ਲੇਖ : ਪਾਣੀ ਦਾ ਨੀਵਾਂ ਹੋ ਰਿਹਾ ਪੱਧਰ
ਭੂਮਿਕਾ : ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਅਨੁਸਾਰ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਦਾ ਦਰਜਾ ਇਸ ਲਈ ਦਿੱਤਾ ਕਿਉਂਕਿ ਇਹ ਤਿੰਨ ਰਿਸ਼ਤੇ ਸਾਡੇ ਸਮਾਜ ਵਿੱਚ ਸਨਮਾਨਯੋਗ ਹਨ। ਪਾਣੀ ਸਾਡੀ ਜ਼ਿੰਦਗੀ ਦਾ ਮੂਲ ਆਧਾਰ ਹੈ ਅਤੇ ਇਸ ਤੋਂ ਬਿਨਾ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਬ੍ਰਹਿਮੰਡ ਦੇ ਸਾਰੇ ਗ੍ਰਹਿਆਂ ਵਿੱਚੋਂ ਧਰਤੀ ਹੀ ਇੱਕ ਅਜਿਹਾ ਗ੍ਰਹਿ ਹੈ ਜੋ ਪਾਣੀ ਦੀ ਮੌਜੂਦਗੀ ਕਾਰਨ ਬਾਕੀ ਗ੍ਰਹਿਆਂ ਤੋਂ ਵਿਲੱਖਣ ਹੈ । ਉਂਞ ਤਾਂ ਧਰਤੀ ਦਾ ਦੋ-ਤਿਹਾਈ ਹਿੱਸਾ ਪਾਣੀ ਨਾਲ ਢੱਕਿਆ ਹੋਇਆ ਹੈ ਪਰੰਤੂ ਇਸ ਪਾਣੀ ਵਿੱਚ ਲੂਣ ਘੁਲ਼ੇ ਹੋਣ ਕਾਰਨ ਇਹ ਪੀਣ ਯੋਗ ਨਹੀਂ ਹੈ। ਸਮੁੰਦਰਾਂ ਵਿੱਚ ਪਹੁੰਚਣ ਵਾਲ਼ਾ ਪਾਣੀ ਕਈ ਨਦੀਆਂ ਨਾਲਿਆਂ ਵਿੱਚੋਂ ਗੁਜ਼ਰ ਕੇ ਆਉਂਦਾ ਹੈ ਜਿਸ ਕਾਰਨ ਇਸ ਵਿੱਚ ਕਈ ਪ੍ਰਕਾਰ ਦੇ ਲੂਣ ਘੁਲ ਜਾਂਦੇ ਹਨ ਅਤੇ ਇਹ ਨਾ ਤਾਂ ਪੀਣ ਯੋਗ ਰਹਿੰਦਾ ਹੈ ਅਤੇ ਨਾ ਹੀ ਸਿੰਜਾਈ ਯੋਗ। ਧਰਤੀ ‘ਤੇ ਉਪਲਬਧ ਕੁੱਲ ਪਾਣੀ ਦਾ 2.5 ਪ੍ਰਤਿਸ਼ਤ ਹਿੱਸਾ ਹੀ ਪੀਣ ਯੋਗ ਹੈ। ਸਾਡਾ ਦੇਸ ਖੇਤੀਬਾੜੀ ਪ੍ਰਧਾਨ ਦੇਸ਼ ਹੈ ਅਤੇ ਜ਼ਿਆਦਾਤਰ ਲੋਕਾਂ ਦੀ ਰੋਜ਼ੀ ਖੇਤੀ ‘ਤੇ ਹੀ ਨਿਰਭਰ ਹੈ। ਇਸ ਲਈ ਜੇਕਰ ਇਹ ਕਿਹਾ ਜਾਵੇ ਕਿ ਭਾਰਤ ਦੇ ਲੋਕਾਂ ਦੀ ਜੀਵਿਕਾ ਪਾਣੀ ‘ਤੇ ਨਿਰਭਰ ਹੈ ਤਾਂ ਕੁਝ ਗ਼ਲਤ ਨਹੀਂ ਹੋਵੇਗਾ।
ਧਰਤੀ ਹੇਠਾਂ ਪਾਣੀ ਦੇ ਨੀਵੇਂ ਹੋਣ ਤੋਂ ਭਾਵ : ਪਾਣੀ ਦੇ ਪੱਧਰ ਦਾ ਦਿਨੋ-ਦਿਨ ਨੀਵਾਂ ਹੋਣ ਤੋਂ ਭਾਵ ਹੈ ਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਬਹੁਤ ਤੇਜ਼ੀ ਨਾਲ ਘਟ ਰਿਹਾ ਹੈ। ਇਸ ਦੇ ਬਹੁਤ ਸਾਰੇ ਕਾਰਨ ਹਨ। ਪਹਿਲਾਂ ਜਿੱਥੇ ਇਹ ਪਾਣੀ ਪੰਜ-ਦਸ ਫੁੱਟ ਤੇ ਮਿਲ ਜਾਂਦਾ ਸੀ ਉੱਥੇ ਅੱਜ ਇਹ ਸੌ ਫੁੱਟ ਤੋਂ ਵੀ ਹੇਠਾਂ ਚਲਾ ਗਿਆ ਹੈ। ਇਸੇ ਲਈ ਪਾਣੀ ਦੇ ਪੱਧਰ ਦਾ ਹੇਠਾਂ ਜਾਣਾ ਸਾਡੇ ਲਈ ਖ਼ਤਰੇ ਦੀ ਘੰਟੀ ਹੈ। ਇਸੇ ਕਾਰਨ ਇਸ ਸਮੱਸਿਆ ਪ੍ਰਤਿ ਸੁਚੇਤ ਹੋਣ ਦੀ ਲੋੜ ਹੈ।
ਧਰਤੀ ਹੇਠਲੇ ਪਾਣੀ ਦਾ ਮਹੱਤਵ : ਧਰਤੀ ਹੇਠਲੇ ਪਾਣੀ ਦਾ ਬਹੁਤ ਹੀ ਮਹੱਤਵ ਹੁੰਦਾ ਹੈ। ਇਸ ਪਾਣੀ ਨੂੰ ਪੀਣ ਅਤੇ ਖੇਤੀ ਲਈ ਵਰਤਿਆ ਜਾਂਦਾ ਹੈ। ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਪਹਿਲਾਂ ਖੇਤੀ ਵਰਖਾ ਉੱਪਰ ਹੀ ਨਿਰਭਰ ਹੁੰਦੀ ਸੀ ਪਰ ਵਿਗਿਆਨਿਕ ਕਾਢਾਂ ਨਾਲ ਬੋਰਾਂ ਨਾਲ ਧਰਤੀ ਵਿੱਚੋਂ ਪਾਣੀ ਕੱਢਣ ਨਾਲ ਖੇਤੀ ਦੇ ਉਤਪਾਦਨ ਵਿੱਚ ਤਾਂ ਬਹੁਤ ਵਾਧਾ ਹੋਇਆ ਹੈ ਪਰ ਖੇਤੀ ਲਈ ਪਾਣੀ ਦੀ ਇਸ ਤਰ੍ਹਾਂ ਕੀਤੀ ਜਾਂਦੀ ਵਧੇਰੇ ਵਰਤੋਂ ਨਾਲ ਪਾਣੀ ਦਾ ਪੱਧਰ ਦਿਨੋ-ਦਿਨ ਹੇਠਾਂ ਜਾ ਰਿਹਾ ਹੈ।
ਪਾਣੀ ਦੇ ਪੱਧਰ ਦਾ ਨੀਵਾਂ ਹੋਣ ਦੇ ਕਾਰਨ : ਪਾਣੀ ਦਾ ਪੱਧਰ ਨੀਵਾਂ ਹੋਣ ਦੇ ਕਈ ਕਾਰਨ ਹਨ ਪਰ ਸਭ ਤੋਂ ਵੱਡਾ ਕਾਰਨ ਪੰਜਾਬ ਵਿੱਚ 1985 ਈ. ਮਗਰੋਂ ਸ਼ੁਰੂ ਕੀਤੀ ਗਈ ਝੋਨੇ ਦੀ ਫ਼ਸਲ ਜ਼ੁੰਮੇਵਾਰ ਹੈ। ਇਸ ਫ਼ਸਲ ਲਈ ਪਾਣੀ ਦੀ ਬਹੁਤ ਲੋੜ ਹੁੰਦੀ ਹੈ। ਇਸ ਲਈ ਕਿਸਾਨਾਂ ਨੇ ਵਧੇਰੇ ਲਾਭ ਕਾਰਨ ਇਹ ਫ਼ਸਲ ਤਾਂ ਬੀਜੀ ਪਰ ਲੱਖਾਂ ਦੀ ਗਿਣਤੀ ਵਿੱਚ ਲੱਗੇ ਬੋਰਾਂ ਕਾਰਨ ਦਿਨੋ-ਦਿਨ ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਹੈ। ਇਸੇ ਤਰ੍ਹਾਂ ਪਾਣੀ ਦੀ ਤਰ੍ਹਾਂ-ਤਰ੍ਹਾਂ ਨਾਲ ਕੀਤੀ ਜਾ ਰਹੀ ਦੁਰਵਰਤੋਂ ਵੀ ਇਸ ਲਈ ਜ਼ੁੰਮੇਵਾਰ ਹੈ।
ਫ਼ਸਲੀ ਚੱਕਰ ਵਿੱਚ ਤਬਦੀਲੀ ਦੀ ਲੋੜ: 1975 ਈ. ਮਗਰੋਂ ਦੇਸ ਨੂੰ ਅਨਾਜ ਦੇ ਖੇਤਰ ਵਿੱਚ ਨਿਰਭਰ ਬਣਾਉਣ ਲਈ ਖੇਤੀ-ਵਿਗਿਆਨੀਆਂ ਨੇ ਕਈ ਨਵੀਂਆਂ-ਨਵੀਂਆਂ ਫ਼ਸਲਾਂ ਦੇ ਬੀਜਾਂ ਦੀ ਖੋਜ ਕੀਤੀ। ਪੰਜਾਬ ਵਿੱਚ ਝੋਨੇ ਦੀ ਖੇਤੀ ਕੀਤੀ ਜਾਣ ਲੱਗੀ। ਸਰਕਾਰ ਵੱਲੋਂ ਝੋਨੇ ਦੀ ਘੱਟੋ-ਘੱਟ ਕੀਮਤ ਨਿਸ਼ਚਿਤ ਕਰਨ ਤੇ ਖ਼ਰੀਦ ਕਰਨ ਕਾਰਨ ਪੰਜਾਬ ਵਿੱਚ ਇਹ ਫ਼ਸਲ ਬੀਜੀ ਜਾਣ ਲੱਗੀ ਹੈ। ਇਸ ਨਾਲ ਹੀ ਪਾਣੀ ਦਾ ਪੱਧਰ ਨੀਵਾਂ ਹੋ ਰਿਹਾ ਹੈ। ਇਸੇ ਤਰ੍ਹਾਂ ਸਫ਼ੈਦੇ ਦੇ ਰੁੱਖਾਂ ਨੇ ਵੀ ਪਾਣੀ ਦਾ ਪੱਧਰ ਨੀਵਾਂ ਕੀਤਾ ਹੈ। ਇਸੇ ਲਈ ਵਿਗਿਆਨੀ ਝੋਨੇ ਦੀ ਫ਼ਸਲ ਦੀ ਥਾਂ ਹੋਰ ਘੱਟ ਪਾਣੀ ਨਾਲ ਹੋਣ ਵਾਲੀਆਂ ਫ਼ਸਲਾਂ ਬੀਜਣ ਦੀ ਸਲਾਹ ਦੇ ਰਹੇ ਹਨ।
ਮੀਂਹ ਦੇ ਪਾਣੀ ਦੀ ਸੰਭਾਲ : ਪਾਣੀ ਦੇ ਪੱਧਰ ਦੇ ਨੀਵਾਂ ਹੋਣ ਨੂੰ ਮੀਂਹ ਦੇ ਪਾਣੀ ਦੀ ਸੰਭਾਲ ਕਰ ਕੇ ਕੁਝ ਹੱਦ ਤੱਕ ਰੋਕਿਆ ਜਾ ਸਕਦਾ ਹੈ। ਸਰਕਾਰ ਵੱਲੋਂ ਇਸ ਪਾਸੇ ਧਿਆਨ ਵੀ ਦਿੱਤਾ ਜਾ ਰਿਹਾ ਹੈ ਤੇ ਲੋਕਾਂ ਨੂੰ ਇਸ ਪਾਣੀ ਦੀ ਸੰਭਾਲ ਕਰਨ ਦੀ ਵਿਧੀ ਬਾਰੇ ਦੱਸਿਆ ਜਾ ਰਿਹਾ ਹੈ।
ਪਾਣੀ ਦੀ ਵਰਤੋਂ ਪ੍ਰਤਿ ਸੁਚੇਤ ਹੋਣਾ : ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਨੀਵਾਂ ਹੋਣ ਤੋਂ ਰੋਕਣ ਲਈ ਜ਼ਰੂਰੀ ਹੈ ਕਿ ਧਰਤੀ ਹੇਠਲੇ ਪਾਣੀ ਦੀ ਦੁਰਵਰਤੋਂ ਰੋਕੀ ਜਾਵੇ। ਘਰਾਂ, ਪਾਰਕਾਂ ਤੇ ਹੋਰ ਜਨਤਕ ਤੇ ਸਰਕਾਰੀ ਅਦਾਰਿਆਂ ਵਿੱਚ ਪਾਣੀ ਦੀ ਦੁਰਵਰਤੋਂ ਨੂੰ ਰੋਕਣਾ ਚਾਹੀਦਾ ਹੈ।
ਸਕੂਟਰ ਤੇ ਕਾਰਾਂ ਧੋਣ ਸਮੇਂ ਪਾਣੀ ਵਿਅਰਥ ਨਹੀਂ ਗਵਾਉਣਾ ਚਾਹੀਦਾ। ਇਸੇ ਤਰ੍ਹਾਂ ਹੋਰ ਸਾਫ਼-ਸਫ਼ਾਈ ਲਈ ਵੀ ਪਾਣੀ ਦੀ ਲੋੜ ਅਨੁਸਾਰ ਹੀ ਵਰਤੋਂ ਕਰਨੀ ਚਾਹੀਦੀ ਹੈ। ਪਾਣੀ ਦੀ ਕਮੀ ਦੀ ਸਮੱਸਿਆ ਨਾਲ ਨਿਪਟਣ ਲਈ ਸਰਕਾਰ ਨੂੰ ਅੱਗੇ ਆਉਣਾ ਪਵੇਗਾ। ਬਰਸਾਤ ਦੇ ਦਿਨਾਂ ਵਿੱਚ ਕਾਫੀ ਪਾਣੀ ਵਹਿ ਕੇ ਸਮੁੰਦਰ ਵਿੱਚ ਚਲਿਆ ਜਾਂਦਾ ਹੈ। ਜੇਕਰ ਸਰਕਾਰ ਛੋਟੇ-ਛੋਟੇ ਡੈਮ ਬਣਵਾ ਦੇਵੇ ਤਾਂ ਜੋ ਪਾਣੀ ਫ਼ਜ਼ੂਲ ਵਿੱਚ ਵਹਿ ਕੇ ਸਮੁੰਦਰ ਵਿੱਚ ਚਲਾ ਜਾਂਦਾ ਹੈ ਉਸ ਨੂੰ ਇਕੱਠਾ ਕਰ ਕੇ ਸਿੰਜਾਈ ਲਈ ਵਰਤਿਆ ਜਾ ਸਕਦਾ ਹੈ। ਇਸ ਨਾਲ ਨਾ ਸਿਰਫ਼ ਪਾਣੀ ਦੀ ਕਮੀ ਪੂਰੀ ਹੋਵੇਗੀ ਸਗੋਂ ਲੋਕਾਂ ਨੂੰ ਹੜ੍ਹਾਂ ਦੀ ਮਾਰ ਤੋਂ ਵੀ ਬਚਾਇਆ ਜਾ ਸਕਦਾ ਹੈ।
ਸਾਰਾਂਸ਼ : ਇੰਞ ਧਰਤੀ ਹੇਠਲੇ ਪਾਣੀ ਦੇ ਪੱਧਰ ਦਾ ਦਿਨੋ-ਦਿਨ ਨੀਵਾਂ ਹੋਣਾ ਸਾਡੇ ਲਈ ਇੱਕ ਗੰਭੀਰ ਸਮੱਸਿਆ ਹੈ। ਜੇਕਰ ਅਸੀਂ ਅੱਜ ਇਸ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਗੰਭੀਰ ਸਮੱਸਿਆ ਦਾ ਸਾਮ੍ਹਣਾ ਕਰਨਾ ਪਵੇਗਾ। ਇਸੇ ਲਈ ਇਸ ਸਮੱਸਿਆ ਪ੍ਰਤਿ ਸਰਕਾਰ ਤੇ ਲੋਕਾਂ ਨੂੰ ਬਹੁਤ ਹੀ ਸੁਚੇਤ ਹੋਣ ਦੀ ਲੋੜ ਹੈ।