ਲੇਖ : ਪੰਜਾਬ ਦੇ ਮੇਲੇ – ਤਿਉਹਾਰ

ਪੰਜਾਬ ਦੇ ਮੇਲੇ – ਤਿਉਹਾਰ

ਭੂਮਿਕਾ : ਪੰਜਾਬ ਮੇਲਿਆਂ ਤੇ ਤਿਉਹਾਰਾਂ ਦਾ ਦੋਸ਼ ਹੈ। ਇਨ੍ਹਾਂ ਦਾ ਸਬੰਧ ਸਾਡੇ ਸੱਭਿਆਚਾਰ, ਇਤਿਹਾਸ ਤੇ ਧਾਰਮਕ ਵਿਰਸੇ ਨਾਲ ਹੈ। ਇਹਨਾਂ ਵਿੱਚੋਂ ਕੁਝ ਮੇਲੇ ਕੌਮੀ ਪੱਧਰ ‘ਤੇ ਮਨਾਏ ਜਾਂਦੇ ਹਨ; ਜਿਵੇਂ ਵਿਸਾਖੀ, ਦੁਸਹਿਰਾ, ਦੀਵਾਲੀ ਆਦਿ। ਇਹਨਾਂ ਤੋਂ ਬਿਨਾਂ ਕੁਝ ਮੇਲੇ ਸਥਾਨਕ, ਕੁਝ ਧਾਰਮਕ ਤੇ ਕੁਝ ਇਤਿਹਾਸਕ ਹੁੰਦੇ ਹਨ।

ਮੇਲਾ’ ਸ਼ਬਦ ਦਾ ਅਰਥ : ‘ਮੇਲਾ’ ਸ਼ਬਦ ਦਾ ਅਰਥ ਹੈ ‘ਮੇਲ-ਮਿਲਾਪ’। ਮੇਲਾ ਇੱਕ ਅਜਿਹਾ ਇਕੱਠ ਹੈ ਜਿਸ ਵਿੱਚ ਸਾਰੇ ਲਾੜੇ ਹੁੰਦੇ ਹਨ ਪਰ ਬਰਾਤੀ ਕੋਈ ਵੀ ਨਹੀਂ ਹੁੰਦਾ। ਮੇਲੇ ਮਨਪ੍ਰਚਾਵੇ ਤੇ ਮੇਲ-ਜੋਲ ਦੇ ਸਾਧਨ ਹੋਣ ਤੋਂ ਇਲਾਵਾ ਧਾਰਮਕ ਤੇ ਕਲਾਤਮਿਕ ਭਾਵਾਂ ਦੀ ਵੀ ਤ੍ਰਿਪਤੀ ਕਰਦੇ ਹਨ।

ਪੰਜਾਬੀ ਅਤੇ ਮੇਲੇ : ਮੇਲਾ ਬੀਜ ਰੂਪ ਵਿੱਚ ਪੰਜਾਬੀ ਚਰਿੱਤਰ ਵਿੱਚ ਹੀ ਸਮਾਇਆ ਹੋਇਆ ਹੈ। ਪੰਜਾਬੀਆਂ ਲਈ ਹਰ ਪਲ ‘ਪੁਰਬ’ ਅਤੇ ਹਰ ਦਿਨ ‘ਮੇਲਾ’ ਹੁੰਦਾ ਹੈ। ਜਿੱਥੇ ਵੀ ਚਾਰ ਪੰਜਾਬੀ ਇਕੱਠੇ ਹੋ ਜਾਣ, ਉੱਥੇ ਹੀ ਮੇਲਾ ਬਣ ਜਾਂਦਾ ਹੈ। ਪੰਜਾਬ ਦੇ ਹਰ ਮੇਲੇ ਦਾ ਆਪਣਾ ਰੰਗ ਤੇ ਚਰਿੱਤਰ ਹੈ। ਇਸ ਦਾ ਹਰ ਦ੍ਰਿਸ਼ ਦਿਲ-ਖਿੱਚਵਾਂ ਹੋਣ ਦੇ ਨਾਲ-ਨਾਲ ਸੱਭਿਆਚਾਰਕ ਪ੍ਰਤੀਨਿਧਤਾ ਵੀ ਕਰਦਾ ਹੈ।

ਮੇਲਿਆਂ ਦਾ ਕਾਫਲਾ : ਮੇਲੇ ਕਈ ਤਰ੍ਹਾਂ ਦੇ ਹੁੰਦੇ ਹਨ। ਪੰਜਾਬ ਵਿੱਚ ਮੇਲਿਆਂ ਦਾ ਕਾਫਲਾ ਤੁਰਿਆ ਹੀ ਰਹਿੰਦਾ ਹੈ। ਪੰਜਾਬ ਦੇ ਵਧੇਰੇ ਮੇਲੇ ਰੁੱਤਾਂ, ਮੌਸਮਾਂ ਤੇ ਤਿਉਹਾਰਾਂ ਨਾਲ ਜੁੜੇ ਹੋਏ ਹਨ, ਜਿਵੇਂ :

ਮੌਸਮੀ ਮੇਲੇ : ਰੁੱਤਾਂ ਦੇ ਬਦਲਦੇ ਗੇੜ ਵਿੱਚੋਂ ਮੌਸਮੀ ਮੇਲੇ ਹੋਂਦ ਵਿੱਚ ਆਏ ਹਨ। ਹਰ ਨਵੀਂ ਰੁੱਤ ਆਪਣੇ ਨਾਲ ਨਵੇਂ ਕੁਦਰਤੀ ਵਾਤਾਵਰਨ ਨੂੰ ਲਿਆਉਂਦੀ ਹੈ ਤੇ ਇਹਨਾਂ ਵਿੱਚੋਂ ਸਭ ਤੋਂ ਮਿੱਠੀ ਤੇ ਹੁਸੀਨ ਰੁੱਤ ਹੁੰਦੀ ਹੈ—ਬਸੰਤ ਰੁੱਤ।

ਕੁਦਰਤੀ ਵਾਤਾਵਰਨ ਨੂੰ ਲਿਆਉਂਦੀ ਹੈ ਤੇ ਇਹਨਾਂ ਵਿੱਚੋਂ ਸਭ ਤੋਂ ਮਿੱਠੀ ਤੇ ਹੁਸੀਨ ਰੁੱਤ ਹੁੰਦੀ ਹੈ—ਬਸੰਤ ਰੁੱਤ।

ਬਸੰਤ : ਮਾਘ ਮਹੀਨੇ ਵਿੱਚ ਬਸੰਤ ਦਾ ਮੇਲਾ ਬੜੇ ਚਾਅ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਪਟਿਆਲਾ ਅਤੇ ਛੇਹਰਟਾ ਦੀ ਬਸੰਤ ਪੰਚਮੀ ਖ਼ਾਸ ਤੌਰ ‘ਤੇ ਪ੍ਰਸਿੱਧ ਹੈ। ਬਟਾਲਾ ਵਿਖੇ ਹਕੀਕਤ ਰਾਏ ਦੀ ਸਮਾਧ ਉੱਤੇ ਵੀ ਬਸੰਤ ਪੰਚਮੀ ਮਨਾਈ ਜਾਂਦੀ ਹੈ।

ਹੋਲੀ : ਹੋਲੀ ਫੱਗਣ ਵਿੱਚ ਆਉਂਦੀ ਹੈ ਜੋ ਕਿ ਰੰਗਾਂ ਦਾ ਤਿਉਹਾਰ ਹੈ। ਇਸ ਦਾ ਸਬੰਧ ਪੌਰਾਣਿਕ ਕਾਲ ਤੋਂ ਪਹਿਲਾਦ ਭਗਤ ਨਾਲ ਜੁੜਿਆ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਪੰਜਾਬੀਆਂ ਵਿੱਚ ਬੀਰ-ਭਾਵਨਾ ਨੂੰ ਹਲੂਣਾ ਦੇਣ ਲਈ ਹੋਲੀ ਵਾਲੇ ਦਿਨ ਅਨੰਦਪੁਰ ਸਾਹਿਬ ਵਿੱਚ ਦੀਵਾਨ ਸਜਾਇਆ ਸੀ। ਇੱਥੇ ਹੁਣ ਵੀ ਹੋਲੇ-ਮਹੱਲੇ ਵਾਲੇ ਦਿਨ ਭਾਰੀ ਮੇਲਾ ਲੱਗਦਾ ਹੈ

ਤੀਆਂ : ਤੀਆਂ ਸਾਉਣ ਦੇ ਮਹੀਨੇ ਵਿੱਚ ਮਨਾਈਆਂ ਜਾਂਦੀਆਂ ਹਨ। ਇਸ ਮਹੀਨੇ ਪਿੰਡ ਦੀਆਂ ਕੁੜੀਆਂ ਪਿੱਪਲਾਂ ਹੇਠਾਂ ਪੀਂਘਾਂ ਪਾ ਕੇ ਝੂਟਦੀਆਂ, ਗਿੱਧੇ ਪਾਉਂਦੀਆਂ ਤੇ ਗੀਤ ਗਾ ਕੇ ਮੇਲਾ ਰਚਾ ਲੈਂਦੀਆਂ ਹਨ।

ਪੀਰਾਂ-ਫ਼ਕੀਰਾਂ ਤੇ ਦੇਵੀ-ਦੇਵਤਿਆਂ ਨਾਲ ਸਬੰਧਿਤ ਮੇਲੇ : ਦੇਵੀ ਮਾਤਾ ਨਾਲ ਸਬੰਧਿਤ ਮੇਲੇ ਚੇਤਰ ਅਤੇ ਅੱਸੂ ਦੇ ਨਰਾਤਿਆਂ ਵਿੱਚ ਮਨਾਏ ਜਾਂਦੇ ਹਨ ਜਿਵੇਂ ਚਿੰਤਪੁਰਨੀ, ਜਵਾਲਾ ਜੀ, ਮਨਸਾ ਦੇਵੀ ਆਦਿ।

ਜਰਗ ਦਾ ਮੇਲਾ : ਇਹ ਮੇਲਾ ਜਰਗ ਪਿੰਡ ਵਿੱਚ ਚੇਤ ਮਹੀਨੇ ਦੇ ਪਹਿਲੇ ਮੰਗਲਵਾਰ ਨੂੰ ਮਨਾਇਆ ਜਾਂਦਾ ਹੈ। ਸੀਤਲਾ ਦੇਵੀ ਨੂੰ ਖ਼ੁਸ਼ ਕਰਨ ਲਈ ਮੇਲਾ ਲੱਗਦਾ ਹੈ। ਜਿਨ੍ਹਾਂ ਦੇ ਬੱਚੇ ਚੇਚਕ ਤੋਂ ਅਰੋਗ ਹੋ ਜਾਂਦੇ ਹਨ, ਉਹਨਾਂ ਵੱਲੋਂ ਖ਼ਾਸ ਤੌਰ ‘ਤੇ ਜਰਗ ਦੇ ਮੇਲੇ ‘ਤੇ ਸੁੱਖਣਾ ਲਾਹੀਆਂ ਜਾਂਦੀਆਂ ਹਨ।

ਜਗਰਾਵਾਂ ਦੀ ਰੋਸ਼ਨੀ : ਫੱਗਣ ਦੇ ਮਹੀਨੇ ਵਿੱਚ ਜਗਰਾਵਾਂ ਵਿਖੇ ਸੂਫ਼ੀ ਫ਼ਕੀਰ ਅਬਦੁਲ ਕਾਦਰ ਜਿਲਾਨੀ ਦੀ ਮਜ਼ਾਰ ਉੱਤੇ ਹਰ ਸਾਲ ਮੇਲਾ ਲੱਗਦਾ ਹੈ। ਇਸ ਮੇਲੇ ਨੂੰ ‘ਰੋਸ਼ਨੀਆਂ ਵਾਲਾ ਮੇਲਾ’ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਇਸ ਵਿੱਚ ਪੀਰ ਦ ਮਜ਼ਾਰ ਉੱਤੇ ਅਨੇਕਾਂ ਚਿਰਾਗ਼ ਬਾਲੇ ਜਾਂਦੇ ਹਨ ਜਿਨ੍ਹਾਂ ਦੀ ਰੋਸ਼ਨੀ ਅਲੌਕਿਕ ਦ੍ਰਿਸ਼ ਪੇਸ਼ ਕਰਦੀ ਹੈ।

ਹੈਦਰ ਸ਼ੇਖ਼ ਦਾ ਮੇਲਾ : ਪੋਹ ਦੇ ਮਹੀਨੇ ਪਹਿਲੇ ਵੀਰਵਾਰ ਨੂੰ ਸਖੀ ਸਰਵਰ ਦਾ ਮੇਲਾ ਮਾਲੇਰਕੋਟਲ ਵਿੱਚ ਮਨਾਇਆ ਜਾਂਦਾ ਹੈ। ਇੱਥੇ ਹੀ ਹੈਦਰ ਸ਼ੇਖ਼ ਦੇ ਮਕਬਰੇ ‘ਤੇ ਨਿਮਾਣੀ ਇਕਾਦਸ਼ੀ ਨੂੰ ਭਾਰੀ ਮੇਲਾ ਵੀ ਲਗਦਾ ਹੈ।

ਗੁਰੂ ਸਾਹਿਬਾਨ ਦੀ ਯਾਦ ਵਿੱਚ ਮੇਲੇ : ਗੁਰੂਆਂ ਦੇ ਪਾਵਨ ਅਸਥਾਨਾਂ ‘ਤੇ ਖ਼ਾਸ-ਖ਼ਾਸ ਤਿੱਥਾਂ ਨੂੰ ਮੇਲੇ ਲੱਗਦੇ ਹਨ। ਇਹਨਾਂ ਦਾ ਸਬੰਧ ਗੁਰੂਆਂ ਦੇ ਜੀਵਨ ਦੇ ਕਿਸੇ ਨਾ ਕਿਸੇ ਪ੍ਰਸੰਗ ਨਾਲ ਹੁੰਦਾ ਹੈ। ਜਿਵੇਂ ਪੱਛਮੀ ਪੰਜਾਬ (ਪਾਕਿਸਤਾਨ) ਵਿੱਚ ਕੱਤਕ ਦੀ ਪੂਰਨਮਾਸ਼ੀ ਨੂੰ ‘ਨਨਕਾਣਾ ਸਾਹਿਬ’ ਵਿੱਚ ਗੁਰਪੁਰਬ ਮਨਾਇਆ ਜਾਂਦਾ ਹੈ। ਲਾਹੌਰ ਵਿੱਚ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਉੱਤੇ ‘ਜੋੜ-ਮੇਲੇ’ ਦਾ ਮੇਲਾ ਲੱਗਦਾ ਹੈ।

ਮੁਕਤਸਰ ਦਾ ਮੇਲਾ : ਇਹ ਮੇਲਾ ਮਾਘੀ ਵਾਲੇ ਦਿਨ ਮੁਕਤਸਰ ਵਿੱਚ ਮਨਾਇਆ ਜਾਂਦਾ ਹੈ। ਇਸ ਅਸਥਾਨ ‘ਤੇ ਚਾਲੀ ਸਿੰਘ ਜੋ ਪਹਿਲਾਂ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਦੇ ਗਏ ਸਨ, ਸ਼ਹੀਦ ਹੋਏ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਦੇ ਜਥੇਦਾਰ ਮਹਾਂ ਸਿੰਘ ਦੀ ਬੇਨਤੀ ਮੰਨ ਕੇ ਬੇਦਾਵਾ ਪਾੜ ਦਿੱਤਾ ਤੇ ਟੁੱਟੀ ਗੰਢੀ ਅਤੇ ਇਹਨਾਂ ਨੂੰ ‘ਮੁਕਤੇ’ ਕਹਿ ਕੇ ਸਨਮਾਨਿਆ। ਇਸ ਲਈ ਇਸ ਦਾ ਨਾਂ ਮੁਕਤਸਰ ਪੈ ਗਿਆ।

ਅਨੰਦਪੁਰ ਸਾਹਿਬ ਦਾ ਹੋਲਾ-ਮਹੱਲਾ : ਹੋਲੀ ਤੋਂ ਅਗਲੇ ਦਿਨ ਅਨੰਦਪੁਰ ਸਾਹਿਬ ਵਿੱਚ ਹੋਲਾ-ਮਹੱਲਾ ਮਨਾਇਆ ਜਾਂਦਾ ਹੈ।

ਤਰਨ ਤਾਰਨ ਦੀ ਮੱਸਿਆ : ਉਂਝ ਤਾਂ ਹਰ ਜਗ੍ਹਾ ਹਰ ਮਹੀਨੇ ਮੱਸਿਆ ਲੱਗਦੀ ਹੈ ਪਰ ਭਾਦਰੋਂ ਦੀ ਮੱਸਿਆ ਨੂੰ ਲੋਕ ਤਰਨਤਾਰਨ ਵਿਖੇ ਵਿਸ਼ੇਸ਼ ਸ਼ਰਧਾ ਨਾਲ ਇਸ਼ਨਾਨ ਕਰਦੇ ਹਨ।

ਅੰਮ੍ਰਿਤਸਰ ਦੀ ਦੀਵਾਲੀ : ਦੀਵਾਲੀ ਵਾਲੇ ਦਿਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਅ ਹੋ ਕੇ ਆਏ ਸਨ ਤਾਂ ਲੋਕਾਂ ਨੇ ਖ਼ੁਸ਼ੀ ਵਿੱਚ ਦੀਪਮਾਲਾ ਕੀਤੀ ਸੀ। ਅੰਮ੍ਰਿਤਸਰ ਦੀ ਦੀਵਾਲੀ ਵੇਖਣ ਵਾਲੀ ਹੁੰਦੀ ਹੈ। ਇਸੇ ਲਈ ਕਹਿੰਦੇ ਹਨ :

ਦਾਲ-ਰੋਟੀ ਘਰ ਦੀ, ਦੀਵਾਲੀ ਅੰਬਰਸਰ ਦੀ।

ਜੋੜ-ਮੇਲੇ : ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸਬੰਧਿਤ ਉਨ੍ਹਾਂ ਦੀ ਯਾਦ ਵਿੱਚ ਚਮਕੌਰ ਸਾਹਿਬ ਅਤੇ ਫਤਿਹਗੜ੍ਹ ਸਾਹਿਬ ਵਿਖੇ ਭਾਰੀ ਜੋੜ-ਮੇਲੇ ਮਨਾਏ ਜਾਂਦੇ ਹਨ।

ਤਿਉਹਾਰ : ਪੰਜਾਬੀ ਵਿੱਚ ਤਿਉਹਾਰਾਂ ਦਾ ਲੰਮਾ ਕਾਫਲਾ ਤੁਰਿਆ ਹੀ ਰਹਿੰਦਾ ਹੈ। ਚੰਨ ਦੀਆਂ ਤਿੱਥਾਂ ਨਾਲ ਸਬੰਧਿਤ ਇਕਾਦਸ਼ੀ, ਮੱਸਿਆ, ਸੰਗਰਾਂਦ ਤੇ ਪੂਰਨਮਾਸ਼ੀ ਪੰਜਾਬ ਦੇ ਤਿਉਹਾਰ ਹੀ ਹਨ।

ਚੇਤਰ ਮਹੀਨੇ ਦੇ ਤਿਉਹਾਰ : ਚੇਤਰ ਵਿੱਚ ਨਵੇਂ ਸਾਲ ਦੇ ਅਰੰਭ ਹੋਣ ਨਾਲ ‘ਨਵਾਂ ਸੰਮਤ’ ਮਨਾਇਆ ਜਾਂਦਾ ਹੈ। ਅੰਨ ਨਵਾਂ ਕੀਤਾ ਜਾਂਦਾ ਹੈ। ਅੱਠ ਚੇਤਰ ਨੂੰ ਦੇਵੀ-ਉਪਾਸ਼ਕ ਕੰਜਕਾਂ ਬਿਠਾ, ਕੰਵਾਰੀਆਂ (ਕੰਜਕਾਂ) ਨੂੰ ਪੂਜਦੇ ਹਨ। ਉਨ੍ਹਾਂ ਨੂੰ ਕੜਾਹ – ਪੂੜੀਆਂ ਤੇ ਕੁਝ ਪੈਸੇ ਦੱਖਣਾ ਵਜੋਂ ਦਿੰਦੇ ਹਨ। ਆਮ ਵਿਸ਼ਵਾਸ ਅਨੁਸਾਰ ਇਸ ਤਰ੍ਹਾਂ ਕਰਨ ਨਾਲ ਦੇਵੀ ਮਾਤਾ ਖ਼ੁਸ਼ ਹੁੰਦੀ ਹੈ ਅਤੇ ਬੱਚੇ ਠੀਕ-ਠਾਕ ਰਹਿੰਦੇ ਹਨ। ਨੌਂ ਚੇਤਰ ਨੂੰ ਰਾਮਨੌਮੀ ਦਾ ਤਿਉਹਾਰ ਮਨਾਇਆ ਜਾਂਦਾ ਹੈ।

ਵਿਸਾਖ : 13 ਅਪ੍ਰੈਲ ਨੂੰ ਵਿਸਾਖੀ ਮਨਾਈ ਜਾਂਦੀ ਹੈ। ਕਿਸਾਨ ਆਪਣੀ ਫ਼ਸਲ ਦੇ ਪੱਕਣ ਦੀ ਖ਼ੁਸ਼ੀ ਵਿੱਚ ਨੱਚਦਾ-ਟੱਪਦਾ ਤੇ ਭੰਗੜੇ ਪਾਉਂਦਾ ਹੈ। ਗੁਰਦੁਆਰਿਆਂ ਵਿੱਚ ਖ਼ਾਲਸੇ ਦੇ ਜਨਮ-ਦਿਨ ਦੀ ਖ਼ੁਸ਼ੀ ਵਿੱਚ ਅਖੰਡ ਪਾਠ ਦੇ ਭੋਗ ਪਾ ਕੇ ਅੰਮ੍ਰਿਤ ਛਕਣ ਦੇ ਅਭਿਲਾਸ਼ੀਆਂ ਨੂੰ ਅੰਮ੍ਰਿਤ ਛਕਾਇਆ ਜਾਂਦਾ ਹੈ। ਇਸੇ ਦਿਨ ਅੰਮ੍ਰਿਤਸਰ ਦੇ ਜਲ੍ਹਿਆਂਵਾਲੇ ਬਾਗ਼ ਵਿੱਚ ਜਨਰਲ
ਡਾਇਰ ਦੁਆਰਾ ਗੋਲੀਆਂ ਮਾਰ ਕੇ ਕੀਤੇ ਕਤਲੇਆਮ ‘ਤੇ ਪ੍ਰੋਗਰਾਮ ਕੀਤੇ ਜਾਂਦੇ ਹਨ।

ਜੇਠਹਾੜ੍ਹ : ਜੇਠ ਮਹੀਨੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਠੰਢੇ ਪਾਣੀ ਦੀਆਂ ਛਬੀਲਾਂ ਲਾਈਆਂ ਜਾਂਦੀਆਂ ਹਨ। ਇਸੇ ਮਹੀਨੇ ਹੀ ਨਿਰਜਲਾ ਇਕਾਦਸ਼ੀ ਦਾ ਤਿਉਹਾਰ ਵੀ ਮਨਾਇਆ ਜਾਂਦਾ ਹੈ।

ਸਾਵਣ : ਸਾਵਣ ਦੀ ਤੀਜੀ ਤਿੱਥ ਨੂੰ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ। ਸੱਜ-ਵਿਆਹੀਆਂ ਔਰਤਾਂ ਪੇਕੇ ਘਰ ਆ ਕੇ ਪੀਂਘਾਂ ਝੂਟਦੀਆਂ, ਖੀਰਾਂ-ਪੂੜੇ ਖਾਂਦੀਆਂ ਤੇ ਗਿੱਧੇ ਪਾਉਂਦੀਆਂ ਹਨ। ਸਾਵਣ ਦੀ ਪੂਰਨਮਾਸ਼ੀ ਨੂੰ ਰੱਖੜੀ ਦੇ ਤਿਉਹਾਰ ਵਿੱਚ ਭੈਣਾਂ ਆਪਣੇ ਭਰਾਵਾਂ ਨੂੰ ਰੱਖੜੀਆਂ ਬੰਨ੍ਹਦੀਆਂ ਹਨ ਅਤੇ ਆਪਣੀ ਰੱਖਿਆ ਲਈ ਪ੍ਰੇਰਦੀਆਂ ਹਨ।

ਭਾਦੋਂ : ਨੌਂ ਭਾਦਰੋਂ ਨੂੰ ਗੁੱਗਾ-ਨੌਮੀ ਦਾ ਤਿਉਹਾਰ ਆਉਂਦਾ ਹੈ। ਗੁੱਗਾ-ਭਗਤ ਸੱਪਾਂ ਦੀਆਂ ਖੁੱਡਾਂ ਵਿੱਚ ਕੱਚੀ ਲੱਸੀ ਪਾਉਂਦੇ ਹਨ ਅਤੇ ਮਿੱਠੀਆਂ ਸੇਵੀਆਂ ਖਾਂਦੇ ਹਨ। ਛਪਾਰ ਦੇ ਮੇਲੇ ‘ਤੇ ਵੀ ਗੁੱਗਾ-ਪੀਰ ਦੀ ਖ਼ੁਸ਼ੀ ਲਈ ਮੜ੍ਹੀ ਵਿੱਚੋਂ ਮਿੱਟੀ ਕੱਢੀ ਜਾਂਦੀ ਹੈ। ਭਾਦਰੋਂ ਦੀ ਕ੍ਰਿਸ਼ਨਾ ਪੱਖ ਦੀ ਅੱਠਵੀਂ ਨੂੰ ‘ਜਨਮ ਅਸ਼ਟਮੀ’ ਦਾ ਪੁਰਬ ਮਨਾਇਆ ਜਾਂਦਾ ਹੈ। ਇਸ ਦਿਨ ਮੰਦਰਾਂ ਨੂੰ ਸਜਾਇਆ ਜਾਂਦਾ ਹੈ ਅਤੇ ਭਗਵਾਨ ਕ੍ਰਿਸ਼ਨ ਜੀ ਦੀ ਮਹਿਮਾ ਵਿੱਚ ਭਜਨ ਗਾਏ ਜਾਂਦੇ ਹਨ।

ਅੱਸੂ : ਅੱਸੂ ਵਿੱਚ ਹਨੇਰੇ ਪੱਖ ਦੀਆਂ ਪੰਦਰਾਂ ਤਿੱਥਾਂ ਵਿੱਚ ਸ਼ਰਾਧ ਕੀਤੇ ਜਾਂਦੇ ਹਨ। ਪੰਡਤਾਂ ਨੂੰ ਭੋਜਨ ਖੁਆ ਅਤੇ ਦਾਨ ਦੇ ਕੇ ਆਪਣੇ ਪਿੱਤਰਾਂ ਪ੍ਰਤੀ ਸ਼ਰਧਾ ਪ੍ਰਗਟਾਈ ਜਾਂਦੀ ਹੈ। ਸਰਾਧਾਂ ਦੇ ਮੁੱਕਦਿਆਂ ਹੀ ਇਸੇ ਮਹੀਨੇ ਚਾਨਣ ਪੱਖ ਦੀ ਏਕਮ ਤੋਂ ਨੌਵੀਂ ਤਿਥੀ ਤੱਕ ਨੌਰਾਤੇ ਹੁੰਦੇ ਹਨ। ਇਨ੍ਹਾਂ ਵਿੱਚ ਮਾਤਾ ਗੌਰਜਾਂ ਤੇ ਸਾਂਝੀ ਮਾਈ ਦੀ ਪੂਜਾ ਕੀਤੀ ਜਾਂਦੀ ਹੈ। ਪਹਿਲੇ ਨਰਾਤੇ ਨੂੰ ਕੁੜੀਆਂ ਕੋਰੇ ਕੁੱਜੇ ਵਿੱਚ ਜੌਂ ਖੇਤੀ ਬੀਜਦੀਆਂ ਹਨ। ਦੁਸਹਿਰੇ ਵਾਲੇ ਦਿਨ ਇਸ (ਖੇਤੀ) ਦੇ ਜੌਆਂ ਦੇ ਬੁੰਬਲ ਨਿਕਲ ਆਉਂਦੇ ਹਨ। ਕੁੜੀਆਂ ਇਨ੍ਹਾਂ ਬੰਬਲਾਂ ਨੂੰ ਆਪਣੇ ਸਾਕ – ਸਬੰਧੀਆਂ ਦੀਆਂ ਪਗੜੀਆਂ ਵਿੱਚ ਟੁੰਗਦੀਆਂ ਅਤੇ ਸ਼ਗਨ ਵਜੋਂ ਭੇਟਾ ਲੈਂਦੀਆਂ ਹਨ। ਇਸ ਪ੍ਰਕਿਰਿਆ ਨੂੰ ‘ਗੌਰਜਾਂ ਦੀ ਖੇਤੀ’ ਕਿਹਾ ਜਾਂਦਾ ਹੈ। ਦਸਵੇਂ ਨਰਾਤੇ ਨੂੰ ਦੁਸਹਿਰਾ ਮਨਾਇਆ ਜਾਂਦਾ ਹੈ। ਦੁਸਹਿਰੇ ਵਾਲੇ ਦਿਨ ਸ਼ਾਮੀਂ ਇੱਕ ਖੁੱਲ੍ਹੇ ਮੈਦਾਨ ਵਿੱਚ ਰਾਵਣ, ਕੁੰਭਕਰਨ ਤੇ ਮੇਘਨਾਦ ਦੇ ਪਟਾਕਿਆਂ-ਭਰੇ ਪੁਤਲਿਆਂ ਨੂੰ ਸਾੜਿਆ ਜਾਂਦਾ ਹੈ। ਇਹ ਮੇਲਾ ਪੰਜਾਬ ਵਿੱਚ ਥਾਂ-ਥਾਂ ‘ਤੇ ਲੱਗਦਾ ਹੈ। ਇਸ ਨੂੰ ਬਦੀ ‘ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ।

ਕੱਤਕ : ਕੱਤਕ ਦੀ ਪੂਰਨਮਾਸ਼ੀ ਨੂੰ ਗੁਰੂ ਨਾਨਕ ਦੇਵ ਜੀ ਦਾ ਅਵਤਾਰ-ਪੁਰਬ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਸਭ ਗੁਰਦੁਆਰਿਆਂ ਵਿੱਚ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦੇ ਭੋਗ ਪਾਏ ਜਾਂਦੇ ਹਨ। ਉਪਰੰਤ ਕਥਾ ਕੀਰਤਨ ਦਾ ਪ੍ਰਵਾਹ ਚਲਦਾ ਹੈ। ਇਸੇ ਮਹੀਨੇ ਦੇ ਹਨੇਰੇ ਪੱਖ ਦੀ ਚੌਥੀ ਤਿਥੀ ਨੂੰ ਕਰਵਾ-ਚੌਥ ਦਾ ਪੁਰਬ ਆਉਂਦਾ ਹੈ। ਇਸ ਦਿਨ ਸੁਹਾਗਣਾਂ ਨਿਰਜਲ ਵਰਤ ਰੱਖ ਕੇ ਆਪੋ-ਆਪਣੇ ਪਤੀ ਦੀ ਲੰਮੀ ਉਮਰ ਲਈ ‘ਅਹੋਈ ਦੇਵੀ’ ਦੀ ਪੂਜਾ ਕਰਦੀਆਂ ਹਨ ਪਰ ਇਸ ਮਹੀਨੇ ਦਾ ਸਭ ਤੋਂ ਵੱਡਾ ਤਿਉਹਾਰ ‘ਦੀਵਾਲੀ’ ਦਾ ਹੈ ਜਿਹੜਾ ਮੱਸਿਆ ਨੂੰ ਮਨਾਇਆ ਜਾਂਦਾ ਹੈ। ਇਹ ਤਿਉਹਾਰ ਦੁਸਹਿਰੇ ਤੋਂ ਵੀਹ ਦਿਨ ਮਗਰੋਂ ਆਉਂਦਾ ਹੈ। ਇਸ ਦਿਨ ਸ੍ਰੀ ਰਾਮ ਚੰਦਰ ਜੀ ਚੌਦਾਂ ਸਾਲ ਬਣਵਾਸ ਕੱਟ ਕੇ ਅਤੇ ਰਾਵਣ ‘ਤੇ ਜਿੱਤ ਪ੍ਰਾਪਤ ਕਰ ਕੇ ਅਯੁੱਧਿਆ ਵਿੱਚ ਆਏ ਸਨ। ਉਨ੍ਹਾਂ ਦੇ ਸੁਆਗਤ ਲਈ ਦੀਪਮਾਲਾ ਕੀਤੀ ਜਾਂਦੀ ਹੈ। ਇਸੇ ਦਿਨ ਗੁਰੂ ਹਰਗੋਬਿੰਦ ਸਾਹਿਬ 52 ਪਹਾੜੀ ਰਾਜਿਆਂ ਸਮੇਤ ਗਵਾਲੀਅਰ ਦੀ ਜੇਲ੍ਹ ਵਿੱਚੋਂ ਰਿਹਾਅ ਹੋ ਕੇ ਅੰਮ੍ਰਿਤਸਰ ਪੁੱਜੇ ਸਨ। ਉਨ੍ਹਾਂ ਦੀ ਆਮਦ ਦੀ ਖ਼ੁਸ਼ੀ ਵਿੱਚ ਹਰਿਮੰਦਰ ਸਾਹਿਬ, ਅੰਮ੍ਰਿਤਸਰ ਅਤੇ ਸਾਰੇ ਸ਼ਹਿਰ ਵਿੱਚ ਦੀਵੇ ਜਗਾਏ ਗਏ ਸਨ। ਏਸੇ ਦਿਨ ਆਰੀਆ ਸਮਾਜ ਦੇ ਨੇਤਾ, ਸਵਾਮੀ ਦਇਆ ਨੰਦ ਅਤੇ ਜੈਨੀਆਂ ਦੇ ਨੇਤਾ ਮਹਾਂਵੀਰ ਜੀ ਨੂੰ ਵੀ ਨਿਰਵਾਣ ਪ੍ਰਾਪਤ ਹੋਇਆ ਸੀ।

ਪੋਹ : ਪੋਹ ਦੇ ਅਖ਼ੀਰਲੇ ਦਿਨ ਲੋਹੜੀ ਮਨਾਈ ਜਾਂਦੀ ਹੈ। ਨਵੇਂ ਵਿਆਹੇ ਜਾਂ ਨਵ-ਜਨਮੇ ਬੱਚੇ ਵਾਲੇ ਘਰ ਰਾਤੀਂ ਅੱਗ ਬਾਲ ਕੇ ਸ਼ਗਨਾਂ ਨਾਲ ਖ਼ੁਸ਼ੀ ਮਨਾਈ ਜਾਂਦੀ ਹੈ। ਸਾਕ-ਸੰਬੰਧੀਆਂ ਨੂੰ ਗੁੜ, ਰਿਉੜੀਆਂ, ਮੂੰਗਫਲੀ, ਫਲ ਤੇ ਮਠਿਆਈਆਂ ਵੰਡੀਆਂ ਜਾਂਦੀਆਂ ਹਨ। ਉਂਞ ਬੱਚੇ ਕਈ ਦਿਨ ਪਹਿਲਾਂ ਲੋਹੜੀ ਮੰਗਣੀ ਸ਼ੁਰੂ ਕਰ ਦਿੰਦੇ ਹਨ ਅਤੇ ਗਲੀ-ਗਲੀ ਅੱਗ ਬਾਲ ਕੇ ਖ਼ੁਸ਼ੀ ਮਨਾਉਂਦੇ ਹੋਏ ਫੁੱਲੇ, ਰਿਉੜੀਆਂ ਤੇ ਮੂੰਗਫਲੀ ਆਦਿ ਖਾਂਦੇ ਹਨ।

ਮਾਘ : ਲੋਹੜੀ ਤੋਂ ਅਗਲੇ ਦਿਨ ਮਾਘੀ ਦਾ ਤਿਉਹਾਰ ਆਉਂਦਾ ਹੈ। ਮੁਕਤਸਰ ਦੀ ਮਾਘੀ ਬੜੀ ਮਸ਼ਹੂਰ ਹੈ। ਇਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਹਾਂ ਸਿੰਘ ਦੀ ਬੇਨਤੀ ‘ਤੇ ਚਾਲੀ ਸਿੰਘਾਂ ਦੁਆਰਾ ਲਿਖੇ ਬੇਦਾਵੇ ਨੂੰ ਪਾੜ ਕੇ ਮਾਨੋ ਟੁੱਟੀ ਗੰਢੀ ਸੀ।

ਫੱਗਣ : ਫੱਗਣ ਦੇ ਮਹੀਨੇ ਵਿੱਚ ਹੋਲੀ ਮਨਾਈ ਜਾਂਦੀ ਹੈ ਤੇ ਇਸੇ ਮੱਸਿਆ ਵਾਲੇ ਦਿਨ ਸ਼ਿਵਰਾਤਰੀ ਮਨਾਈ ਜਾਂਦੀ ਹੈ।

ਈਦ : ਮੁਸਲਮਾਨ ਸਾਲ ਵਿੱਚ ਦੋ ਵਾਰੀ ਈਦ ਮਨਾਉਂਦੇ ਹਨ ਅਤੇ ਈਸਾਈ 25 ਦਸੰਬਰ ਨੂੰ ਕ੍ਰਿਸਮਸ ਦਾ ਤਿਉਹਾਰ ਗੱਜ-ਵੱਜ ਕੇ ਮਨਾਉਂਦੇ ਹਨ।

ਫੁਟਕਲ ਮੇਲੇ : ਇਨ੍ਹਾਂ ਮੇਲਿਆਂ ਤੋਂ ਛੁੱਟ ਜਗਦੇਵ ਕਲਾਂ ਵਿੱਚ ਹਾਸ਼ਮ ਸ਼ਾਹ ਅਤੇ ਲੁਧਿਆਣੇ ਵਿੱਚ ਪ੍ਰੋ: ਮੋਹਨ ਸਿੰਘ ਦੀ ਯਾਦ ਵਿੱਚ ਵੀ ਮੇਲਾ ਲੱਗਦਾ ਹੈ। ਇਸੇ ਪ੍ਰਕਾਰ ਪਿੰਡਾਂ ਤੇ ਸ਼ਹਿਰਾਂ ‘ਚ ਵਿੱਚ ਸੱਭਿਆਚਾਰਕ ਤੇ ਖੇਡ ਮੇਲੇ ਕਰਵਾਏ ਜਾਣ ਲੱਗੇ ਹਨ। ਅਕਤੂਬਰ – ਨਵੰਬਰ ਮਹੀਨੇ ਜਲੰਧਰ ‘ਚ ਗ਼ਦਰੀ ਬਾਬਿਆਂ ਦਾ ਮੇਲਾ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ।

ਠੀਕ ਹੀ ਕਿਸੇ ਨੇ ਪੰਜਾਬ ਨੂੰ ਮੇਲਿਆਂ ਤੇ ਤਿਉਹਾਰਾਂ ਦੀ ਧਰਤੀ ਕਿਹਾ ਹੈ।