ਲੇਖ – ਪੰਜਾਬੀ ਕਿਸਾਨਾਂ ਦੀ ਭਾਰਤ ਨੂੰ ਦੇਣ
ਕਈ ਸਦੀਆਂ ਤੋਂ ਪੰਜਾਬ ਨੂੰ ‘ਭਾਰਤ ਦਾ ਪਹਿਰੇਦਾਰ’, ‘ਦੇਸ਼ ਦੀ ਰੀੜ੍ਹ ਦੀ ਹੱਡੀ’ ਅਤੇ ‘ਭਾਰਤ ਦੀ ਤਲਵਾਰ ਵਾਲੀ ਬਾਂਹ’ ਕਰਕੇ ਜਾਣਿਆ ਜਾਂਦਾ ਹੈ। ਸਾਡੇ ਦੇਸ਼ ਦੇ ਉਤਰ ਵੱਲ ਦੁਨੀਆਂ ਦਾ ਸਭ ਤੋਂ ਉਚਾ ਪਹਾੜ ਹਿਮਾਲਯ ਹੈ ਤੇ ਦੱਖਣ ਵੱਲ ਇਕ ਵਿਸ਼ਾਲ ਸਮੁੰਦਰ ਹੈ। ਸੋ ਸਾਡੇ ਦੇਸ਼ ਦੇ ਉਤੇ ਕੋਈ ਵੀ ਵੱਡਾ ਹਮਲਾ ਕੇਵਲ ਪੱਛਮ ਵੱਲ ਦੇ ਦੌਰਿਆਂ ਥਾਣੀ ਹੀ ਹੋ ਸਕਦਾ ਸੀ ਤੇ ਹੁੰਦਾ ਰਿਹਾ। ਪੰਜਾਬ ਇਸ ਸਰਹੱਦ ਦੇ ਨਾਲ ਲਗਵਾਂ ਪ੍ਰਾਂਤ ਸੀ ਇਸ ਲਈ ਇਨ੍ਹਾਂ ਹਮਲਿਆਂ ਦਾ ਟਾਕਰਾ ਕਰਨ ਦਾ ਭਾਰ ਬਹੁਤਾ ਕਰਕੇ ਪੰਜਾਬੀਆਂ ਉਤੇ ਪੈਂਦਾ ਰਿਹਾ ਤੇ ਉਨ੍ਹਾਂ ਨੇ ਇਸ ਜ਼ਿੰਮੇਵਾਰੀ ਨੂੰ ਬਹੁਤ ਚੰਗੀ ਤਰ੍ਹਾਂ ਨਿਭਾਇਆ। ਪੰਜਾਬ ਦੇ ਲੜਾਕੂ ਕਬੀਲਿਆਂ ਵਿਚ ਬਹੁਤੀ ਗਿਣਤੀ ਕਿਸਾਨਾਂ ਦੀ ਹੈ ਤੇ ਉਹੀ ਬਹੁਤਾ ਕਰਕੇ ਫੌਜਾਂ ਵਿਚ ਭਰਤੀ ਹੁੰਦੇ ਹਨ। ਨਾ ਕੇਵਲ ਪ੍ਰਾਚੀਨ ਜਾਂ ਅੰਗਰੇਜ਼ੀ ਰਾਜ ਦੇ ਸਮੇਂ ਵਿਚ, ਸਗੋਂ ਸੁਤੰਤਰਤਾ ਤੋਂ ਬਾਅਦ ਵੀ ਹਰੇਕ ਖਤਰੇ ਤੇ ਲੜਾਈ ਦੇ ਸਮੇਂ ਪੰਜਾਬੀ ਕਿਸਾਨਾਂ ਨੇ ਹੀ ਦੇਸ਼ ਦੀ ਰੱਖਿਆ ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ ਹੈ ਤੇ ਖਿੜੇ ਮੱਥੇ ਤਨ, ਮਨ ਤੇ ਧਨ ਦੀ ਕੁਰਬਾਨੀ ਦਿੱਤੀ ਹੈ।
ਪਰੰਤੂ ਰੱਖਿਆ ਦੇ ਖੇਤਰ ਤੋਂ ਬਾਅਦ ਪੰਜਾਬ ਦੇ ਕਿਸਾਨਾਂ ਨੇ ਖੇਤੀਬਾੜੀ ਦੇ ਖੇਤਰ ਵਿਚ ਆਪਣੇ ਦੇਸ਼ ਦੀ ਜੋ ਸੇਵਾ ਕੀਤੀ ਹੈ, ਉਹ ਇਸ ਤੋਂ ਵੀ ਮਹਾਨ ਹੈ। 1947 ਵਿਚ ਦੇਸ਼ ਦੀ ਵੰਡ ਨਾਲ ਸਾਡੇ ਦੇਸ਼ ਵਿਚ ਅਨਾਜ ਦੀ ਉਪਜ ਬਹੁਤ ਘੱਟ ਗਈ ਸੀ, ਇੱਥੋਂ ਤਕ ਕਿ 1950 ਤੋਂ 1965 ਵਿਚਲੇ ਪੰਦਰਾਂ ਵਰ੍ਹਿਆਂ ਵਿਚ ਸਾਨੂੰ ਵੀਹ ਖਰਬ ਰੁਪਏ ਦੀ ਕਣਕ, ਚਾਵਲ ਤੇ ਹੋਰ ਅਨਾਜ ਬਾਹਰਲੇ ਦੇਸ਼ਾਂ ਤੋਂ ਮੰਗਵਾਉਣਾ ਪਿਆ ਅਤੇ ਇੰਨੇ ਨਾਲ ਵੀ ਅਸੀਂ ਆਪਣੀ ਭੁੱਖ-ਨੰਗ ਦੂਰ ਨਾ ਕਰ ਸਕੇ। ਹਰ ਦੇਸ਼ ਨੂੰ ਖੁਰਾਕ ਦੇ ਮਾਮਲੇ ਵਿਚ ਆਪਣੇ ਆਪ ਤੇ ਨਿਰਭਰ ਹੋਣਾ ਅਤਿਅੰਤ ਜ਼ਰੂਰੀ ਹੈ। ਖੁਰਾਕ ਤਾਂ ਮਨੁੱਖ ਦੀ ਮੁੱਢਲੀ ਲੋੜ ਹੈ। ਭੁੱਖੇ ਪੇਟ ਨਾਲ ਤਾਂ ਈਸ਼ਵਰ ਦੀ ਭਗਤੀ ਵੀ ਨਹੀਂ ਹੁੰਦੀ। ਇਹੋ ਕਾਰਨ ਹੈ ਕਿ ਪਾਕਿਸਤਾਨ ਦੀ ਜੰਗ ਸਮੇਂ ‘ਜੈ ਜਵਾਨ’ ‘ਜੈ ਕਿਸਾਨ’ ਦਾ ਨਾਰਾ ਜੋੜਿਆ ਗਿਆ ਸੀ। ਇਸ ਤੋਂ ਬਾਅਦ ਸਾਡੇ ਦੇਸ਼ ਨੇ ਉਪਜ ਵਧਾਉਣ ਲਈ ਬੜਾ ਵੱਡਾ ਹੰਭਲਾ ਮਾਰਿਆ। 1967 ਵਿਚ ਸਾਡੀ ਅੰਨ ਦੀ ਉਪਜ ਲਗਭਗ ਅਠ ਕਰੋੜ ਟਨ ਸੀ, ਜੋ ਬਾਰਾਂ ਸਾਲਾਂ ਵਿਚ ਅਰਥਾਤ 1979 ਤਕ ਸਾਢੇ ਤੇਰਾਂ ਕਰੋੜ ਟਨ ਹੋ ਗਈ। ਇਹ ਵਾਧਾ ਲਗਭਗ 69 ਪ੍ਰਤਿਸ਼ਤ ਬਣਦਾ ਹੈ। ਪਰ ਜਦ ਅਸੀਂ ਵੇਖਦੇ ਹਾਂ ਕਿ ਇਸ ਸਮੇਂ ਵਿਚ ਪੰਜਾਬ ਦੇ ਕਿਸਾਨ ਨੇ ਇਥੇ ਹਰਾ ਇਨਕਲਾਬ ਲਿਆ ਕੇ ਇਸ ਵਿਚ ਕਿੰਨਾ ਹਿੱਸਾ ਪਾਇਆ ਹੈ, ਤਾਂ ਸਾਡੇ ਮੂੰਹੋਂ ਸੁੱਤੇ-ਸਿਧ ਵਾਹਵਾ ਤੇ ਸ਼ਾਬਾਸ਼ ਦੇ ਸ਼ਬਦ ਨਿਕਲਦੇ ਹਨ।
ਦੇਸ਼ ਦੀ ਵੰਡ ਵੇਲੇ ਦੋ ਤਿਹਾਈ ਪੰਜਾਬ ਅਤੇ ਲਾਇਲਪੁਰ, ਮਿੰਟਗੁਮਰੀ ਤੇ ਸਰਗੋਧੇ ਦੀਆਂ ਉਪਜਾਊ ਬਾਰਾਂ ਪਾਕਿਸਤਾਨ ਵਿਚ ਚਲੀਆਂ ਗਈਆਂ ਸਨ। 1947 ਤੋਂ ਲੈ ਕੇ 1952 ਤਕ ਅੰਨ ਦੇ ਮਾਮਲੇ ਵਿਚ ਬਾਕੀ ਦੇ ਭਾਰਤ ਵਾਂਗ ਪੰਜਾਬ ਵੀ ਘਾਟੇ ਦਾ ਸੂਬਾ ਸੀ। ਪਰੰਤੂ ਜਦ ਵੰਡ ਤੋਂ ਬਾਅਦ ਹੋਈ ਉਥਲ ਪੁਥਲ ਦੇ ਫਟ ਮਿਲ ਗਏ ਤੇ ਪੱਛਮੀ ਪੰਜਾਬ ਤੋਂ ਉਜੱੜ ਕੇ ਆਏ ਕਿਸਾਨ ਪੂਰੀ ਤਰ੍ਹਾਂ ਆਬਾਦ ਹੋ ਗਏ, ਤਾਂ ਉਨ੍ਹਾਂ ਨੇ ਖੇਤੀਬਾੜੀ ਦੀ ਉਪਜ ਵਧਾਉਣ ਲਈ ਇੱਕ ਤਕੜਾ ਹੱਲਾ ਮਾਰਿਆ। ਪੰਜਾਬ ਦਾ ਕਿਸਾਨ ਕੁਦਰਤੋਂ ਹੀ ਬੜਾ ਰਿਸਟ-ਪੁਸ਼ਟ, ਬਲਵਾਨ, ਖੁਲ੍ਹੇ ਕਦ- ਕਾਠ ਵਾਲਾ ਤੇ ਨਰੋਆ ਹੈ। ਉਹ ਹੱਡ ਭੰਨਵੀਂ ਮਿਹਨਤ ਕਰਨੀ ਜਾਣਦਾ ਹੈ। ਉਸ ਨੇ ਆਪਣੇ ਇਨ੍ਹਾਂ ਗੁਣਾਂ ਨੂੰ ਪੂਰੀ ਵਰਤੋਂ ਵਿਚ ਲਿਆਂਦਾ। ਸਰਕਾਰ ਨੇ ਵੀ ਪਾਣੀ, ਬਿਜਲੀ, ਨਰੋਏ ਬੀਜਾਂ ਅਤੇ ਰਸਾਇਣਕ ਖਾਦਾਂ ਦਾ ਪ੍ਰਬੰਧ ਕਰਕੇ ਤੇ ਲੋੜ ਅਨੁਸਾਰ ਕਰਜ਼ੇ ਦੇ ਕੇ ਉਸ ਦੀ ਸਹਾਇਤਾ ਕੀਤੀ। ਨਤੀਜੇ ਵਜੋਂ ਅਸੀਂ ਵੇਖਦੇ ਹਾਂ ਕਿ ਜਿੱਥੇ ਸਾਰੇ ਭਾਰਤ ਵਿਚ 1967 ਤੋਂ 1979 ਵਿਚਕਾਰ ਬਾਰਾਂ ਵਰ੍ਹਿਆਂ ਵਿਚ ਅਨਾਜ ਦੀ ਉਪਜ ਵਿਚ 69 ਪ੍ਰਤਿਸ਼ਤ ਵਾਧਾ ਹੋਇਆ, ਉਥੇ ਪੰਜਾਬ ਵਿਚ ਕਣਕ ਦੀ ਉਪਜ ਜੋ 1975 ਵਿਚ ਉਨੀ ਲੱਖ ਟਨ ਸੀ, 1979 ਵਿਚ ਅਰਥਾਤ ਚੌਦਾਂ ਵਰ੍ਹਿਆਂ ਦੇ ਅੰਦਰ 72 ਲੱਖ ਟਨ ਹੋ ਗਈ ਤੇ 1982 ਵਿਚ ਇਹ ਵਧ ਕੇ 83 ਲੱਖ ਟਨ ਹੋ ਗਈ। ਸਤਾਰਾਂ ਵਰ੍ਹਿਆਂ ਵਿਚ ਇਹ ਸਾਢੇ ਚਾਰ ਗੁਣਾਂ ਵਾਧਾ ਭਾਰਤ ਵਿਚ ਹੀ ਨਹੀਂ, ਸਾਰੀ ਦੁਨੀਆਂ ਵਿਚ ਰਿਕਾਰਡ ਹੈ ਤੇ ਪੰਜਾਬੀ ਕਿਸਾਨਾਂ ਦੀ ਮਿਹਨਤ ਤੇ ਸੂਝ-ਬੂਝ ਦੀ ਮੂੰਹ-ਬੋਲਦੀ ਤਸਵੀਰ ਹੈ। ਇਹ ਗੱਲ ਨਿਰੀ ਕਣਕ ਬਾਰੇ ਹੀ ਨਹੀਂ, ਸਗੋਂ ਚਾਵਲ ਦੇ ਮਾਮਲੇ ਵਿਚ ਕਣਕ ਨਾਲੋਂ ਹੀ ਵਧੇਰੇ ਸੱਚ ਹੈ। 1960 ਵਿਚ ਸਾਡੇ ਪ੍ਰਾਂਤ ਵਿਚ ਕੇਵਲ ਢਾਈ ਲੱਖ ਟਨ ਚਾਵਲ ਦੀ ਉਪਜ ਹੋਈ ਸੀ, ਜੋ 1979 ਵਿਚ ਵਧ ਕੇ ਤੀਹ ਲੱਖ ਟਨ ਹੋ ਗਈ। ਉਨੀ ਵਰ੍ਹੇ ਵਿਚ ਇਹ ਬਾਰਾਂ ਗੁਣਾਂ ਵਾਧਾ ਪੰਜਾਬ ਦੇ ਕਿਸਾਨਾਂ ਲਈ ਵੱਡੇ ਫਖਰ ਦੀ ਗੱਲ ਹੈ। 1981 ਵਿਚ ਚਾਵਲ ਦੀ ਉਪਜ ਵਿਚ ਹੋਰ ਦਸ ਲੱਖ ਟਨ ਦਾ ਵਾਧਾ ਹੋਇਆ।
ਪੰਜਾਬੀ ਕਿਸਾਨਾਂ ਦੀ ਮਿਹਨਤ ਦਾ ਪੂਰਾ ਅਨੁਮਾਨ ਲਾਉਣ ਲਈ ਸਾਨੂੰ ਕੁਝ ਹੋਰ ਤੱਥਾਂ ਤੇ ਵੀ ਵਿਚਾਰ ਕਰਨੀ ਪਏਗਾ। ਪੰਜਾਬ ਦਾ ਖੇਤਰਫਲ ਭਾਰਤ ਦੇ ਕੁਲ ਰਕਬੇ ਦਾ ਡੇਢ ਪ੍ਰਤਿਸ਼ਤ ਹੈ। ਅਤੇ ਇਸ ਦੀ ਵਾਹੀ – ਹੇਠ ਭੁਇੰ ਦੇਸ ਦੀ ਕੁਲ ਵਾਹੀ ਯੋਗ ਭੁਇੰ ਦਾ ਲਗਭਗ ਤਿੰਨ ਪ੍ਰਤਿਸ਼ਤ ਹੈ।ਇਸ ਦੇ ਬਾਵਜੂਦ ਸਾਲ 1979 ਵਿਚ ਪੰਜਾਬ ਨੇ ਇਕ ਕਰੋੜ ਦਸ ਲੱਖ ਟਨ ਅਨਾਜ ਪੈਦਾ ਕੀਤਾ ਹੈ, ਜੋ ਭਾਰਤ ਦੀ ਸਾਰੀ ਉਪਜ ਦਾ ਅੱਠ ਪ੍ਰਤਿਸ਼ਤ ਹੈ। ਪੰਜਾਬ ਦੀ ਆਪਣੀ ਲੋੜ ਕੇਵਲ ਵੀਹ ਲੱਖ ਟਨ ਹੈ, ਜਿਸ ਦਾ ਭਾਵ ਇਹ ਹੈ ਕਿ ਪੰਜਾਬ ਲਗਭਗ ਇਕ ਕਰੋੜ ਟਨ ਅਨਾਜ ਦੇਸ਼ ਦੇ ਹੋਰਨਾ ਪ੍ਰਾਂਤਾਂ ਨੂੰ ਦੇਂਦਾ ਹੈ। ਕੇਂਦਰੀ ਸਰਕਾਰ ਅਨਾਜ ਦਾ ਜੋ ਸੁਰੱਖਿਅਤ ਭੰਡਾਰ ਬਣਾਉਂਦੀ ਹੈ ਤੇ ਜਿਸ ਵਿੱਚੋਂ ਘੱਟ ਉਪਜ ਵਾਲੇ ਪ੍ਰਾਂਤਾਂ ਨੂੰ ਅਨਾਜ ਦਿੱਤਾ ਜਾਂਦਾ ਹੈ, ਉਹਦੇ ਵਿਚ ਪੰਜਾਬ ਲਗਭਗ 70 ਪ੍ਰਤਿਸ਼ਤ ਕਣਕ ਤੇ 50 ਪ੍ਰਤਿਸ਼ਤ ਚਾਵਲ ਦੇਂਦਾ ਹੈ। ਇਸ ਤਰ੍ਹਾਂ ਪੰਜਾਬ ਦੇ ਕਿਸਾਨਾਂ ਦੇ ਦੇਸ਼ ਵਿਚ ਅਨਾਜ ਦੀ ਕਮੀ ਪੂਰੀ ਕਰਨ ਵਿਚ ਮਹੱਤਵਪੂਰਨ ਹਿੱਸਾ ਪਾਇਆਂ ਹੈ। ਇਸ ਨਾਲ ਸਾਨੂੰ ਨਾ ਕੇਵਲ ਬਾਹਰਲੇ ਦੇਸ਼ਾਂ ਤੋਂ ਅਨਾਜ ਮੰਗਵਾਉਣ ਦੀ ਕੋਈ ਲੋੜ ਨਹੀਂ ਰਹੀ ਤੇ ਬਹੁਤ ਬਹੁਮੁੱਲ ਵਿਦੇਸ਼ੀ ਸਿੱਕੇ ਦੀ ਬੱਚਤ ਹੋਈ ਹੈ, ਸਗੋਂ ਹੋਰਨਾਂ ਦੇਸ਼ਾਂ ਵਿਚ ਸਾਡਾ ਮਾਣ, ਪ੍ਰਤਿਸ਼ਠਾ ਤੇ ਸਾਖ ਵੀ ਵਧੀ ਹੈ।
ਉਪਜ ਨਾਲੋਂ ਵੀ ਵਧੇਰੇ ਹੈਰਾਨ ਵਾਲੀ ਗੱਲ ਪੰਜਾਬ ਦੇ ਕਿਸਾਨਾਂ ਦੀ ਉਪਜਾਇਕਤਾ ਦੀ ਮਾਤਰਾ ਹੈ। ਵਾਹੀ ਦੇ ਨਵੀਨ ਢੰਗਾਂ, ਰਸਾਇਣਕ ਖਾਦਾਂ,ਕੀੜੇ-ਮਾਰ ਦਵਾਈਆਂ ਅਨਾਜ ਦੀਆਂ ਬੌਣੀਆਂ ਕਿਸਮਾਂ ਤੇ ਖੇਤੀਬਾੜੀ ਦੇ ਨਵੀਨ ਸੰਦਾਂ, ਜਿਹਾ ਕਿ ਟਿਊਬਵੈਲਾਂ, ਟਰੈਕਟਰਾਂ, ਕੰਬਾਈਨ ਹਾਰਵੈਸਟਰਾਂ ਤੇ ਥਰੈਸ਼ਰਾਂ ਆਦਿ ਦੀ ਵਰਤੋਂ ਕਰਕੇ ਪੰਜਾਬ ਦੇ ਕਿਸਾਨਾਂ ਨੇ ਇੰਨੀ ਘਣੀ ਖੇਤੀ ਕੀਤੀ ਹੈ ਕਿ ਫਸਲਾਂ ਦਾ ਪ੍ਰਤਿ ਏਕੜ ਝਾੜ ਸਾਰੇ ਸੰਸਾਰ ਦੇ ਔਸਤ ਝਾੜ ਨਾਲੋਂ ਵਧ ਕਰ ਵਿਖਾਇਆ ਹੈ। ਕਣਕ ਵਿਚ ਸਾਰੇ ਸੰਸਾਰ ਦਾ ਔਸਤ ਝਾੜ 736 ਕਿੱਲੋਗ੍ਰਾਮ ਤੇ ਧਾਨ ਵਿਚ 1047 ਕਿੱਲੋਗ੍ਰਾਮ ਹੈ। ਜਦਕਿ ਪੰਜਾਬ ਵਿਚ ਕਣਕ ਦਾ ਝਾੜ 1087 ਕਿਲੋਗ੍ਰਾਮ ਤੇ ਧਾਨ ਦਾ 1845 ਕਿਲੋਗ੍ਰਾਮ ਹੈ। ਭਾਰਤ ਦੇ ਬਾਕੀ ਹਿੱਸੇ ਵਿਚ ਤਾਂ ਝਾੜ ਹੋਰ ਵੀ ਘੱਟ ਹੈ। ਪੰਜਾਬ ਵਿਚ ਸਭ ਫਸਲਾਂ ਦਾ ਔਸਤ ਝਾੜ ਭਾਰਤ ਦੇ ਔਸਤ ਝਾੜ ਨਾਲੋਂ ਸਵਾ ਦੋ ਗੁਣਾਂ ਜਾਂ 326 ਕਿਲੋਗ੍ਰਾਮ ਦੇ ਮੁਕਾਬਲੇ 752 ਕਿੱਲੋਗ੍ਰਾਮ ਹੈ। ਜਦ ਅਸੀਂ ਇਸ ਗੱਲ ਦਾ ਖਿਆਲ ਕਰੀਏ ਕਿ ਵਾਹੀ-ਯੋਗ ਭੁਇੰ ਸੀਮਿਤ ਹੈ ਅਤੇ ਅੰਨ ਦੀ ਉਪਜ ਵਧਾਉਣ ਦਾ ਹੁਣ ਇਕੋ ਇਕ ਸਾਧਨ ਉਪਜਾਇਕਤਾ ਵਿਚ ਵਾਧਾ ਕਰਨਾ ਰਹਿ ਗਿਆ ਹੈ, ਤਾਂ ਸਾਨੂੰ ਸੰਘਣੀ ਖੇਤੀ ਦੀ ਮਹੱਤਤਾ ਦਾ ਸਹੀ ਅਨੁਮਾਨ ਹੋ ਜਾਏਗਾ। ਪੰਜਾਬ ਦਾ ਕਿਸਾਨ ਇਸ ਪੱਖ ਵਿਚ ਦੇਸ਼ ਦੇ ਹੋਰ ਕਿਸਾਨਾਂ ਲਈ ਪ੍ਰੇਰਨਾ ਤੇ ਉਤਸ਼ਾਹ ਦਾ ਸੋਮਾ ਹੈ।
ਪੰਜਾਬ ਦੇ ਕਿਸਾਨਾਂ ਨੇ ਕੇਵਲ ਪੰਜਾਬ ਵਿਚ ਹੀ ਨਹੀਂ ਬਲਕਿ ਦੇਸ਼ ਦੇ ਹੋਰ ਹਿੱਸਿਆਂ ਵਿਚ ਵੀ ਅੰਨ ਦੀ ਉਪਜ ਵਧਾਉਣ ਵਿਚ ਬਹੁਤ ਵੱਡਾ ਹਿਸਾ ਪਾਇਆ ਹੈ। ਦੇਸ਼ ਦੀ ਵੰਡ ਤੋਂ ਬਾਅਦ ਲੱਖਾਂ ਪੰਜਾਬੀ ਕਿਸਾਨ ਹਿਸਾਰ, ਕਰਨਾਲ, ਕੁਰਖਸ਼ੇਤਰ ਤੇ ਹਰਿਆਣੇ ਦੇ ਹੋਰ ਜ਼ਿਲ੍ਹਿਆਂ ਵਿਚ ਆਬਾਦ ਹੋਏ। ਇਸ ਪ੍ਰਾਂਤ ਦੀ ਬਹੁਤ ਸਾਰੀ ਭੁਇੰ ਗੈਰ-ਆਬਾਦ ਪਈ ਸੀ ਤੇ ਇਥੇ ਬਹੁਤਾ ਕਰਕੇ ਜਵਾਰ, ਬਾਜਰਾ, ਮੱਕੀ, ਛੋਲੇ ਤੇ ਜੌਂ ਮੋਟਾ ਅਨਾਜ ਹੀ ਪੈਦਾ ਹੁੰਦਾ ਸੀ। ਜਦ ਇਹ ਭੁਇੰ ਪੰਜਾਬ ਕਿਸਾਨਾਂ ਨੂੰ ਅਲਾਟ ਹੋਈ, ਤਾਂ ਉਨ੍ਹਾਂ ਨੇ ਸਖਤ ਪਰਿਸ਼ਰਮ ਕਰਕੇ ਜੰਗਲ ਸਾਫ ਕੀਤੇ, ਭੁਇੰ ਨੂੰ ਵਾਹੀ ਯੋਗ ਬਣਾਇਆ ਤੇ ਖੇਤੀ ਬਾੜੀ ਦੇ ਨਵੀਨ ਢੰਗ ਵਰਤ ਕੇ ਕਣਕ ਤੇ ਚੌਲਾਂ ਦੀਆਂ ਫਸਲਾਂ ਦੀ ਲਹਿਰ ਬਹਿਰ ਲਾ ਦਿੱਤੀ। ਉਨ੍ਹਾਂ ਦੀ ਮਿਹਨਤ ਤੇ ਨਵੇਂ ਢੰਗ ਤੋਂ ਸਥਾਨਕ ਕਿਸਾਨਾਂ ਨੂੰ ਵੀ ਉਤਸ਼ਾਹ ਮਿਲਿਆ। ਹੁਣ ਹਾਲਤ ਇਹ ਹੈ ਕਿ ਫਸਲਾਂ ਦੀ ਉਪਜ ਵਿਚ ਪੰਜਾਬ ਤੋਂ ਬਾਅਦ ਦੂਜਾ ਨੰਬਰ ਹਰਿਆਣੇ ਦਾ ਹੈ। ਹਰਿਆਣੇ ਤੋਂ ਛੁਟ ਪੰਜਾਬੀ ਕਿਸਾਨਾਂ ਨੇ ਰਾਜਸਥਾਨ ਦੇ ਜ਼ਿਲ੍ਹਾ ਗੰਗਾ ਨਗਰ ਤੇ ਉਤੱਰ ਪ੍ਰਦੇਸ਼ ਦੇ ਤਰਾਈ ਦੇ ਇਲਾਕੇ ਵਿਚ ਵੀ ਜੰਗਲ ਸਾਫ ਕਰਕੇ ਵਾਹੀ ਯੋਗ ਭੁਇੰ ਵਿਚ ਅੰਤਾਂ ਦਾ ਵਾਧਾ ਕੀਤਾ ਹੈ।
ਪੰਜਾਬੀ ਕਿਸਾਨਾਂ ਨੇ ਸਹੀ ਅਰਥਾਂ ਵਿਚ ‘ਜੈ ਜਵਾਨ, ਜੈ ਕਿਸਾਨ’ ਦਾ ਨਾਅਰਾ ਅਪਣਾ ਲਿਆ ਹੈ ਤੇ ਇਸ ਨੂੰ ਅਸਲੀ ਰੂਪ ਦਿੱਤਾ ਹੈ। ਪਿਛਲੇ ਪੰਦਰਾਂ ਸਾਲਾਂ ਦੀ ਮਿਹਨਤ ਨਾਲ ਪੰਜਾਬ ਘਾਟੇ ਦੇ ਸੂਬੇ ਤੋਂ ਮੁੜ ਕੇ ‘ਭਾਰਤ ਦਾ ਅੰਨ-ਗੁਦਾਮ’ ਬਣ ਗਿਆ ਹੈ। ਭਾਰਤ ਵਿਚ ‘ਹਰਾ ਇਨਕਲਾਬ’, ਜੋ ਅਸਲ ਵਿਚ ‘ਕਣਕ ਇਨਕਲਾਬ’ ਹੈ, ਬਹੁਤਾ ਕਰਕੇ ਪੰਜਾਬੀ ਕਿਸਾਨਾਂ ਦੀ ਦੇਣ ਹੈ ਤੇ ਹੁਣ ਪੰਜਾਬ ਦੇ ਕਿਸਾਨ ‘ਚਿੱਟਾ ਇਨਕਲਾਬ’ ਲਿਆਉਣ ਜਾਂ ਦੁੱਧ ਦੇ ਦਰਿਆ ਵਗਾਉਣ ਦੇ ਮਾਮਲੇ ਵਿਚ ਵੀ ਮੋਹਰੀ ਹੋਣ ਦਾ ਮਾਣ ਪ੍ਰਾਪਤ ਕਰ ਰਹੇ ਹਨ।
ਪੰਜਾਬੀ ਕਿਸਾਨ ਜ਼ਿੰਦਾਬਾਦ।