ਲੇਖ : ਪੰਜਾਬੀ ਸਭਿਆਚਾਰ ਦੇ ਨੈਤਿਕ-ਮੁੱਲ
ਭੂਮਿਕਾ : ਨੈਤਿਕ ਮੁੱਲ ਤੋਂ ਭਾਵ ਹੈ-ਕਦਰਾਂ ਕੀਮਤਾਂ, ਇਖ਼ਲਾਕ, ਜ਼ਿੰਮੇਵਾਰੀ, ਅਹਿਸਾਸ, ਸਦਾਚਾਰ ਦਾ ਸੰਕਲਪ । ਸਦਾਚਾਰ ਜਾਂ ਦੁਰਾਚਾਰ ਵਿਅਕਤੀ ਦਾ ਸਮਾਜਕ ਪੱਖ ਹੈ। ਘਰ ਵਿੱਚ ਵਿਅਕਤੀ ਦੀ ਹੋਂਦ ਵੱਖਰੀ ਹੁੰਦੀ ਹੈ ਤੇ ਬਾਹਰ ਸਮਾਜ ਵਿੱਚ ਉਸ ਦੀ ਹੋਂਦ ਵੱਖਰੀ ਹੁੰਦੀ ਹੈ। ਘਰ ਵਿੱਚ ਫ਼ਰਜ਼ ਹੋਰ ਤੇ ਬਾਹਰ ਹੋਰ ਹੁੰਦੇ ਹਨ। ਇੱਕ ਵਿਅਕਤੀ ਇੱਕੋ ਵੇਲੇ ਕਈ – ਕਈ ਰਿਸ਼ਤੇ ਅਤੇ ਸਬੰਧ ਨਿਭਾਉਂਦਾ ਹੈ; ਜਿਵੇਂ ਇੱਕ ਆਦਮੀ ਇੱਕੋ ਵੇਲੇ ਪੁੱਤਰ, ਭਰਾ, ਪਿਓ, ਚਾਚਾ, ਮਾਸੜ, ਦਾਦਾ, ਸਹੁਰਾ ਆਦਿ ਹੈ, ਬਾਹਰ ਸਮਾਜ ਵਿੱਚ ਗੁਆਂਢੀ, ਅਫਸਰ, ਨੌਕਰ ਆਦਿ ਹੈ। ਇਨ੍ਹਾਂ ਰਿਸ਼ਤਿਆਂ ਦਾ ਇੱਕ ਜਾਲ ਜਿਹਾ ਬਣ ਜਾਂਦਾ ਹੈ। ਇਹਨਾਂ ਰਿਸ਼ਤਿਆਂ ਨੂੰ ਨਿਭਾਉਣਾ ਹੀ ਨੈਤਿਕਤਾ ਹੈ।
ਪਰਿਵਾਰਕ ਰਿਸ਼ਤੇ : ਇੰਝ ਇੱਕ ਪਾਸੇ ਨੈਤਿਕਤਾ ਦਾ ਇੱਕ ਪਰਿਵਾਰਕ ਪੱਖ ਹੁੰਦਾ ਹੈ ਤੇ ਦੂਜੇ ਪਾਸੇ ਸਮਾਜਕ ਪੱਖ, ਜਿਸਦੇ ਵਿਸ਼ਾਲ ਘੇਰੇ ਵਿੱਚ ਵਿਅਕਤੀਗਤ ਰਿਸ਼ਤੇ ਵੀ ਬਣ ਜਾਂਦੇ ਹਨ। ਇਹ ਰਿਸ਼ਤੇ ਕੋਈ ਜ਼ਰੂਰੀ ਨਹੀਂ ਕਿ ਸਦੀਵੀ ਹੀ ਹੋਣ, ਇਹ ਅਸਥਿਰ ਹੁੰਦੇ ਹਨ। ਟੁੱਟ ਵੀ ਸਕਦੇ ਹਨ ਤੇ ਬਦਲ ਵੀ ਸਕਦੇ ਹਨ ਜਦਕਿ ਪਰਿਵਾਰਕ ਰਿਸ਼ਤੇ ਮਜ਼ਬੂਤ ਹੁੰਦੇ ਹਨ। ਇਹਨਾਂ ਵਿੱਚ ਕੁਝ ਕਾਰਨਾਂ ਕਰਕੇ ਤ੍ਰੇੜਾਂ ਪੈ ਸਕਦੀਆਂ ਹਨ ਪਰ ਇਹ ਟੁੱਟ ਨਹੀਂ ਸਕਦੇ। ਪਰਿਵਾਰਕ ਰਿਸ਼ਤਿਆਂ ਨੂੰ ਨਿਭਾਉਣਾ ਨੈਤਿਕ ਫ਼ਰਜ਼ ਬਣਦਾ ਹੈ।
ਨੈਤਿਕਤਾ : ਨੈਤਿਕਤਾ ਵਿੱਚ ਸ਼ਿਸ਼ਟਾਚਾਰ ਆਉਂਦਾ ਹੈ ਤੇ ਸ਼ਿਸ਼ਟਾਚਾਰ ਦਾ ਭਾਵ ਹੈ ਕਿ ਕਿਹੜੀ ਗੱਲ ਕਿਸ ਮੌਕੇ ‘ਤੇ ਕਿਸ ਤਰ੍ਹਾਂ ਕਹਿਣੀ ਹੈ ? ਗੱਲ ਅਤੇ ਫ਼ਰਜ਼ ਨਿਭਾਉਣ ਦੇ ਤਰੀਕ ਹੀ ਸ਼ਿਸ਼ਟਾਚਾਰ ਅਖਵਾਉਂਦੇ ਹਨ। ਸ਼ਿਸ਼ਟਾਚਾਰ ਹੀ ਅਨੁਸ਼ਾਸਨ ਦੀ ਪਹਿਲੀ ਪਉੜੀ ਹੈ। ਇਹ ਸ਼ਖ਼ਸੀਅਤ ਦਾ ਆਦਰ ਕਰਦਾ ਤੇ ਕਰਾਉਂਦਾ ਹੈ। ਸ਼ਿਸ਼ਟਾਚਾਰ ਹੀ ਸ਼ਖਸੀਅਤ ਨੂੰ ਬਣਾਉਂਦਾ ਤੇ ਸੁਭਾਅ ਨੂੰ ਪ੍ਰਸੰਸਾਯੋਗ ਬਣਾਉਂਦਾ ਹੈ।
ਪੰਜਾਬੀ ਸਭਿਆਚਾਰ : ਪੰਜਾਬੀ ਸਭਿਆਚਾਰ ਵਿੱਚ ਰਿਸ਼ਤਾ-ਨਾਤਾ ਪ੍ਰਣਾਲੀ ਹਰ ਸਭਿਆਚਾਰ ਨਾਲ ਵਿਲੱਖਣ ਹੈ। ਹਰ ਰਿਸ਼ਤੇ ਦੇ ਵੱਖ-ਵੱਖ ਨਾਂ ਅਤੇ ਵੱਖ-ਵੱਖ ਕੰਮ, ਵੱਖ-ਵੱਖ ਜ਼ਿੰਮੇਵਾਰੀਆਂ ਹੁੰਦੀਆਂ ਹਨ। ਇਨ੍ਹਾਂ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਬਹੁਤ ਅਹਿਮ ਹੁੰਦਾ ਹੈ। ਜਿਵੇਂ ਸਭ ਤੋਂ ਪਹਿਲਾਂ ਪੰਜਾਬੀ ਸਭਿਆਚਾਰ ਵਿੱਚ ਪਰਿਵਾਰ ਦੀ ਇੱਜ਼ਤ ਕਰਨੀ, ਮਾਂ-ਪਿਓ, ਦਾਦਾ – ਦਾਦੀ ਦਾ ਸਤਿਕਾਰ ਕਰਨਾ, ਭੈਣ-ਭਰਾ ਦੀ ਆਪਸੀ ਸਾਂਝ ਤੇ ਪਵਿੱਤਰਤਾ ਕਾਇਮ ਰੱਖਣੀ, ਮਾਂਵਾਂ-ਧੀਆਂ ਦੀ ਦੋਸਤੀ ਵਾਲਾ ਰਿਸ਼ਤਾ ਨਿਭਾਉਣਾ, ਬੱਚਿਆਂ ਪ੍ਰਤੀ ਆਪਣੇ ਫਰਜ਼ ਅਤੇ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਉਣਾ ਆਦਿ ਨੈਤਿਕਤਾ ਦੀ ਪਹਿਲੀ ਸ਼ਰਤ ਹੈ। ਫਿਰ ਇਸ ਤੋਂ ਬਾਅਦ ਰਿਸ਼ਤਿਆਂ ਦੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਮਾਂ-ਬਾਪ ਦੀ ਬੱਚਿਆਂ ਪ੍ਰਤੀ, ਬੱਚਿਆਂ ਦੀ ਮਾਂ-ਬਾਪ ਪ੍ਰਤੀ, ਭੈਣਾਂ ਦੀ ਭਰਾਵਾਂ ਪ੍ਰਤੀ, ਭਰਾਵਾਂ ਦੀ ਭੈਣਾਂ ਪ੍ਰਤੀ, ਇੱਥੋਂ ਤੱਕ ਕਿ ਨਾਨਕਿਆਂ – ਦਾਦਕਿਆਂ ਵਾਲੇ ਸਾਰੇ ਫ਼ਰਜ਼ਾਂ ਨੂੰ ਨਿਭਾਉਣਾ ਵੀ ਨੈਤਿਕਤਾ ਦੇ ਘੇਰੇ ਵਿੱਚ ਆਉਂਦਾ ਹੈ।
ਬਦਲਦਾ ਸਭਿਆਚਾਰ : ਪੰਜਾਬੀ ਸਭਿਆਚਾਰ ਵਿੱਚ ਮਾਂ-ਬਾਪ ਆਪਣੇ ਬੱਚਿਆਂ ਦੀਆਂ ਖ਼ੁਸ਼ੀਆਂ ਅਤੇ ਸੁੱਖਾਂ ਦੀ ਖ਼ਾਤਰ ਆਪਣੀਆਂ ਰੀਝਾਂ, ਇੱਛਾਵਾਂ ਤੇ ਸੁੱਖਾਂ ਦੀ ਤਿਲਾਂਜਲੀ ਦੇ ਦਿੰਦੇ ਹਨ। ਉਨ੍ਹਾਂ ਨੂੰ ਤੱਤੀ ਵਾ ਨਹੀਂ ਲੱਗਣ ਦਿੰਦੇ। ਔਲਾਦ ਪ੍ਰਾਪਤੀ ਲਈ ਕਈ ਸੁੱਖਣਾਂ – ਮਨੌਤਾਂ ਮੰਗਦੇ ਤੇ ਉਹਨਾਂ ਤੋਂ ਬਲਿਹਾਰੇ ਜਾਂਦੇ ਹਨ ਤੇ ਪੁੱਤਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਸਰਵਣ ਪੁੱਤਰ ਬਣ ਕੇ ਵਿਖਾਉਣ। ਉਹ ਤਾਂ ਮਾਪਿਆਂ ਦੇ ਬੁਢਾਪੇ ਦੀ ਡੰਗੋਰੀ ਬਣਨ ਦੀ ਬਜਾਇ ਉਹਨਾਂ ਨੂੰ ਬਿਰਧ ਆਸ਼ਰਮ ਵੱਲ ਤੋਰ ਦਿੰਦੇ ਹਨ। ਇਹ ਨੈਤਿਕਤਾ ਨਹੀਂ।
ਭਰਾ-ਭਰਾ ਦਾ ਰਿਸ਼ਤਾ : ਭਰਾ-ਭਰਾਵਾਂ ਦੀਆਂ ਬਾਹਵਾਂ ਬਣ ਕੇ ਆਪਣੇ ਨੈਤਿਕ ਫ਼ਰਜ਼ ਨਿਭਾਉਣ, ਪੰਜਾਬੀ ਸਭਿਆਚਾਰ ਵਿੱਚ ਤਾਂ ਧਰਮ ਦੇ ਰਿਸ਼ਤਿਆਂ ਨੂੰ ਸਕੇ ਰਿਸ਼ਤਿਆਂ ਨਾਲੋਂ ਵੀ ਵਧ ਕੇ ਨਿਭਦਾ ਵੇਖਿਆ ਜਾਂਦਾ ਹੈ। ਮੂੰਹ ਬੋਲਿਆ ਪੁੱਤ, ਪੱਗ ਵੱਟ ਭਰਾ, ਧਰਮ ਦੀ ਭੈਣ ਆਦਿ ਰਿਸ਼ਤਿਆਂ ਨੇ ਆਪਣੀਆਂ ਜ਼ਿੰਮੇਵਾਰੀਆਂ ਬਾਖੂਬੀ ਨਿਭਾਈਆਂ ਹਨ। ਦੁੱਲਾ ਭੱਟੀ ਵਰਗੇ ਡਾਕੂ ਨੇ ਧਰਮ ਦਾ ਪਿਓ ਬਣ ਕੇ ਗ਼ਰੀਬ ਸੁੰਦਰੀ ਤੇ ਮੁੰਦਰੀ ਦਾ ਵਿਆਹ ਕੀਤਾ ਸੀ।
ਭੈਣ-ਭਰਾ ਦਾ ਰਿਸ਼ਤਾ : ਅਗਲਾ ਰਿਸ਼ਤਾ ਭੈਣ-ਭਰਾ ਦੇ ਪਵਿੱਤਰ ਸਬੰਧਾਂ ਵਾਲਾ ਹੈ। ਭਰਾ ਭੈਣ ਲਈ ਵੀਰ ਹੈ, ਬਹਾਦਰ ਹੈ, ਉਸ ਦਾ ਰੱਖਿਅਕ ਹੈ ਤੇ ਭੈਣ, ਭਰਾ ਲਈ ਮਾਂ ਜਾਈ ਹੈ। ਉਸ ਦੀ ਹਰ ਕਦਮ ‘ਤੇ ਰੱਖਿਆ ਕਰਨੀ ਉਸ ਦੀ ਇਖ਼ਲਾਕੀ ਜ਼ਿੰਮੇਵਾਰੀ ਬਣਦੀ ਹੈ ਤਾਂ ਹੀ ਭੈਣ ਨੂੰ ਆਪਣੇ ਵੀਰਾਂ ‘ਤੇ ਕਹਿਰਾਂ ਦਾ ਮਾਣ ਹੁੰਦਾ ਹੈ। ਉਹ ਆਪਣੀਆਂ ਭੈਣਾਂ ਨੂੰ ਦੁੱਖ, ਮੁਸੀਬਤ ਵਿੱਚ ਨਹੀਂ ਵੇਖ ਸਕਦੇ। ਭੈਣ ਵੀ ਭਰਾ ਦੇ ਆਸਰੇ ਬੇਫ਼ਿਕਰੀ ਵਾਲਾ ਜੀਵਨ ਗੁਜ਼ਾਰਦੀ ਹੈ। ਭਰਾ ਆਪਣੀ ਭੈਣ ਦੇ ਦਾਹ ਸਸਕਾਰ ਲਈ ਲੱਕੜੀ ਵੀ ਦਿੰਦਾ ਹੈ।
ਨਾਨਕਿਆਂ ਦੇ ਫ਼ਰਜ਼ : ਪੰਜਾਬੀ ਸਭਿਆਚਾਰ ਵਿੱਚ ਅਗਲਾ ਰਿਸ਼ਤਾ ਨਾਨਕਿਆਂ ਦੇ ਫਰਜ਼ ਵਾਲਾ ਹੈ। ਇਸ ਲਈ ਦੋਹਤਰੀ ਦੇ ਵਿਆਹ ‘ਤੇ ਨਾਨਕੀ ਛਕ ਲਿਆਉਣਾ ਜਿਸ ਵਿੱਚ ਪਲੰਘ, ਚਰਖਾ, ਗਾਗਰ, ਕੱਪੜੇ, ਗਹਿਣੇ ਅਤੇ ਵਿਆਹ ਵੇਲੇ ਚੂੜਾ ਚੜ੍ਹਾਉਣ ਤੇ ਖ਼ਾਰਿਓਂ ਉਤਾਰਨ ਦੀ ਰਸਮ ਵੀ ਮਾਮੇ ਵੱਲੋਂ ਕੀਤੀ ਜਾਂਦੀ ਹੈ। ਮਾਮੇ ਦਾ ਦਰਜਾ ਚਾਚੇ ਦੇ ਦਰਜੇ ਤੋਂ ਵੀ ਉੱਚਾ ਤੇ ਸੁੱਚਾ ਹੈ।
ਪਿਆਰ ਭਰੇ ਰਿਸ਼ਤੇ : ਭੂਆ ਦਾ ਮੋਹ ਭਿੱਜਿਆ ਸਨੇਹ ਭਤੀਜਿਆਂ ਨੂੰ ਅਪਣੱਤ ਭਰਿਆ ਅਹਿਸਾਸ ਕਰਾਉਂਦਾ ਰਹਿੰਦਾ ਹੈ।ਮਾਂਵਾਂ-ਧੀਆਂ ਦਾ ਰਿਸ਼ਤਾ ਦੋਸਤੀ ਵਾਲਾ ਰਿਸ਼ਤਾ ਮੰਨਿਆ ਗਿਆ ਹੈ। ਮਾਵਾਂ-ਧੀਆਂ ਇੱਕ ਦੂਜੇ ਦੀਆਂ ਰਾਜ਼ਦਾਰ ਹੁੰਦੀਆਂ ਹਨ। ਮਾਂ ਆਪਣੀ ਧੀ ਨੂੰ ਲਾਡ ਵੀ ਕਰਦੀ ਹੈ ਤੇ ਸਹੁਰੇ ਘਰ ਜਾ ਕੇ ਚੱਜ ਨਾਲ ਜੀਵਨ ਬਿਤਾਉਣ ਦੇ ਯੋਗ ਵੀ ਬਣਾਉਂਦੀ ਹੈ। ਮਾਵਾਂ ਦੀਆਂ ਮਿੱਠੀਆਂ ਝਿੜਕਾਂ ਵਿੱਚ ਵੀ ਅਪਣੱਤ ਭਰਿਆ ਮੋਹ ਝਲਕਦਾ ਹੈ।
ਪਤੀ-ਪਤਨੀ ਦਾ ਰਿਸ਼ਤਾ ਵੀ ਵਫ਼ਾਦਾਰੀ ਵਾਲਾ ਰਿਸ਼ਤਾ ਹੁੰਦਾ ਹੈ। ਬਾਕੀ ਧਰਮਾਂ, ਦੇਸ਼ਾਂ ਵਾਂਗ ਨਿੱਕੀ ਜਿਹੀ ਗੱਲ ਤੋਂ ਤਲਾਕ ਨਹੀਂ ਲਏ ਜਾਂਦੇ ਬਲਕਿ ਵਿਆਹ ਵਰਗਾ ਪਵਿੱਤਰ ਬੰਧਨ ਜਨਮਾਂ-ਜਨਮਾਂ ਤੱਕ ਨਿਭਾਉਂਦੇ ਹਨ।
ਸਾਰੰਸ਼ : ਬਦਲਦੇ ਸਮੇਂ ਤੇ ਸਥਿਤੀਆਂ ਅਨੁਸਾਰ ਰਿਸ਼ਤਿਆਂ ‘ਚ ਬਦਲਾਅ ਆਉਣਾ ਸੁਭਾਵਕ ਹੈ ਪਰ ਜੇ ਰਿਸ਼ਤਿਆਂ ‘ਚ ਨਿੱਘ ਹੀ ਖ਼ਤਮ ਹੋ ਰਿਹਾ ਹੋਵੇ ਤਾਂ ਇਹ ਚਿੰਤਾ ਦਾ ਵਿਸ਼ਾ ਹੈ। ਅਜਿਹੀ ਸਥਿਤੀ ‘ਚ ਬਦਲਦੇ ਸਮੇਂ ਨਾਲ ਪੰਜਾਬੀ ਸਭਿਆਚਾਰ ਵਿੱਚ ਰਿਸ਼ਤਿਆਂ ਨੂੰ ਖੋਰਾ ਲੱਗ ਗਿਆ ਹੈ। ਮਾਮੀ, ਚਾਚੀ, ਮਾਸੀ, ਭੂਆ ਦੀ ਥਾਂ ‘ਆਂਟੀ’ ਨੇ ਲੈ ਲਈ ਹੈ। ਮਾਸੜ, ਫੁੱਫੜ, ਚਾਚਾ, ਤਾਇਆ, ਅੰਕਲ ਬਣ ਗਏ ਹਨ। ਇਸ ਲਈ ਇਹਨਾਂ ਵਿੱਚ ਪਹਿਲਾਂ ਵਰਗਾ ਨਿੱਘ ਵੀ ਅਲੋਪ ਹੋ ਗਿਆ ਹੈ। ਸੋ ਅੱਜ ਲੋੜ ਹੈ ਪੰਜਾਬੀ ਸਭਿਆਚਾਰ ਦੀ ਅਮੀਰ ਰਿਸ਼ਤਾ-ਨਾਤਾ ਪ੍ਰਣਾਲੀ ਨੂੰ ਸੰਭਾਲਣ ਦੀ। ਅਜਿਹਾ ਕਰਕੇ ਹੀ ਅਸੀਂ ਪੰਜਾਬੀ ਸੱਭਿਆਚਾਰ ਦੇ ਉੱਪਰ ਮਾਣ ਕਰਨ ਦੇ ਹੱਕਦਾਰ ਹੋਵਾਂਗੇ।