ਲੇਖ : ਪ੍ਰਦੂਸ਼ਣ

ਪ੍ਰਦੂਸ਼ਣ

ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥

ਜਾਣ-ਪਛਾਣ : ਪ੍ਰਦੂਸ਼ਣ ਤੋਂ ਭਾਵ ਹੈ, ਵਾਤਾਵਰਨ ਦਾ ਗੰਧਲਾ ਹੋਣਾ, ਦੂਸ਼ਿਤ ਹੋਣਾ, ਖਰਾਬ ਹੋਣਾ। ਵਾਤਾਵਰਨ ਵਿੱਚ ਕੁਦਰਤ ਵੱਲੋਂ ਮਿਲੀਆਂ ਮੁਫ਼ਤ ਸ਼ੁੱਧ ਤੇ ਅਨਮੋਲ ਨਿਆਮਤਾਂ-ਮਿੱਟੀ, ਪਾਣੀ, ਹਵਾ, ਅੱਗ (ਸੂਰਜ ਦੀ ਤਪਸ਼) ਅਤੇ ਹੋਰ ਕਈ ਕਿਸਮ ਦੀਆਂ ਊਰਜਾਵਾਂ ਸ਼ਾਮਲ ਹਨ। ਮਨੁੱਖਾਂ ਸਮੇਤ ਸਾਰੇ ਜੀਵਾਂ ਅਤੇ ਬਨਸਪਤੀਆਂ ਦੀ ਹੋਂਦ ਤਾਂ ਹੀ ਸੰਭਵ ਹੈ ਜੇਕਰ ਇਨ੍ਹਾਂ ਦੀ ਹੋਂਦ ਸ਼ੁੱਧ ਹੋਵੇ। ਧਰਤੀ ਉੱਤੇ ਢੁੱਕਵਾਂ ਵਾਤਾਵਰਨ ਪੈਦਾ ਹੋਣ ਲਈ ਕਰੋੜਾਂ ਸਾਲ ਲੱਗ ਗਏ ਪਰ ਅੱਜ ਦੇ ਸਵਾਰਥੀ ਅਤੇ ਲਾਲਚੀ ਮਨੁੱਖ ਨੇ ਕੁਝ ਸਮੇਂ ਵਿੱਚ ਹੀ ਇਸ ਦੇ ਸ਼ੁੱਧ ਸਰੂਪ ਵਾਤਾਵਰਨ ਦਾ ਨਾਸ਼ ਕਰ ਦਿੱਤਾ ਹੈ ਅਤੇ ਸਾਰੀ ਧਰਤੀ ਉੱਤੇ ਸਮੁੱਚੇ ਜੀਵ-ਜੰਤੂ ਅਤੇ ਬਨਸਪਤੀ ਦੀ ਹੋਂਦ ਨੂੰ ਖ਼ਤਰੇ ਵਿੱਚ ਪਾ ਦਿੱਤਾ ਹੈ। ਪ੍ਰਕਿਰਤਕ ਵਾਤਾਵਰਨ ਵਿੱਚ ਤਬਦੀਲੀਆਂ ਆ ਗਈਆਂ ਹਨ, ਜਿਸ ਨਾਲ ਵਾਤਾਵਰਨ ਵਿੱਚ ਗੰਧਲਾਪਨ ਆ ਗਿਆ ਹੈ ਤੇ ਜੀਵਾਂ ਤੇ ਬਨਸਪਤੀ ‘ਤੇ ਬਹੁਤ ਹੀ ਭੈੜਾ ਅਸਰ ਪੈ ਰਿਹਾ ਹੈ। ਇਹ ਦੂਸ਼ਿਤ ਹੋਇਆ ਵਾਤਾਵਰਨ ਹੀ ਪ੍ਰਦੂਸ਼ਣ ਹੈ। ਅੱਜ ਪ੍ਰਦੂਸ਼ਿਤ ਵਾਤਾਵਰਨ ਸਮੁੱਚੇ ਦੇਸ਼ ਲਈ ਚੁਣੌਤੀ ਬਣ ਗਿਆ ਹੈ।

ਕਾਰਨ : ਸਵਾਲ ਇਹ ਪੈਦਾ ਹੁੰਦਾ ਹੈ ਕਿ ਵਾਤਾਵਰਨ ਪ੍ਰਦੂਸ਼ਿਤ ਕਿਵੇਂ ਹੋਇਆ ? ਜ਼ਾਹਿਰ ਹੈ ਧਰਤੀ ਉੱਤੇ ਵਧਦੀ ਅਬਾਦੀ, ਵਿਗਿਆਨਕ ਵਿਕਾਸ, ਕਾਰਖਾਨੇ ਅਤੇ ਆਵਾਜਾਈ ਦੇ ਸਾਧਨਾਂ ਦਾ ਵਧਣਾ, ਦਰੱਖਤਾਂ ਦਾ ਘਟਣਾ, ਮਨੁੱਖ ਦੀ ਸਵਾਰਥੀ ਸੋਚ, ਨਕਲੀ ਵਸਤਾਂ ਦੀ ਭਰਮਾਰ, ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ, ਨਾੜ ਨੂੰ ਅੱਗ, ਕੀੜੇਮਾਰ ਦਵਾਈਆਂ ਦਾ ਪ੍ਰਯੋਗ, ਕੈਮੀਕਲ ਯੁਕਤ ਮੂਰਤੀਆਂ ਦਾ ਵਿਸਰਜਨ, ਸੀਵਰੇਜ ਦਾ ਪਾਣੀ ਆਦਿ ਕਈ ਕਾਰਨ ਹਨ, ਜਿਨ੍ਹਾਂ ਨੇ ਵਾਤਾਵਰਨ ਪ੍ਰਦੂਸ਼ਿਤ ਕੀਤਾ ਹੈ।

ਕਿਸਮਾਂ : ਪ੍ਰਦੂਸ਼ਣ ਕਈ ਤਰ੍ਹਾਂ ਦਾ ਹੁੰਦਾ ਹੈ : ਹਵਾ, ਪਾਣੀ, ਸ਼ੋਰ, ਮਿੱਟੀ, ਰੇਡੀਓ ਐਕਟਿਵ, ਬਿਜਲੀ ਚੁੰਬਕ, ਓਜ਼ੋਨ ਵਿੱਚ ਮਘੋਰੇ ਆਦਿ।

ਹਵਾ ਪ੍ਰਦੂਸ਼ਣ : ਹਵਾ ਜੀਵਨ ਦਾ ਮੂਲ ਅਧਾਰ ਹੈ। ਕੋਲੇ, ਪੈਟਰੋਲ ਤੇ ਡੀਜ਼ਲ ਨਾਲ ਚੱਲਣ ਵਾਲੇ ਸਵੈ-ਚਾਲਕ ਯੰਤਰ, ਹਵਾ ਨੂੰ ਪ੍ਰਦੂਸ਼ਤ ਕਰ ਰਹੇ ਹਨ। ਉਦਯੋਗਾਂ ਦੀਆਂ ਚਿਮਨੀਆਂ ਵਿੱਚੋਂ ਨਿਕਲਣ ਵਾਲੇ ਧੂੰਏਂ, ਮੋਟਰ-ਗੱਡੀਆਂ, ਭੱਠੀਆਂ, ਕਾਰਖਾਨਿਆਂ ਦੇ ਧੂੰਏ, ਨਾੜ ਨੂੰ ਅੱਗ, ਰੂੜੀਆਂ ਨੂੰ ਅੱਗ ਆਦਿ ਵਾਯੂ ਮੰਡਲ ਵਿੱਚ ਸਲਫਰ, ਨਾਈਟ੍ਰੋਜਨ ਅਤੇ ਕਾਰਬਨ ਦੀ ਮਾਤਰਾ ਨੂੰ ਵਧਾ ਕੇ ਹਵਾ ਨੂੰ ਪ੍ਰਦੂਸ਼ਿਤ ਕਰ ਰਹੇ ਹਨ।

ਸਾਡੇ ਆਲੇ-ਦੁਆਲੇ ਦੀ ਹਵਾ ਵਿੱਚ ਜ਼ਹਿਰੀਲੇ ਕਣ ਅਤੇ ਗੈਸਾਂ ਮੌਜੂਦ ਹਨ ਜੋ ਮਨੁੱਖਾਂ ਦੇ ਨਾਲ-ਨਾਲ ਹਰ ਇੱਕ ਜੀਵ ਲਈ ਖਤਰਾ ਹਨ। ਸ਼ੁੱਧ ਹਵਾ ਸਾਨੂੰ ਰੁੱਖਾਂ ਤੋਂ ਮਿਲਦੀ ਹੈ ਕਿਉਂਕਿ ਰੁੱਖ ਆਕਸੀਜਨ ਛੱਡਦੇ ਹਨ ਤੇ ਕਾਰਬਨ ਡਾਈਆਕਸਾਈਡ ਸੋਖਦੇ ਹਨ। ਵਧਦੀ ਅਬਾਦੀ ਦੀ ਸਮੱਸਿਆ ਕਾਰਨ ਜੰਗਲ, ਬੇਲੇ, ਰੁੱਖ ਵੱਢੇ ਜਾ ਰਹੇ ਹਨ, ਇਸ ਨਾਲ ਹਵਾ ਦੀ ਸਵੱਛਤਾ ਦਾ ਸੋਮਾ ਖਤਮ ਹੋ ਰਿਹਾ ਹੈ। ਬੇਲੋੜੀ ਆਤਿਸ਼ਬਾਜ਼ੀ ਵੀ ਹਵਾ ਨੂੰ ਪ੍ਰਦੂਸ਼ਤ ਕਰ ਰਹੀ ਹੈ। ਮਿੱਲਾਂ, ਕਾਰਖਾਨਿਆਂ ਤੇ ਵਾਹਨਾਂ ਵਿੱਚੋਂ ਨਿਕਲਣ ਵਾਲੇ ਜ਼ਹਿਰੀਲੇ ਧੂੰਏਂ ਕਾਰਨ ਧਰਤੀ ਦਾ ਵਾਤਾਵਰਨ ਗਰਮ ਹੋ ਰਿਹਾ ਹੈ। ਧਰਤੀ ਦਾ ਤਾਪਮਾਨ ਵਧਣ ਨਾਲ ਧਰੁਵਾਂ ‘ਤੇ ਜੰਮੀ ਬਰਫ ਪਿਘਲ ਰਹੀ ਹੈ।

ਪ੍ਰਮਾਣੂ ਵਿਸਫੋਟ ਤੇ ਤਜਰਬਿਆਂ ਨੇ ਜ਼ਹਿਰੀਲੀਆਂ ਗੈਸਾਂ, ਐਲਫਾ, ਬੀਟਾ ਤੇ ਗਾਮਾ ਕਿਰਨਾਂ ਨੇ ਹਵਾ ਨੂੰ ਜ਼ਹਿਰੀਲਾ ਕਰ ਦਿੱਤਾ ਹੈ। ਸਫਾਈ ਵੱਲ ਵਿਸ਼ੇਸ਼ ਧਿਆਨ ਨਾ ਦਿੱਤੇ ਜਾਣ ਕਾਰਨ ਜਗ੍ਹਾ-ਜਗ੍ਹਾ ਗੰਦਗੀ ਦੇ ਢੇਰ ਹਵਾ ਨੂੰ ਪ੍ਰਦੂਸ਼ਿਤ ਕਰ ਰਹੇ ਹਨ। ਹਵਾ ਦਾ ਪ੍ਰਦੂਸ਼ਣ ਘਾਤਕ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ।

ਪਾਣੀ ਪ੍ਰਦੂਸ਼ਣ : ਪਾਣੀ ਦੀ ਮਹੱਤਤਾ ਬਾਰੇ ਗੁਰੂ ਨਾਨਕ ਦੇਵ ਜੀ ਲਿਖਦੇ ਹਨ :

ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭ ਕੋਇ।।

ਅੱਜ ਤੋਂ ਪੰਜਾਹ-ਸੱਠ ਸਾਲ ਪਹਿਲਾਂ ਸਾਡੇ ਦੇਸ਼ ਦੀਆਂ ਨਦੀਆਂ ਆਪਣੀ ਸਵੱਛਤਾ ਅਤੇ ਪਵਿੱਤਰਤਾ ਕਰਕੇ ਪੂਜੀਆਂ ਜਾਂਦੀਆਂ ਸਨ। ਲੋਕ ਇਨ੍ਹਾਂ ਵਿੱਚ ਇਸ਼ਨਾਨ ਕਰਨਾ ਪੁੰਨ ਸਮਝਦੇ ਸਨ। ਹੁਣ ਇਨ੍ਹਾਂ ਨਦੀਆਂ ਵਿੱਚ ਪੈਣ ਵਾਲੀ ਗੰਦਗੀ, ਕੂੜਾ-ਕਰਕਟ, ਸੀਵਰੇਜ ਅਤੇ ਕਾਰਖਾਨਿਆਂ ਵਿੱਚੋਂ ਨਿਕਲਣ ਵਾਲੇ ਜ਼ਹਿਰੀਲੇ ਪਾਣੀਆਂ ਨੇ ਅਤੇ ਨਦੀਆਂ ਵਿੱਚ ਧਾਰਮਕ ਭਾਵਨਾ ਅਧੀਨ ਕੋਈ ਨਾ ਕੋਈ ਵਸਤ ਸੁੱਟਣ ਜਾਂ ਕੈਮੀਕਲ ਯੁਕਤ ਮੂਰਤੀਆਂ ਦਾ ਵਿਸਰਜਨ ਕਰਨ ਨਾਲ ਇਨ੍ਹਾਂ ਨਦੀਆਂ ਦੇ ਪਾਣੀ ਦੂਸ਼ਿਤ ਹੋ ਗਏ ਹਨ। ਗੰਗਾ ਪਵਿੱਤਰ ਨਦੀ ਵੀ ਦੂਸ਼ਿਤ ਹੋ ਗਈ ਹੈ। ਇਸ ਦੀ ਸਾਫ਼-ਸਫ਼ਾਈ ਲਈ ਮੁਹਿੰਮ ਚੱਲ ਰਹੀ ਹੈ। ਪੰਜਾਬ ‘ਚ ਪਵਿੱਤਰ ਵੇਈਂ ਵੀ ਸੰਤ ਸੀਚੇਵਾਲ ਜੀ ਦੀ ਯੋਗ ਅਗਵਾਈ ਅਧੀਨ ਮੁੜ ਤੋਂ ਪਵਿੱਤਰ ਕੀਤੀ ਗਈ ਹੈ। ਨਦੀਆਂ ਵਿੱਚ ਵਿਚਰਨ ਵਾਲੇ ਜੀਵ ਵੀ ਪ੍ਰਦੂਸ਼ਣ ਦੀ ਮਾਰ ਹੇਠ ਆ ਗਏ ਹਨ। ਇਹ ਜਲ ਜੀਵ ਪਾਣੀ ਨੂੰ ਸਾਫ ਕਰਨ ਵਿੱਚ ਵੀ ਮਦਦ ਕਰਦੇ ਹਨ।

ਨਦੀਆਂ ਦਾ ਦੂਸ਼ਿਤ ਪਾਣੀ ਸਮੁੰਦਰਾਂ ਵਿੱਚ ਪੈਣ ਨਾਲ ਸਮੁੰਦਰਾਂ ਵਿੱਚ ਵੀ ਪ੍ਰਦੂਸ਼ਣ ਫੈਲ ਗਿਆ ਹੈ।

ਖੇਤਾਂ ਵਿੱਚ ਵਰਤੀਆਂ ਜਾਂਦੀਆਂ ਕੀਟਨਾਸ਼ਕ ਤੇ ਨਦੀਨਾਸ਼ਕ ਦਵਾਈਆਂ ਅਤੇ ਖਾਦਾਂ ਦਾ ਛਿੜਕਾਅ, ਧਰਤੀ ਹੇਠਲੇ ਪਾਣੀ ਵਿੱਚ ਰਲ ਗਿਆ ਹੈ। ਧਰਤੀ ਹੇਠਲਾ ਪਾਣੀ ਹੋਰ ਡੂੰਘਾ ਵੀ ਹੁੰਦਾ ਜਾ ਰਿਹਾ ਹੈ। ਅੱਜ ਕਈ ਸ਼ਹਿਰਾਂ ਦਾ ਪਾਣੀ ਵਰਤਣਯੋਗ ਨਹੀਂ ਹੈ।

ਭੂਮੀਂ ਪ੍ਰਦੂਸ਼ਣ : ਮਨੁੱਖ ਦੀ ਲਾਪਰਵਾਹੀ, ਪੈਸੇ ਦਾ ਲਾਲਚ, ਸੁਆਰਥੀ ਸੋਚ ਤਹਿਤ ਭੂਮੀਂ-ਪ੍ਰਦੂਸ਼ਣ ਵਧ ਰਿਹਾ ਹੈ। ਬੇਲੋੜੀਆਂ ਜਾਂ ਰੱਦੀ ਹੋਈਆਂ ਵਸਤਾਂ ਤੋਂ ਇਹ ਪ੍ਰਦੂਸ਼ਣ ਫੈਲ ਰਿਹਾ ਹੈ। ਸਨਅਤੀ ਅਦਾਰੇ ਕਈ-ਕਈ ਟਨ ਠੋਸ ਪਦਾਰਥ ਰੱਦੀ ਕਰਕੇ ਸੁੱਟਦੇ ਹਨ। ਕਾਗਜ਼ ਅਤੇ ਗੱਤੇ ਦੀਆਂ ਮਿੱਲਾਂ, ਤੇਲ ਸੋਧਕ ਕਾਰਖਾਨੇ, ਢਲਾਈ ਦੇ ਕਾਰਖਾਨੇ, ਕਚਰਾ, ਸੁਆਹ ਬਾਹਰ ਧਰਤੀ ‘ਤੇ ਹੀ ਸੁੱਟ ਦਿੰਦੇ ਹਨ। ਹਸਪਤਾਲਾਂ ਵਿਚਲਾ ਕੂੜਾ ਕਰਕਟ ਅਤੇ ਇਸ ਤੋਂ ਇਲਾਵਾ ਘਰੇਲੂ ਕੂੜਾ ਕਰਕਟ, ਟੁੱਟ-ਭੱਜ, ਫਰਨੀਚਰ, ਪਲਾਸਟਿਕ, ਪਲਾਸਟਿਕ ਦੇ ਲਿਫਾਫੇ, ਕਬਾੜ ਆਦਿ ਮਿੱਟੀ ਨੂੰ ਪ੍ਰਦੂਸ਼ਿਤ ਕਰਦੇ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਨੁਕਸਾਨਦਾਇਕ ਹਨ –  ਪਲਾਸਟਿਕ ਦੇ ਲਿਫਾਫੇ ਜੋ ਨਾ ਮਿੱਟੀ ਵਿੱਚ ਹੀ ਗਲਦੇ ਹਨ ਤੇ ਨਾ ਹੀ ਸੜਦੇ ਹਨ। ਇਸ ਤੋਂ ਇਲਾਵਾ ਕਣਕਾਂ ਤੇ ਪਰਾਲੀ ਦੇ ਨਾੜ ਸਾੜਨ ਨਾਲ ਵੀ ਉਪਜਾਊ ਸ਼ਕਤੀ ਨਸ਼ਟ ਹੋ ਜਾਂਦੀ ਹੈ।

ਇਸ ਤੋਂ ਇਲਾਵਾ ਪ੍ਰਮਾਣੂ ਤਜਰਬੇ, ਰੁੱਖਾਂ ਦਾ ਸਫਾਇਆ, ਇਮਾਰਤਾਂ ਦੀ ਉਸਾਰੀ, ਸੜਕਾਂ ਦਾ ਨਿਰਮਾਣ ਮਿੱਟੀ ਨੂੰ ਪ੍ਰਦੂਸ਼ਤ ਕਰ ਰਿਹਾ ਹੈ।

ਇਸ ਤੋਂ ਇਲਾਵਾ ਰੇਡੀਓ ਐਕਟਿਵ ਪ੍ਰਦੂਸ਼ਣ ਜੋ ਕਿ ਪ੍ਰਮਾਣੂ ਹਥਿਆਰਾਂ ਤੇ ਨਿਊਕਲੀਅਰ ਪਾਵਰ ਪਲਾਟਾਂ ਤੋਂ ਪੈਦਾ ਹੋ ਰਿਹਾ ਹੈ, ਮਨੁੱਖ ਲਈ ਖ਼ਤਰਨਾਕ ਹੈ। ਖ਼ਰਾਬ ਹੋਈਆਂ ਫਰਿਜਾਂ, ਏ.ਸੀ. ਵਿੱਚੋਂ ਮਿਲਦੀਆਂ ਗੈਸਾਂ, ਧਰਤੀ ਉਪਰ ਕੁਦਰਤ ਵਲੋਂ ਓਜ਼ੋਨ ਗੈਸ ਦੇ ਗਿਲਾਫ (ਜੋ ਕਿ ਧਰਤੀ ਉਪਰ ਮਨੁੱਖਾਂ ਤੇ ਜੀਵਾਂ ਨੂੰ ਸੂਰਜ ਦੀਆਂ ਅਲਟਰਾਂ ਵਾਇਲਟ ਕਿਰਨਾਂ ਤੋਂ ਬਚਾਉਂਦਾ ਹੈ) ਵਿੱਚ ਮਘੋਰੇ ਹੋ ਗਏ ਹਨ। ਇਹ ਆਉਣ ਵਾਲੇ ਸਮੇਂ ਲਈ ਖ਼ਤਰਨਾਕ ਸਾਬਤ ਹੋ ਰਹੇ ਹਨ।

ਇਸ ਤੋਂ ਇਲਾਵਾ ਖੇਤੀ ਦੀ ਉਪਜ ਨੂੰ ਵਧਾਉਣ ਲਈ ਕਈ ਤਰ੍ਹਾਂ ਦੀਆਂ ਜ਼ਹਿਰੀਲੀਆਂ ਖਾਦਾਂ ਵਰਤੀਆਂ ਜਾਂਦੀਆਂ ਹਨ। ਇਨ੍ਹਾਂ ਨਾਲ ਉਪਜ ਜ਼ਰੂਰ ਵਧ ਰਹੀ ਹੈ ਪਰ ਮਿੱਟੀ ਪ੍ਰਦੂਸ਼ਿਤ ਹੋ ਰਹੀ ਹੈ।

ਸ਼ੋਰ ਪ੍ਰਦੂਸ਼ਣ : ਹਵਾ-ਪਾਣੀ ਦੇ ਪ੍ਰਦੂਸ਼ਣ ਤੋਂ ਇਲਾਵਾ ਧਰਤੀ ‘ਤੇ ਸ਼ੋਰ/ਰੌਲਾ-ਰੱਪਾ ਬਹੁਤ ਵਧ ਗਿਆ ਹੈ। ਆਵਾਜਾਈ ਦੇ ਸਾਧਨਾਂ, ਕਾਰਖਾਨਿਆਂ ਦੀਆਂ ਮਸ਼ੀਨਾਂ ਦੀ ਅਵਾਜ਼, ਧਰਮ ਅਸਥਾਨਾਂ, ਵਿਆਹ-ਸ਼ਾਦੀਆਂ, ਜਗਰਾਤਿਆਂ ਤੋਂ ਮਾਈਕਾਂ ਦੀ ਉੱਚੀ-ਉੱਚੀ ਅਵਾਜ਼, ਮਸ਼ੀਨਾਂ ਦਾ ਸ਼ੋਰ, ਵਾਹਨਾਂ ਦੇ ਹਾਰਨ, ਲਾਊਡ ਸਪੀਕਰਾਂ ਦਾ ਸ਼ੋਰ, ਬੰਬ ਵਿਸਫੋਟ, ਆਤਿਸ਼ਬਾਜ਼ੀ, ਜਨਰੇਟਰ, ਡੀ. ਜੇ. ਸਿਸਟਮ ਆਦਿ ਸਿੱਧਾ ਮਨੁੱਖ ਦੇ ਦਿਮਾਗ ‘ਤੇ ਅਸਰ ਕਰ ਰਹੇ ਹਨ। ਭਾਰੀ ਤਿੱਖੀ ਤੇ ਗੂੰਜਦੀ ਅਵਾਜ਼ ਮਨੁੱਖ ਦਾ ਦਿਮਾਗੀ ਸੰਤੁਲਨ ਵਿਗਾੜ ਰਹੀ ਹੈ।

ਇਸ ਤੋਂ ਇਲਾਵਾ ਸਵੇਰ ਦੇ ਅਤਿ ਰਮਣੀਕ ਤੇ ਸੁਹਾਵਣੇ ਮੌਕੇ ਧਾਰਮਕ ਅਸਥਾਨ ‘ਤੇ ਲੱਗੇ ਲਾਊਡ ਸਪੀਕਰ ਆਮ ਲੋਕਾਂ ਦਾ ਜਿਊਣਾ ਮੁਹਾਲ ਕਰ ਦਿੰਦੇ ਹਨ। ਇਸ ਸ਼ੋਰ ਨਾਲ ਬੱਚੇ, ਬਜ਼ੁਰਗ, ਬਿਮਾਰ ਤੇ ਵਿਦਿਆਰਥੀ ਬਹੁਤ ਪਰੇਸ਼ਾਨ ਹੁੰਦੇ ਹਨ। ਇਸ ਤੋਂ ਇਲਾਵਾ ਬਜ਼ਾਰਾਂ ਵਿੱਚ ਵਪਾਰੀਆਂ/ਦੁਕਾਨਦਾਰਾਂ ਵੱਲੋਂ ਵਪਾਰ ਸਬੰਧੀ ਕਰਵਾਈ ਜਾਣ ਵਾਲੀ ਮੁਨਿਆਦੀ ਵੀ ਕੰਨ-ਪਾੜਵੀਂ ਹੁੰਦੀ ਹੈ। ਸ਼ੋਰ ਪ੍ਰਦੂਸ਼ਣ ਨਾਲ ਕਈ ਬਿਮਾਰੀਆਂ ਆ ਘੇਰਦੀਆਂ ਹਨ, ਜਿਵੇਂ ਬੋਲਾਪਨ, ਦਿਮਾਗੀ ਪਰੇਸ਼ਾਨੀਆਂ, ਦਿਲ ਦਾ ਅਟੈਕ, ਘਬਰਾਹਟ ਆਦਿ। ਇਹ ਪ੍ਰਦੂਸ਼ਣ ਅਸੀਂ ਆਪ ਹੀ ਫੈਲਾਇਆ ਹੈ। ਜੇ ਚਾਹੀਏ ਤਾਂ ਇਸ ‘ਤੇ ਸਹਿਜੇ ਹੀ ਕਾਬੂ ਪਾਇਆ ਜਾ ਸਕਦਾ ਹੈ।

ਪੋਸਟਰ ਅਤੇ ਹੋਰਡਿੰਗ ਬੋਰਡ ਪ੍ਰਦੂਸ਼ਣ : ਆਧੁਨਿਕ ਯੁੱਗ ਦੇ ਆਧੁਨਿਕ ਪੋਸਟਰ ਤੇ ਬੋਰਡ ਵੀ ਪ੍ਰਦੂਸ਼ਣ ਫੈਲਾਉਣ ਵਿੱਚ ਮੋਹਰੀ ਹਨ। ਅੱਜ ਪ੍ਰਚਾਰ ਦਾ ਯੁੱਗ ਹੈ। ਵੱਖ ਤਰ੍ਹਾਂ ਦੇ ਸਰਕਾਰੀ, ਗੈਰ-ਸਰਕਾਰੀ ਅਦਾਰੇ, ਕੰਪਨੀਆਂ, ਜਨਤਕ ਅਦਾਰੇ, ਸੰਸਥਾਵਾਂ, ਕਲੱਬ ਆਦਿ ਆਪਣਾ ਪ੍ਰਚਾਰ ਕਰਨ ਲਈ ਇੰਨ੍ਹਾਂ ਦੀ ਵਰਤੋਂ ਕਰਦੇ ਹਨ। ਵਿੱਦਿਅਕ ਅਦਾਰਿਆਂ ਦੇ ਵੱਖ-ਵੱਖ ਤਰ੍ਹਾਂ ਦੇ ਦਾਅਵੇ, ਕੈਂਪ, ਸੈਮੀਨਾਰ, ਫੰਕਸ਼ਨਜ਼, ਗੋਸ਼ਟੀਆਂ, ਧਰਨੇ, ਜਲੂਸ, ਰੈਲੀਆਂ, ਟੂਰਨਾਮੈਂਟ, ਬਰਸੀਆਂ, ਖੇਡਾਂ, ਸੇਲ, ਸਿਹਤ, ਵੈਦਾਂ ਤੇ ਦਵਾਈਆਂ ਦੀ ਮਸ਼ਹੂਰੀ, ਫਿਲਮਾਂ, ਕੀਰਤਨ ਦਰਬਾਰ ਗੱਲ ਕੀ ਕੋਈ ਵੀ ਪ੍ਰੋਗਰਾਮ ਹੋਵੇ ਪ੍ਰਚਾਰ ਲਈ ਪੋਸਟਰਾਂ, ਬੈਨਰਾਂ ਅਤੇ ਹੋਰਡਿੰਗਜ਼ ਦੀ ਹੀ ਵਰਤੋਂ ਕੀਤੀ ਜਾਂਦੀ ਹੈ। ਚੋਣਾਂ, ਦਾਖਲਿਆਂ ਜਾਂ ਮੇਲਿਆਂ ਵੇਲੇ ਤਾਂ ਇਨ੍ਹਾਂ ਦੀ ਗਿਣਤੀ ਹੋਰ ਵੀ ਵਧ ਜਾਂਦੀ ਹੈ। ਰੰਗ-ਬਰੰਗੇ ਪੋਸਟਰ, ਹੋਰਡਿੰਗਜ਼ ਆਦਿ ਬਣਾਉਣ ਲਈ ਵਰਤੇ ਜਾਂਦੇ ਮੈਟੀਰੀਅਲ ਵਿਚਲੇ ਜ਼ਹਿਰੀਲੇ ਕੈਮੀਕਲ ਧਰਤੀ ਵਿੱਚ ਰਲ ਕੇ ਮਿੱਟੀ ਨੂੰ ਪ੍ਰਦੂਸ਼ਣ ਕਰਦੇ ਹਨ ਤੇ ਦੂਜਾ ਰੰਗ ਬਿਰੰਗੇ ਦ੍ਰਿਸ਼, ਤੇਜ਼, ਚਮਕੀਲੇ ਤੇ ਭੜਕਾਊ ਰੰਗ ਮਨ ਤੇ ਦਿਮਾਗ ‘ਤੇ ਵੀ ਅਸਰ ਪਾਉਂਦੇ ਹਨ। ਇੰਨ੍ਹਾਂ ਨਾਲ ਮਨ ਬੇਚੈਨ ਹੋ ਜਾਂਦਾ ਹੈ।

ਖੁਰਾਕ ਵਿੱਚ ਪ੍ਰਦੂਸ਼ਣ : ਸਾਡੀਆਂ ਖਾਣ-ਪੀਣ ਦੀਆਂ ਵਸਤਾਂ ਧਰਤੀ ਤੋਂ ਮਿਲਦੀਆਂ ਹਨ। ਜਦੋਂ ਧਰਤੀ ਦਾ ਵਾਤਾਵਰਨ ਹੀ ਦੂਸ਼ਿਤ ਹੈ ਤਾਂ ਅਸੀਂ ਸ਼ੁੱਧ ਖੁਰਾਕ ਬਾਰੇ ਕਿਵੇਂ ਸੋਚ ਸਕਦੇ ਹਾਂ। ਵਧੇਰੇ ਲਾਭ ਲੈਣ ਲਈ ਵਪਾਰੀ ਵੱਧ ਤੋਂ ਵੱਧ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰਦੇ ਹਨ। ਸਬਜ਼ੀਆਂ, ਫਸਲਾਂ ‘ਤੇ ਸਪਰੇਅ ਕਰਕੇ ਵਧੇਰੇ ਝਾੜ ਲਿਆ ਜਾ ਰਿਹਾ ਹੈ। ਸਬਜ਼ੀਆਂ ਵਿੱਚੋਂ ਗੋਭੀ, ਬੈਂਗਨ ਤੇ ਮਟਰ ਆਦਿ ਤਾਂ ਸਿਰਫ਼ ਸਪਰੇਅ ਦੇ ਆਸਰੇ ਹੀ ਵਧਾਏ ਜਾ ਰਹੇ ਹਨ। ਦੁੱਧ ਚੋਣ ਲਈ ਟੀਕਿਆਂ ਦੀ ਵਰਤੋਂ, ਦਵਾਈਆਂ ਵਾਲੇ ਪੱਠੇ, ਨਕਲੀ ਦੁੱਧ, ਨਕਲੀ ਘਿਓ ਆਦਿ ਸ਼ੁੱਧ ਖਾਣਿਆਂ ਦੀ ਥਾਂ ਅਸੀਂ ਜ਼ਹਿਰ ਭਰੇ ਖਾਣੇ ਖਾ ਰਹੇ ਹਾਂ ਅਤੇ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਾਂ।

ਸਾਰੰਸ਼ : ਉਪਰੋਕਤ ਵਿਚਾਰ ਚਰਚਾ ਤੋਂ ਇਹ ਸਿੱਧ ਹੋ ਗਿਆ ਹੈ ਕਿ ਪ੍ਰਦੂਸ਼ਣ ਕਾਰਨ ਮਨੁੱਖ, ਜੀਵ ਤੇ ਸਮੁੱਚੀ ਬਨਸਪਤੀ ਖ਼ਤਰੇ ਵਿੱਚ ਹੈ। ਇਸ ਲਈ ਕਈ ਬਿਮਾਰੀਆਂ ਵਧ ਰਹੀਆਂ ਹਨ। ਸਮੁੱਚੀ ਜ਼ਿੰਦਗੀ ਹੀ ਖ਼ਤਰੇ ਵਿੱਚ ਹੈ। ਕਿਸੇ ਵੀ ਜੀਵ-ਜੰਤੂ, ਮਨੁੱਖ ਦਾ ਇਨ੍ਹਾਂ ਦੀ ਸ਼ੁੱਧ ਵਰਤੋਂ ਬਗ਼ੈਰ ਜਿਉਣਾ ਸੰਭਵ ਨਹੀਂ ਹੈ। ਮਨੁੱਖ ਨੇ ਮਨੁੱਖ ਨਾਲ ਹੀ ਨਹੀਂ ਕੁਦਰਤ ਨਾਲ ਵੀ ਖਿਲਵਾੜ ਕੀਤਾ ਹੈ। ਵਿਕਸਤ ਦੇਸ਼ਾਂ ਵਿੱਚ ਵਿਗਿਆਨ ਦੀਆਂ ਚੇਤਾਵਨੀਆਂ ਕਰਕੇ ਸਰਕਾਰਾਂ ਪ੍ਰਦੂਸ਼ਣ ਦੀ ਸਮੱਸਿਆ ਵੱਲ ਧਿਆਨ ਦੇਣ ਲੱਗ ਪਈਆਂ ਹਨ।

ਜੇਕਰ ਅਸੀਂ ਵੀ ਹਰ ਤਰ੍ਹਾਂ ਦੇ ਪ੍ਰਦੂਸ਼ਣ ਨੂੰ ਮਿਟਾਉਣ ਦੇ ਉਪਰਾਲੇ ਨਾ ਕੀਤੇ ਤਾਂ ਸਾਡੀ ਧਰਤੀ ‘ਤੇ ਜਨ – ਜੀਵਨ ਖ਼ਤਰੇ ਦੇ ਨਿਸ਼ਾਨ ਤੋਂ ਟੱਪ ਕੇ ਇੱਕ ਦਿਨ ਮਿਟ ਵੀ ਸਕਦਾ ਹੈ।