ਲੇਖ : ਪੰਜਾਬ ਦੇ ਮੇਲੇ


ਭੂਮਿਕਾ : ਮੇਲੇ ਲੋਕ-ਜੀਵਨ ਨੂੰ ਪ੍ਰਗਟਾਉਣ ਦੇ ਸ਼ਕਤੀਸ਼ਾਲੀ ਮਾਧਿਅਮ ਹਨ। ਕਿਸੇ ਕੌਮ ਦੀ ਸਹੀ ਜਾਣਕਾਰੀ ਇਹਨਾਂ ਮੇਲਿਆਂ ਅਤੇ ਤਿਉਹਾਰਾਂ ਤੋਂ ਹੀ ਮਿਲ ਸਕਦੀ ਹੈ। ਇਹ ਮੇਲੇ ਲੋਕ-ਜੀਵਨ ਦੀ ਸੱਚੀ, ਸਿੱਧੀ ਅਤੇ ਸਜੀਵ ਅਭਿਵਿਅਕਤੀ ਹਨ। ਇਹ ਸਾਡੀ ਸਾਂਝੀ ਵਰਤੋਂ- ਵਿਹਾਰ, ਇੱਕ-ਦੂਜੇ ਦੇ ਨੇੜੇ ਹੋਣ, ਰਲ-ਮਿਲ ਦੇ ਬੈਠਣ ਦੇ ਪਲ, ਸਾਂਝੇ ਦਿਲਾਂ ਦੀ ਧੜਕਨ ਅਤੇ ਨਿਰੋਲ ਸੱਭਿਆਚਾਰ ਦੀ ਸਰਬ-ਸਾਂਝ ਦਾ ਨਮੂਨਾ ਹਨ।

ਪੰਜਾਬੀ ਸੁਭਾਅ ਅਤੇ ਮੇਲੇ : ਪੰਜਾਬੀ ਸੁਭਾਅ ਵਜੋਂ ਰੰਗੀਲਾ ਹੈ। ਨਿੱਤ ਨਵੀਂਆਂ ਮੁਸੀਬਤਾਂ ਨਾਲ ਜੂਝਦਾ ਹੋਇਆ ਵੀ ਉਹ ਆਪਣਾ ਵਿਹਲਾ ਸਮਾਂ ਨੱਚਦਿਆਂ-ਟੱਪਦਿਆਂ, ਹੱਸਦਿਆਂ, ਖੇਡਦਿਆਂ ਤੇ ਗਾਉਂਦਿਆਂ-ਵਜਾਉਂਦਿਆਂ ਬਤੀਤ ਕਰਨ ਦਾ ਆਦੀ ਹੈ। ਮੇਲਾ ਹੀ ਅਜਿਹਾ ਪਿੜ ਹੈ ਜਿੱਥੇ ਉਹ ਆਪਣੀਆਂ ਇਹਨਾਂ ਇੱਛਾਵਾਂ ਦੀ ਪੂਰਤੀ ਕਰਦਾ ਹੈ। ਉਸ ਲਈ ਹਰ ਪਲ ਇੱਕ ਪਰਵ ਹੈ ਤੇ ਹਰ ਦਿਨ ਮੇਲਾ ਜੋ ਭਰਦਾ ਹੈ ਤੇ ਖ਼ਾਲੀ ਹੁੰਦਾ ਰਹਿੰਦਾ ਹੈ। ਲੋਕਾਂ ਦਾ ਪੰਜਾਬੀਆਂ ਬਾਰੇ ਕਹਿਣਾ ਹੈ ਕਿ ਉਹ ਦੁਨੀਆ ਵਿੱਚ ਆਏ ਹੀ ਮੇਲਾ ਮਨਾਉਣ ਹਨ। ਜਿੱਥੇ ਚਾਰ ਪੰਜਾਬੀ ਜੁੜ ਜਾਣ ਉਹ ਤੁਰਦਾ-ਫਿਰਦਾ ਮੇਲਾ ਬਣ ਜਾਂਦਾ ਹੈ।

ਮੇਲੇ ਜਾਣ ਵੇਲੇ ਸਜ-ਧਜ : ਪੰਜਾਬੀਆਂ ਵਾਂਗ ਇਹਨਾਂ ਮੇਲਿਆਂ ਦਾ ਸੁਭਾਅ ਵੀ ਬੜਾ ਰੰਗੀਲਾ ਹੈ। ਹਰ ਮੇਲਾ ਦੁਲਹਨ ਵਾਂਗ ਸਜਦਾ ਤੇ ਬਰਾਤ ਵਾਂਗ ਭਖਦਾ ਹੈ। ਪੰਜਾਬੀ ਦਾ ਦੋ ਵੇਲੇ ਟਹੁਰ ਨਿਰਾਲਾ ਹੁੰਦਾ ਹੈ— ਇੱਕ ਘੋੜੀ ਚੜ੍ਹਨ ਵੇਲੇ ਤੇ ਦੂਸਰਾ ਮੇਲੇ ਜਾਣ ਵੇਲੇ। ਫ਼ਰਕ ਕੇਵਲ ਇਹ ਹੈ ਕਿ ਘੋੜੀ ਚੜ੍ਹਨ ਵੇਲੇ ਇੱਕ ਲਾੜਾ ਹੁੰਦਾ ਹੈ, ਬਾਕੀ ਸਭ ਬਰਾਤੀ ਹੁੰਦੇ ਹਨ ਪਰ ਮੇਲੇ ਜਾਣ ਵੇਲੇ ਸਾਰੇ ਲਾੜੇ ਹੁੰਦੇ ਹਨ, ਬਰਾਤੀ ਕੋਈ ਨਹੀਂ ਹੁੰਦਾ। ਅਜਿਹੀ ਲਾੜਿਆਂ ਦੀ ਬਰਾਤ ਦੀ ਸਜ-ਧਜ ਵੀ ਨਿਰਾਲੀ ਹੁੰਦੀ ਹੈ।

ਮੇਲੇ ਤੋਂ ਭਾਵ : ‘ਮੇਲਾ’ ਸ਼ਬਦ ਦੀ ਹੋਂਦ ਹੀ ਮੇਲ-ਗੇਲ ਤੋਂ ਹੈ। ਪੰਜਾਬੀਆਂ ਦੀ ਜ਼ਿੰਦਗੀ ਵਿੱਚ ਬੇਗਾਨਿਆਂ ਨੂੰ ਆਪਣਾ ਬਣਾਉਣ ਵਾਲੀਆਂ ਕਰੋੜਾਂ ਸਾਂਝਾਂ ਅਤੇ ਜ਼ਿੰਦਗੀ ਦੇ ਸੁੰਞੇ ਪਲਾਂ ਨੂੰ ਹੁਲਾਸ ਦੇਣ ਵਾਲੇ ਇਹ ਮੇਲੇ ਹੀ ਹਨ। ਮਨ-ਪਰਚਾਵੇ ਅਤੇ ਮੇਲ-ਜੋਲ ਦੇ ਸਮੂਹਿਕ ਵਸੀਲੇ ਹੋਣ ਦੇ ਨਾਲ-ਨਾਲ ਮੇਲੇ ਧਾਰਮਿਕ ਅਤੇ ਕਲਾਤਮਿਕ ਭਾਵਾਂ ਦੀ ਤ੍ਰਿਪਤੀ ਵੀ ਕਰਦੇ ਹਨ। ਇਸ ਵਿੱਚ ਸਮੁੱਚੇ ਪੰਜਾਬੀਆਂ ਦਾ ਮਨ ਨੱਚਦਾ ਅਤੇ ਇਕਸੁਰ ਹੋ ਕੇ ਗੂੰਜਦਾ ਹੈ।

ਮੇਲੇ ਮੇਲ-ਮਿਲਾਪ ਦਾ ਇੱਕ ਬਹਾਨਾ: ਅਸਲ ਵਿੱਚ ਪਹਿਲਾਂ-ਪਹਿਲ ਆਵਾਜਾਈ ਦੇ ਸੀਮਿਤ ਸਾਧਨਾਂ ਕਾਰਨ ਲੋਕਾਂ ਨੂੰ ਆਪਸ ਵਿੱਚ ਮਿਲਣ-ਜੁਲਣ ਦੇ ਬਹੁਤ ਘੱਟ ਅਵਸਰ ਮਿਲਦੇ ਸਨ। ਕਿਉਂਕਿ ਪੰਜਾਬੀ ਮੇਲ-ਮਿਲਾਪ ਵਿੱਚ ਬਹੁਤ ਵਿਸ਼ਵਾਸ ਰੱਖਦੇ ਹਨ ਇਸ ਲਈ ਉਹ ਮੇਲਿਆਂ ਦੇ ਰੂਪ ਵਿੱਚ ਇਕੱਠੇ ਹੁੰਦੇ ਹਨ। ਇਸ ਕਰਕੇ ਇਹਨਾਂ ਮੇਲਿਆਂ ਨੂੰ ਮਿਲਣ-ਗਿਲਣ ਦਾ ਇੱਕ ਬਹਾਨਾ ਵੀ ਕਿਹਾ ਜਾਂਦਾ ਹੈ।

ਮੇਲਿਆਂ ਦੀਆਂ ਕਿਸਮਾਂ

ਮੌਸਮੀ ਮੇਲੇ : ਰੁੱਤਾਂ ਦੀ ਅਦਲਾ ਬਦਲੀ ਕਾਰਨ ਕਈ ਮੇਲੇ ਮਨਾਏ ਜਾਂਦੇ ਹਨ; ਜਿਵੇਂ ਬਸੰਤ ਰੁੱਤ ਵਿੱਚ ‘ਬਸੰਤ ਦਾ ਮੇਲਾ’ ਅਤੇ ਸਾਵਣ ਦੀ  ਰੁੱਤ ਵਿੱਚ ‘ਤੀਆਂ ਦਾ ਮੇਲਾ’ ਲੱਗਦਾ ਹੈ। ਇਹਨਾਂ ਮੇਲਿਆਂ ਵਿੱਚ ਕੁੜੀਆਂ-ਮੁੰਡੇ ਪਤੰਗ ਉਡਾਉਂਦੇ, ਪੀਂਘਾਂ ਝੂਟਦੇ ਅਤੇ ਗਿੱਧੇ ਪਾਉਂਦੇ ਦਿਖਾਈ ਦਿੰਦੇ ਹਨ। ਵਿਸਾਖੀ ਦਾ ਮੇਲਾ ਵੀ ਰੁੱਤ-ਬਦਲੀ ਨਾਲ ਸੰਬੰਧਿਤ ਹੈ ਕਿਉਂਕਿ ਇਸ ਸਮੇਂ ਸਰਦੀ ਬਿਲਕੁਲ ਖ਼ਤਮ ਹੋ ਜਾਂਦੀ ਹੈ ਅਤੇ ਤੇਜ਼ ਗਰਮੀ ਨਾਲ ਕਣਕਾਂ ਪੱਕ ਜਾਂਦੀਆਂ ਹਨ। ਕਿਸਾਨ ਆਪਣੀ ਅਣਥੱਕ ਮਿਹਨਤ ਨੂੰ ਸਿਰੇ ਚੜ੍ਹਦਾ ਵੇਖ ਕੇ ਗਦ-ਗਦ ਹੋ ਉੱਠਦਾ ਹੈ ਅਤੇ ਆਪਣੀ ਖ਼ੁਸ਼ੀ ਦਾ ਪ੍ਰਗਟਾਵਾ ਕਰਨ ਲਈ ਭੰਗੜੇ ਪਾਉਂਦਾ ਹੈ।

ਧਾਰਮਿਕ ਮੇਲੇ : ਪੰਜਾਬ ਦੇ ਜ਼ਿਆਦਾਤਰ ਮੇਲੇ ਧਾਰਮਿਕ ਸੁਭਾਅ ਦੇ ਹਨ। ਇਹ ਵਧੇਰੇ ਕਰਕੇ ਸਿੱਧਾਂ, ਜੋਗੀਆਂ, ਪੀਰਾਂ, ਪੈਗੰਬਰਾਂ,Bਗੁਰੂਆਂ, ਸਾਧਾਂ-ਸੰਤਾਂ, ਸਖੀ ਸਰਵਰਾਂ ਦੀਆਂ ਸਮਾਧਾਂ, ਕਬਰਾਂ, ਦਰਗਾਹਾਂ ਆਦਿ ਨਾਲ ਜੁੜੇ ਹੋਏ ਹਨ। ਇਹਨਾਂ ਵਿੱਚ ਲੋਕ ਸੁੱਖਣਾ ਸੁੱਖਣ ਆਉਂਦੇ ਹਨ। ਇਹਨਾਂ ਧਾਰਮਿਕ ਮੇਲਿਆਂ ਦੀ ਬਹੁਤ ਮਹਾਨਤਾ ਹੈ ਕਿਉਂਕਿ ਇਹ ਲੋਕਾਂ ਨੂੰ ਧਰਮ ‘ਤੇ ਚੱਲਣ ਦੀ ਸਿੱਖਿਆ ਦਿੰਦੇ ਹਨ।

ਮੁਸਲਮਾਨੀ ਮੁੱਢ ਵਾਲੇ ਮੇਲੇ : ਜਗਰਾਵਾਂ ਦੀ ਰੋਸ਼ਨੀ ਦਾ ਮੇਲਾ, ਮਲੇਰਕੋਟਲੇ ਦਾ ਹੈਦਰ ਸ਼ੇਖ ਦਾ ਮੇਲਾ, ਜੋਗੀ ਪੀਰ ਦਾ ਮੇਲਾ, ਸਖੀ ਸੁਲਤਾਨ ਦਾ ਮੇਲਾ ਆਦਿ ਭਾਵੇਂ ਮੁਸਲਮਾਨੀ ਮੁੱਢ ਦੇ ਮੇਲੇ ਹਨ ਪਰ ਹਿੰਦੂਆਂ ਅਤੇ ਸਿੱਖਾਂ ਲਈ ਵੀ ਇਹਨਾਂ ਦੀ ਉਹੀ ਮਾਨਤਾ ਹੈ। ਪੰਜਾਬੀਆਂ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੁੰਦੀ ਕਿ ਉਹ ਜਿਸ ਮੇਲੇ ਜਾ ਰਹੇ ਹਨ ਉਹ ਕਿਹੜੇ ਮਜ਼ਬ ਦਾ ਹੈ, ਕਿਸ ਪੀਰ ਦੀ ਯਾਦ ਵਿੱਚ ਹੈ, ਕਿਸ ਦੀ ਸਮਾਧ ਜਾਂ ਮੜ੍ਹੀ ਹੈ, ਦੇਵੀ ਮਾਤਾ ਦੇ ਥਾਨ ਹਨ, ਹੈਦਰ ਸ਼ੇਖ ਦੀ ਚੌਕੀ ਹੈ, ਰਾਮ ਨੌਂਵੀਂ ਹੈ ਜਾਂ ਕੱਤੇ ਦੀ ਪੁੰਨਿਆ ਹੈ ਜਾਂ ਮਨਸਾ ਦੇਵੀ ਦਾ ਇਸ਼ਨਾਨ ਹੈ।

ਕੁਝ ਹੋਰ ਮੇਲੇ : ਮਹਾਂਪੁਰਸ਼ਾਂ ਦੀ ਇਸ ਧਰਤੀ ਪੰਜਾਬ ਵਿੱਚ ਅਨੇਕਾਂ ਮੇਲੇ ਲੱਗਦੇ ਹਨ। ਲਾਹੌਰ, ਅਨੰਦਪੁਰ ਸਾਹਿਬ, ਤਰਨਤਾਰਨ, ਡੇਰਾ ਬਾਬਾ ਨਾਨਕ, ਬਟਾਲਾ, ਅੰਮ੍ਰਿਤਸਰ, ਛੋਹਰਟਾ, ਬਾਬਾ ਬਕਾਲਾ, ਮੁਕਤਸਰ ਸਾਹਿਬ, ਖਡੂਰ ਸਾਹਿਬ ਗੱਲ ਕੀ ਹਰ ਸ਼ਹਿਰ, ਹਰ ਪਿੰਡ ਮੇਲਾ ਹੈ। ਛਪਾਰ (ਲੁਧਿਆਣਾ) ਵਿੱਚ ਭਾਦੋਂ ਸੁਦੀ ਚੌਦਾਂ ਨੂੰ ਮਹਾਨ ਮੇਲਾ ਲੱਗਦਾ ਹੈ :

ਆਰੀ ! ਆਰੀ ! ਆਰੀ !

ਮੇਲਾ ਤਾਂ ਛਪਾਰ ਲੱਗਦਾ, ਜਿਹੜਾ ਲੱਗਦਾ ਜਗਤ ਤੋਂ ਭਾਰੀ….. |

ਸਾਰਾਂਸ਼ : ਇਹਨਾਂ ਮੇਲਿਆਂ ਦੇ ਮੇਲ-ਜੋਲ ਨੂੰ ਵੇਖ ਮਨ ਆਪ-ਮੁਹਾਰੇ ਕਹਿ ਉੱਠਦਾ ਹੈ— ਸਾਰਾ ਹਿੰਦੁਸਤਾਨ ਇੱਕ ਹੈ। ਵੱਖ-ਵੱਖ ਪ੍ਰਾਂਤ, ਪੌਣ-ਪਾਣੀ, ਬੋਲੀਆਂ, ਨੁਹਾਰਾਂ ਤੇ ਕਾਰ-ਵਿਹਾਰ ਦੇ ਹੁੰਦੇ ਹੋਏ ਵੀ ਸਾਡੇ ਜੀਵਨ ਅਤੇ ਸੱਭਿਆਚਾਰ ਦੀ ਇੱਕ ਅਟੁੱਟ ਸਾਂਝ ਹੈ। ਸਾਡੇ ਦੁੱਖ ਸਾਂਝੇ ਹਨ, ਸੁੱਖ ਸਾਂਝੇ ਹਨ। ਭੂਗੋਲਿਕ ਅਤੇ ਰਾਜਨੀਤਿਕ ਝਗੜਿਆਂ ਦੇ ਹੁੰਦੇ ਹੋਏ ਵੀ ਸਾਡੇ ਵਿੱਚ ਇੱਕੋ ਰੌਂ ਰੁਮਕਦੀ ਹੈ। ਜੇਕਰ ਇਹ ਮੇਲੇ ਨਾ ਹੁੰਦੇ ਤਾਂ ਪੰਜਾਬੀਆਂ ਦਾ ਸੁਭਾਅ ਹੁਣ ਵਾਂਗ ਖੁੱਲ੍ਹ ਦਿਲਾ ਤੇ ਰੰਗੀਲਾ ਨਾ ਹੁੰਦਾ। ਸੱਚ-ਮੁੱਚ ਇਹਨਾਂ ਮੇਲਿਆਂ ਨੇ ਸਾਨੂੰ ਇੱਕ ਤਾਰ ਵਿੱਚ ਪਰੋਇਆ ਹੋਇਆ ਹੈ।