CBSEEducationPunjabi Viakaran/ Punjabi Grammarਲੇਖ ਰਚਨਾ (Lekh Rachna Punjabi)

ਲੇਖ : ਪੰਜਾਬ ਦੇ ਮੇਲੇ


ਪੰਜਾਬ ਦੇ ਮੇਲੇ


ਪੰਜਾਬੀਆਂ ਦਾ ਸੁਭਾਅ : ਪੰਜਾਬੀ ਸੁਭਾਅ ਵਜੋਂ ਰੰਗੀਲਾ ਹੈ। ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿਮਾਂ ਦੇ ਅਖਾਣ ਅਨੁਸਾਰ ਇਹ ਨਿੱਤ ਸਾਹਮਣੇ ਆਉਂਦੀਆਂ ਮੁਸੀਬਤਾਂ ਨਾਲ ਜੂਝਦਾ ਹੋਇਆ ਵੀ ਆਪਣਾ ਵਿਹਲਾ ਜਮਾਂ ਸੋਗ ਵਿੱਚ ਜਾਂ ਸੋਚਾਂ ਸੋਚਦਿਆਂ ਨਹੀਂ ਸਗੋਂ ਨੱਚਦਿਆਂ-ਟੱਪਦਿਆਂ, ਹੱਸਦਿਆਂ-ਖੇਡਦਿਆਂ ਅਤੇ ਗਾਉਂਦਿਆਂ-ਵਜਾਉਂਦਿਆਂ ਬਤੀਤ ਕਰਦਾ ਆਇਆ ਹੈ। ਇਹ ਜਮਾਂਦਰੂ ਹੀ ਹਸਮੁਖ, ਖੁੱਲ੍ਹਾ-ਖੁਲਾਸਾ ਤੇ ਅਲਬੋਲਾ ਹੈ।

ਮੇਲੇ ਦੀ ਖ਼ੁਸ਼ੀ : ਇਹ ਖ਼ੁਸ਼ੀਆਂ ਪਿੰਡ ਪਿੰਡ ਤੇ ਸ਼ਹਿਰ-ਸ਼ਹਿਰ ਵਿੱਚ ਸਮੇਂ-ਸਮੇਂ ਲੱਗ ਮੇਲਿਆਂ ਵਿੱਚ ਵਿਸ਼ੇਸ਼ ਤੌਰ ‘ਤੇ ਸਾਕਾਰ ਹੁੰਦੀਆਂ ਹਨ। ਵੇਖੋ ਕਿਵੇਂ ਹੇਠਾਂ ਦਿੱਤੇ ਲੋਕ-ਗੀਤ ਦੇ ਬੰਦ’ ਵਿੱਚ ਪੰਜਾਬੀ ਗੱਭਰੂ ਆਪਣੀ ਪਤਨੀ ਨੂੰ ਮੇਲੇ ਜਾਣ ਲਈ ਮਨਾਉਂਦਾ ਹੋਇਆ ਕਹਿੰਦਾ ਹੈ :

ਚੱਲ ਚੱਲੀਏ ਜਰਗ ਦੇ ਮੇਲੇ,

ਮੁੰਡਾ ਤੇਰਾ ਮੈਂ ਚੁੱਕ ਲਉਂ।

ਜੋਬਨ-ਮੱਤੀ ਪਤਨੀ ਵੀ ਆਪਣੇ ਪਤੀ ਨੂੰ ਇਸੇ ਸੁਰ ਵਿੱਚ ਕਹਿੰਦੀ ਹੋਈ ਦਿਸਦੀ ਹੈ :

ਮੇਰੀ ਚੁੰਨੀ ਪੀਲੇ ਰੰਗ ਦੀ, ਤੇਰੇ ਸਿਰ ਤੇ ਸੁਨਹਿਰੀ ਚੀਰਾ।

ਮੇਲੇ ਮੁਕਸਰ ਦੇ, ਚੱਲ ਚਲੀਏ ਨਣਦ ਦਿਆ ਵੀਰਾ।

ਮੇਲਿਆਂ ਦੀਆਂ ਕਿਸਮਾਂ : ਸਥਾਨਕ ਤੇ ਪ੍ਰਾਂਤਕ ਮੇਲੇ : ਮਹੱਤਤਾ ਵਜੋਂ, ਮੇਲੇ ਮੁੱਖ ਤੌਰ ‘ਤੇ ਦੋ ਪ੍ਰਕਾਰ ਦੇ ਹੁੰਦੇ ਹਨ—ਸਥਾਨਕ ਤੇ ਪ੍ਰਾਂਤਕ। ਸਥਾਨਕ ਮੇਲਿਆਂ ਦੀ ਮਹੱਤਤਾ ਕੇਵਲ ਇੱਕ ਵਿਸ਼ੇਸ਼ ਇਲਾਕੇ ਵਿੱਚ ਹੀ ਹੁੰਦੀ ਹੈ ਜਿਵੇਂ ਬਟਾਲੇ ਵਿੱਚ ਬਾਬੇ ਨਾਨਕ ਦੇ ਵਿਆਹ ਦਾ ਮੇਲਾ ਜਾਂ ਸਤੀ ਪੱਛਮੀ ਸਮਾਰਕ ਦਾ ਮੇਲਾ। ਜਿਨ੍ਹਾਂ ਮੇਲਿਆਂ ਦੀ ਮਹੱਤਤਾ ਸਮੁੱਚੇ ਪ੍ਰਾਂਤ ਵਿੱਚ ਹੋਵੇ, ਉਨ੍ਹਾਂ ਨੂੰ ਪ੍ਰਾਂਤਕ ਮੇਲੇ ਆਖਿਆ ਜਾਂਦਾ ਹੈ; ਜਿਵੇਂ ਪੰਜਾਬ ਵਿੱਚ ਵਿਸਾਖੀ ਦਾ ਮੇਲਾ। ਭਾਵੇਂ ਇਹ ਮੇਲਾ ਹੋਰ ਪ੍ਰਾਂਤਾਂ ਵਿੱਚ ਵੀ ਮਨਾਇਆ ਜਾਂਦਾ ਹੈ, ਪਰ ਜਿੰਨੀ ਸ਼ਾਨ ਤੇ ਧੂਮ-ਧਾਮ ਨਾਲ ਪੰਜਾਬ ਵਿੱਚ ਮਨਾਇਆ ਜਾਂਦਾ ਹੈ ਸ਼ਾਇਦ ਹੋਰ ਕਿਸੇ ਪ੍ਰਾਂਤ ਵਿੱਚ ਨਹੀਂ।

ਵਪਾਰਕ ਮੇਲੇ : ਗਹੁ ਨਾਲ ਵਿਚਾਰੀਏ ਤਾਂ ਪਤਾ ਲਗਦਾ ਹੈ ਕਿ ਵਪਾਰਕ ਮੇਲੇ ਸਭ ਮੇਲਿਆਂ ਦੀਆਂ ਨੀਹਾਂ ਹਨ। ਪਹਿਲਾਂ-ਪਹਿਲ ਅਵਿਕਸਤ ਆਵਾਜਾਈ ਦੇ ਸਾਧਨਾਂ ਕਰਕੇ ਲੋਕਾਂ ਨੂੰ ਆਪਸ ਵਿੱਚ ਮਿਲਣ-ਗਿਲਣ ਦਾ ਅਵਸਰ ਘੱਟ ਮਿਲਦਾ ਸੀ, ਵਪਾਰ ਵੀ ਬਹੁਤ ਉੱਨਤ ਨਹੀਂ ਸੀ। ਇਸ ਕਰਕੇ ਕਈ ਮੇਲੇ ਮੰਡੀਆਂ ਦੀ ਥੁੜ ਨੂੰ ਪੂਰਿਆਂ ਕਰਨ ਲਈ ਮਨਾਏ ਜਾਂਦੇ ਸਨ। ਇਨ੍ਹਾਂ ਵਿੱਚ ਵਸਤੂ-ਵਟਾਂਦਰੇ ਦੇ ਨਾਲ-ਨਾਲ ਵਿਚਾਰ- ਵਟਾਂਦਰਾ ਵੀ ਹੋਇਆ ਕਰਦਾ ਸੀ। ਇਸ ਤਰ੍ਹਾਂ ਮੇਲੇ ਮਿਲਣ-ਜੁਲਣ ਅਤੇ ਜਾਣਕਾਰੀ ਵਧਾਉਣ ਦਾ ਸਾਧਨ ਵੀ ਬਣ ਗਏ। ਅੱਜ ਕੱਲ੍ਹ ਵੀ ਕਈ ਥਾਵਾਂ ‘ਤੇ ਅਜਿਹੇ ਮੇਲੇ ਲਗਦੇ ਹਨ। ਅਜਿਹੇ ਮੇਲਿਆਂ ਨੂੰ ਮੰਡੀ ਦਾ ਮੇਲਾ ਵੀ ਕਿਹਾ ਜਾਂਦਾ ਹੈ। ਆਮ ਤੌਰ ‘ਤੇ ਇਨ੍ਹਾਂ ਮੰਡੀ-ਮੇਲਿਆਂ ਵਿੱਚ ਡੰਗਰਾਂ ਦਾ ਵਪਾਰ ਵਧੇਰੇ ਹੁੰਦਾ ਹੈ। ਪਰ ਵਪਾਰ ਦੇ ਨਾਲ-ਨਾਲ ਮੇਲੀ ਖ਼ੁਸ਼ੀਆਂ ਮਨਾਉਂਦੇ ਹੋਏ ਖਾਂਦੇ-ਪੀਂਦੇ ਤੇ ਹੱਸਦੇ-ਖੇਡਦੇ ਹਨ।

ਧਾਰਮਕ ਮੇਲੇ : ਪੰਜਾਬ ਵਿੱਚ ਧਾਰਮਕ ਮੇਲੇ ਵੀ ਲਗਦੇ ਹਨ। ਇਹ ਉਹ ਮੇਲੇ ਹਨ ਜਿਹੜੇ ਕਿਸੇ ਦੇਵੀ- ਦੇਵਤੇ, ਸਾਧੂ-ਸੰਤ ਜਾਂ ਪੀਰ-ਫ਼ਕੀਰ ਦੀ ਯਾਦ ਵਿੱਚ ਮਨਾਏ ਜਾਂਦੇ ਹਨ। ਅੰਮ੍ਰਿਤਸਰ, ਫ਼ਤਿਹਗੜ੍ਹ ਅਤੇ ਰਾਮ ਤੀਰਥ ਆਦਿ ਥਾਵਾਂ ‘ਤੇ ਇਸ ਪ੍ਰਕਾਰ ਦੇ ਮੇਲੇ ਲਗਦੇ ਹਨ। ਪੰਜਾਬ ਦੇ ਕਈ ਪਿੰਡਾਂ ਵਿੱਚ ਸਾਧੂ-ਸੰਤ ਡੇਰਾ ਜਮਾਈ ਬੈਠੇ ਹਨ। ਉਹ ਸਾਲ ਵਿੱਚ ਇੱਕ ਜਾਂ ਦੋ ਵਾਰ ਆਪਣੇ ਡੇਰੇ ‘ਤੇ ਜ਼ਰੂਰ ਮੇਲਾ ਲਵਾਉਂਦੇ ਹਨ। ਇਸ ਵਿੱਚ ਕੋਈ ਸੰਦੇਹ ਨਹੀਂ ਕਿ ਇਨ੍ਹਾਂ ਧਾਰਮਕ ਮੇਲਿਆਂ ਦੀ ਬਹੁਤ ਮਹੱਤਤਾ ਹੈ ਕਿਉਂਕਿ ਇਹ ਲੋਕਾਂ ਨੂੰ ਧਰਮ ‘ਤੇ ਚੱਲਣ ਦੀ ਚਿਤਾਵਨੀ ਦਿੰਦੇ ਹਨ, ਪਰ ਅਫ਼ਸੋਸ ਇਸ ਗੱਲ ਦਾ ਹੈ ਕਿ ਧਰਮ ਪ੍ਰਤੀ ਵਧਦੀ ਸ਼ਰਧਾ ਤੋਂ ਲਾਭ ਉਠਾਉਂਦਿਆਂ ਹੋਇਆਂ ਧਰਮ ਦੇ ਠੇਕੇਦਾਰ ਆਮ ਜਨਤਾ ਨੂੰ ਵਹਿਮਾਂ-ਭਰਮਾਂ ਵਿੱਚ ਫ਼ਸਾਈ ਰੱਖਦੇ ਹਨ। ਗੁੱਗੇ ਪੀਰ ਦਾ ਮੇਲਾ ਤਾਂ ਵਹਿਮਾਂ-ਭਰਮਾਂ ਦੀ ਅਤਿ ਦਾ ਸੂਚਕ ਹੈ। ਲੋਕ ਸੱਪ ਨੂੰ ਪੂਜਦੇ ਹਨ, ਉਸ ਨੂੰ ਸ਼ੱਕਰ- ਸੇਵੀਆਂ ਤੇ ਕੱਚੀ ਲੱਸੀ ਆਦਿ ਚੜ੍ਹਾਉਂਦੇ ਹਨ ਤਾਂ ਜੋ ਗੁੱਗਾ ਪੀਰ (ਸੱਪ) ਉਨ੍ਹਾਂ ਦੀਆਂ ਮਨੋ-ਕਾਮਨਾਵਾਂ ਪੂਰੀਆਂ ਕਰੇ।

ਰੁੱਤਾਂ ਨਾਲ ਸੰਬੰਧਤ ਮੇਲੇ : ਪੰਜਾਬ ਵਿੱਚ ਕਈ ਮੇਲੇ ਰੁੱਤ-ਬਦਲੀ ਕਾਰਨ ਮਨਾਏ ਜਾਂਦੇ ਹਨ; ਜਿਵੇਂ ਕਿ ਬਸੰਤ ਰੁੱਤ ਦੇ ਸੁਆਗਤ ਵਿੱਚ ‘ਬਸੰਤ ਦਾ ਮੇਲਾ’ ਮਨਾਇਆ ਜਾਂਦਾ ਹੈ। ਇਸ ਮੇਲੇ ਵਿੱਚ ਲੋਕੀਂ ਪੀਲੇ ਰੰਗ ਦੇ ਕੱਪੜੇ ਪਾਉਂਦੇ ਅਤੇ ਪੀਲੇ ਰੰਗ ਦੇ ਖਾਣੇ ਖਾਂਦੇ ਹਨ, ਬਾਹਰ ਸਰ੍ਹੋਂ ਦੇ ਪੀਲੇ ਫੁੱਲ ਖਿੜੇ ਹੋਏ ਹੁੰਦੇ ਹਨ, ਮਾਨੋ ਬਸੰਤ ਦੇ ਆਉਣ ‘ਤੇ ਅੰਦਰ-ਬਾਹਰ ਪੀਲੇ ਰੰਗ ਨਾਲ ਭਰ ਜਾਂਦਾ ਹੈ। ਇਸੇ ਤਰ੍ਹਾਂ ਸਾਵਣ ਦੀ ਖ਼ੁਸ਼ੀ ਵਿੱਚ ‘ਤੀਆਂ ਦਾ ਮੇਲਾ’ ਲਗਦਾ ਹੈ। ਕੁੜੀਆਂ-ਮੁੰਡੇ ਪੀਂਘਾਂ ਝੂਟਦੇ, ਗਿੱਧੇ ਪਾਉਂਦੇ ਅਤੇ ਨੱਚਦੇ-ਟੱਪਦੇ ਹਨ। ਘਰ ਖੀਰਾਂ-ਪੂੜੇ ਪੱਕਦੇ ਹਨ। ਗੀਤਾਂ ਦੀਆਂ ਅਵਾਜ਼ਾਂ ਅਕਾਸ਼ ਨੂੰ ਨਸ਼ਿਆ ਕੇ ਰੱਖ ਦਿੰਦੀਆਂ ਹਨ :

ਕੱਠੀਆਂ ਹੋ ਕੇ ਆਈਆਂ ਗਿੱਧੇ ਵਿੱਚ

ਇੱਕੋ ਜਿਹੀਆਂ ਮੁਟਿਆਰਾਂ।

ਗਲੀਂ ਉਨ੍ਹਾਂ ਦੇ ਝੱਗੇ ਰੇਸ਼ਮੀ

ਤੇੜ ਨਵੀਆਂ ਸਲਵਾਰਾਂ।

ਸੁਹਣੀਆਂ ਇਉਂ ਨੱਚਣ

ਜਿਉਂ ਹਿਰਨਾਂ ਦੀਆਂ ਡਾਰਾਂ।

ਵਿਸਾਖੀ ਦਾ ਮੇਲਾ ਵੀ ਰੁੱਤ-ਬਦਲੀ ਨਾਲ ਸਬੰਧਤ ਹੈ। ਇਸ ਸਮੇਂ ਸਰਦੀ ਬਿਲਕੁਲ ਖ਼ਤਮ ਹੋ ਜਾਂਦੀ ਹੈ, ਗਰਮੀ ਤੇਜ਼ ਕਦਮ ਪੁੱਟਣ ਲਗਦੀ ਹੈ ਅਤੇ ਕਣਕਾਂ ਪੱਕ ਜਾਂਦੀਆਂ ਹਨ। ਆਪਣੀ ਅਣਥੱਕ ਮਿਹਨਤ ਨੂੰ ਸਿਰੇ ਚੜ੍ਹੀ ਵੇਖ ਕੇ ਕਿਸਾਨ ਦਾ ਦਿਲ ਖ਼ੁਸ਼ੀਆਂ ਨਾਲ ਗਦ-ਗਦ ਹੋ ਉੱਠਦਾ ਹੈ। ਉਹ ਢੋਲ ਦੀ ਤਾਲ ਨਾਲ ਮੇਲ ਕੇ ਭੰਗੜਾ ਪਾਉਂਦਾ ਹੋਇਆ ਗਾਉਂਦਾ ਹੈ :

ਬਾਰ੍ਹੀਂ ਬਰਸੀਂ ਖੱਟਣ ਗਿਆ ਸੀ

ਖੱਟ ਕੇ ਲਿਆਂਦਾ ਹਾਸਾ,

ਭੰਗੜਾ ਬਣਾਉਣ ਵਾਲਿਆ

ਤੇਰਾ ਸੁਰਗਾਂ ਦੇ ਵਿੱਚ ਵਾਸਾ।

ਇਤਿਹਾਸਕ ਤੇ ਮਿਥਿਹਾਸਕ ਮੇਲੇ : ਪੰਜਾਬ ਵਿੱਚ ਇਤਿਹਾਸਕ ਜਾਂ ਮਿਥਿਹਾਸਕ ਮੇਲੇ ਵੀ ਲਗਦੇ ਹਨ। ਇਨ੍ਹਾਂ ਵਿੱਚੋਂ ਦੁਸਹਿਰਾ ਅਤੇ ਦਿਵਾਲੀ ਪ੍ਰਸਿੱਧ ਹਨ। ਦਿਵਾਲੀ ਵਾਲੇ ਦਿਨ ਸ੍ਰੀ ਰਾਮ ਚੰਦਰ ਜੀ ਚੌਦਾਂ ਸਾਲਾਂ ਦਾ ਬਨਵਾਸ ਕੱਟ ਕੇ ਵਾਪਸ ਅਯੁੱਧਿਆ ਆਏ ਸਨ। ਜਨਤਾ ਨੇ ਉਨ੍ਹਾਂ ਦੇ ਸੁਆਗਤ ਵਜੋਂ ਦੀਪ-ਮਾਲਾ ਕੀਤੀ ਸੀ। ਇਹ ਰਵਾਇਤ ਹਾਲਾਂ ਤਕ ਚੱਲ ਰਹੀ ਹੈ। ਇਸ ਦਿਨ ਲੋਕੀਂ ਘਰਾਂ ਦੀ ਚੰਗੀ ਤਰ੍ਹਾਂ ਸਫ਼ਾਈ ਵੀ ਕਰਦੇ ਹਨ। ਦੁਸਹਿਰਾ ਸ੍ਰੀ ਰਾਮ ਚੰਦਰ ਜੀ ਦੀ ਰਾਵਣ ਉੱਪਰ ਜਿੱਤ ਦੀ ਖ਼ੁਸ਼ੀ ਵਿੱਚ ਮਨਾਇਆ ਜਾਂਦਾ ਹੈ। ਇਹ ਮੇਲੇ ਨਿਰੇ ਪੰਜਾਬ ਵਿੱਚ ਹੀ ਨਹੀਂ ਸਗੋਂ ਸਮੁੱਚੇ ਭਾਰਤ ਵਿੱਚ ਵੀ ਮਨਾਏ ਜਾਂਦੇ ਹਨ।

ਅਜੋਕੇ ਸਮੇਂ ਵਿੱਚ ਮੇਲਿਆਂ ਦੇ ਰੂਪ : ਅਜੋਕੇ ਸਮੇਂ ਵਿਚ ਮੇਲਿਆਂ ਦੇ ਰੂਪ ਬਦਲਦੇ ਜਾ ਰਹੇ ਹਨ। ਹੁਣ ਕੇਵਲ ਤਿਉਹਾਰਾਂ-ਰੁੱਤਾਂ ਆਦਿ ਨਾਲ ਸੰਬੰਧਤ ਹੀ ਮੇਲੇ ਨਹੀਂ ਮਨਾਏ ਜਾਂਦੇ ਹੁਣ ਤੇ ਖੇਡ ਮੇਲੇ (ਜਿਨ੍ਹਾਂ ਵਿਚ ਕਬੱਡੀ, ਹਾਕੀ, ਫੁੱਟਬਾਲ ਆਦਿ ਮੈਚ ਹੁੰਦੇ ਹਨ), ਪੁਸਤਕ ਮੇਲੇ, ਪਸ਼ੂ ਧਨ ਮੇਲੇ, ਖੇਤੀਬਾੜੀ ਨਾਲ ਸੰਬੰਧਤ ਮੇਲੇ ਤੇ ਵੱਖ-ਵੱਖ ਮੌਕਿਆਂ ‘ਤੇ ਵਿਸ਼ੇਸ਼ ਸਭਿਆਚਾਰਕ ਮੇਲੇ ਵੀ ਕਰਵਾਏ ਜਾਂਦੇ ਹਨ।

ਅਜੋਕੇ ਸਮੇਂ ਵਿੱਚ ਮੇਲਿਆਂ ਦੀ ਸਥਿਤੀ : ਅਜੋਕੇ ਸਮੇਂ ਵਿਚ ਮੇਲਿਆਂ ਦੀ ਸਥਿਤੀ ਬਿਲਕੁਲ ਬਦਲਦੀ ਜਾ ਰਹੀ ਹੈ। ਲੋਕਾਂ ਵਿਚ ਮੇਲੇ ਮਨਾਉਣ ਤੇ ਵੇਖਣ ਦਾ ਪਹਿਲਾਂ ਜਿੰਨਾ ਚਾਅ ਨਹੀਂ ਰਹਿ ਗਿਆ। ਹੁਣ ਤਾਂ ਇੰਟਰਨੈੱਟ ਤੇ ਵਿਕਸਿਤ ਬਜ਼ਾਰੀਕਰਨ ਨੇ ਮੇਲਿਆਂ ਦਾ ਚਾਅ ਖ਼ਤਮ ਕਰ ਦਿੱਤਾ ਹੈ। ਧਾਰਮਕ ਜਾਂ ਹੋਰ ਵਿਸ਼ੇਸ਼ ਮਹੱਤਤਾ ਵਾਲੇ ਮੇਲਿਆਂ ਵਿਚ ਵੀ ਸ਼ਰਧਾ ਘੱਟ ਤੇ ਰਾਜਨੀਤੀ ਭਾਰੂ ਹੋ ਰਹੀ ਹੈ। ਹਰ ਮੇਲੇ ਵਿਚ ਰਾਜਨੀਤਕ ਕਾਨਫਰੰਸਾਂ ਦਾ ਹੜ੍ਹ ਆ ਜਾਂਦਾ ਹੈ। ਪਾਰਟੀਆਂ ਇਕ ਦੂਜੇ ‘ਤੇ ਚਿੱਕੜ ਹੀ ਸੁੱਟਦੀਆਂ ਰਹਿੰਦੀਆਂ ਹਨ ਤੇ ਆਪਣੇ ਦਮਗਜੇ ਮਾਰਦੀਆਂ ਹਨ। ਜੇਬ ਕਤਰੇ ਤੇ ਲੁਟੇਰੇ ਮੌਕੇ ਦੀ ਤਾਕ ਵਿਚ ਰਹਿੰਦੇ ਹਨ। ਅਸੁਰੱਖਿਆ ਬਣੀ ਰਹਿੰਦੀ ਹੈ। ਫਿਰ ਵੀ ਇਹ ਨਿਰੰਤਰ ਜਾਰੀ ਰਹਿੰਦੇ ਹਨ।

ਸਿੱਟਾ : ਉਪਰੋਕਤ ਵਿਚਾਰ ਤੋਂ ਸਪੱਸ਼ਟ ਹੈ ਕਿ ਪੰਜਾਬ ਵਿੱਚ ਮੇਲਿਆਂ ਦੀ ਵਿਸ਼ੇਸ਼ ਮਹੱਤਤਾ ਹੈ। ਇਹ ਮੇਲੇ ਹੀ ਪੰਜਾਬੀ ਜੀਵਨ ਨੂੰ ਰੰਗੀਨੀ ਪ੍ਰਦਾਨ ਕਰਦੇ ਹਨ। ਪੰਜਾਬੀ ਭਾਵੇਂ ਵਪਾਰ ਕਰ ਰਿਹਾ ਹੋਵੇ, ਭਾਵੇਂ ਸੰਤ- ਮਹਾਤਮਾ ਦੀ ਪੂਜਾ, ਨਵੀਂ ਰੁੱਤ ਦਾ ਸੁਆਗਤ, ਉਹ ਸਦਾ ਖ਼ੁਸ਼ੀ ਵਿੱਚ ਨੱਚਦਾ-ਗਾਉਂਦਾ ਹੈ। ਉਸ ਦਾ ਜੀਵਨ- ਆਦਰਸ਼ ਹੀ ਇਹ ਹੈ :

ਦੋ ਦਿਨ ਘੱਟ ਜਿਊਣਾ

ਪਰ ਜਿਉਣਾ ਮਟਕ ਦੇ ਨਾਲ।