਰਾਂ ਤੇ ਵਿਸ਼ੇਸ਼ ਕਰਕੇ ਪੰਜਾਬੀ ਮੁਟਿਆਰਾਂ ਨੇ ਪੋਸ਼ਾਕ ਅਤੇ ਹਾਰ-ਸ਼ਿੰਗਾਰ ਦੀਆਂ ਵਸਤਾਂ ਪਹਿਨਣ ਵਿਚ ਆਪਣੀ ਪੰਜਾਬੀ ਆਭਾ ਹੀ ਗੁਆ ਲਈ ਹੈ। ਕਈ ਵਾਰ ਇਹ ਅੰਦਾਜ਼ਾ ਲਾਉਣਾ ਹੀ ਮੁਸ਼ਕਲ ਹੋ ਜਾਂਦਾ ਹੈ ਕਿ ਇਹ ਪੰਜਾਬੀ ਮੁਟਿਆਰ ਹੈ ਜਾਂ ਯੂਰਪੀ ਮੁਟਿਆਰ। ਕੌਣ ਇਨ੍ਹਾਂ ਪਰਵਾਸੀ ਮੁਟਿਆਰਾ ਨੂੰ ਸਮਝਾਵੇ ਕਿ ਸਿਰ ‘ਤੇ ਸਜਿਆ ਹੋਇਆ ਸੱਗੀ ਫੁੱਲ ਮਾਲਵਾ ਦੀ ਧਰਤੀ ਨਾਲ ਜੁੜਿਆ ਹੋਇਆ ਸਿਰ ‘ਤੇ ਸਜਾਉਣ ਵਾਲਾ ਇਕ ਅਜਿਹਾ ਗਹਿਣਾ ਹੁੰਦਾ ਹੈ ਜਿਸ ਨਾਲ ਇਕ ਸੋਹਣੀ ਸੁਨੱਖੀ ਮਲਵੈਣ ਦਾ ਉਜਵਲ ਬਿੰਬ ਉਸਰ ਜਾਂਦਾ ਹੈ। ਫਿਰ ਮੱਥੇ ‘ਤੇ ਚਮਕਣ ਵਾਲੀ ਦਾਉਣੀ ਤੇ ਟਿੱਕਾ, ਨੱਕ ਵਿਚ ਪਾਇਆ ਹੋਇਆ ਲੌਗ, ਗਲ ਵਿਚ ਸਜੀਆ ਹਮੇਲਾਂ, ਕੰਨਾਂ ਵਿਚ ਪਾਏ ਹੋਏ ਝੁਮਕੇ, ਰਵਾਂ ਵਰਗੀਆਂ ਕੋਮਲ ਉਂਗਲਾਂ ਵਿਚ ਪਾਈਆਂ ਹੋਈਆਂ ਛਾਪਾਂ ਪੰਜਾਬੀ ਸਭਿਆਚਾਰ ਦੀ ਖੁਸ਼ਬੂ ਨੂੰ ਜਿਥੇ ਚਾਰੇ ਪਾਸੇ ਖਲੇਰ ਦਿੰਦੀਆਂ ਹਨ, ਉਥੇ ਪਰਵਾਸੀ ਪੰਜਾਬੀਆਂ ਦੇ ਦਿਲਾਂ ਵਿਚ ਇਹ ਹਉਕਾ ਵੀ ਨਿਕਲ ਜਾਂਦਾ ਹੈ ਕਿ ਉਨ੍ਹਾਂ ਦੀਆਂ ਆਪਣੀਆਂ ਮੁਟਿਆਰਾਂ ਇਸ ਵਿਰਸੇ ਤੋਂ ਊਣੀਆਂ ਰਹਿ ਜਾਣੀਆਂ ਹਨ।

ਯੂਰਪੀ ਦੇਸ਼ਾਂ ਅਤੇ ਹੋਰ ਬਾਹਰਲੇ ਦੇਸ਼ਾਂ ਵਿਚ ਪੰਜਾਬੀ ਚਾਹੇ ਕਿਸੇ ਵੀ ਮਜਬੂਰੀ ਕਾਰਨ ਬਾਹਰ ਗਏ ਹੋਣ, ਪਰ ਉਹ ਨਿਰਸੰਦੇਹ ਪੰਜਾਬੀ ਸਭਿਆਚਾਰ ਦੇ ਦੂਤ ਹਨ। ਕੇਵਲ ਪੰਜਾਬੀ ਲੋਕ ਗੀਤਾਂ ਦੀਆਂ ਧੁਨਾਂ ਅਤੇ ਪੰਜਾਬੀ ਸੂਰ ਤਾਲ ਤੇ ਲੈਅ ਨਾਲ ਨੱਚਣ ਨਾਲ ਪੰਜਾਬੀ ਸਭਿਆਚਾਰ ਦੀ ਖੁਸ਼ਬੂ ਨਹੀਂ ਮਾਣੀ ਜਾ ਸਕਦੀ। ਸੁਰ, ਤਾਲ ਤੇ ਲੈਅ ਨਾਲ ਤਾਂ ਚਾਹੇ ਗੋਰੇ ਵੀ ਨੱਚ ਉਠਦੇ ਹਨ ਪਰ ਇਹ ਪੰਜਾਬੀ ਸਭਿਆਚਾਰ ਦਾ ਫੈਲਾਓ ਨਹੀਂ, ਲੈਅ ਤੇ ਤਾਲ ‘ਤੇ ਤਾਂ ਪਸ਼ੂ ਵੀ ਨੱਚ ਉਠਦੇ ਹਨ, ਇਸ ਨੂੰ ਕੇਵਲ ਰਿਦਮ ਤਕ ਹੀ ਜੁੜਿਆ ਹੋਇਆ ਰੱਖਣਾ ਚਾਹੀਦਾ ਹੈ। ਇਕ ਪੰਜਾਬੀ ਪਰਵਾਸੀ ਪੂਰਬ ਵੱਲ ਆਉਂਦੀਆਂ ਕੂੰਜਾਂ ਹੱਥ ਆਖਰੀ ਸੁਨੇਹੜਾ ਇਹ ਭੇਜਦਾ ਹੈ ਕਿ ਸਭਿਆਚਾਰਾਂ ਵਿਚ ਜੋ ਆਦਾਨ-ਪ੍ਰਦਾਨ ਰਾਹੀਂ ਸੁਮੇਲ ਹੋ ਰਿਹਾ ਹੈ ਤੇ ਵਿਸ਼ੇਸ਼ ਤੌਰ ‘ਤੇ ਪੰਜਾਬੀ ਗਾਇਕੀ ਵਿਚ ਜੋ ਪੱਛਮੀ ਰੰਗ ਉਘੜ ਰਿਹਾ ਹੈ, ਉਸ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ।

ਸ਼ੇਖ ਫਰੀਦ ਪਿਆਰੇ ਅੱਲ੍ਹਾ ਲੱਗੇ

ਫਰੀਦ ਦਾ ਜੀਵਨ ਅਨੁਭਵ ਇਸ ਤਰ੍ਹਾਂ ਦਾ ਹੈ ਕਿ ਉਹ ਵਿਸ਼ਵਾਸ਼ ਕਰਦੇ ਹਨ ਕਿ ਵਿਸ਼ਵ ਦੀ ਗਤੀਸ਼ੀਲਤਾ ਦਾ ਕਾਰਣ ਪਰਮਾਤਮਾ ਹੈ। ਮੁਸਲਮਾਨੀ ਧਰਮ ਦੀਆਂ ਸਦਾਚਾਰਕ ਗੱਲਾਂ ਨੂੰ ਪਾਲਣ ਕਰਨ ਲਈ ਇਸ ਤਰ੍ਹਾਂ ਪੇਸ਼ ਕੀਤੀਆਂ ਹਨ। ਸਦਾਚਾਰਕ ਭਾਵ ਇਵੇਂ ਹਨ :

(ੳ) ਫਰੀਦਾ ਦਰ ਦਰਵਾਜ਼ੇ ਜਾਕੇ ਕਿਉਂ-ਡਿਠੋ ਘੜਿਆਲ,
ਇਹੋ ਨਿਦੋਸਾ ਮਾਰੀਐ, ਹਮ ਦੋਸਾਂ ਦਾ ਕੀ ਹਾਲ

(ਅ) ਫਰੀਦਾ ਗਲੀਏ ਚਿਕੜ ਦੂਰ ਘਰ, ਨਾਲ ਪਿਆਰੇ ਨੇਹੁ
ਚਲਾਂ ਤਾਂ ਭਿਜੈ ਕੰਬਲੀ ਰਹਾਂ ਤਾਂ ਤੁਟੈ ਨੇਹੁ

(ੲ) ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਇ,

(ਸ) ਫਰੀਦਾ ਮਨ ਮੈਦਾਨ ਕਰ, ਟੋਏ ਟਿੱਭੇ ਢਾਹ

ਫਰੀਦ ਸਾਹਿਬ ਦਾ ਪਰਮਾਤਮਾ ਅਪਾਰ, ਅਗੰਮ ਬੇਅੰਤ ਪਾਲਣਹਾਰ ਹੈ ਤੇ ਉਹ ਬਖਸ਼ਣਹਾਰ ਵੀ ਹੈ। ਧਰਮਾਂ ਨੂੰ ਪਿਆਰ ਕਰਨਾ ਖੁਦਾ ਨੂੰ ਪਿਆਰ ਕਰਨਾ ਹੈ।

ਫਰੀਦ ਪਹਿਲਾ ਕਵੀ ਹੋਇਆ ਹੈ ਜਿਸਦੀ ਪੰਜਾਬੀ ਸਾਧਾਰਣ ਲੋਕਾਂ ਨੂੰ ਆਸਾਨੀ ਨਾਲ ਸਮਝ ਆਉਂਦੀ ਹੈ।

ਲਹਿੰਦੀ ਮੁਲਤਾਨੀ ਭਾਸ਼ਾ ਦੀ ਵਰਤੋਂ ਨਾਲ ਉਹ ਸੁਖੈਨਤਾ, ਸਪਸ਼ਟਤਾ ਤੇ ਸਾਦਗੀ ਨਾਲ ਵਿਸ਼ੇਸ਼ ਤੌਰ ਤੇ ਜੁੜੇ ਹੋਏ ਲਗਦੇ ਹਨ। ਉਹ ਲਿਖਦੇ ਹਨ :

ਫਰੀਦੈ ਇਨੀ ਨਿਕੀ ਜੰਘੀਐ ਥਲ ਡੂਗਰ ਭਵਿਓਮ ਅਜ ਫਰੀਦੈ ਕੂਜੜਾ ਸੈ ਕੋਹਾਂ ਥੀਓਮ

ਫਰੀਦ ਸਾਹਿਬ ਸਦਾ ਸੰਸਾਰਕ ਖੁਸ਼ੀਆਂ ਤੋਂ ਉੱਚੇ ਰਹਿ ਕੇ ਆਤਮਾ ਨਾਲ ਜੁੜਨ ਦੀ ਚੇਸ਼ਟਾ ਕਰਦੇ ਸਨ। ਉਨ੍ਹਾਂ ਦਾ ਰਸਤਾ ਸੰਸਾਰ ਤੋਂ ਅਧਿਆਤਮਵਾਦ ਵਲ ਜਾਣ ਦਾ ਅਨੋਖਾ ਤੇ ਸੁਖੈਨ ਰਸਤਾ ਅਖਵਾਉਂਦਾ ਹੈ। ਇਸ ਪ੍ਰਕਾਰ ਅਧਿਆਤਮਵਾਦ ਉਨ੍ਹਾਂ ਦੀ ਰਚਨਾਂ ਵਿੱਚ ਹਰ ਪੱਖ ਤੋਂ ਫੈਲਿਆ ਹੋਇਆ ਨਜ਼ਰ ਆਉਂਦਾ ਹੈ।

ਇਸ ਤੋਂ ਇਹ ਭਾਵ ਨਹੀਂ ਕਿ ਫਰੀਦ ਲੋਕਾਂ ਨੂੰ ਪਲਾਇਣ ਦਾ ਰਸਤਾ ਦਸਦੇ ਸਨ।

ਇਸ ਤੋਂ ਬਿਨਾਂ ਉਨ੍ਹਾਂ ਨੇ ਸਾਰੀ ਰਚਨਾ ਵਿੱਚ ਜੀਵਨ ਸੱਚ ਦਾ ਸੰਕਲਪ ਤੇ ਜੀਵਨ ਦੀ ਨਾਸ਼ਮਾਨਤਾ ਵਲ ਵਿਸ਼ੇਸ਼ ਧਿਆਨ ਦੁਆਇਆ ਹੈ।

ਚਲਿ ਚਲਿ ਗਈਆਂ ਪੰਖੀਆਂ, ਜਿੰਨੀ ਵਸਾਏ ਤਲ ਫਰੀਦਾ ਸਰੂ ਭਰਿਆ ਭੀ ਚਲਸੀ ਥੱਕੇ ਕੰਵਲ ਇੱਕਲ

ਜ਼ਿੰਦਗੀ ਦੀ ਨਾਸ਼ਮਾਨਤਾ ਤੇ ਸੱਚ ਦੀ ਗੱਲ ਇਵੇਂ ਉਘਾੜੀ ਹੈ ਤੇ ਲੋਕਾਂ ਨੂੰ ਧਰਮ ਨਾਲ ਜੋੜਿਆ ਹੈ।

ਜਿਤੁ ਦਿਹਾੜੇ ਧਨ ਵਰੀ ਸਾਹੇ ਲਏ ਲਿਖਾਇ

ਮਲਕੁ ਜਿ ਕੰਨੀ ਸੁਣੀਦਾਂ, ਪਹੁ ਦਿਖਾਲੇ ਆਇ

ਜਿੰਦੁ ਨਿਮਾਣੀ ਕਢੀਐ, ਹੱਡਾਂ ਨੂੰ ਕੜਕਾਇ

ਜਿੰਦ ਵਹੁਟੀ ਮਰਣੁ ਵਰੁ, ਲੈ ਜਾਸੀ ਪਰਣਾਇ

ਫਰੀਦ ਬਾਣੀ ਦੇ ਪ੍ਰਮੁੱਖ ਵਿਸ਼ੇ ਗੁਰਬਾਣੀ ਨਾਲ ਮੇਲ ਖਾਂਦੇ ਹਨ। ਗੁਰੂ ਅਰਜਨ ਸਾਹਿਬ ਨੇ ਜਦੋਂ ਆਦਿ ਗ੍ਰੰਥ ਦੀ ਸੰਪਾਦਨਾ ਕੀਤੀ ਤਾਂ ਇਹ ਜ਼ਰੂਰ ਖਿਆਲ ਰੱਖਿਆ ਕਿ ਇਹ ਸਾਨੂੰ ਜੀਵਨ ਨਾਲ ਜੋੜੇ ਤੇ ਸੱਚ ਨੂੰ ਜੀਵਨ ਵਿੱਚ ਬਲਵਾਨ ਬਣਾਏ। ਉਹ ਨਿੰਦਾ ਕਰਨ ਵਾਲਿਆਂ ਨੂੰ ਕਹਿੰਦੇ ਹਨ :

(ੳ) ਫਰੀਦਾ ਜੇ ਤੂੰ ਅਕਲਿ ਲਤੀਫ, ਕਾਲੇ ਲਿਖ ਨ ਲੇਖ,
ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾ ਕਰਿ ਦੇਖ

ਅਹਿੰਸਾ ਦਾ ਮਾਰਗ ਉਨ੍ਹਾਂ ਨੇ ਇਸ ਪ੍ਰਕਾਰ ਬਿਆਨ ਕੀਤਾ ਹੈ :

(ਅ) ਫਰੀਦਾ ਜੈ ਤੈ ਮਾਰਨਿ ਮੁਕੀਆ ਤਿਨ ਨਾ ਮਾਰੇ ਘੁੰਮਿ
ਆਪਨੜੇ ਘਰਿ ਜਾਈਐ ਪੈਰ ਤਿਨ ਕੇ ਚੁੰਮਿ

ਸਦਾ ਨਾਮ ਸਿਮਰਨ ਦੇ ਵਿਸ਼ੈ ਨੂੰ ਇੰਞ ਉਘਾੜਿਆ ਹੈ :

(ੲ) ਫਰੀਦਾ ਕਾਲੀ ਜਿੰਨ੍ਹੀ ਨ ਰਾਵਿਆ, ਧਉਲੀ ਰਾਵੇ ਕੋਇ

ਕਰ ਸਾਈ ਸਿਉ ਪਿਰਹੜੀ ਰੰਗੁ ਨਵੇਲਾ ਹੋਇ,

ਪੰਜਾਬੀ ਕਵਿਤਾ ਦਾ ਮੁੱਢ ਬੰਨ੍ਹਣ ਵਾਲੇ ਤੇ ਸੂਫੀ ਭਾਵਨਾਵਾਂ ਨੂੰ ਪਹਿਲੀ ਵਾਰੀ ਪੇਸ਼ ਕਰਨ ਕਰਕੇ ਫਰੀਦ ਦਾ ਪੰਜਾਬੀ ਸਾਹਿਤ ਵਿੱਚ ਸਥਾਨ ਬਹੁਤ ਉੱਚਾ ਸਵੀਕਾਰ ਕੀਤਾ ਜਾਂਦਾ ਹੈ।