ਲੇਖ – ਨੈਨੋ ਟੈਕਨਾਲੋਜੀ
ਜਾਣ-ਪਛਾਣ : ਵਿਗਿਆਨ ਵਿੱਚ ਆਮ ਤੌਰ ‘ਤੇ ਇੱਕ ਐਟਮ ਨੂੰ ਸਭ ਤੋਂ ਛੋਟਾ ਤੱਤ ਮੰਨਿਆ ਜਾਂਦਾ ਹੈ। ਇੱਕ ਨੈਨੋਮੀਟਰ ਹਾਈਡ੍ਰੋਜਨ ਐਟਮ ਦੇ ਬਰਾਬਰ ਹੁੰਦਾ ਹੈ। ਜਿਵੇਂ ਅਸੀਂ ਆਪਣੇ ਸਰੀਰ ਦੇ ਵਾਲ (Hair) ਨੂੰ ਸਭ ਤੋਂ ਨਿੱਕਾ ਮੰਨਦੇ ਹਾਂ। ਇੱਕ ਨੈਨੋਮੀਟਰ ਆਮ ਮਨੁੱਖੀ ਵਾਲ ਦੀ ਮੋਟਾਈ ਤੋਂ 40,000 ਤੋਂ 80,000 ਗੁਣਾ ਛੋਟਾ ਹੁੰਦਾ ਹੈ।
ਨੈਨੋ ਅਣੂੰ : ਸਾਇੰਸ ਅਨੁਸਾਰ ਕੋਈ ਵੀ ਪਦਾਰਥ ਕਰੋੜਾਂ ਅਣੂਆਂ ਭਾਵ ਮੋਲੀਕਿਊਲਸ ਤੋਂ ਬਣਿਆ ਹੁੰਦਾ ਹੈ। ਪਦਾਰਥ ਨੂੰ ਰਸਾਇਣਕ ਕਿਰਿਆਵਾਂ ਦੇ ਰਾਹੀਂ ਤੋੜਿਆ ਜਾਵੇ ਤਾਂ ਉਹ ਅਣੂ ਵਿੱਚ ਤਬਦੀਲ ਹੋ ਜਾਂਦਾ ਹੈ। ਇਸੇ ਅਧਾਰ ‘ਤੇ ਅਣੂ ਬੰਬ ਅਤੇ ਪ੍ਰਮਾਣੂ ਬੰਬ ਬਣਾਏ ਗਏ। ਅਣੂਆਂ ਨੂੰ ਹੋਰ ਰਸਾਇਣਕ ਕਿਰਿਆਵਾਂ ਨਾਲ ਤੋੜਿਆ ਜਾਵੇ ਤਾਂ ਨੈਨੋ ਅਣੂ ਬਣਨਗੇ। ਇਹ ਨੈਨੋ ਅਣੂ ਮੂਲ ਪਦਾਰਥ ਨਾਲੋਂ ਜ਼ਿਆਦਾ ਮਜ਼ਬੂਤ ਤੇ ਵਿਸਤ੍ਰਿਤ ਹੋਣਗੇ। ਜਿਵੇਂ ਮੰਨ ਲਓ ਸੋਨੇ ਦਾ ਰੰਗ ਪੀਲਾ ਹੁੰਦਾ ਹੈ ਪਰ ਜੇਕਰ ਉਸ ਨੂੰ ਨੈਨੋ ਕਣਾਂ ਵਿੱਚ ਤੋੜ ਲਿਆ ਜਾਵੇ ਤਾਂ ਉਹ ਲਾਲ ਰੰਗ ਦਾ ਹੋ ਜਾਵੇਗਾ ਤੇ ਉਸ ਦਾ ਭਾਰ ਵੀ ਘੱਟ ਜਾਏਗਾ ਪਰ ਉਸ ਦੀ ਚਮਕ ਵਿੱਚ ਵਾਧਾ ਹੋ ਜਾਵੇਗਾ ਤੇ ਫਿਰ ਉਸ ਨੈਨੋ ਕਣਾਂ ਨੂੰ ਜੋੜ ਕੇ ਜਿਹੜਾ ਸੋਨਾ ਬਣੇਗਾ ਉਹ ਅਸਲੀ ਤੋਂ ਜ਼ਿਆਦਾ ਖ਼ੂਬਸੂਰਤ ਹੋਵੇਗਾ। ਇਹੋ ਨਹੀਂ ਜੇਕਰ ਇੱਕ ਗ੍ਰਾਮ ਸੋਨੇ ਨੂੰ ਚਾਰ ਨੈਨੋਮੀਟਰਾਂ ਦੇ ਅਕਾਰ ਵਿੱਚ ਤੋੜਿਆ ਜਾਵੇ ਤਾਂ ਉਸ ਤੋਂ ਜਿਹੜਾ ਸਰਫੇਸ (ਸੱਤਾਹ) ਬਣੇਗਾ ਉਹ ਇੱਕ ਫੁੱਟਬਾਲ ਦੇ ਮੈਦਾਨ ਜਿੱਡਾ ਵੱਡਾ ਹੋ ਸਕਦਾ ਹੈ।
ਜਿਸ ਤਰ੍ਹਾਂ ਡੀ. ਐੱਨ, ਏ. ਸੈੱਲ, ਪ੍ਰੋਟੀਨ, ਵਾਇਰਸ ਤੇ ਬੈਕਟੀਰੀਆ ਆਦਿ ਨੈਨੋ ਦਰਜੇ ਦੀਆਂ ਅਚੰਭਾ ਭਰਪੂਰ ਮਸ਼ੀਨਾਂ ਆਪਣੇ-ਆਪ ਨੂੰ ਜੋੜ-ਤੋੜ ਕੇ ਸਾਡੀ ਜ਼ਿੰਦਗੀ ਨੂੰ ਸੰਚਾਲਿਤ ਕਰਦੀਆਂ ਹਨ, ਨੈਨੋ-ਟੈਕਨਾਲੋਜੀ ਵੀ ਇਨ੍ਹਾਂ ਕੁਦਰਤੀ ਗੁਣਾਂ ਤੇ ਤਰੀਕਿਆਂ ਨੂੰ ਵਰਤ ਕੇ ਨਵੀਂ ਤਰ੍ਹਾਂ ਦੇ ਮਾਦੇ ਤਿਆਰ ਕਰਨ ਵਿੱਚ ਲੱਗੀ ਹੋਈ ਹੈ ਜੋ ਆਮ ਜ਼ਿੰਦਗੀ ਨੂੰ ਸੁਖਾਲਾ ਬਣਾ ਸਕੇਗਾ। ਸਾਇੰਸਦਾਨਾਂ ਦੀ ਇਸ ਨਵੀਂ ਤਕਨੀਕ ਨਾਲ ਆਉਣ ਵਾਲੇ 10-15 ਸਾਲਾਂ ਵਿੱਚ ਨਵੀਂ ਦੁਨੀਆ ਤੇ ਨਵੀਂ ਮਾਰਕੀਟ ਦਾ ਨਿਰਮਾਣ ਹੋਵੇਗਾ, ਇਹ ਨਿਸਚਿਤ ਹੋ ਗਿਆ ਹੈ।
ਰਿਚਰਡ ਫੇਨਮਾਨ : ਰਿਚਰਡ ਫੇਨਮਾਨ ਨੇ ਅਜਿਹੀਆਂ ਮਾਈਕਰੋਸਕੋਪਿਕ ਮਸ਼ੀਨਾਂ ਦੀ ਕਲਪਨਾ ਕੀਤੀ ਕਿ ਦਸ ਸਾਲ ਤੱਕ ਉਹ ਇਨ੍ਹਾਂ ਕਿਆਸੀਆਂ ਮਸ਼ੀਨਾਂ ਨੂੰ ਵਿਚਾਰਦਾ, ਸੋਚਦਾ, ਖੋਜਦਾ, ਨਿਚੋੜ ਕੱਢਦਾ ਤੇ ਪ੍ਰਚਾਰਦਾ ਰਿਹਾ ਤੇ ਫਿਰ ਉਸ ਦੀ ਇਸ ਵਿਚਾਰਧਾਰਾ ਨੂੰ ਵਿਸ਼ਵ ਮਾਨਤਾ ਮਿਲ ਗਈ। ਉਸ ਦੀਆਂ ਤਿੰਨ ਪੁਸਤਕਾਂ ਇੰਜਨ ਆਫ਼ ਕਰੀਏਸ਼ਨ, ਅਨਬਾਊਂਡਿੰਗ ਦਾ ਡਿਊਚਰ ਅਤੇ ਨੈਨੋ ਸਿਸਟਮ ਮਾਈ ਕਿਉਲਰ ਮਸ਼ੀਨਰੀ ਹਨ। ਜਿਨ੍ਹਾਂ ਵਿੱਚ ਨੈਨੋ ਟੈਕਨਾਲੋਜੀ ਦਾ ਹੀ ਜ਼ਿਕਰ ਹੈ।
ਐਰਿਕ ਡੈਕਸਲਰ : ਉਸ ਨੇ ਨੈਨੋਮੀਟਰ ਚੌੜੀਆਂ, ਸੈੱਲ ਜਿੱਡੀਆਂ ਮਾਈਕਿਊਲਰ ਮੋਟਰਾਂ, ਰੋਬੋਟ ਤੇ ਕੰਪਿਊਟਰਾਂ ਦਾ ਬਾਖ਼ੂਬੀ ਵਰਣਨ ਕੀਤਾ ਹੈ ਤੇ ਅਣੂਆਂ ਦੇ ਜੋੜ-ਤੋੜ ਨਾਲ ਘੱਟ ਕੀਮਤ ਤੇ ਸੂਰਜੀ ਕਿਰਨਾਂ ਨਾਲ ਸੰਚਾਲਿਤ ਜੇਬੀ ਸੁਪਰ ਕੰਪਿਊਟਰ, ਹਰ ਕਿਸੇ ਦੀ ਪਹੁੰਚ ਦੇ ਪੁਲਾੜੀ ਸਫ਼ਰ, ਕੈਂਸਰ ਦੇ ਇਲਾਜ, ਵਾਤਾਵਰਨ ਦੀ ਸ਼ੁੱਧੀ ਤੇ ਖ਼ਤਮ ਹੋ ਰਹੀਆਂ ਜੀਵ-ਜਾਤੀਆਂ ਦੇ ਪੁਨਰ-ਜੀਵਨ ਦੀ ਗੱਲ ਕੀਤੀ ਹੈ।
ਨੈਨੋ ਟੈਕਨਾਲੋਜੀ ਦਾ ਉਦੇਸ਼ : ਨੈਨੋ ਟੈਕਨਾਲੋਜੀ ਦਾ ਮਕਸਦ ਨੈਨੋ ਪੱਧਰ ‘ਤੇ ਮਾਦੇ ਦੇ ਆਪਣੇ-ਆਪ ਦੇ ਜੋੜ-ਤੋੜ ਤੇ ਹੋਰ ਵਧੀਆ ਲੱਛਣਾਂ ਨੂੰ ਵਰਤ ਕੇ ਨੈਨੋਮੀਟਰ ਪੱਧਰ ਦੀਆਂ ਅਜਿਹੀਆਂ ਵਸਤਾਂ, ਮਸ਼ੀਨਾਂ ਤੇ ਸਿਸਟਮ ਵਿਕਸਤ ਕਰਨਾ, ਜਿਨ੍ਹਾਂ ਸਦਕਾ ਸਮਾਜ ਨੂੰ ਲਾਭ ਹੋਵੇ। 19ਵੀਂ ਸਦੀ ਦੇ ਅਖ਼ੀਰ ਵਿੱਚ ਕਾਰਬਨ ਦੇ ਐਟਮਾਂ ਨੂੰ ਜੋੜ-ਤੋੜ ਕੇ ਕਾਰਬਨ ਨੈਨੋ ਟਿਊਬ ਬਣਾਈ ਤੇ ਫਿਰ ਬਾਕੀਬਲ ਨੈਨੋ ਟਿਊਬ ਤੇ ਬਾਕੀਬਲ ਇਸਤੇਮਾਲ ਕਰਨ ਵਾਲੇ ਇਲੈਕਟ੍ਰਿਕ, ਇਲੈਕਟ੍ਰਾਨਿਕ ਤੇ ਕੰਪਿਊਟਰ ਦੇ ਹਿੱਸੇ ਪੁਰਜੇ ਹੋਰ ਛੋਟੇ ਹੋਣ ਲੱਗ ਪਏ। ਨੈਨੋ ਰੋਬੋਟ ਬਣਾਏ ਗਏ ਤੇ ਹੁਣ ਨੈਨੋ ਫ਼ੈਕਟਰੀਆਂ ਬਾਰੇ ਸੋਚਿਆ ਜਾਣ ਲੱਗ ਪਿਆ ਹੈ। ਕੁਝ ਨਿੱਜੀ ਫ਼ੈਕਟਰੀਆਂ ਨਿੱਜੀ ਕੰਪਿਊਟਰ ਵਾਂਗ ਤੁਹਾਡੇ ਟੇਬਲ ‘ਤੇ ਰੱਖੀਆਂ ਜਾ ਸਕਦੀਆਂ ਹਨ ਭਾਵੇਂ ਇਹ ਖਿਡੌਣਿਆਂ ਵਰਗੀਆਂ ਜਾਪਣਗੀਆਂ ਪਰ ਸਚਮੁੱਚ ਪ੍ਰੋਡਕਸ਼ਨ ਕਰਨਗੀਆਂ ਤੇ ਵਧੇਰੇ ਲਾਭ ਦਿਵਾਉਣਗੀਆਂ। ਇਸ ਨੈਨੋ ਫ਼ੈਕਟਰੀ ਦੀ ਰਾਹੀਂ ਕਰੋੜਾਂ ਹੋਰ ਨੈਨੋ-ਫ਼ੈਕਟਰੀਆਂ ਬਣਾਈਆਂ ਜਾ ਸਕਣਗੀਆਂ ਬਿਲਕੁੱਲ ਉਵੇਂ ਹੀ ਜਿਵੇਂ ਅੱਜ ਸੀਡੀ ਰਾਈਟ ਕਰਨਾ ਹੈ। ਇਸ ਟੈਕਨਾਲੋਜੀ ਦੀ ਬਦੌਲਤ ਕਾਰਖ਼ਾਨਿਆਂ ਤੇ ਇਮਾਰਤਾਂ ਨੂੰ ਬਣਾਉਣ ਵਿੱਚ ਲੱਗਣ ਵਾਲੀ ਲਾਗਤ ਸੌ ਗੁਣਾਂ ਘੱਟ ਜਾਵੇਗੀ।
ਨੈਨੋ ਟੈਕਨਾਲੋਜੀ ਦੇ ਲਾਭ : ਇਸ ਤਕਨੀਕ ਦਾ ਲਾਭ ਇਹ ਹੈ ਕਿ ਥੋੜ੍ਹੀ ਜਗ੍ਹਾ ਵਿੱਚ ਵੱਡੀਆਂ-ਵੱਡੀਆਂ ਬਿਲਡਿੰਗਾਂ, ਘੱਟ ਕੀਮਤਾਂ, ਮਨੁੱਖੀ ਸਰੀਰ ਨੂੰ ਬਿਮਾਰੀ ਰਹਿਤ, ਸੁੰਦਰ, ਸੁਡੌਲ ਤੇ ਤੰਦਰੁਸਤ ਬਣਾਇਆ ਜਾ ਸਕੇਗਾ। ਇਸ ਨਾਲ ਜ਼ਿੰਦਗੀ ਦੇ ਹਰ ਖੇਤਰ ਵਿੱਚ ਚੰਗੇਰਾਪਨ ਤੇ ਸੱਜਰਾਪਨ ਵਧੇਗਾ ਤੇ ਨਵੀਂ ਦੁਨੀਆ ਦਾ ਆਗਾਜ਼ ਹੋਵੇਗਾ। ਅੱਜ ਵੀ ਚਾਰ ਸੌ ਤੋਂ ਜ਼ਿਆਦਾ
ਪ੍ਰੋਡਕਟਸ ਵਿੱਚ ਨੈਨੋ ਟੈਕਨਾਲੋਜੀ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ; ਜਿਵੇਂ ਸਨਸਕਰੀਨ ਲੋਸ਼ਨ, ਮਸ਼ੀਨਾਂ, ਦਵਾਈਆਂ, ਇਲੈਕਟ੍ਰਾਨਿਕਸ ਵਿੱਚ।
ਨੈਨੋ ਟੈਕਨਾਲੋਜੀ ਦੇ ਨੁਕਸਾਨ : ਕਿਸੇ ਵੀ ਤਕਨੀਕ ਦੇ ਜੇ ਫਾਇਦੇ ਹੁੰਦੇ ਹਨ ਤੇ ਨਾਲ ਹੀ ਉਸ ਦੇ ਕੁਝ ਨੁਕਸਾਨ ਵੀ ਹੁੰਦੇ ਹਨ। ਜਿਵੇਂ ਐਟਮ ਟੈਕਨਾਲੋਜੀ ਨੇ ਨਿਊਕਲੀਅਰ ਰਿਐਕਟਰਜ਼ ਏਨੇ ਪ੍ਰਭਾਵਸ਼ਾਲੀ ਨਹੀਂ ਬਣਾਏ ਜਿੰਨੇ ਡਰ ਹਥਿਆਰ ਤੇ ਐਟਮ ਬੰਬ ਬਣਾ ਕੇ ਪੈਦਾ ਕੀਤੇ ਹਨ। ਇਸੇ ਤਰ੍ਹਾਂ ਇਸ ਨੈਨੋ ਦੀ ਵਰਤੋਂ ਅਪਰਾਧ ਜਗਤ ਵਿੱਚ ਵਧੇਰੇ ਕੀਤੀ ਜਾਵੇਗੀ। ਬਿਲਡਿੰਗਾਂ ਦੇ ਨਾਲ-ਨਾਲ ਬੰਦੂਕਾਂ, ਤੋਪਾਂ ਵੀ ਬਣਨਗੀਆਂ। ਅਜਿਹੇ ਕੈਮਰੇ ਬਣਨਗੇ ਜਿਸ ਰਾਹੀਂ ਧਰਤੀ ‘ਤੇ ਕਿਤੇ ਵੀ ਸੁਰੱਖਿਆ ਨਹੀਂ ਸਮਝੀ ਜਾਵੇਗੀ ਤੇ ਹਰ ਵਕਤ ਕਿਸੇ ਵੀ ਤਸਵੀਰ ਨੂੰ ਕਿਸੇ ਵੀ ਮਕਸਦ ਲਈ ਬਲੈਕਮੇਲ ਕੀਤਾ ਜਾਵੇਗਾ। ਹਥਿਆਰਾਂ ਦੀ ਦੌੜ ਹੋਰ ਵੱਧ ਜਾਵੇਗੀ ਜੇਬੀ ਹਥਿਆਰ ਰੱਖਣੇ ਸ਼ੌਕ ਬਣ ਜਾਣਗੇ।
ਸਾਰੰਸ਼ : ਨੈਨੋ-ਟੈਕਨਾਲੋਜੀ ਇੱਕ ਨਵੇਂ ਯੁੱਗ ਦਾ ਆਗਾਜ਼ ਹੈ ਜੋ ਨਵੀਂ ਦੁਨੀਆਂ ‘ਤੇ ਦਸਤਕ ਦੇ ਰਹੀ ਹੈ ਜਿਸ ਦਾ ਮਕਸਦ ਸਮੁੱਚੇ ਸਮਾਜ ਦਾ ਚੰਗੇਰਾ ਤੇ ਸੁਖ਼ਾਲਾ ਭਵਿੱਖ ਹੈ। ਜਿਸ ਤਰ੍ਹਾਂ ਵਿਗਿਆਨ ਦੇ ਸਾਰੇ ਵਰਗਾਂ ਨੂੰ ਮੇਲ ਕੇ ਨਵੀਂ ਦੁਨੀਆ ਘੜਨ ਦਾ ਮੌਕਾ ਦੇ ਰਹੀ ਹੈ, ਉਸ ਦਾ ਸਹੀ ਢੰਗ ਨਾਲ ਲਾਭ ਲੈਣ ਵਿੱਚ ਹੀ ਇਨਸਾਨ ਦੀ ਭਲਾਈ ਹੈ ਕਿਉਂਕਿ ਨੈਨੋ ਟੈਕਨਾਲੋਜੀ ਇੱਕ ਨਵੀਂ ਇਨਕਲਾਬੀ ਕ੍ਰਾਂਤੀ ਦੇ ਦਰਵਾਜ਼ੇ ‘ਤੇ ਦਸਤਕ ਦੇ ਰਹੀ ਹੈ। ਇਸ ਦੀ ਸੁਹਿਰਦਤਾ ਸਹਿਤ ਕੀਤੀ ਗਈ ਵਰਤੋਂ ਨਵਾਂ ਇਤਿਹਾਸ ਸਿਰਜੇਗੀ।