CBSEEducationਲੇਖ ਰਚਨਾ (Lekh Rachna Punjabi)

ਲੇਖ : ਨਿਰਮਾਣਤਾ ਤੇ ਮਿਠਤ / ਵਿਆਹ


ਨਿਰਮਾਣਤਾ ਤੇ ਮਿਠਤ / ਵਿਆਹ


ਵਿਆਹੁਤਾ ਜੀਵਨ ਵਿਚ ਰੁੱਸਣਾ ਤੇ ਮੰਨਣਾ ਉਹ ਮੇਵੇ ਹਨ, ਜਿਨ੍ਹਾਂ ਨਾਲ ਵਿਆਹੁਤਾ ਜੀਵਨ ਵਿਚ ਰਸ ਹੋਰ ਵਧ ਜਾਂਦਾ ਹੈ। ਪ੍ਰੰਤੂ ਜਦੋਂ ਇਹ ਰੁਸਣਾ ਇਕ ਅਜਿਹੀ ਹੱਦ ਟੱਪ ਜਾਂਦਾ ਹੈ ਕਿ ਮੰਨਣ ਦੇ ਸਾਰੇ ਆਸਾਰ ਖਤਮ ਹੋ ਜਾਂਦੇ ਹਨ ਤਾਂ ਇਹ ਹੀ ਸੁਆਦਲਾ ਫਲ ਕੁਸੈਲਾ ਫਲ ਬਣ ਜਾਂਦਾ ਹੈ ਤੇ ਪਤੀ ਪਤਨੀ ਦੇ ਜੀਵਨ ਵਿਚ ਵਿਸ਼ ਭਰ ਦੇਂਦਾ ਹੈ। ਪਹਿਲਾਂ ਸ਼ਾਦੀ ਦੇ ਸਮੇਂ ਮਹਿੰਦੀ ਵਾਲੇ ਹੱਥਾਂ ਨਾਲ ਸੰਵਰੀ ਤੇ ਗਹਿਣਿਆਂ ਨਾਲ ਸ਼ਿੰਗਾਰੀ ਹੋਈ ਦੁਲਹਨ ਆਪਣੇ ਪਤੀ ਦੇ ਘਰ ਵਿਖੇ ਕਿੰਨੇ ਚਾਰਾਂ, ਮਲ੍ਹਾਰਾਂ ਨਾਲ ਪ੍ਰਵੇਸ਼ ਕਰਦੀ ਹੈ, ਪਰ ਕੁਝ ਸਮਾਂ ਬੀਤ ਜਾਣ ਨਾਲ ਅਜਿਹਾ ਕੀ ਵਾਪਰ ਜਾਂਦਾ ਹੈ ਕਿ ਇਹ ਚਾਅ, ਮਲ੍ਹਾਰ ਤੇ ਖੁਸ਼ੀਆਂ ਖੰਭ ਲਾ ਕੇ ਉਡ ਜਾਂਦੀਆਂ ਹਨ ਤੇ ਉਹ ਹੀ ਦੁਲਹਨ, ਜੋ ਪਹਿਲਾਂ ਡੋਲੀ ਵਿਚ ਆਉਂਦੀ ਹੈ, ਚਾਰ ਕੱਪੜਿਆਂ ਨਾਲ ਰੋਂਦੀ ਕੁਰਲਾਂਦੀ ਕੂੰਜ ਦੀ ਤਰ੍ਹਾਂ ਆਪਣੇ ਜਾਇਆਂ ਦੇ ਘਰ ਜਾ ਪਹੁੰਚਦੀ ਹੈ।

ਪਤੀ ਪਤਨੀ ਵਿਚਕਾਰ ਵਧਦੀ ਵਿੱਥ ਕਈ ਤਰ੍ਹਾਂ ਦੇ ਕਾਟਵੇਂ ਤੇ ਤਿੱਖੇ ਮੋੜ ਕੱਟਦੀ ਹੈ ਤੇ ਆਖਰ ਤਲਾਕ ਦੀ ਅਜਿਹੀ ਮੰਜਲ ‘ਤੇ ਜਾ ਪਹੁੰਚਦੀ ਹੈ, ਜਿਥੋਂ ਵਾਪਸ ਆਉਣਾ ਫਿਰ ਮੁਸ਼ਕਲ ਹੋ ਜਾਂਦਾ ਹੈ। ਪਹਿਲੀ ਅਵਸਥਾ ਵਿਚ ਦੋਹਾਂ ਦੇ ਸੁਭਾਵਾਂ ਦਾ ਨਾ ਮਿਲਣਾ ਹੈ, ਅਜਿਹਾ ਹੋਣ ਕਰਕੇ ਹਰ ਗੱਲ ਵਿਚ ਹੀ ਉਨ੍ਹਾਂ ਦੀ ਜ਼ਿਦ ਦਾ ਇਕ ਅਜਿਹਾ ਵਿਵਹਾਰ ਬਣ ਜਾਂਦਾ ਹੈ ਕਿ ਹਰ ਗੱਲ ਮਨਾਉਣ ਲਈ ਉਹ ਸਵੈਮਾਨ ਦਾ ਸੁਆਲ ਬਣਾ ਲੈਂਦੇ ਹਨ। ਉਨ੍ਹਾਂ ਨੂੰ ਇਹ ਭੁੱਲ ਜਾਂਦਾ ਹੈ ਕਿ ਜ਼ਿੰਦਗੀ ਤਾਂ ਇਕ ਸਮਝੌਤਾ ਹੈ ਤੇ ਵਿਆਹ ਸ਼ਾਦੀ ਇਸ ਸਮਝੌਤੇ ਉਤੇ ਲੱਗੀ ਇਕ ਮੋਹਰ ਦੀ ਤਰ੍ਹਾਂ ਹੁੰਦੀ ਹੈ, ਜਿਸ ਰਾਹੀਂ ਇਹ ਸਮਾਜਿਕ ਅਹਿਦ ਕੀਤਾ ਗਿਆ ਹੁੰਦਾ ਹੈ ਕਿ ਉਨ੍ਹਾਂ ਨੇ ਕਿਸੇ ਸੁਰਤ ਵਿਚ ਵੀ ਇਸ ਸਮਝੌਤੇ ਨੂੰ ਨਹੀਂ ਤੋੜਨਾ। ਸ਼ਾਦੀ ਦੇ ਸਮੇਂ ਪਵਿੱਤਰ ਅੱਗ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਮਣੇ ਲਾਵਾਂ ਲੈਂਦਿਆਂ ਕੇਵਲ ਰਸਮੀ ਤੌਰ ‘ਤੇ ਚਾਰ ਕੁਆਂਟਣੀਆਂ ਹੀ ਨਹੀਂ ਲਈਆਂ ਜਾਂਦੀਆਂ, ਸਗੋਂ ਸੈਂਕੜੇ ਲੋਕਾਂ ਦੇ ਸਾਹਮਣੇ ਸੰਪਰਕਾਂ ਬਹਿਰਵੇ ਨੇਕ ਨੀਯਤ ਨਾਲ ਵਿਆਹਤਾ ਜੀਵਨ ਵਿਚ ਪ੍ਰਵੇਸ ਕੀਤਾ ਜਾਂਦਾ ਹੈ। ਵਿਆਹ ਤੋਂ ਪਹਿਲਾਂ ਇਸਤਰੀ ਤੇ ਪੁਰਸ਼ ਦੋਵੇਂ ਅਧੂਰੇ ਹੁੰਦੇ ਹਨ , ਪ੍ਰੰਤੂ ਵਿਆਹ ਤੋਂ ਬਾਅਦ ਇੱਕ ਦੂਸਰੇ ਦੇ ਪੂਰਕ ਬਣ ਜਾਂਦੇ ਹਨ। ਇਹ ਠੀਕ ਹੈ ਕਿ ਆਧੁਨਿਕ ਬੋਧ ਨੂੰ ਅਪਣਾਉਂਦੀ ਹੋਈ ਇਸਤਰੀ ਪਤੀ ਨੂੰ ਪ੍ਰਮੇਸ਼ਵਰ ਦੇ ਰੂਪ ਵਿਚ ਨਹੀਂ ਅਪਣਾ ਸਕਦੀ ਅਤੇ ਨਾ ਹੀ ਸਤੀ ਸਵਿੱਤਰੀ ਦੀ ਤਰ੍ਹਾਂ ਬੇਲਗਾਮ ਹੋਏ ਪਤੀ ਦੀਆਂ ਵਾਗਾਂ ਨੂੰ ਫੜ ਸਕਦੀ ਹੈ, ਪ੍ਰੰਤੂ ਸਾਂਵੀ ਜ਼ਿੰਦਗੀ ਨੂੰ ਜਿਊਣ ਲਈ ਅਕਾਰਣ ਹੀ ਜਾਂ ਨਿਗੂਣੀਆਂ ਗੱਲਾਂ ‘ਤੇ ਹਾਰ ਜਿੱਤ ਦੀ ਬਾਜ਼ੀ ਲਗਾ ਕੇ ਪਤੀ ਨਾਲ ਯੁੱਧ ਵਾਲਾ ਵਾਤਾਵਰਣ ਨਹੀਂ ਬਣਾਉਣਾ ਚਾਹੀਦਾ।

ਪਤਨੀ ਦਾ ਪੂਰੀ ਤਰ੍ਹਾਂ ਪਤੀ ਨਾਲ ਰੁੱਸਣਾ ਤੇ ਅਲੱਗ ਜੀਵਨ ਬਿਤਾਉਣ ਦਾ ਫੈਸਲਾ ਇਸ ਕਰਕੇ ਵੀ ਹੁੰਦਾ ਹੈ ਕਿ ਕਈ ਹਾਲਤਾਂ ਵਿਚ ਸ਼ਾਦੀ ਤੋਂ ਪਹਿਲਾਂ ਲੜਕੇ ਦੀ ਪੂਰੀ ਤਰ੍ਹਾਂ ਦੇਖ ਰੇਖ ਨਹੀਂ ਕੀਤੀ ਜਾਂਦੀ। ਉਸਦੀ ਆਰਥਕ ਅਵਸਥਾ ਤੇ ਰੋਜ਼ਗਾਰ ਦਾ ਪੂਰਾ ਪਤਾ ਨਹੀਂ ਲਗਾਇਆ ਜਾਂਦਾ। ਕਈ ਤਰ੍ਹਾਂ ਦੇ ਸਬਜ਼ਬਾਗ ਲੜਕੇ ਵਾਲੇ ਦਿਖਾਉਂਦੇ ਹਨ। ਵਪਾਰਕ ਕੰਮਾਂ ਵਿਚ ਲੱਗੇ ਹੋਏ ਪੁਰਸ਼ਾਂ ਦੇ ਕੰਮਾਂ ਦੀ ਆਰਥਕ ਹਾਲਤ ਦਾ ਪੂਰੀ ਤਰ੍ਹਾਂ ਪਤਾ ਨਹੀਂ ਹੁੰਦਾ। ਨੌਕਰੀਸ਼ੁਦਾ ਲੜਕੇ ਦੀ ਆਰਥਕ ਹਾਲਤ ਤੇ ਤਨਖਾਹ ਦਾ ਪਤਾ ਲਾਉਣਾ ਕੋਈ ਮੁਸ਼ਕਲ ਨਹੀਂ ਹੁੰਦਾ। ਕਈ ਹਾਲਤਾਂ ਵਿਚ ਦੇਖਿਆ ਗਿਆ ਹੈ ਕਿ ਇਹ ਕਿਹਾ ਜਾਂਦਾ ਹੈ ਕਿ ਲੜਕਾ ਅਮੀਰ ਬਾਪ ਦੇ ਕੰਮ ਧੰਦੇ ਵਿਚ ਭਾਗੀਦਾਰ ਹੈ, ਪ੍ਰੰਤੂ ਸ਼ਾਦੀ ਤੋਂ ਬਾਅਦ ਹਾਲਾਤ ਅਜਿਹੇ ਨਹੀਂ ਰਹਿੰਦੇ। ਸੁਤੰਤਰ ਤੌਰ ‘ਤੇ ਲੜਕੇ ਦਾ ਆਪਣੇ ਪੈਰਾਂ ‘ਤੇ ਖਲੋਣਾ ਬਹੁਤ ਜ਼ਰੂਰੀ ਹੈ।

ਸ਼ਾਦੀ ਤੋਂ ਪਹਿਲਾਂ ਤਾਂ ਪੂਰੀ ਜ਼ਿੰਮੇਵਾਰੀ ਨਾਲ ਅਸੀਂ ਹਾਲਾਤ ਦਾ ਜਾਇਜ਼ਾ ਨਹੀਂ ਲੈਂਦੇ, ਪ੍ਰੰਤੂ ਜਦ ਸ਼ਾਦੀ ਤੋਂ ਬਾਅਦ ਲੜਕਾ ਜਾਂ ਤਾਂ ਆਰਥਕ ਤੌਰ ‘ਤੇ ਪਿਤਾ ‘ਤੇ ਪੂਰਾ ਨਿਰਭਰ ਕਰਦਾ ਹੈ ਜਾਂ ਆਪ ਕੋਈ ਵੀ ਆਰਥਕ ਧੰਦਾ ਨਹੀਂ ਕਰ ਸਕਦਾ ਤਾਂ ਇਹ ਕਾਰਨ ਪਤੀ ਪਤਨੀ ਦੇ ਝਗੜੇ ਦਾ ਕਈ ਅਵਸਥਾਵਾਂ ਵਿਚ ਤਲਾਕ ਦਾ ਕਾਰਨ ਬਣ ਜਾਂਦਾ ਹੈ। ਪਤੀ ਪਤਨੀ ਦੇ ਰਿਸ਼ਤੇ ਦੀ ਬੁਨਿਆਦ ਵੀ ਆਰਥਕ ਮੰਦਹਾਲੀ ਕਾਰਨ ਤਿੜਕ ਕੇ ਰਹਿ ਜਾਂਦੀ ਹੈ।

ਨਾ ਕੇਵਲ ਆਰਥਕ ਤੌਰ ‘ਤੇ ਝੂਠੇ ਵਾਅਦੇ ਤੇ ਲਾਰੇ ਲਾਏ ਜਾਂਦੇ ਹਨ, ਸਗੋਂ ਪਤਨੀ ਲੜਕੇ ਦੇ ਆਚਰਣ, ਸਮਾਜਕ ਵਿਵਹਾਰ, ਤੌਰ ਤਰੀਕੇ ਤੇ ਆਦਤਾਂ ਤੋਂ ਵੀ ਪੂਰੀ ਤਰ੍ਹਾਂ ਅਣਭਿੱਜ ਹੋਣ ਕਾਰਨ ਆਪਣੇ ਪਤੀ ਨਾਲ ਪੂਰੀ ਤਰ੍ਹਾਂ ਰਚਮਿਚ ਨਹੀਂ ਸਕਦੀ। ਕਈ ਵਾਰੀ ਲੜਕਾ ਕਈ ਅਜਿਹੀਆਂ ਬੁਰੀਆਂ ਆਦਤਾਂ, ਜਿਵੇਂ ਨਸ਼ਿਆਂ ਦਾ ਗੁਲਾਮ ਹੋਣਾ, ਜੂਏਬਾਜ਼ੀ ਜਾਂ ਉਸ ਦੇ ਅਜਿਹੇ ਲੋਕਾਂ ਨਾਲ ਸੰਬੰਧ ਹੁੰਦੇ ਹਨ ਜੋ ਸਮਾਜ ਤੋਂ ਛੇਕੇ ਹੁੰਦੇ ਹਨ ਆਦਿ ਕਾਰਨਾਂ ਕਰਕੇ ਪਤੀ ਨਾਲ ਉਸਦੀ ਨਿਭਣੀ ਮੁਸ਼ਕਲ ਹੋ ਜਾਂਦੀ ਹੈ ਤੇ ਸ਼ਾਦੀ ਤੋਂ ਕੁਝ ਦਿਨਾਂ ਬਾਅਦ ਹੀ ਚਿੱਟੇ ਦਿਨ ਵਰਗੀ ਸੱਚਾਈ ਸਾਹਮਣੇ ਆ ਜਾਂਦੀ ਹੈ ਤੇ ਨਵੀਂ ਵਿਆਹੀ ਨੂੰ ਸਭ ਕੁਝ ਉਲਟਾ ਪੁਲਟਾ ਨਜ਼ਰ ਆਉਂਦਾ ਹੈ ਤੇ ਪਤਾ ਉਦੋਂ ਚਲਦਾ ਹੈ ਜਦੋਂ ਲੜਕੀ ਅਟੈਚੀ ਚੁੱਕ ਕੇ ਆਪਣੇ ਪੇਕੇ ਘਰ ਵਾਪਸ ਆ ਜਾਂਦੀ ਹੈ।

ਜੇ ਇਹ ਸਾਰੇ ਹਾਲਾਤ ਠੀਕ ਵੀ ਹੋਣ ਤਾਂ ਵੀ ਕਈ ਅਵਸਥਾਵਾਂ ਵਿਚ ਲੜਕੇ ਦੇ ਮਾਂ ਬਾਪ, ਭਾਈ, ਭੈਣਾਂ ਤੇ ਉਨ੍ਹਾਂ ਵਿਚ ਰੀਂਗਦਾ ਲਾਲਚ ਦਾ ਕੀੜਾ ਨਵੀਂ ਵਿਆਹੀ ਦੇ ਜੀਵਨ ਵਿਚ ਕੈਂਸਰ ਭਰ ਦਿੰਦਾ ਹੈ। ਦੇਖਿਆ ਗਿਆ ਹੈ ਕਿ ਪਤੀ ਹੋਣਹਾਰ ਹੈ, ਕਮਾਊ ਹੈ, ਚੰਗੇ ਚਰਿੱਤਰ ਤੇ ਤੌਰ ਤਰੀਕੇ ਸਲੀਕੇ ਵਾਲਾ ਹੈ ਪਰ ਪਤੀ ਦੀ ਮਾਂ ਇਕ ਅਜਿਹੀ ਸੱਸ ਦੀ ਭੂਮਿਕਾ ਅਦਾ ਕਰਦੀ ਹੈ ਕਿ ਨਵੀਂ ਦੁਲਹਨ ਪਾਸ ਕੋਈ ਚਾਰਾ ਨਹੀਂ ਰਹਿੰਦਾ ਕਿ ਉਹ ਪਤੀ ਦਾ ਘਰ ਛੱਡ ਕੇ ਆ ਜਾਵੇ। ਲੜਕਾ ਪੂਰੀ ਤਰ੍ਹਾਂ ਮਾਂ ਦੇ ਕਾਬੂ ਵਿਚ ਹੁੰਦਾ ਹੈ ਤੇ ਚਾਬੀਆਂ ਦੇ ਗੁੱਛੇ ਦੀ ਤਰ੍ਹਾਂ ਮਾਂ ਨਾਲ ਜੁੜਿਆ ਰਹਿੰਦਾ ਹੈ ਤੇ ਕਿਸੇ ਕੀਮਤ ‘ਤੇ ਵੀ ਆਪਣੀ ਜ਼ਿੰਮੇਵਾਰੀ, ਜੋ ਵਿਆਹ ਤੋਂ ਬਾਅਦ ਉਸਦੇ ਮੋਢਿਆਂ ‘ਤੇ ਅਚਾਨਕ ਪੈਂਦੀ ਹੈ, ਉਸਨੂੰ ਨਿਭਾਉਣ ਲਈ ਤਿਆਰ ਨਹੀਂ ਹੁੰਦਾ। ਉਹ ਆਪਣੀ ਪਤਨੀ ਨੂੰ ਪਿਆਰ ਵੀ ਕਰਦਾ ਹੈ, ਪਰ ਉਸ ਪਿਆਰ ਵਿਚ ਅਜੇ ਤਕ ਇੰਨੀ ਗਹਿਰਾਈ ਨਹੀਂ ਆਈ ਹੁੰਦੀ ਕਿ ਉਹ ਹੁਣ ਇਹ ਮਹਿਸੂਸ ਕਰੇ ਕਿ ਉਸਨੇ ਵੀ ਹੁਣ ਆਪਣੀ ਅਲੱਗ ਦੁਨੀਆ ਵਸਾਉਣੀ ਹੈ। ਵਿਆਹ ਤੋਂ ਪਹਿਲਾਂ ਉਸਦੀ ਮਾਂ ਉਸ ਲਈ ਸਭ ਤੋਂ ਵੱਡਾ ਰਿਸ਼ਤਾ ਹੁੰਦਾ ਹੈ, ਪਰ ਸ਼ਾਦੀ ਤੋਂ ਬਾਅਦ ਪਤਨੀ ਦਾ ਰਿਸ਼ਤਾ ਸਭ ਤੋਂ ਵੱਡਾ ਹੋ ਜਾਂਦਾ ਹੈ। ਬਾਕੀ ਹੋਰ ਭਾਈ, ਭੈਣ ਵਿਗੜੇ ਹੋਏ ਰਿਸ਼ਤੇ ਨੂੰ ਸੁਖਾਵਾਂ ਘੱਟ ਬਣਾਉਂਦੇ ਹਨ, ਸਗੋਂ ਉਲਝਾਂਦੇ ਵਧੇਰੇ ਹਨ। ਉਹ ਸਗੋਂ ਬਲਦੀ ਉਤੇ ਤੇਲ ਪਾਉਂਦੇ ਹਨ। ਨਤੀਜਾ ਇਹ ਨਿਕਲਦਾ ਹੈ ਕਿ ਪਤੀ ਦੇ ਮਨ ਦੇ ਵਿਹੜੇ ਵਿਚ ਪਤਝੜ ਛਾ ਜਾਂਦੀ ਹੈ ਤੇ ਉਹ ਵਿਗੜੀ ਹੋਈ ਤਾਣੀ ਨੂੰ ਸੁਲਝਾ ਨਹੀਂ ਸਕਦਾ।

ਪਤੀ ਪਤਨੀ ਦੇ ਰਿਸ਼ਤੇ ਦੀਆਂ ਦੋ ਵਿਸ਼ੇਸ਼ ਪਰਤਾਂ ਹਨ, ਇਕ ਬਾਹਰੀ ਕਾਰਨਾਂ ਕਰਕੇ, ਜਿਨ੍ਹਾਂ ਦੇ ਪਿਛੋਕੜ ਵਿਚ ਉਪਰੋਕਤ ਕਾਰਨ ਹੁੰਦੇ ਹਨ, ਦੂਸਰੇ ਪਾਸੇ ਇਹ ਰਿਸ਼ਤਾ ਜਿੱਥੇ ਦੋਸਤੀ, ਪਿਆਰ, ਸੇਵਾ, ਮਿਲਵਰਤਣ ਦਾ ਨਾਂ ਹੈ, ਉਥੇ ਸਰੀਰਕ ਤੌਰ ‘ਤੇ ਵੀ ਇਸਦੀ ਵਿਸ਼ੇਸ਼ ਭੂਮਿਕਾ ਹੈ। ਇਸਤਰੀ ਪੁਰਸ਼ ਨੂੰ ਵਿਆਹੁਤਾ ਜੀਵਨ ਦੀ ਸਭ ਤੋਂ ਵੱਡੀ ਖੁਸ਼ੀ ਤੇ ਆਨੰਦ ਪ੍ਰਦਾਨ ਕਰਦੀ ਹੈ। ਜ਼ਿੰਦਗੀ ਦੀਆਂ ਹੋਰ ਭੁੱਖਾਂ ਦੀ ਤਰ੍ਹਾਂ ਸਰੀਰਕ ਸੰਤੁਸ਼ਟੀ ਦੀ ਭੁੱਖ ਇਸ ਰਿਸ਼ਤੇ ਤੋਂ ਪੂਰੀ ਕੀਤੀ ਜਾਂਦੀ ਹੈ। ਜੇ ਕਿਸੇ ਕਾਰਨ ਇਸਤਰੀ ਜਾਂ ਪੁਰਸ਼ ਦੋਹਾਂ ਵਿਚੋਂ ਕੋਈ ਅਤ੍ਰਿਪਤ ਰਹਿ ਜਾਵੇ ਤਾਂ ਇਸ ਰਿਸ਼ਤੇ ਦੀ ਚੂਲ ਹਿੱਲ ਜਾਂਦੀ ਹੈ। ਰੁੱਸਣਾ, ਲੜਾਈ ਝਗੜਾ ਜਾਂ ਸਰੀਰਕ ਬੀਮਾਰੀ ਕਾਰਨ ਜੇ ਵਿੱਥ ਸਰੀਰਕ ਤੌਰ ਤੇ ਵੀਰਾ ਵਧ ਜਾਵੇ ਤਾਂ ਇਹ ਰਿਸ਼ਤਾ ਸਾਂਭਿਆ ਨਹੀਂ ਜਾ ਸਕਦਾ। ਨਵੀਂ ਨਵੇਲੀ ਦੁਲਹਨ ਜਾਂ ਪਤੀ ਕੁਝ ਮਹੀਨਿਆਂ ਵਿਚ ਹੀ ਇਸ ਰਿਸ਼ਤੇ ਨੂੰ ਤੋੜ ਕੇ ਨਵੀਂ ਬੇੜੀ ਵਿਚ ਬੈਠਣ ਲਈ ਮਜਬੂਰ ਹੋ ਜਾਂਦੇ ਹਨ। ਕਈ ਵਾਰੀ ਕੇਵਲ ਮਨੋਵਿਗਿਆਨਕ ਉਲਝਣਾਂ ਹੀ ਸਰੀਰਕ ਵਿੱਥ ਦਾ ਕਾਰਨ ਬਣਦੀਆਂ ਹਨ, ਜਿਨ੍ਹਾਂ ਦਾ ਇਲਾਜ ਮਨ ਦੇ ਡਾਕਟਰਾਂ ਕੋਲ ਹੁੰਦਾ ਹੈ, ਜਿਸ ਨਾਲ ਸਹਿਜੇ ਹੀ ਮਨ ਦੀ ਗੁੱਥੀ ਸੁਲਝ ਜਾਂਦੀ ਹੈ ਤੇ ਮਨੁੱਖ ਜ਼ਿੰਦਗੀ ਦਾ ਸੁਆਦ ਪੂਰੀ ਤਰ੍ਹਾਂ ਮਾਣ ਸਕਦਾ ਹੈ।

ਇਸ ਦਿਸਦੇ ਸੰਸਾਰ ਵਿਚ ਮਨੁੱਖਾ ਜੀਵਨ ਸਭ ਤੋਂ ਵੱਧ ਖੁਸ਼ੀ ਦੇਣ ਵਾਲਾ ਜੀਵਨ ਹੈ। ਇਹ ਜੀਵਨ ਮਿਲਾਪ ਤੇ ਖੇੜੇ ਦਾ ਨਾਂ ਹੈ। ਪਤੀ-ਪਤਨੀ ਦਾ ਰਿਸ਼ਤਾ ਜੀਵਨ ਦੇ ਮਿਲਾਪ ਤੇ ਖੁਸ਼ੀ ਦਾ ਪ੍ਰਤੀਨਿਧ ਸਰੂਪ ਹੈ। ਆਪਸੀ ਝਗੜੇ, ਰੁਸਵਾਈ ਕਰਕੇ ਜਿਹੜੇ ਪਲ ਪਤੀ ਪਤਨੀ ਇਕੱਠੇ ਨਹੀਂ ਕੱਟ ਸਕਦੇ, ਉਹ ਪਲ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿਚੋਂ ਕੱਢ ਦੇਣੇ ਚਾਹੀਦੇ ਹਨ। ਬੇਕਨ ਕਹਿੰਦਾ ਹੈ ਕਿ ਸ਼ਾਦੀਆਂ ਤਾਂ ਪਹਿਲਾਂ ਸਵਰਗਾਂ ਵਿਚ ਹੀ ਤਹਿ ਕੀਤੀਆਂ ਮਿਲਦੀਆਂ ਹਨ, ਕੇਵਲ ਧਰਤੀ ਉਤੇ ਰਸਮੀ ਤੌਰ ‘ਤੇ ਨਿਭਾਈਆ ਜਾਂਦੀਆਂ ਹਨ। ਜੀਵਨ ਵਿਚ ਕਿਸੇ ਵੀ ਰਿਸ਼ਤੇ ਵਿਚ ਇੰਨੀ ਵਿੱਥ ਨਹੀਂ ਬਣਨੀ ਚਾਹੀਦੀ ਕਿ ਫਿਰ ਉਹ ਵਿੱਥ ਦੂਰ ਹੀ ਨਾ ਕੀਤੀ ਜਾ ਸਕੇ, ਫਿਰ ਪਤੀ ਪਤਨੀ ਦਾ ਰਿਸ਼ਤਾ ਵਿੱਥ ਪੈਦਾ ਕਰਨ ਦਾ ਰਿਸ਼ਤਾ ਨਹੀਂ, ਸਗੋਂ ਵਿੱਥਾਂ ਮੇਟਣ ਦਾ ਰਿਸ਼ਤਾ ਹੈ। ਇਹ ਵਿੱਥਾਂ ਪੈਦਾ ਕਰਨ ਵਾਲੇ ਸਾਨੂੰ ਆਪਣਿਆ ਵਿਚੋਂ ਵੀ ਮਿਲਦੇ ਹਨ ਤੇ ਪਰਾਇਆਂ ਵਿਚੋਂ ਵੀ, ਪਰ ਆਪਣੇ ਮਨ ਦੇ ਗੁਲਦਸਤੇ ਨੂੰ ਅਸੀਂ ਇਕਮੁੱਠ ਕਰਕੇ ਰੱਖਾਂਗੇ ਤਾਂ ਰਿਸ਼ਤਿਆਂ ਵਿਚਲੀ ਖੁਸ਼ਬੂ ਹਮੇਸ਼ਾ ਬਣੀ ਰਹੇਗੀ। ਤਲਾਕ ਲਈ ਵਕੀਲਾਂ ਕੋਲ ਭੱਜਣ ਤੋਂ ਪਹਿਲਾਂ ਇਹ ਸੋਚ ਲੈਣਾ ਚਾਹੀਦਾ ਹੈ ਕਿ ਵਕੀਲ ਦਾ ਤਾਂ ਇਹ ਰੋਜ਼ ਦਾ ਧੰਦਾ ਹੈ ਕਿ ਉਹ ਝੂਠ ਤੇ ਬੇਬੁਨਿਆਦ ਇਲਜ਼ਾਮ ਲੱਭੇ, ਇਸ ਰਿਸ਼ਤੇ ਦੀਆਂ ਧੱਜੀਆਂ ਉਧੇੜ ਦੇਵੇ, ਉਸ ਨੇ ਤਾਂ ਆਪਣੀ ਫੀਸ ਖਰੀ ਕਰਨੀ ਹੁੰਦੀ ਹੈ। ਤਲਾਕ ਲਈ ਅਰਜ਼ੀਆਂ ਦੀ ਲੰਮੀ ਕਤਾਰ ਵੇਖ ਕੇ ਉਸ ਵਿਚ ਖੜੇ ਨਹੀਂ ਹੋਣਾ ਚਾਹੀਦਾ। ਜਨਸੰਖਿਆ ਵਿਚ ਏਨਾ ਵਾਧਾ ਹੋ ਗਿਆ ਹੈ ਕਿ ਹਰ ਥਾਂ ‘ਤੇ ਹੀ ਕਤਾਰਾਂ ਨਜ਼ਰ ਆਉਂਦੀਆਂ ਹਨ। ਜੱਜ ਵੀ ਤਲਾਕ ਦੇਣ ਲੱਗਿਆਂ ਅਨੇਕਾਂ ਵਾਰ ਸੋਚਦਾ ਹੈ ਤੇ ਇਕੱਠੇ ਮਿਲ ਕੇ ਰਹਿਣ ਲਈ ਪ੍ਰੇਰਦਾ ਹੈ। ਮੁਸਲਮਾਨੀ ਕਾਨੂੰਨ ਵਿਚ ਵੀ ਹੁਣ ਤੀਸਰੀ ਵਾਰ ਤਲਾਕ ਬੋਲਣ ਵਿਚ ਵਿੱਥ ਤੇ ਸਮਾਂ ਵਧਾ ਦਿੱਤਾ ਗਿਆ ਹੈ।

ਖੁਸ਼ੀਆਂ ਦੀ ਬਰਸਾਤ ਵਿੱਥਾਂ ‘ਤੇ ਦੂਰੀ ਰੱਖਕੇ ਨਹੀਂ ਹੁੰਦੀ, ਅਕਾਰਣ ਹੀ ਰਿਸ਼ਤਿਆਂ ਵਿਚ ਵਿੱਸ਼ ਘੋਲਣ ਦੀ ਇਜਾਜ਼ਤ ਕਿਸੇ ਨੂੰ ਨਾ ਦਿਓ। ਆਪਣੀ ਮਨ ਦੀ ਮੋਕਲੀ ਧਰਤੀ ਉੱਤੇ ਤੁਹਾਡੀ ਪਤਨੀ ਰੂਪੀ ਨਾਇਕਾ ਨੇ ਹੈ ਹਾਸੇ ਬੀਜਣੇ ਹਨ, ਜਿਸਨੂੰ ਪੱਬਾਂ ਭਾਰ ਹੋ ਕੇ ਤੁਸੀਂ ਉਡੀਕਦੇ ਹੋ, ਕੇਵਲ ਤੁਹਾਡੀਆਂ ਅੱਖਾਂ ਵਿਚਲੀ ਬੁਲਾਵੇ ਦੀ ਸੈਨਤ ਦੀ ਹੀ ਉਸਨੂੰ ਉਡੀਕ ਹੈ।