ਲੇਖ : ਨੌਜਵਾਨਾਂ ਵਿੱਚ ਵਧਦੀ ਨਸ਼ਿਆਂ ਦੀ ਵਰਤੋਂ
ਭੂਮਿਕਾ : ਅੱਜ ਭਾਰਤ ਦੀ ਜਵਾਨੀ ਦਾ ਸਭ ਤੋਂ ਵੱਡਾ ਰੋਗ ਨਸ਼ੇ ਬਣ ਗਏ ਹਨ। ਹਰ ਰੋਜ਼ ਅਖ਼ਬਾਰਾਂ, ਟੀ.ਵੀ. ਜਾਂ ਰੇਡੀਓ ਤੋਂ ਇਹ ਖ਼ਬਰਾਂ ਸੁਣੀਆਂ ਤੇ ਪੜ੍ਹੀਆਂ ਜਾਂਦੀਆਂ ਹਨ। ਵੱਡੀ ਪੱਧਰ ‘ਤੇ ਨਸ਼ਿਆਂ ਦਾ ਧੰਦਾ ਚੱਲ ਰਿਹਾ ਹੈ। ਅਰਬਾਂ ਰੁਪਏ ਦੂਸਰੇ ਦੇਸਾਂ ਨੂੰ ਜਾ ਰਹੇ ਹਨ। ਭਾਰਤ ਦੀ ਜਵਾਨੀ ਦਲਿੱਦਰ ਵਿੱਚ ਧਸ ਰਹੀ ਹੈ।
ਨਸ਼ਿਆਂ ਦਾ ਪਸਾਰ : ਨਸ਼ਿਆਂ ਦੇ ਪਸਾਰ ਦਾ ਸਹਿਜੇ ਹੀ ਅਨੁਮਾਨ ਲਗਾਇਆ ਜਾ ਸਕਦਾ ਹੈ। ਕਿੰਨੇ ਪਰਿਵਾਰ ਇਸ ਦੀ ਮਾਰ ਹੇਠ ਆ ਚੁੱਕੇ ਹਨ। ਉਹਨਾਂ ਮਾਂਵਾਂ ਨੂੰ ਪੁੱਛ ਜਿਨ੍ਹਾਂ ਦੇ ਲਾਲ ਮਿੱਟੀ ਵਿੱਚ ਰੁਲ ਰਹੇ ਹਨ। ਸੱਚ ਤਾਂ ਇਹ ਹੈ ਕਿ ਨਸ਼ੇ ਸਮੁੱਚੇ ਦੇਸ ਦੀ ਜਵਾਨੀ ਦੇ ਹੱਡਾਂ ਨੂੰ ਸਿਉਂਕ ਵਾਂਗ ਲੱਗ ਗਏ ਹਨ। ਨੌਜਵਾਨ ਲੜਕੇ ਤਾਂ ਕੀ ਲੜਕੀਆਂ ਵੀ ਇਸ ਦੀ ਲਪੇਟ ਵਿੱਚ ਆ ਗਈਆਂ ਹਨ। ਵਿਦਿਆਰਥੀ ਵਰਗ ਤਾਂ ਇਸ ਦੀ ਪੂਰੀ ਤਰ੍ਹਾਂ ਪਕੜ ਵਿੱਚ ਹੈ। ਇਸ ਦੇ ਮੁੱਖ ਕਾਰਨ ਅਮੀਰੀ ਦਾ ਦਿਖਾਵਾ, ਮਾੜੀ ਸੰਗਤ ਅਤੇ ਹੋਸਟਲਾਂ ਦਾ ਵਾਤਾਵਰਨ ਹੈ। ਜਿਊਂਣ ਦੀ ਨਵੀਂ ਸ਼ੈਲੀ ਆ ਰਹੀ ਹੈ। ਉਮਰ ਹੋਟਲਾਂ ਵਿੱਚ ਕੱਟਦੀ ਹੈ ਤੇ ਮੌਤ ਹਸਪਤਾਲਾਂ ਵਿੱਚ ਹੁੰਦੀ ਹੈ।
ਨਸ਼ੇ ਦੀਆਂ ਕਿਸਮਾਂ: ਕਿਸੇ ਨੂੰ ਸ਼ਰਾਬ ਨਹੀਂ ਛੱਡਦੀ, ਕੋਈ ਕੈਪਸੂਲ ਜਾਂ ਗੋਲੀਆਂ ਖਾ ਰਿਹਾ ਹੈ। ਚਰਸ, ਗਾਂਜਾ, ਅਫ਼ੀਮ, ਸਮੈਕ, ਸਿਗਰਟ, ਸੁਲਫ਼ਾ, ਤਮਾਕੂ, ਕੋਕੀਨ, ਹੈਰੋਇਨ ਆਦਿ ਅਨੇਕਾਂ ਪ੍ਰਕਾਰ ਦੇ ਨਸ਼ੇ ਇੱਕ ਜਾਲ ਫੈਲਾਈ ਜਾ ਰਹੇ ਹਨ। ਭੰਗ, ਪੋਸਤ, ਧਤੂਰਾ, ਕੋਕੀਨ ਵਰਗੀਆਂ ਫ਼ਸਲਾਂ ਦੀ ਤਾਂ ਖੇਤੀ ਹੋਣ ਲੱਗ ਪਈ ਹੈ। ਕਈਆਂ ਵਿੱਚ ਦਵਾਈਆਂ ਮਿਲਾ ਕੇ ਉਹਨਾਂ ਦੀ ਸਮਰੱਥਾ ਵਧਾਈ ਜਾ ਰਹੀ ਹੈ।
ਜਵਾਨੀ ਦਾ ਨਾਸ : ਨੌਜਵਾਨ ਪੀੜ੍ਹੀ ਤਾਂ ਪੂਰੀ ਤਰ੍ਹਾਂ ਨਸ਼ਿਆਂ ਦੀ ਪਕੜ ਵਿੱਚ ਆ ਗਈ ਹੈ। ਇਹ ਉਹ ਪੀੜ੍ਹੀ ਹੈ ਜਿਸ ਨੇ ਸਾਡੇ ਦੇਸ ਦਾ ਭਵਿੱਖ ਬਣਨਾ ਹੈ। ਹੌਲੀ-ਹੌਲੀ ਸਭ ਨਸ਼ਿਆਂ ਦੀ ਪਕੜ ਵਿੱਚ ਆ ਰਹੇ ਹਨ। ਦੇਸ ਸਾਮ੍ਹਣੇ ਇੱਕ ਵੱਡੀ ਸਮੱਸਿਆ ਪੈਦਾ ਹੋ ਰਹੀ ਹੈ। ਨਸ਼ੇ ਨੌਜਵਾਨਾਂ ਨੂੰ ਮਾਨਸਿਕ, ਸਰੀਰਿਕ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਕਰਦੇ ਹਨ ਅਥਵਾ ਉਹਨਾਂ ਦੀ ਜਵਾਨੀ ਦਾ ਨਾਸ ਕਰਦੇ ਹਨ।
ਨਸ਼ਿਆਂ ਦੇ ਕਾਰਨ : ਨਸ਼ਾ ਕਰਨ ਵਾਲੇ ਕੁਝ ਤਾਂ ਕਹਿੰਦੇ ਹਨ ਕਿ ਉਹ ਖ਼ੁਸ਼ੀ ਵਿੱਚ ਨਸ਼ਾ ਕਰਦੇ ਹਨ। ਕੁਝ ਦਾ ਕਹਿਣਾ ਹੈ ਕਿ ਉਹ ਗ਼ਮ ਮਿਟਾਉਣ ਲਈ ਨਸ਼ੇ ਕਰ ਰਹੇ ਹਨ ਪਰ ਸੱਚ ਇਸ ਦੇ ਉਲਟ ਹੈ। ਨਸ਼ਾ ਕਦੇ ਗ਼ਮ ਖ਼ਤਮ ਨਹੀਂ ਕਰਦਾ। ਇਹ ਇੱਕ ਕੁਸ ਹੈ। ਨੌਜਵਾਨਾਂ ਵਿੱਚ ਨਸ਼ਿਆਂ ਦੇ ਪਸਾਰ ਦਾ ਕਾਰਨ ਪੈਸੇ ਦੀ ਹੋੜ ਹੈ। ਸਮਾਜ-ਵਿਰੋਧੀ ਅਨਸਰਾਂ ਲਈ ਇਹ ਪੈਸਾ ਕਮਾਉਣ ਦਾ ਵੱਡਾ ਸਾਧਨ ਹੈ। ਇਹਨਾਂ ਦਾ ਨੈੱਟਵਰਕ ਸਾਰੇ ਸੰਸਾਰ ਵਿੱਚ ਫੈਲ ਚੁੱਕਾ ਹੈ। ਸਮਾਜ-ਵਿਰੋਧੀ ਅਨਸਰ ਲਾਲਚ ਦੇ ਕੇ ਵਿਦਿਆਰਥੀਆਂ ਨੂੰ ਵੀ ਇਸ ਵਿੱਚ ਸ਼ਾਮਲ ਕਰ ਲੈਂਦੇ ਹਨ। ਸ਼ੁਰੂ ਵਿੱਚ ਉਹਨਾਂ ਵਿੱਚ ਨਸ਼ਿਆਂ ਦਾ ਸ਼ੌਕ ਪੈਦਾ ਕੀਤਾ ਜਾਂਦਾ ਹੈ। ਫਿਰ ਇਹ ਉਹਨਾਂ ਦੀ ਆਦਤ ਜਾਂ ਮਜਬੂਰੀ ਬਣ ਜਾਂਦੀ ਹੈ। ਉਸ ਸਮੇਂ ਇਸ ਤੋਂ ਬਾਹਰ ਨਿਕਲਨਾ ਮੁਸ਼ਕਲ ਹੋ ਜਾਂਦਾ ਹੈ।
ਨਸ਼ਿਆਂ ਲਈ ਉਤਸ਼ਾਹ : ਫ਼ਿਲਮਾਂ, ਟੀ. ਵੀ. ਵਰਗੇ ਸੰਚਾਰ-ਸਾਧਨ ਅਤੇ ਪੱਛਮੀ ਸੱਭਿਅਤਾ ਤੋਂ ਨੌਜਵਾਨਾਂ ਨੂੰ ਨਸ਼ਿਆਂ ਦੇ ਸੇਵਨ ਦਾ ਉਤਸ਼ਾਹ ਮਿਲਦਾ ਹੈ। ਇਸੇ ਤਰ੍ਹਾਂ ਤਮਾਕੂ, ਹੁੱਕਾ, ਬੀੜੀ, ਸਿਗਰਟ ਤੇ ਚਿਲਮ ਦੇ ਰੂਪ ਵਿੱਚ ਮੌਤ ਸਾਨੂੰ ਦੂਸਰਿਆਂ ‘ਤੋਂ ਮਿਲਦੀ ਹੈ।
ਹੋਰ ਨੁਕਸਾਨ : ਨਸ਼ੇ ਨਾ ਕੇਵਲ ਸਿਹਤ ਦੇ ਦੁਸ਼ਮਣ ਹਨ ਸਗੋਂ ਇਹਨਾਂ ਦੀ ਬਦੌਲਤ ਸਾਨੂੰ ਹੋਰ ਵੀ ਬਹੁਤ ਕੁਝ ਭੁਗਤਣਾ ਪੈਂਦਾ ਹੈ। ਬੇਰੁਜ਼ਗਾਰੀ ਤੋਂ ਛੁਟਕਾਰਾ ਪਾਉਣ ਲਈ ਨਸ਼ਿਆਂ ਦਾ ਧੰਦਾ ਕਰਨ ਵਾਲ਼ੇ ਵੱਡੇ ਜਾਲ ਵਿੱਚ ਫਸ ਜਾਂਦੇ ਹਨ। ਉਹ ਨਿਰੰਤਰ ਮਾਨਸਿਕ ਤਣਾਅ ਭੋਗਦੇ ਹਨ। ਘੱਟ ਆਮਦਨ ਅਤੇ ਵੱਡੇ ਖ਼ਰਚਿਆਂ ਨਾਲ ਜੂਝ ਰਿਹਾ ਪੰਜਾਬੀ ਗ਼ਮਾਂ ਵਿੱਚ ਘਿਰ ਗਿਆ ਹੈ। ਉਹ ਨਸ਼ਿਆਂ ਨੂੰ ਆਸਰਾ ਬਣਾਉਣਾ ਚਾਹੁੰਦਾ ਹੈ। ਇਸ ਤਰ੍ਹਾਂ ਉਹ ਹੋਰ ਦਲਦਲ ਵਿੱਚ ਫਸ ਜਾਂਦਾ ਹੈ। ਖਿਡਾਰੀ ਸਫਲਤਾ ਪ੍ਰਾਪਤ ਕਰਨ ਲਈ ਗੁਮਰਾਹ ਹੋ ਜਾਂਦੇ ਹਨ। ਉਹ ਨਸ਼ੀਲੀਆਂ ਵਸਤਾਂ ਦੀ ਆੜ ਲੈ ਕੇ ਜਿੱਤ ਪ੍ਰਾਪਤ ਕਰਨਾ ਚਾਹੁੰਦੇ ਹਨ ਪਰ ਛੇਤੀ ਹੀ ਆਪਣੀ ਖੇਡ ਤੋਂ ਹੱਥ ਧੋ ਬਹਿੰਦੇ ਹਨ।
ਬਚਾਅ ਲਈ ਸੁਝਾਅ : ਸਭ ਤੋਂ ਵੱਡੀ ਜ਼ੁੰਮੇਵਾਰੀ ਮਾਪਿਆਂ ਦੀ ਹੈ। ਜੇਕਰ ਉਹ ਚੇਤੰਨ ਹੋਣਗੇ ਤਾਂ ਆਪਣੇ ਬੱਚਿਆਂ ਵਿੱਚ ਪੂਰੀ ਦਿਲਚਸਪੀ ਲੈਣਗੇ। ਨਤੀਜੇ ਵਜੋਂ ਬੱਚਿਆਂ ਦੇ ਵਿਗੜਨ ਦੇ ਮੌਕੇ ਘਟ ਜਾਣਗੇ। ਇਕੱਲੇ ਮਾਪੇ ਹੀ ਨਹੀਂ ਨਸ਼ਿਆਂ ਦੇ ਵਿਰੋਧ ਲਈ ਸਾਰੇ ਸਮਾਜ ਦੇ ਵਰਗਾਂ ਨੂੰ ਅੱਗੇ ਆਉਣਾ ਪਵੇਗਾ। ਨੈਤਿਕ ਸਿੱਖਿਆ ਰਾਹੀਂ ਨੌਜਵਾਨ ਵਰਗ ਨੂੰ ਨਸ਼ਿਆਂ ਤੋਂ ਬਚਾਉਣ ਵਿੱਚ ਮਦਦ ਲੈਣੀ ਚਾਹੀਦੀ ਹੈ। ਨਸ਼ਿਆਂ ਦੇ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਕੈਂਪ ਲਗਾਉਣੇ ਅਤੇ ਸੈਮੀਨਾਰ ਕਰਵਾਉਣੇ ਚਾਹੀਦੇ ਹਨ। ਅਦਾਲਤੀ ਫ਼ੈਸਲੇ ਵੀ ਨਸ਼ਿਆਂ ਵਿਰੁੱਧ ਅਜਿਹੇ ਹੋਣ ਕਿ ਦੋਸ਼ੀ ਦੀ ਕਦੇ ਵੀ ਰਿਹਾਈ ਨਾ ਹੋ ਸਕੇ। ਦਵਾਈਆਂ ਦੇ ਨਾਂ ਤੇ ਸਟੋਰਾਂ ਵਿੱਚ ਜੋ ਨਸ਼ੇ ਵੇਚ ਰਹੇ ਹਨ ਉਹਨਾਂ ਨਾਲ ਸਖ਼ਤੀ ਨਾਲ ਵਰਤਿਆ ਜਾਵੇ ਅਤੇ ਉਹਨਾਂ ਦੇ ਲਾਇਸੈਂਸ ਕੈਂਸਲ ਕਰ ਦਿੱਤੇ ਜਾਣ। ਬੱਚਿਆਂ ਨੂੰ ਚੰਗਾ ਸਾਹਿਤ ਪੜ੍ਹਨ ਲਈ ਦਿੱਤਾ ਜਾਵੇ ਤਾਂ ਕਿ ਉਹ ਨਸ਼ਿਆਂ ਤੋਂ ਬਚੇ ਰਹਿਣ। ਭਟਕਿਆਂ ਨੂੰ ਜਿਵੇਂ ਵੀ ਹੋਵੇ ਰਾਹ ‘ਤੇ ਲਿਆਉਣ ਦੀ ਲੋੜ ਹੈ ਜਿਸ ਵਿੱਚ ਸਰਕਾਰਾਂ ਦਾ ਸਾਰਥਿਕ ਰੋਲ ਲੋੜੀਂਦਾ ਹੈ।
ਸਾਰਾਂਸ਼ : ਸੰਖੇਪ ਵਿੱਚ ਨਸ਼ੇ ਮਨੁੱਖ ਦੀ ਬਰਬਾਦੀ ਦਾ ਕਾਰਨ ਹਨ। ਇਹ ਮਨੁੱਖ ਨੂੰ ਅਨੁਸ਼ਾਸਨਹੀਣ, ਜੂਏਬਾਜ਼, ਦੁਰਾਚਾਰ ਵਰਗੀਆਂ ਬਿਮਾਰੀਆਂ ਵੱਲ ਧਕੇਲ ਦਿੰਦੇ ਹਨ। ਮਨੁੱਖ ਚੋਰ, ਡਾਕੂ ਬਣ ਦਲਦਲ ਵੱਲ ਧੱਕਿਆ ਜਾਂਦਾ ਹੈ। ਨਸ਼ਿਆਂ ਦੇ ਇਸ ਵਹਿਣ ਨੂੰ ਰੋਕਣ ਲਈ ਵੱਡੇ ਪੱਧਰ ‘ਤੇ ਯਤਨਾਂ ਦੀ ਲੋੜ ਹੈ।