CBSEclass 11 PunjabiClass 12 PunjabiClass 8 Punjabi (ਪੰਜਾਬੀ)Class 9th NCERT Punjabicurrent affairsEducationNCERT class 10thPunjab School Education Board(PSEB)Punjabi Viakaran/ Punjabi Grammarਲੇਖ ਰਚਨਾ (Lekh Rachna Punjabi)

ਲੇਖ : ਪੰਜਾਬ ਦੇ ਤਿਉਹਾਰ


ਭੂਮਿਕਾ : ਤਿਉਹਾਰ ਲੋਕ-ਜੀਵਨ ਨੂੰ ਪ੍ਰਗਟਾਉਣ ਦੇ ਸ਼ਕਤੀਸ਼ਾਲੀ ਮਾਧਿਅਮ ਹਨ। ਕਿਸੇ ਕੌਮ ਦੀ ਅਸਲੀ ਜਾਣਕਾਰੀ ਇਹਨਾਂ ਤਿੱਥ-ਤਿਉਹਾਰਾਂ ਵਿੱਚੋਂ ਮਿਲ ਸਕਦੀ ਹੈ। ਇਹਨਾਂ ਵਿੱਚ ਕਿਸੇ ਕੌਮ ਦੀ ਹਜ਼ਾਰਾਂ ਵਰ੍ਹਿਆਂ ਦੀ ਅਕਲ ਅਤੇ ਤਜਰਬਾ ਹੀ ਸ਼ਾਮਲ ਨਹੀਂ ਹੁੰਦਾ ਸਗੋਂ ਉਸ ਕੌਮ ਦਾ ਸੁਭਾਅ ਚਿਤਰਿਆ ਹੁੰਦਾ ਹੈ। ਇਹ ਤਿਉਹਾਰ ਸਾਡੀ ਸਾਂਝੀ ਵਰਤੋਂ-ਵਿਹਾਰ ਅਤੇ ਸਰਬ-ਸਾਂਝ ਦਾ ਨਮੂਨਾ ਹਨ। ਇਹਨਾਂ ਰਾਹੀਂ ਲੋਕ ਪ੍ਰਤਿਭਾ ਨਿਖਰਦੀ ਹੈ ਅਤੇ ਚਰਿੱਤਰ ਦਾ ਨਿਰਮਾਣ ਹੁੰਦਾ ਹੈ। ਤਿੱਥ ਤਿਉਹਾਰਾਂ ਨਾਲ ਸਾਡਾ ਅੰਦਰਲਾ ਖਿੜਦਾ ਹੈ, ਜੀਵਨ ਮਹਿਕਦਾ ਹੈ, ਸੁਆਦ ਜਾਗਦਾ ਹੈ, ਸਮਾਜ ਵਿੱਚ ਰੰਗੀਨੀ ਆਉਂਦੀ ਹੈ, ਨਵੀਂ ਸ਼ਕਤੀ ਉੱਭਰਦੀ ਹੈ ਅਤੇ ਨਵੇਂ ਸੰਕਲਪ ਜਾਗਦੇ ਹਨ। ਜੇਕਰ ਇਹ ਤਿਉਹਾਰ ਨਾ ਹੁੰਦੇ ਤਾਂ ਪੰਜਾਬੀਆਂ ਦਾ ਸੁਭਾਅ ਹੁਣ ਵਰਗਾ ਖੁੱਲ੍ਹ ਦਿਲਾ ਤੇ ਰੰਗੀਨ ਨਾ ਹੁੰਦਾ।

ਇਹ ਤਿਉਹਾਰ ਸਾਡਾ ਸਾਂਝਾ ਪਿੜ ਹਨ— ਇੱਕ-ਦੂਜੇ ਨਾਲ ਮਿਲ ਬੈਠਣ ਦੇ ਪਲ। ਇਹਨਾਂ ਤਿਉਹਾਰਾਂ ਦਾ ਸੰਬੰਧ ਸਾਡੇ ਸਾਂਝੇ ਵਲਵਲਿਆਂ ਨਾਲ ਹੈ। ਸਾਡੇ ਸਾਫ਼ ਦਿਲਾਂ ਦਾ ਨਿਰੋਲ ਸੱਭਿਆਚਾਰ ਇਹਨਾਂ ਤਿਉਹਾਰਾਂ ਵਿੱਚੋਂ ਮੂਰਤੀਮਾਨ ਹੁੰਦਾ ਹੈ। ਇੱਥੇ ਰਾਮ ਅਤੇ ਰਹੀਮ ਵਾਲਾ ਫ਼ਰਕ ਮਿਟ ਜਾਂਦਾ ਹੈ ਅਤੇ ਹਿੰਦੂ, ਮੁਸਲਿਮ, ਸਿੱਖ, ਈਸਾਈ ਸਭ ਭਾਈ-ਭਾਈ ਲੱਗਣ ਲੱਗ ਪੈਂਦੇ ਹਨ।

ਤਿਉਹਾਰਾਂ ਦਾ ਮੁੱਢ : ਖ਼ਾਸ-ਖ਼ਾਸ ਮੌਕਿਆਂ ‘ਤੇ ਸਮੂਹਿਕ ਰੂਪ ਵਿੱਚ ਕੀਤੀਆਂ ਵਿਸ਼ੇਸ਼ ਵਿਧੀਆਂ ਅਤੇ ਕਿਰਿਆਵਾਂ ਹੀ ਸਮੇਂ ਨਾਲ ਜੀਵਨ-ਪ੍ਰਵਾਹ ਦਾ ਅੰਗ ਬਣ ਕੇ ਤਿਉਹਾਰਾਂ ਦਾ ਰੂਪ ਧਾਰਨ ਕਰ ਲੈਂਦੀਆਂ ਹਨ। ਤਿਉਹਾਰਾਂ ਦਾ ਮੁੱਢ ਮਨੁੱਖ ਦੀ ਸਮੂਹਿਕ ਵਿਕਾਸ ਦੀ ਭਾਵਨਾ ਵਿੱਚੋਂ ਬੱਝਿਆ। ਹੌਲੀ-ਹੌਲੀ ਸਾਰਾ ਸਮਾਜਿਕ, ਧਾਰਮਿਕ ਅਤੇ ਭਾਈਚਾਰਿਕ ਜੀਵਨ ਇਹਨਾਂ ਦੀ ਲਪੇਟ ਵਿੱਚ ਆ ਗਿਆ। ਤਿਉਹਾਰਾਂ ਦੀ ਕਹਾਣੀ ਬੜੀ ਪੁਰਾਣੀ ਹੈ ਅਤੇ ਇਹਨਾਂ ਦਾ ਕਾਫ਼ਲਾ ਨਿਰੰਤਰ ਚੱਲਦਾ ਰਹਿੰਦਾ ਹੈ। ਪੰਜਾਬੀਆਂ ਲਈ ਹਰ ਪਲ ਇੱਕ ਪਰਵ ਹੈ ਅਤੇ ਹਰ ਦਿਨ ਇੱਕ ਮੇਲਾ। ਚੰਨ-ਸੂਰਜ ਦੇ ਚੱਕਰ ਵਾਂਗ ਇਹ ਤਿਉਹਾਰ ਸਾਡੇ ਲਈ ਨਿੱਤ ਨਵਾਂ ਸੁਪਨਾ ਲੈ ਕੇ ਆਉਂਦੇ ਹਨ।

ਤਿਉਹਾਰਾਂ ਦਾ ਕਾਫ਼ਲਾ : ਪੰਜਾਬ ਦਾ ਨਵਾਂ ਵਰ੍ਹਾ ‘ਚੇਤਰ ਦੀ ਏਕਮ’ ਤੋਂ ਸ਼ੁਰੂ ਹੁੰਦਾ ਹੈ ਅਤੇ ਇਸ ਨਾਲ ਹੀ ਤਿਉਹਾਰਾਂ ਦਾ ਕਾਫ਼ਲਾ ਤੁਰ ਪੈਂਦਾ ਹੈ। ਇਸ ਦਿਨ ਨਵਾਂ ਸੰਮਤ ਮਨਾਇਆ ਜਾਂਦਾ ਹੈ। ਰੁੱਤ ਸੁਆਦਲੀ ਹੁੰਦੀ ਹੈ। ਹਰ ਪਾਸੇ ਬਹਾਰ ਛਾਈ ਹੁੰਦੀ ਹੈ। ਲੋਕ ਕਣਕ ਦੀਆਂ ਬੱਲੀਆਂ (ਸਿੱਟ) ਅਤੇ ਛੋਲਿਆ ਦੀਆਂ ਹੋਲਾਂ ਭੁੰਨ ਕੇ ਖਾਂਦੇ ਹਨ। ਇਸ ਨੂੰ ਅੰਨ ਨਵਾਂ ਕਰਨਾ ਕਿਹਾ ਜਾਂਦਾ ਹੈ। ਚੇਤਰ ਸੁਦੀ ਅੱਠਵੀਂ ਨੂੰ ਦੋਵੀ ਦੇ ਉਪਾਸਕ ਕੰਜਕਾਂ ਕਰਦੇ ਹਨ। ਕੰਜ-ਕੁਆਰੀਆਂ ਨੂੰ ਦੇਵੀ-ਮਾਤਾ ਦਾ ਰੂਪ ਮੰਨ ਕੇ ਪੂਜਿਆ ਜਾਂਦਾ ਹੈ। ਚੇਤਰ ਸੁਦੀ ਨੌਂ ਨੂੰ ‘ਰਾਮ ਨੌਵੀਂ ਦਾ ਤਿਉਹਾਰ ਹੁੰਦਾ ਹੈ। ਹਰ ਮਹੀਨੇ ਨਵੇਂ ਮੂੰਹ ਸੰਗਰਾਂਦ ਆਉਂਦੀ ਹੈ। ਸੂਰਜ ਦਾ ਨਵੀਂ ਰਾਸ਼ੀ ਵਿੱਚ ਪੈਰ ਪਾਉਣ ਕਰਕੇ ਇਸ ਸੁੱਚੇ ਦਿਨ ਦਾ ਖ਼ਾਸ ਮਹੱਤਵ ਹੈ। ਚੰਨ ਦੀਆਂ ਤਿੱਥਾਂ ਨਾਲ ਸੰਬੰਧਿਤ ਪਰਵ ਅਤੇ ਇਕਾਦਸ਼ੀਆਂ ਮਨਾਈਆਂ ਜਾਂਦੀਆਂ ਹਨ।

ਮੌਸਮੀ ਤਿਉਹਾਰ : ਕੁਝ ਤਿਉਹਾਰ ਮਨੁੱਖੀ ਮਨ ਦੀ ਕੁਦਰਤ ਨਾਲ ਇੱਕਸੁਰਤਾ ਦੇ ਪ੍ਰਤੀਕ ਹਨ। ਮੌਸਮੀ ਤਿਉਹਾਰ ਰੁੱਤਾਂ ਦੇ ਗੇੜ ਵਿੱਚੋਂ ਪੈਦਾ ਹੁੰਦੇ ਹਨ। ਹਰ ਨਵੀਂ ਰੁੱਤ ਆਪਣੇ ਨਾਲ ਨਵੇਂ ਪ੍ਰਕਿਰਤਕ ਵਾਤਾਵਰਨ ਨੂੰ ਲਿਆਉਂਦੀ ਹੈ— ਜੀਵਨ ਵਿੱਚ ਨਵਾਂ ਸਾਹਸ ਅਤੇ ਨਵੀਂਆਂ ਉਮੰਗਾਂ ਪੈਦਾ ਕਰਦੀ ਹੈ। ਲੋਹੜੀ, ਮਾਘੀ, ਹੋਲੀ, ਦੀਵਾਲੀ, ਬਸੰਤ, ਤੀਆਂ, ਵਿਸਾਖੀ ਆਦਿ ਇਸੇ ਬਿਰਤੀ ਦੇ ਤਿਉਹਾਰ ਹਨ। ਗੱਲ ਕੀ ਮਹੀਨੇ ਵਿੱਚ ਤੀਹ ਦਿਨ ਪਰ ਇਕੱਤੀ ਤਿਉਹਾਰ ਹਨ। ਕਣਕ ਦੀ ਬਿਜਾਈ ਤੋਂ ਵਿਹਲੇ ਹੋ ਕੇ ਲੋਕ ਲੋਹੜੀ ਦੀ ਉਡੀਕ ਕਰਦੇ ਹਨ। ਮੌਸਮ ਅਨੁਸਾਰ ਖਾਣ ਅਤੇ ਅੱਗ ਸੇਕਣ ਦਾ ਵਿਸ਼ੇਸ਼ ਮਹੱਤਵ ਹੈ। ਲੋਕ ਧੂਣੀਆਂ ਦੁਆਲੇ ਇੱਕ-ਦੂਜੇ ਨਾਲ ਮਿਲ ਕੇ ਧਮਾਲਾਂ ਪਾਉਂਦੇ ਅਤੇ ਨੱਚਦੇ-ਗਾਉਂਦੇ ਹਨ। ਤਿਉਹਾਰਾਂ ਦੀ ਸਾਂਝ ਕਾਰਨ ਲੋਕਾਂ ਦਾ ਇੱਕ ਸਾਂਝਾ ਪਿੜ ਬਣ ਜਾਂਦਾ ਹੈ। ਇਸੇ ਸਮੇਂ ਲੋਹੜੀ ਨਾਲ ਮਿਲ਼ਦਾ ਤਿਉਹਾਰ ‘ਪੋਂਗਲ’ ਦੱਖਣ ਵਿੱਚ ਮਨਾਇਆ ਜਾਂਦਾ ਹੈ। ਅਗਲੇ ਦਿਨ ਮਾਘ ਮਹੀਨੇ ਦੀ ਸੰਗਰਾਂਦ ਅਥਵਾ ‘ਮਾਘੀ’ ਮਨਾਈ ਜਾਂਦੀ ਹੈ। ਇਸ ਦਿਨ ਤੜਕਸਾਰ ਇਸ਼ਨਾਨ ਦਾ ਵਿਸ਼ੇਸ਼ ਮਹੱਤਵ ਹੈ।

ਸਾਉਣ ਦੇ ਤਿਉਹਾਰ : ਜੇਠ ਹਾੜ੍ਹ ਦੀ ਤਪਸ਼ ਪਿੱਛੋਂ ਸਾਉਣ ਦੀ ਫੁਹਾਰ ਸਵਰਗੀ ਝੂਟੇ ਵਾਂਗ ਆਉਂਦੀ ਹੈ। ਮੁਟਿਆਰਾਂ ਕੁਦਰਤ ਨਾਲ ਇੱਕ-ਰਸ ਹੋ ਕੇ ਗਿੱਧਾ ਪਾਉਂਦੀਆਂ ਹਨ। ਵੰਨ-ਸੁਵੰਨੇ ਪਕਵਾਨ ਖਾਧੇ ਜਾਂਦੇ ਹਨ। ਪਿੱਪਲੀਂ ਪੀਂਘਾਂ ਅਸਮਾਨ ਨੂੰ ਛੂਹਦੀਆਂ ਹਨ। ਸਾਉਣ ਦੀ ਪੂਰਨਮਾਸ਼ੀ ਨੂੰ ਹੀ ਰੱਖੜੀ ਦਾ ਤਿਉਹਾਰ ਹੁੰਦਾ ਹੈ। ਸਾਡੇ ਸੱਭਿਆਚਾਰ ਵਿੱਚ ਇਸ ਤਿਉਹਾਰ ਦਾ ਵਿਸ਼ੇਸ਼ ਮਹੱਤਵ ਹੈ। ਇਸ ਦਿਨ ਭੈਣਾਂ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹਦੀਆਂ ਹਨ। ਭੈਣ-ਭਰਾ ਦੇ ਪਿਆਰ ਦਾ ਰਿਸ਼ਤਾ ਉਂਞ ਵੀ ਸਾਡੇ ਸਮਾਜ ਵਿੱਚ ਬੜਾ ਪਵਿੱਤਰ ਰਿਸ਼ਤਾ ਹੈ। ‘ਵੀਰ’ ਜਾਂ ‘ਵੀਰਾ’ ਸ਼ਬਦ ਦਾ ਅਰਥ ਬੀਰਤਾ ਨਾਲ ਭੈਣ ਖ਼ਾਤਰ ਲੜਨ ਵਾਲ਼ਾ ਯੋਧਾ ਹੈ। ਪ੍ਰਾਚੀਨ ਸਮੇਂ ਵਿੱਚ ਲੜਾਈ ਸਮੇਂ ਭੈਣਾਂ ਭਰਾਵਾਂ ਦੇ ਹੱਥੀਂ ਗਾਨੇ ਬੰਨ੍ਹ ਦਿੰਦੀਆਂ ਸਨ ਤਾਂ ਕਿ ਉਹ ਰਣ-ਭੂਮੀ ਵਿੱਚ ਬੀਰਤਾ ਨਾਲ ਲੜਨ। ਇਹ ਤਿਉਹਾਰ ਪ੍ਰਾਚੀਨ ਸਮੇਂ ਤੋਂ ਚਲਿਆ ਆ ਰਿਹਾ ਹੈ।

ਲੌਕਿਕ ਸੁਭਾਅ : ਉਪਰੋਕਤ ਤਿਉਹਾਰਾਂ ਤੋਂ ਬਿਨਾਂ ਸਾਡੇ ਬਹੁਤ ਸਾਰੇ ਹੋਰ ਤਿਉਹਾਰ ਹਨ; ਜਿਵੇਂ ਦੀਵਾਲੀ, ਹੋਲੀ, ਗੁੱਗਾ ਨੌਂਵੀਂ, ਬਸੰਤ ਆਦਿ। ਇਹਨਾਂ ਸਾਰੇ ਤਿਉਹਾਰਾਂ ਦਾ ਸੁਭਾਅ ਲੌਕਿਕ ਹੈ। ਲੋਕ-ਮਨ ਨੂੰ ਇਸ ਗੱਲ ਦੀ ਪਰਵਾਹ ਨਹੀਂ ਹੁੰਦੀ ਕਿ ਕੋਈ ਤਿਉਹਾਰ ਕਿਸ ਮਜ਼ਹਬ ਦਾ ਹੈ। ਇਹ ਤਿਉਹਾਰ ਸਾਡੀ ਸਾਂਝੀ ਵਿਰਾਸਤ ਹਨ। ਇਹਨਾਂ ਵਿਚਲੇ ਪਿੜ ਸਾਂਝੇ ਹਨ, ਹਾਣੀ ਸਾਂਝੇ ਹਨ। ਰਲ ਬੈਠਣ, ਰਲ ਕੇ ਖਾਣ, ਇੱਕ-ਦੂਜੇ ਦੇ ਕੰਮ ਆਉਣ, ਦੂਸਰੇ ਦੇ ਜਜ਼ਬਾਤ ਦੀ ਕਦਰ ਕਰਨ ਦੀ ਭਾਵਨਾ ਇਹਨਾਂ ਤਿਉਹਾਰਾਂ ਦਾ ਸੰਦੇਸ ਹੈ।

ਸਾਰਾਂਸ਼ : ਸਮੇਂ ਦੇ ਨਾਲ-ਨਾਲ ਸਾਡੇ ਸਮਾਜ ਵਿੱਚ ਤਬਦੀਲੀ ਆਉਂਦੀ ਹੈ। ਸਾਡੀਆਂ ਸਮਾਜਿਕ ਕਦਰਾਂ-ਕੀਮਤਾਂ, ਰਸਮਾਂ ਅਤੇ ਲੋੜਾਂ ਬਦਲ ਜਾਂਦੀਆਂ ਹਨ। ਇਸ ਤਬਦੀਲੀ ਦਾ ਸਾਡੇ ਤਿਉਹਾਰਾਂ ‘ਤੇ ਵੀ ਅਸਰ ਪੈਂਦਾ ਹੈ। ਪਰ ਫਿਰ ਵੀ ਇਹਨਾਂ ਤਿਉਹਾਰਾਂ ਨਾਲ ਸਾਡੀ ਸਾਂਝ ਬਣੀ ਰਹਿੰਦੀ ਹੈ। ਲੋੜ ਇਸ ਗੱਲ ਦੀ ਹੈ ਕਿ ਤਿਉਹਾਰਾਂ ਦੇ ਮਹੱਤਵ ਨੂੰ ਜਾਣਿਆ ਜਾਵੇ।