ਲੇਖ : ਪੰਜਾਬ ਦੀਆਂ ਲੋਕ-ਖੇਡਾਂ

ਪੰਜਾਬ ਦੀਆਂ ਲੋਕ-ਖੇਡਾਂ ਜਾਂ ਅਲੋਪ ਹੋ ਰਹੀਆਂ ਪੁਰਾਤਨ ਖੇਡਾਂ

ਜਾਣ-ਪਛਾਣ : ਖੇਡਾਂ ਦਾ ਮਨੁੱਖ ਦੇ ਜੀਵਨ ਨਾਲ ਡੂੰਘਾ ਸਬੰਧ ਹੈ। ਹਰ ਉਮਰ, ਵਰਗ ਅਤੇ ਦੇਸ਼ ਦੇ ਲੋਕ ਖੇਡਾਂ ਵੱਲ ਰੁਚਿਤ ਹੁੰਦੇ ਹਨ। ਲੋਕ-ਖੇਡਾਂ ਲੋਕ-ਸਮੂਹ ਦੀ ਸਮੂਹਿਕ ਰਚਨਾ ਹੁੰਦੀਆਂ ਹਨ ਅਤੇ ਸਹਿਜ ਰੂਪ ਵਿੱਚ ਨਿੰਮਦੀਆਂ-ਵਿਗਸਦੀਆਂ ਰਹਿੰਦੀਆਂ ਹਨ। ਲੋਕ-ਖੇਡਾਂ ਵਿੱਚ ਸਥਾਨਕ ਪੱਧਰ ਉੱਤੇ ਅਸਾਨੀ ਨਾਲ ਪ੍ਰਾਪਤ ਖੇਡ-ਸਮੱਗਰੀ ਵਾਲੀਆਂ ਖੇਡਾਂ ਪ੍ਰਚੱਲਤ ਹੁੰਦੀਆਂ ਹਨ।

ਪੰਜਾਬ ਦੀਆਂ ਲੋਕ-ਖੇਡਾਂ : ਪੰਜਾਬ ਦੇ ਲੋਕਾਂ ਦੀਆਂ ਖੇਡਾਂ ਵੀ ਉਨ੍ਹਾਂ ਦੇ ਸੁਭਾਅ ਵਾਂਗ ਖੁੱਲ੍ਹੀਆਂ-ਡੁੱਲ੍ਹੀਆਂ, ਸਾਦੀਆਂ, ਸਰੀਰਕ ਅਤੇ ਮਾਨਸਿਕ ਵਿਕਾਸ ਵਾਲੀਆਂ ਹਨ। ਇਨ੍ਹਾਂ ਦੀਆਂ ਪੁਰਾਤਨ ਖੇਡਾਂ; ਜਿਵੇਂ ਕਬੱਡੀ, ਗੁੱਲੀ-ਡੰਡਾ, ਖਿੱਦੋ-ਖੂੰਡੀ, ਰੱਸਾ-ਕਸੀ, ਗੱਤਕਾਬਾਜ਼ੀ, ਲੁਕਣ-ਮੀਚੀ, ਕੋਟਲਾ-ਛਪਾਕੀ, ਬਾਰਾਂ-ਟਹਿਣੀ, ਸਮੁੰਦਰ ਝੱਗ, ਛਟਾਪੂ, ਸ਼ਤਰੰਜ, ਚੋਪੜ, ਗੁੱਡੀ ਪਟੋਲਾ, ਜੰਡ ਬ੍ਰਾਹਮਣ, ਬਿੱਲੀ ਮਾਸੀ, ਅੱਡੀ-ਟੱਪਾ, ਕੁਸ਼ਤੀਆਂ, ਮੂੰਗਲੀਆਂ ਫੇਰਨੀਆਂ, ਮੁਗਦਰ ਚੁੱਕਣੇ, ਛਾਲਾਂ ਮਾਰਨੀਆਂ, ਰੱਸੀ ਟੱਪਣੀ, ਕਿੱਕਲੀ, ਸੌਂਚੀ, ਖੁੱਤੀਆਂ, ਪਿੱਠੂ, ਕੌਡੀਆਂ, ਬੰਟੇ, ਪੀਚੋ ਬੱਕਰੀ, ਮੈਂ ਰਾਜਾ ਪਟਵਾਰੀ ਆਦਿ ਹਨ। ਸਮਾਂ ਬਦਲਣ ਨਾਲ ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਖੇਡਾਂ ਤਾਂ ਅਲੋਪ ਹੋ ਗਈਆਂ ਤੇ ਕੁਝ ਨਵੀਆਂ ਖੇਡਾਂ ਆ ਗਈਆਂ ਹਨ।

ਲੋਕ-ਖੇਡਾਂ ਦੀ ਸਮੱਗਰੀ ਆਦਿ : ਪੰਜਾਬੀ ਲੋਕ-ਖੇਡਾਂ ਵਿੱਚ ਸਥਾਨਕ ਪੱਧਰ ‘ਤੇ ਪ੍ਰਾਪਤ ਸਮੱਗਰੀ ਜਿਵੇਂ ਗੀਟੇ, ਗੀਟੀਆਂ, ਇੱਟਾਂ ਦੇ ਰੋੜੇ, ਠੀਕਰੀਆਂ, ਟਾਹਣਾਂ, ਕੌਡੀਆਂ, ਲੱਕੜਾਂ, ਕੋਲਾ, ਡੰਡਾ, ਗੁੱਲੀ, ਖੂੰਡੀਆਂ, ਪੁਰਾਣੇ ਕੱਪੜੇ ਦੀਆਂ ਖਿੱਦੋ, ਸਣ ਦੀਆਂ ਰੱਸੀਆਂ ਆਦਿ ਸ਼ਾਮਲ ਹੁੰਦੀ ਹੈ।

ਸਮਾਂ, ਸਥਾਨ : ਇਨ੍ਹਾਂ ਖੇਡਾਂ ਦਾ ਕੋਈ ਨਿਸਚਿਤ ਸਮਾਂ, ਸਥਾਨ ਨਹੀਂ ਹੁੰਦਾ। ਸਵੇਰੇ, ਸ਼ਾਮ, ਦੁਪਹਿਰੇ, ਤ੍ਰਿਕਾਲਾਂ ਵੇਲੇ, ਚਾਨਣੀਆਂ ਰਾਤਾਂ ਵਿੱਚ ਜਦੋਂ ਵਿਹਲ ਮਿਲ, ਖੇਡੀਆਂ ਜਾ ਸਕਦੀਆਂ ਹਨ। ਵਧੇਰੇ ਖੇਡਾਂ ਵਿੱਚ ਸਰੀਰਕ ਹਰਕਤਾਂ, ਭੱਜ-ਦੌੜ, ਉੱਛਲ-ਕੁੱਦ ਅਤੇ ਦਾਅ-ਪੇਚ ਹੁੰਦੇ ਹਨ।

ਤਰੀਕਾ : ਲੋਕ-ਖੇਡਾਂ ਵਿੱਚ ਖਿਡਾਰੀਆਂ ਨੂੰ ਇਕੱਤਰ ਕਰਨ, ਪੁੱਗਣ, ਆੜੀ ਮਿਥਣ ਦੀਆਂ ਵਿਧੀਆਂ ਸਧਾਰਨ ਪਰ ਦਿਲਚਸਪ ਹੁੰਦੀਆਂ ਹਨ। ਪੁੱਗਣ ਦੇ ਗੀਤ ਟੱਪਿਆਂ ਵਿੱਚ ਹੁੰਦੇ ਹਨ :

ਉੱਕੜ-ਦੁੱਕੜ ਭੰਬਾ ਤੋ
ਅੱਸੀ ਨੱਬੇ ਪੂਰਾ ਸੌ….

ਲੋਕ-ਖੇਡਾਂ ਦਾ ਵਰਗੀਕਰਨ : ਲੋਕ-ਖੇਡਾਂ ਨੂੰ ਉਮਰ, ਲਿੰਗ ਦੇ ਅਧਾਰ ‘ਤੇ ਵੀ ਵੰਡਿਆ ਜਾ ਸਕਦਾ ਹੈ ਤੇ ਮਾਨਸਕ ਤੇ ਸਰੀਰਕ ਖੇਡਾਂ ਦੇ ਰੂਪ ਵਿੱਚ ਵੀ। ਜਿਵੇਂ ਛੋਟੇ ਬੱਚਿਆਂ ਦੀਆਂ ਖੇਡਾਂ ਲਾਟੂ, ਭੰਬੀਰੀਆਂ ਚਲਾਉਣਾ, ਆਕੜ-ਬਾਕੜ, ਬੰਟੇ ਖੇਡਣੇ ਆਦਿ। ਜਵਾਨਾਂ ਦੀਆਂ ਖੇਡਾਂ ਸਰੀਰਕ ਜ਼ੋਰ-ਅਜ਼ਮਾਈ ਵਾਲੀਆਂ ਹੁੰਦੀਆਂ ਹਨ ਜਿਵੇਂ–ਕਬੱਡੀ, ਮੁਗਦਰ ਫੇਰਨ, ਮੂੰਗਲੀਆ ਫੋਰਨੀਆਂ ਆਦਿ। ਬਜ਼ੁਰਗਾਂ ਦੀਆਂ ਖੇਡਾਂ, ਤਾਸ਼ ਖੇਡਣਾ, ਸ਼ਤਰੰਜ, ਚੌਪਟ ਆਦਿ, ਪਰ ਕੁਝ ਖੇਡਾਂ ਵਿੱਚ ਉਮਰ ਦੀ ਸੀਮਾ ਨਿਸਚਿਤ ਨਹੀਂ ਬਲਕਿ ਸਰੀਰਕ ਸਮਰੱਥਾ ਹੀ ਪ੍ਰਧਾਨ ਹੁੰਦੀ ਹੈ। ਇਸੇ ਤਰ੍ਹਾਂ ਕੁੜੀਆਂ ਦੀਆਂ ਖੇਡਾਂ ਵਿੱਚ ਗੀਟੇ, ਟਾਹਣਾ, ਕੋਟਲਾ ਛਪਾਕੀ, ਖਿੱਦੋ, ਗੁੱਡੀ ਫੂਕਣੀ, ਕਿੱਕਲੀ, ਛਟਾਪੂ ਆਦਿ ਹਨ। ਪ੍ਰਮੁੱਖ ਲੋਕ-ਖੇਡਾਂ ਇਹ ਹਨ :

1. ਕਬੱਡੀ : ਕਬੱਡੀ ਕਈ ਕਿਸਮਾਂ ਦੀ ਹੁੰਦੀ ਹੈ, ਜਿਵੇਂ ਲੰਮੀ ਕਬੱਡੀ, ਛੋਟੀ ਜਾਂ ਜੱਫ਼ਲ ਕਬੱਡੀ ਆਦਿ। ਲੰਮੀ ਕਬੱਡੀ ਲਈ ਪੰਜ-ਛੇ ਕਦਮਾਂ ਦੀ ਦੂਰੀ ‘ਤੇ ਆਹਮੋ – ਸਾਹਮਣੇ ਦੋ ਨਿਸ਼ਾਨ ਲਾ ਲਏ ਜਾਂਦੇ ਹਨ। ਦੋਵਾਂ ਟੀਮਾਂ ਦੇ ਖਿਡਾਰੀਆਂ ਦੀ ਗਿਣਤੀ ਬਰਾਬਰ ਹੁੰਦੀ ਹੈ। ਇੱਕ ਪਾਸੇ ਦਾ ਇੱਕ ਖਿਡਾਰੀ ‘ਕਬੱਡੀ-ਕਬੱਡੀ’ ਕਹਿੰਦਾ ਹੋਇਆ ਦੂਜੇ ਪਾਸੇ ਦੇ ਖਿਡਾਰੀਆਂ ਨੂੰ ਛੂਹਣ ਲਈ ਜਾਂਦਾ ਹੈ ਤੇ ਉਹ ਅੱਗੋਂ ਝਕਾਨੀਆਂ ਦਿੰਦੇ ਹਨ। ਕਬੱਡੀ-ਕਬੱਡੀ ਕਰਨ ਵਾਲਾ ਖਿਡਾਰੀ ਕਿਸੇ ਵਿਰੋਧੀ ਨੂੰ ਛੂਹ ਲਵੇ ਤੇ ਜੇ ਉਹਦਾ ਵਾਪਸ ਆਉਂਦੇ ਸਮੇਂ ਦਮ ਟੁੱਟ ਜਾਵੇ ਤੇ ਵਿਰੋਧੀ ਖਿਡਾਰੀ ਨਿਸ਼ਾਨ ਤੋਂ ਪਹਿਲਾਂ ਉਸ ਨੂੰ ਹੱਥ ਵੀ ਲਾ ਦੇਵੇ ਤਾਂ ਉਹ ਹਾਰ ਗਿਆ ਸਮਝਿਆ ਜਾਂਦਾ ਹੈ। ਇਸ ਤਰ੍ਹਾਂ ਜਿਸ ਟੀਮ ਦੇ ਸਾਰੇ ਖਿਡਾਰੀ ਮਾਰੇ ਜਾਣ, ਉਹ ਹਾਰ ਜਾਂਦੀ ਹੈ।

ਕਬੱਡੀ ਦੀ ਅਗਲੀ ਕਿਸਮ ਜੱਫਲ ਕਬੱਡੀ ਹੁੰਦੀ ਹੈ। ਇਸ ਖੇਡ ਵਿੱਚ ਕਬੱਡੀ ਪਾਉਣ ਆਏ ਵਿਰੋਧੀ ਨੂੰ ਖਿਡਾਰੀ ਜੱਫਾ ਮਾਰ ਕੇ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਦੇ ਹਨ। ਕਬੱਡੀ ਪਾਉਣ ਵਾਲੇ ਦੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਉਸ ਨੂੰ ਜੱਫਾ ਨਾ ਪਵੇ ਤੇ ਜੇਕਰ ਜੱਫਾ ਪੈ ਜਾਂਦਾ ਹੈ ਤਾਂ ਕਿਸੇ ਤਰ੍ਹਾਂ ਉੱਥੋਂ ਨਿਕਲ ਕੇ ਨਿਸ਼ਾਨ ਤੱਕ ਪਹੁੰਚ ਜਾਵੇ ਤਾਂ ਜਿੱਤ ਜਾਂਦਾ ਹੈ। ਅੱਜ ਕੱਲ੍ਹ ਅਜਿਹੀ ਕਬੱਡੀ ਨੂੰ ਨੈਸ਼ਨਲ ਸਟਾਈਲ ਤੇ ਪੰਜਾਬ ਸਟਾਈਲ ਕਬੱਡੀ ਕਿਹਾ ਜਾਂਦਾ ਹੈ ਤੇ ਇਸ ਦੇ ਨਾਂ ਥੱਲੇ ਰਾਸ਼ਟਰੀ ਤੇ ਅੰਤਰ ਰਾਸ਼ਟਰੀ ਮੁਕਾਬਲੇ ਵੀ ਕਰਵਾਏ ਜਾਂਦੇ ਹਨ।

2. ਗੁੱਲੀ-ਡੰਡਾ : ਗੁੱਲੀ ਅਤੇ ਡੰਡਾ ਦੋਵੇਂ ਲੱਕੜ ਦੇ ਹੁੰਦੇ ਹਨ। ਗੁੱਲੀ ਨੂੰ ਸਿਰਿਆਂ ਤੋਂ ਘੜ ਕੇ ਤਿੱਖੀ ਕਰ ਲਿਆ ਜਾਂਦਾ ਹੈ। ਮੈਦਾਨ ਵਿੱਚ ਛੋਟਾ ਜਿਹਾ ਟੋਆ/ਰਾਬ ਪੁੱਟ ਲਿਆ ਜਾਂਦਾ ਹੈ। ਖਿਡਾਰੀ ਦੋ ਲਾਈਨਾਂ ਵਿੱਚ ਵੰਡੇ ਜਾਂਦੇ ਹਨ। ਵਾਰੀ ਪੁੱਗਣ ਤੋਂ ਬਾਅਦ ਪਹਿਲੀ ਵਾਰੀ ਲੈਣ ਵਾਲਾ ਗੁੱਲੀ ਨੂੰ ਰਾਬ ‘ਤੇ ਰੱਖ ਕੇ ਡੰਡੇ ਨਾਲ ਦੂਰ ਸੁੱਟਦਾ ਹੈ। ਵਿਰੋਧੀ ਟੀਮ ਦੇ ਖਿਡਾਰੀ ਗੁੱਲੀ ਫੜ੍ਹ ‘ ਕੇ ਰਾਬ ‘ਤੇ ਰੱਖੇ ਡੰਡੇ ‘ਤੇ ਮਾਰਦੇ ਹਨ। ਜੇ ਨਿਸ਼ਾਨਾ ਡੰਡੇ ‘ਤੇ ਜਾ ਕੇ ਲੱਗੇ ਤਾਂ ਪਹਿਲੇ ਦੀ ਵਾਰੀ ਖ਼ਤਮ ਤੇ ਜੇ ਨਿਸ਼ਾਨਾ ਨਾ ਲੱਗੇ ਤਾਂ ਫਿਰ ਉਸੇ ਦੀ ਵਾਰੀ ਆ ਜਾਂਦੀ ਹੈ।

3. ਖਿੱਦੋ-ਖੂੰਡੀ : ਇਸ ਖੇਡ ਵਿੱਚ ਪੰਜ-ਸੱਤ ਖਿਡਾਰੀ ਧਰਤੀ ਵਿੱਚ ਖੁੱਤੀਆਂ ਕੱਢ ਕੇ ਖੂੰਡੀਆਂ ਫੜ ਕੇ ਖਲੋ ਜਾਂਦੇ ਹਨ ਤੇ ਸਿਰਫ਼ ਇੱਕ ਖਿਡਾਰੀ ਹੀ ਅੱਗੇ ਜਾਂਦਾ ਹੈ। ਬਾਕੀ ਖਿਡਾਰੀ ਖੁੱਤੀਆਂ ਨੂੰ ਪੈਰਾਂ ਹੇਠ ਦਬਾ ਕੇ ਖਿੱਦੋ ਨੂੰ ਨਿਸ਼ਾਨਾ ਮਾਰਦੇ ਹਨ। ਅੱਗੇ ਲੱਗਾ ਖਿਡਾਰੀ ਖਿੱਦੋ ਫੜ੍ਹ ਕੇ ਕਿਸੇ ਨਾ ਕਿਸੇ ਖਿਡਾਰੀ ਦਾ ਖਿੱਦੋ ਨਾਲ ਨਿਸ਼ਾਨਾ ਫੁੰਡਣ ਦਾ ਯਤਨ ਕਰਦਾ ਹੈ। ਜੇ ਨਿਸ਼ਾਨਾ ਫੁੰਡ ਜਾਏ ਤਾਂ ਖਿੱਦੇ ਨੂੰ ਉੱਪਰ ਸੁੱਟਿਆ ਜਾਂਦਾ ਹੈ ਤਾਂ ਜੋ ਖੁੱਤੀ ਮੱਲ ਕੇ ਖਲੋਤੇ ਖਿਡਾਰੀ ਦਾ ਧਿਆਨ ਲਾਂਭੇ ਹੋ ਸਕੇ ਤੇ ਖਾਲੀ ਖੁੱਤੀ ਮੱਲੀ ਜਾ ਸਕੇ। ਕਿਸੇ ਇੱਕ ਕੋਸ਼ਿਸ਼ ਦੀ ਸਫਲਤਾ ਉਹਨੂੰ ਖੁੱਤੀ ਦਾ ਮਾਲਕ ਬਣਾ ਦਿੰਦੀ ਹੈ ਤੇ ਜਿਸ ਨੂੰ ਉਹਨੇ ਖਿੱਦੋ ਮਾਰਿਆ ਹੁੰਦਾ ਹੈ, ਉਹ ਫਿਰ ਖੂੰਡੀ ਉਹਨੂੰ ਦੇ ਕੇ ਅੱਗੇ ਲੱਗ ਜਾਵੇਗਾ। ਇਹ ਖੇਡ ਹੁਣ ਅਲੋਪ ਹੋ ਗਈ ਹੈ।

4. ਰੱਸਾ-ਕਸ਼ੀ : ਇਹ ਸਰੀਰਕ ਸਮਰੱਥਾ ਵਾਲੀ ਖੇਡ ਹੈ। ਇਸ ਵਿੱਚ ਵੱਡਾ ਸਾਰਾ ਮੋਟਾ ਰੱਸਾ ਹੁੰਦਾ ਹੈ। ਅੱਧੇ ਖਿਡਾਰੀ ਰੱਸੇ ਦੇ ਇੱਕ ਪਾਸੇ ਤੇ ਅੱਧੇ ਦੂਜੇ ਪਾਸੇ ਆਹਮਣੋ -ਸਾਹਮਣੇ ਮੂੰਹ ਕਰਕੇ ਰੱਸਾ ਆਪਣੇ-ਆਪਣੇ ਵੱਲ ਖਿੱਚਦੇ ਹਨ। ਜਿਹੜੀ ਟੀਮ ਆਪਣੇ ਵੱਲ ਰੱਸਾ ਖਿੱਚ ਲਵੇ, ਉਹ ਜਿੱਤ ਜਾਂਦੀ ਹੈ।

5. ਲੁਕਣ ਮੀਚੀ : ਇਹ ਖੇਡ ਛੋਟੇ-ਛੋਟੇ ਬੱਚਿਆਂ ਵਿੱਚ ਹਰਮਨ-ਪਿਆਰੀ ਹੈ। ਇਸ ਖੇਡ ਵਿੱਚ ਖਿਡਾਰੀਆਂ ਦੀ ਗਿਣਤੀ ਤਿੰਨ ਤੋਂ ਪੰਜ ਤੱਕ ਵੀ ਹੋ ਸਕਦੀ ਹੈ। ਇਸ ਵਿੱਚ ਇੱਕ ਬੱਚੇ ਦੀਆਂ ਅੱਖਾਂ ਢੱਕ ਕੇ ਜਾਂ ਬੰਦ ਕਰਕੇ ਬਾਕੀ ਬੱਚੇ ਲੁਕ ਜਾਂਦੇ ਹਨ। ਫਿਰ ਉਸ ਨੂੰ ਅੱਖਾਂ ਤੋਂ ਹੱਥ ਹਟਾ ਕੇ ਬਾਕੀਆਂ ਨੂੰ ਲੱਭਣ ਲਈ ਭੇਜਿਆ ਜਾਂਦਾ ਹੈ। ਜਿਹੜਾ ਸਭ ਤੋਂ ਪਹਿਲਾਂ ਲੱਭਿਆ ਜਾਵੇ, ਵਾਰੀ ਉਸ ਦੇ ਸਿਰ ਆ ਜਾਂਦੀ ਹੈ।

6. ਕੋਟਲਾ-ਛਪਾਕੀ : ਇਹ ਖੇਡ ਬੜੀ ਦਿਲਚਸਪ ਤੇ ਕਸਰਤ ਵਾਲੀ ਹੈ। ਇਸ ਖੇਡ ਵਿੱਚ ਖਿਡਾਰੀ ਗੋਲ ਘੇਰਾ ਬਣਾ ਕੇ ਬੈਠ ਜਾਂਦੇ ਹਨ ਤੇ ਆਪਣਾ ਸਿਰ ਨਿਵਾ ਲੈਂਦੇ ਹਨ। ਫਿਰ ਇੱਕ ਖਿਡਾਰੀ ਹੱਥ ਵਿੱਚ ਕਰੜਾ (ਕੱਪੜੇ ਦਾ ਵੱਟਿਆ ਹੋਇਆ) ਫੜ ਕੇ ਉਹਨਾਂ ਦੇ ਚਾਰ-ਚੁਫੇਰੇ “ਕੋਟਲਾ–ਛਪਾਕੀ ਜੁੰਮੇ ਰਾਤ ਆਈ ਹੈ, ਆਈ ਹੈ ਬਈ ਆਈ ਹੈ, ਜਿਹੜਾ ਅੱਗੇ ਪਿੱਛੇ ਵੇਖੇ, ਉਹਦੀ ਸ਼ਾਮਤ ਆਈ ਹੈ, ਆਈ ਹੈ ਬਈ ਆਈ ਹੈ” ਬੋਲਦਾ ਹੋਇਆ ਮਲਕੜੇ ਜਿਹੇ ਕਰੜਾ ਕਿਸੇ ਖਿਡਾਰੀ ਦੀ ਪਿੱਠ ਪਿੱਛੇ ਰੱਖ ਦਿੰਦਾ ਹੈ ਤੇ ਆਪ ਦੌੜ ਜਾਂਦਾ ਹੈ ਤੇ ਫਿਰ ਚੱਕਰ ਕੱਟਣ ਲੱਗ ਪੈਂਦਾ ਹੈ ਤੇ ਜੇਕਰ ਚੱਕਰ ਕੱਟਦੇ ਹੋਏ ਉਥੇ ਪੁੱਜਣ ਤੱਕ ਰੱਖੇ ਕੋਰੜੇ ਵਾਲੇ ਨੂੰ ਪਤਾ ਨਾ ਲੱਗੇ ਤਾਂ ਉਹ ਕੋਰੜਾ ਚੁੱਕ ਕੇ ਉਸ ਨੂੰ ਮਾਰਨ ਲੱਗ ਪੈਂਦਾ ਹੈ ਤੇ ਫਿਰ ਦੂਜੇ ਦੀ ਵਾਰੀ ਆ ਜਾਂਦੀ ਹੈ ਤੇ ਜੇ ਉਨ੍ਹਾਂ ਨੂੰ ਪਤਾ ਲੱਗ ਜਾਏ ਕਿ ਕੋਰੜਾ ਉਸਦੇ ਪਿੱਛੇ ਹੈ ਤਾਂ ਫਿਰ ਉਹ ਕੋਰੜਾ ਚੁੱਕ ਕੇ ਉਸ ਦੇ ਮਾਰਨ ਲਈ ਦੌੜਦਾ ਹੈ।

7. ਪਿੱਠੂ ਗਰਮ : ਇਸ ਖੇਡ ਵਿੱਚ ਪੰਜ-ਸੱਤ ਮਿੱਟੀ ਦੀਆਂ ਠੀਕਰੀਆਂ ਤੇ ਇੱਕ ਗੇਂਦ ਹੁੰਦੀ ਹੈ। ਪੰਜ-ਸੱਤ ਖਿਡਾਰੀ ਇੱਕ ਪਾਸੇ ਖੜ੍ਹੇ ਹੋ ਜਾਂਦੇ ਹਨ। ਉਨ੍ਹਾਂ ਵਿੱਚੋਂ ਇੱਕ ਕੋਲ ਗੇਂਦ ਹੁੰਦੀ ਹੈ। ਇੱਕ ਖਿਡਾਰੀ ਠੀਕਰੀਆਂ ਨੂੰ ਹੇਠਾਂ-ਉੱਪਰ ਰੱਖਦਾ ਹੈ। ਗੇਂਦ ਵਾਲਾ ਖਿਡਾਰੀ ਨਿਸ਼ਾਨਾ ਲਾ ਕੇ ਠੀਕਰੀਆਂ ਨੂੰ ਗੇਂਦ ਮਾਰ ਕੇ ਹੇਠਾਂ ਸੁੱਟ ਕੇ ਦੌੜ ਜਾਂਦਾ ਹੈ। ਫਿਰ ਗੇਂਦ ਵਾਰੀ ਵਾਲੇ ਪਹਿਲੇ ਖਿਡਾਰੀ ਕੋਲ ਹੁੰਦੀ ਹੈ ਉਹ ਗੇਂਦ ਲੈ ਕੇ ਬਾਕੀ ਖਿਡਾਰੀਆਂ ਦੇ ਪਿੱਛੇ ਦੌੜਦਾ ਹੈ ਤੇ ਗੇਂਦ ਕਿਸੇ ਦੀ ਪਿੱਠ ‘ਤੇ ਮਾਰਦਾ ਹੈ। ਜਿਸਦੀ ਪਿੱਠ ‘ਤੇ ਗੇਂਦ ਵੱਜ ਜਾਵੇ, ਠੀਕਰੀਆਂ ਜੜਨ ਦੀ ਵਾਰੀ ਉਸ ਦੇ ਸਿਰ ਆ ਜਾਂਦੀ ਹੈ। ਹੁਣ ਇਹ ਖੇਡ ਵੀ ਘੱਟ ਹੀ ਖੇਡੀ ਜਾਂਦੀ ਹੈ।

8. ਛਟਾਪੂ : ਇਹ ਖੇਡ ਕੁੜੀਆਂ ਦੁਆਰਾ ਖੇਡੀ ਜਾਂਦੀ ਹੈ। ਇਸ ਵਿੱਚ ਧਰਤੀ ‘ਤੇ ਚੌਰਸ ਡੱਬਾ ਬਣਾ ਕੇ ਉਸ ਵਿੱਚ ਛੇ ਖ਼ਾਨੇ ਬਣਾ ਲਏ ਜਾਂਦੇ ਹਨ। ਇੱਕ ਖਿਡਾਰੀ ਠੀਕਰੀ ਨੂੰ ਆਪਣੇ ਪੈਰ ਨਾਲ ਅਗਲੇ ਡੱਬੇ ਵਿੱਚ ਪਾਉਂਦਾ ਹੈ ਤੇ ਜੇਕਰ ਠੀਕਰੀ ਜਾਂ ਪੈਰ ਲਾਈਨ ‘ਤੇ ਆ ਜਾਵੇ ਤਾਂ ਉਹ ਆਊਟ ਹੋ ਜਾਂਦਾ ਹੈ ਤੇ ਦੂਸਰੀ ਦੀ ਵਾਰੀ ਆ ਜਾਂਦੀ ਹੈ। ਇਹ ਖੇਡ ਵੀ ਅਲੋਪ ਹੋ ਰਹੀ ਹੈ।

9. ਗੀਟੇ-ਟਹਿਣੀਆਂ : ਇਹ ਖੇਡ ਵੀ ਕੁੜੀਆਂ ਦੁਆਰਾ ਖੇਡੀ ਜਾਂਦੀ ਹੈ। ਇਸ ਖੇਡ ਵਿੱਚ ਪੰਜ ਜਾਂ ਸੱਤ ਮਿੱਟੀ ਆਦਿ ਦੀਆਂ ਟਹਿਣਾਂ ਹੁੰਦੀਆਂ ਹਨ ਤੇ ਗੇਂਦ ਨਾਲ ਖੇਡੀਆਂ ਜਾਂਦੀਆਂ ਹਨ। ਖੇਡਣ ਵਾਲੀ ਲੜਕੀ ਆਪਣੇ ਖੱਬੇ ਹੱਥ ਦਾ ਘਰ ਜਿਹਾ ਬਣਾ ਲੈਂਦੀ ਹੈ ਤੇ ਗੇਂਦ ਜਾਂ ਗੀਟਾ ਹੀ ਉੱਪਰ ਸੁੱਟ ਕੇ ਦੂਜੇ ਹੱਥ ਨਾਲ ਇੱਕ-ਇੱਕ ਜਾਂ ਦੋ-ਦੋ ਟਹਿਣਾਂ ਆਪਣੇ ਹੱਥ ਵਿਚਲੇ ਘਰ ਵਿੱਚ ਪਾਈ ਜਾਂਦੀ ਹੈ। ਜੇ ਟਹਿਣਾਂ ਘਰ ਵਿੱਚ ਪੈਣ ਤੋਂ ਪਹਿਲਾਂ ਗੇਂਦ ਜਾਂ ਗੀਟਾ ਕਾਬੂ ਨਹੀਂ ਕੀਤਾ ਜਾਂਦਾ ਤਾਂ ਖੇਡ ਖ਼ਤਮ ਹੋ ਜਾਂਦੀ ਹੈ ਤੇ ਜੇ ਸਾਰੀਆਂ ਟਹਿਣਾਂ ਘਰ ਵਿੱਚ ਪੈ ਜਾਣ ਤਾਂ ਇਹ ਸਾਰੀਆਂ ਟਹਿਣਾਂ ਆਪਣੇ ਪੁੱਠੇ ਹੱਥ ‘ਤੇ ਰੱਖ ਫਿਰ ਸਿੱਧੇ ਹੱਥ ਵਿੱਚ ਫੜ੍ਹੀਆਂ ਜਾਂਦੀਆਂ ਹਨ ਤੇ ਸਾਰੀਆਂ ਟਹਿਣਾਂ ਵਾਪਸ ਹੱਥ ਵਿੱਚ ਨਾ ਆਉਣ ਤਾਂ ਵਾਰੀ ਆਊਟ ਹੋ ਜਾਂਦੀ ਹੈ। ਪਰੰਤੂ ਇਹ ਖੇਡ ਵੀ ਅਲੋਪ ਹੋ ਰਹੀ ਹੈ।

10. ਬਾਰ੍ਹਾਂ ਟਾਹਣੂ : ਧਰਤੀ ‘ਤੇ ਇੱਕ ਡੱਬਾ ਬਣਾ ਕੇ ਉਸ ਵਿੱਚ ਨੁੱਕਰਾਂ ਆਦਿ ਮਿਲਾ ਕੇ ਬਾਰਾਂ-ਬਾਰ੍ਹਾਂ ਖਾਨੇ ਬਣਾ ਲਏ ਜਾਂਦੇ ਹਨ। ਫਿਰ ਦੋ ਟੀਮਾਂ ਦੇ ਬਾਰ੍ਹਾਂ-ਬਾਰ੍ਹਾਂ ਟਾਹਣੂ ਜੋ ਵੱਖ-ਵੱਖ ਰੰਗਾਂ ਵਿੱਚ ਹੁੰਦੇ ਹਨ, ਰੱਖ ਲਏ ਜਾਂਦੇ ਹਨ ਤੇ ਇੱਕ ਖਾਨਾ ਖਾਲੀ ਛੱਡ ਦਿੱਤਾ ਜਾਂਦਾ ਹੈ। ਫਿਰ ਇੱਕ ਖਿਡਾਰੀ ਵੱਲੋਂ ਵਾਰੀ ਪੁੱਗਣ ‘ਤੇ ਪਹਿਲਾਂ ਟਾਹਣੂ ਅੱਗੇ ਤੋਰਿਆ ਜਾਂਦਾ ਹੈ ਪਰ ਧਿਆਨ ਵਿੱਚ ਰੱਖਿਆ ਜਾਂਦਾ ਹੈ। ਉਸਦੇ ਟਾਹਣੂ ਦੇ ਅੱਗੇ ਕੋਈ ਘਰ ਖਾਲੀ ਨਾ ਹੋਵੇ ਨਹੀਂ ਤਾਂ ਉਸ ਦਾ ਟਾਹਣੂ ਮਾਰਿਆ ਜਾਵੇਗਾ। ਇਸ ਤਰ੍ਹਾਂ ਜੇ ਕਿਸੇ ਖਿਡਾਰੀ ਦੇ ਸਾਰੇ ਟਾਹਣੂ ਮਾਰੇ ਜਾਣ ਤਾਂ ਉਹ ਹਾਰ ਜਾਂਦਾ ਹੈ। ਇਹ ਵੀ ਖੇਡ ਅਲੋਪ ਹੋ ਰਹੀ ਹੈ।

10. ਬਾਰਾਂ ਟਾਹਣੂ : ਧਰਤੀ ‘ਤੇ ਇੱਕ ਡੱਬਾ ਬਣਾ ਕੇ ਉਸ ਵਿੱਚ ਨੁੱਕਰਾਂ ਆਦਿ ਮਿਲਾ ਕੇ ਬਾਰਾਂ-ਬਾਰ੍ਹਾਂ ਖਾਨ ਬਣਾ ਲਏ ਜਾਂਦੇ ਹਨ। ਫਿਰ ਦੋ ਟੀਮਾਂ ਦੇ ਬਾਰਾਂ-ਬਾਰਾਂ ਟਾਹਣੂ ਜੋ ਵੱਖ-ਵੱਖ ਰੰਗਾਂ ਵਿੱਚ ਹੁੰਦੇ ਹਨ, ਰੱਖ ਲਏ ਜਾਂਦੇ ਹਨ ਤੇ ਇੱਕ ਖਾਨਾ ਖਾਲੀ ਛੱਡ ਦਿੱਤਾ ਜਾਂਦਾ ਹੈ। ਫਿਰ ਇੱਕ ਖਿਡਾਰੀ ਵੱਲੋਂ ਵਾਰੀ ਪੁੱਗਣ ‘ਤੇ ਪਹਿਲਾਂ ਟਾਹਣੂ ਅੰਗ ਤੋਰਿਆ ਜਾਂਦਾ ਹੈ ਪਰ ਧਿਆਨ ਵਿੱਚ ਰੱਖਿਆ ਜਾਂਦਾ ਹੈ। ਉਸਦੇ ਟਾਹਣੂ ਦੇ ਅੱਗੇ ਕੋਈ ਘਰ ਖਾਲੀ ਨਾ ਹੋਵੇ ਨਹੀਂ ਤਾਂ ਉਸ ਦਾ ਟਾਹਣੂ ਮਾਰਿਆ ਜਾਵੇਗਾ। ਇਸ ਤਰ੍ਹਾਂ ਜੇ ਕਿਸੇ ਖਿਡਾਰੀ ਦੇ ਸਾਰੇ ਟਾਹਣੂ ਮਾਰੇ ਜਾਣ ਤਾਂ ਉਹ ਹਾਰ ਜਾਂਦਾ ਹੈ। ਇਹ ਵੀ ਖੇਡ ਅਲਪ ਹੋ ਰਹੀ ਹੈ।

11. ਬਿੱਲੀ ਮਾਸੀ : ਇਹ ਇੱਕ ਕਲਪਨਾਤਮਕ ਤੇ ਦਾਅ-ਪੇਚ ਵਾਲੀ ਖੇਡ ਹੈ। ਇਸ ਖੇਡ ਵਿੱਚ ਇੱਕ ਬੱਚਾ ਮਾਸੀ ਦੀ ਅਦਾਕਾਰੀ ਕਰਦਾ ਹੋਇਆ ਕੁਝ ਚੀਜ਼ਾਂ ਬਾਕੀ ਬੱਚਿਆਂ ਵਿੱਚ ਵੰਡਦਾ ਹੈ। ਉੱਧਰੋਂ ਦੂਜਾ ਬੱਚਾ ਬਿੱਲੀ ਦੀ ਅਦਾਕਾਰੀ ਕਰਦਾ ਹੋਇਆ ਬਾਕੀ ਚੀਜ਼ਾਂ ਚੁਰਾਉਣ ਦਾ ਅਭਿਨੈ ਕਰਦਾ ਹੈ। ਬਿੱਲੀ ਅਤੇ ਮਾਸੀ ਦੇ ਰੂਪ ਵਾਲੇ ਬੱਚੇ ਅੱਗੜ-ਪਿੱਛੜ ਦਾਅ-ਪੇਚ ਮਾਰਦੇ ਹੋਏ ਦੌੜਦੇ ਹਨ ਤੇ ਇਹ ਗੀਤ ਗਾਉਂਦੇ ਹਨ :

ਬਿੱਲੀਏ, ਬਿੱਲੀਏ ਤੂੰ ਹੀ ਖਾਧਾ
ਮਾਸੀ, ਮਾਸੀ ਮੈਂ ਨਹੀਂ ਖਾਧਾ

12. ਅੱਡੀ ਛੜੱਪਾ : ਇਹ ਵੀ ਕੁੜੀਆਂ ਦੀ ਖੇਡ ਹੈ। ਇਸ ਵਿੱਚ ਆਹਮੋ-ਸਾਹਮਣੀ ਦੋ ਕੁੜੀਆਂ ਲਟਵੇਂ ਦਾਅ ‘ਤੇ ਲੱਤਾਂ ਦੁਆਰਾ ਬਣਾਏ ਸਮੁੰਦਰੀ ਜਾਂ ਖੂਹੀ ਅਕਾਰ ਨੂੰ ਵਾਰੋ-ਵਾਰੀ ਟੱਪਦੀਆਂ ਹਨ। ਇਸ ਨਾਲ ਲੰਮੀ ਛਾਲ ਦਾ ਅਭਿਆਸ ਹੁੰਦਾ ਹੈ। ਫਿਰ ਪੈਰਾਂ ਅਤੇ ਹੱਥਾਂ ਦੀਆਂ ਮੁੱਠਾਂ ਅਤੇ ਫਿਰ ਗਿੱਠਾਂ ਬਣਾ ਕੇ ਟੱਪਿਆ ਜਾਂਦਾ ਹੈ। ਅਜਿਹੀਆਂ ਬਹੁਤ ਸਾਰੀਆਂ ਖੇਡਾਂ ਅਲੋਪ ਹੋ ਚੁੱਕੀਆਂ ਹਨ।

ਹੋਰ ਲੋਕ-ਖੇਡਾਂ : ਇਨ੍ਹਾਂ ਤੋਂ ਬਿਨਾਂ ਹੋਰ ਵੀ ਬਹੁਤ ਸਾਰੀਆਂ ਪੁਰਾਤਨ ਖੇਡਾਂ ਹਨ ਜੋ ਹੁਣ ਅਲੋਪ ਹੋ ਚੁੱਕੀਆਂ ਹਨ, ਜਿਵੇਂ ਡੰਡ ਪਰਾਂਗੜਾ, ਮੂੰਗਲੀਆਂ ਫੇਰਨੀਆਂ, ਬੋਰੀਆਂ ਚੁੱਕਣੀਆਂ, ਬਿਲ ਬੱਚਿਆਂ ਦੀ ਮਾਂ, ਲੂਣ-ਮਿਆਣੀ, ਮੈਂ ਰਾਜਾ ਪਟਵਾਰੀ, ਛੂਹਣ-ਛੁਪਾਈ, ਥਾਲ, ਗੁੱਡੀਆਂ ਪਟੋਲੇ, ਕੱਲੀ ਕਿ ਜੋਟਾ, ਲੀਡਰ ਬੁੱਝਣਾ, ਊਠਕ ਬੈਠਕ, ਚੋਰ ਸਿਪਾਹੀ, ਕਿੱਕਲੀ ਆਦਿ ਅਜਿਹੀਆਂ ਖੇਡਾਂ ਸਨ ਜਿਹੜੀਆਂ ਮਾਨਸਕ ਤੇ ਸਰੀਰਕ ਬਲ ਵਧਾਉਣ ਵਾਲੀਆਂ ਸਨ, ਜੋ ਕਿ ਵਰਤਮਾਨ ਸਮੇਂ ਵਿੱਚ ਪੂਰੀ ਤਰ੍ਹਾਂ ਅਲੋਪ ਹੋ ਚੁੱਕੀਆਂ ਹਨ।

ਸਾਰੰਸ਼ : ਲੋਕ ਖੇਡਾਂ ਦਾ ਆਪਣਾ ਮਹੱਤਵ ਹੁੰਦਾ ਹੈ ਪਰ ਸਥਿਤੀਆਂ ਤੇ ਲੋੜਾਂ ਅਨੁਸਾਰ ਵਰਤਮਾਨ ਸਮੇਂ ਵਿੱਚ ਖੇਡਾਂ ਅਤੇ ਖੇਡਾਂ ਦੇ ਸਰੂਪ ਵੀ ਬਦਲ ਚੁੱਕੇ ਹਨ; ਜਿਵੇਂ—ਕ੍ਰਿਕਟ, ਟੇਬਲ ਟੈਨਿਸ, ਤੀਰ ਅੰਦਾਜ਼ੀ, ਕੁਸ਼ਤੀ, ਕਬੱਡੀ, ਦੌੜਾਂ, ਹਾਕੀ, ਬੈਡਮਿੰਟਨ, ਕੇ ਆਪਣੀ ਤਬਦੀਲੀ ਆਪਣੇ ਹੀ ਵਿਨਾਸ਼ ਦਾ ਕਾਰਨ ਬਣਦੀ ਹੈ। ਸੋ ਆਓ ਸਾਰੇ ਪ੍ਰਣ ਕਰਕੇ ਆਪਣੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਵਿਲੱਖਣ ਪਛਾਣ ਨੂੰ ਬਣਾਈ ਰੱਖਣ ‘ਚ ਆਪੋ-ਆਪਣੀ ਵਿਸ਼ੇਸ਼ ਭੂਮਿਕਾ ਨਿਭਾਉਣ ਦਾ ਸੁਹਿਰਦ ਯਤਨ ਕਰੀਏ।