ਲੇਖ : ਨਿਮਰਤਾ

ਨਿਮਰਤਾ


ਕਹਿੰਦੇ ਹਨ ਕਿ ਤਲਵਾਰ ਦਾ ਫੱਟ ਤਾਂ ਭਰ ਜਾਂਦਾ ਹੈ, ਪਰ ਜ਼ੁਬਾਨ ਨਾਲ ਲਾਇਆ ਫੱਟ ਕਦੇ ਨਹੀਂ ਭਰਦਾ। ਭੈੜੀ ਜ਼ੁਬਾਨ ਵਾਲਾ ਪੁਰਸ਼ ਜਾਂ ਇਸਤਰੀ ਆਪਣਾ ਮੂੰਹ ਤੇ ਖੋਲ੍ਹਦੀ ਹੈ, ਪਰ ਦਿਮਾਗ ਬੰਦ ਕਰ ਲੈਂਦੀ ਹੈ। ਦੂਸਰਿਆਂ ਦੇ ਕੰਮਾਂ ਵਿਚ ਲੱਤ ਅੜਾਉਣੀ, ਰਾਹ ਜਾਂਦਿਆਂ ਨਾਲ ਸਿੰਗ ਫਸਾਉਣੇ, ਕਿਸੇ ਨੂੰ ਦੁਖ ਦੇਣਾ, ਦੁਖੀ ਦੇਖ ਕੇ ਸੁਖ ਦਾ ਅਨੁਭਵ ਕਰਨਾ ਇਕ ਨਕਾਰਾਤਮਕ ਮਨੋਬਿਰਤੀ ਹੈ, ਜਿਹੜੀ ਕਿ ਜਾਣੇ-ਅਣਜਾਣੇ ਸਾਡੇ ਅੰਦਰ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ। ਮੱਧਰੇ ਕੱਦ ਦੀ ਇਸਤਰੀ ਨੂੰ ਦੇਖ ਕੇ ਸਾਨੂੰ ਆਪਣੇ ਲੰਬੇ ਕੱਦ ਤੇ ਮਾਣ ਹੋਣ ਲਗਦਾ ਹੈ, ਕਿਸੇ ਇਸਤਰੀ ਦਾ ਕ੍ਰਿਸ਼ਨ ਰੰਗ ਦੇਖ ਕੇ ਸਾਨੂੰ ਆਪਣੇ ਗੋਰੇ ਰੰਗ ਤੇ ਫਖਰ ਹੋਣ ਲਗਦਾ ਹੈ। ਸਾਡੀ ਕਿਸੇ ਸਖੀ ਸਹੇਲੀ ਨੇ ਸ਼ਹਿਰ ਤੋਂ ਦੂਰ ਦੁਰਾਡੇ ਮਕਾਨ ਬਣਾਇਆ ਹੈ, ਤਾਂ ਸਾਨੂੰ ਆਪਣੇ ਆਪ ਤੇ ਮਾਣ ਹੋਣ ਲਗਦਾ ਹੈ ਤੇ ਇਸ ਗਲ ਨੂੰ ਦੁਹਰਾਉਂਦੇ ਨਹੀਂ ਥੱਕਦੇ। ਸਾਨੂੰ ਆਪਣੇ ਸੁਖ ਸਹੂਲਤਾਂ ਨੂੰ ਦਸਦਿਆਂ ਕਦੇ ਸੰਗ ਨਹੀ ਆਉਂਦੀ ਤੇ ਆਪਣੇ ਕਪੜੇ, ਗਹਿਣਿਆਂ ਦੀ ਗੱਲ ਨੂੰ ਵਧਾ ਚੜ੍ਹਾ ਕੇ ਕਰਦੇ ਹਾਂ। ਆਪਣੇ ਬੱਚਿਆਂ ਨੂੰ ਦੂਸਰਿਆਂ ਤੋਂ ਲਾਇਕ ਦਸਦੇ ਹਾਂ ਤੇ ਹਮੇਸ਼ਾ ਇਸ ਸੁਨਹਿਰੀ ਅਸੂਲ ਤੇ ਚਲਦੇ ਹਾਂ ਕਿ “ਆਪੇ ਮੈਂ ਰੱਜੀ ਪੁੱਜੀ ਤੇ ਆਪੇ ਮੇਰੇ ਬੱਚੇ ਜੀਊਣ।” ਆਪਣੀ ਕਿਸੇ ਤੁੱਛ ਜਿਹੀ ਪ੍ਰਾਪਤੀ ਤੇ ਦੂਸਰੇ ਦੀ ਕਮਜ਼ੋਰੀ ਨੂੰ ਦੇਖਦੇ ਹੋਏ ਅਸੀਂ ਝੱਟ ਬੋਲਾਂ ਦੀ ਬੁਛਾੜ ਸ਼ੁਰੂ ਕਰ ਦਿੰਦੇ ਹਾਂ ਤੇ ਦੂਸਰਿਆਂ ਦੇ ਦਿਲਾਂ ਤੇ ਮਰ੍ਹਮ ਲਾਉਣ ਦੀ ਥਾਂ ਤੇ ਉਨ੍ਹਾਂ ਦੇ ਦਿਲਾਂ ਨੂੰ ਛਲਣੀ ਕਰ ਦੇਂਦੇ ਹਾਂ। ਮਾੜੇ ਬੋਲਾਂ ਦੀ ਤਾਂ ਮਿਥਿਹਾਸਕ ਤੇ ਇਤਿਹਾਸਕ ਤੌਰ ਤੇ ਵੀ ਬਹੁਤ ਮਹੱਤਤਾ ਹੈ। ਮਹਾਂਭਾਰਤ ਦਾ ਯੁੱਧ ਕਦੇ ਨਾ ਹੁੰਦਾ ਜੇ ਦਰੋਪਤੀ ਇਹ ਨਾਂ ਕਹਿੰਦੀ,”ਅੰਨ੍ਹੇ ਦੀ ਔਲਾਦ ਅੰਨ੍ਹੀ ਹੀ ਹੁੰਦੀ ਹੈ।” ਗੁੱਸੇ ਵਿਚ, ਨਫਰਤ ਵਿਚ, ਕਾਟਵੇਂ ਬੋਲਾਂ ਦੀ ਬੇਸੁਰੀ ਸੁਰ ਹਮੇਸ਼ਾ ਲਈ ਹੀ ਗੂੰਜਦੀ ਰਹਿੰਦੀ ਹੈ ਤੇ ਇਤਿਹਾਸਕ ਤੌਰ ‘ਤੇ ਉਨ੍ਹਾਂ ਬੋਲਾਂ ਦੀ ਮਹੱਤਤਾ ਤੋਂ ਵੀ ਇਨਕਾਰੀ ਨਹੀਂ ਹੋਇਆ ਜਾ ਸਕਦਾ, ਜਿਨ੍ਹਾਂ ਨੇ ਕਿਸੇ ਕੌਮ ਦੇ ਅੱਲ੍ਹੇ ਜ਼ਖਮਾਂ ਤੇ ਮਰਹਮ ਲਾਈ ਹੋਏ। ਮਾਲੇਰਕੋਟਲਾ ਦੇ ਨਵਾਬ ਨੇ ਜਦੋਂ ਸਾਹਿਬਜ਼ਾਦਿਆਂ ਦੇ ਹੱਕ ਵਿਚ ਆਹ ਦਾ ਨਾਅਰਾ ਮਾਰਿਆ ਤੇ ਬੱਚਿਆਂ ਲਈ ਹਮਦਰਦੀ ਦਿਖਾਈ ਤਾਂ ਇਹ ਹੀ ਕਾਰਣ ਹੈ ਕਿ ਮਾਲੇਰਕੋਟਲਾ ਸ਼ਹਿਰ ਅਜੇ ਵੀ ਪੰਜਾਬ ਦੇ ਹੋਰ ਸ਼ਹਿਰਾਂ ਦੀ ਤਰ੍ਹਾਂ ਹੱਸਦਾ ਵਸਦਾ ਹੈ।

ਦੁਖਾਵੇਂ ਬੋਲ ਕਹਿਰ ਮਚਾਉਂਦੇ ਹਨ ਤੇ ਸ਼ਹਿਰ ਤਬਾਹ ਕਰ ਦੇਂਦੇ ਹਨ ਪਰ ਸੁਖਾਵੇਂ ਬੋਲ ਸ਼ਹਿਰ ਆਬਾਦ ਕਰੀ ਰਖਦੇ ਹਨ।

ਦੂਸਰਿਆਂ ਨੂੰ ਦੁਖ ਦੇਣ ਤੋਂ ਵਡਾ ਕੁਕਰਮ ਹੋਰ ਕੋਈ ਨਹੀਂ ਹੈ, ਦੂਸਰਿਆਂ ਨੂੰ ਪੀੜਤ ਕਰਨ, ਕਸ਼ਟ ਪਹੁੰਚਾਉਣ ਦੀ ਮਨੋਬਿਰਤੀ ਮਨੁਖ ਨੂੰ ਉਦਾਰ ਭਾਵਨਾਵਾਂ ਤੋਂ ਪਰ੍ਹੇ ਹਟਾ ਕੇ ਪਸ਼ੂ ਬਿਰਤੀ ਵਲ ਲੈ ਜਾਂਦੀ ਹੈ। ਅਸੀਂ ਜਾਣੇ-ਅਣਜਾਣੇ ਆਪਣੇ ਮਨ, ਵਚਨ ਅਤੇ ਕਰਮ ਨਾਲ ਇਸ ਭਾਵਨਾ ਨਾਲ ਜੁੜੇ ਰਹਿੰਦੇ ਹਾਂ। ਜਦੋਂ ਦੂਸਰੇ ਨੂੰ ਦੁਖ ਪਹੁੰਚਾਉਣ ਵਿਚ ਸਾਡੇ ਕੰਮ ਸਾਥ ਨਹੀ ਦਿੰਦੇ ਤਾਂ ਬੋਲਾਂ ਦੀ ਅਜਿਹੀ ਮਿੱਠੀ ਮਾਰ ਕਰਦੇ ਹਾਂ ਕਿ ਅਗਲਾ ਵਿਅਕਤੀ ਨਿਰੁੱਤਰ ਹੋ ਕੇ ਰਹਿ ਜਾਂਦਾ ਹੈ।

ਅਸੀਂ ਆਪਣੀ ਮਰਜ਼ੀ ਮੁਤਾਬਕ ਦੂਸਰੇ ਨੂੰ ਨੁਕਰੇ ਲਾਉਣ ਲਈ ਕਈ ਤਰ੍ਹਾਂ ਦੀਆਂ ਵਿਅੰਗਮਈ ਤੇ ਕਾਟਵੀਆਂ ਟਿੱਪਣੀਆਂ ਕਰਨ ਦੇ ਆਦੀ ਹੁੰਦੇ ਹਾਂ। ਆਪਣੇ ਲੋੜ ਤੋਂ ਵਧ ਭਾਰੇ ਸਰੀਰ ਹੋਣ ਦੇ ਬਾਵਜੂਦ ਅਸੀਂ ਦੂਸਰਿਆਂ ਨੂੰ ਕਮਜ਼ੋਰ ਤੇ ਦੁਬਲਾ ਪਤਲਾ ਕਹਿੰਦੇ ਹੋਏ ਚੰਗਾ ਖਾਣ-ਪੀਣ ਦੀ ਹਦਾਇਤ ਕਰਦੇ ਹਾਂ। ਇਸ ਦੇ ਉਲਟ ਜੇ ਅਸੀਂ ਪਤਲੇ ਤੇ ਕਮਜ਼ੋਰ ਸਰੀਰ ਦੇ ਮਾਲਕ ਹਾਂ ਤਾਂ ਤਕੜੇ ਸਰੀਰ ਵਾਲੇ ਨੂੰ ਹਦਾਇਤ ਕਰਦੇ ਹਾਂ ਕਿ ਉਹ ਆਪਣੇ ਭਾਰ ਤੇ ਖੂਨ ਦੇ ਦਬਾਓ ਦਾ ਖਿਆਲ ਕਰੇ। ਇਸਤਰੀਆਂ ਨੂੰ ਆਪ ਤਾਂ ਫੂਕ ਫੂਕ ਕੇ ਪੈਰ ਧਰਨ ਦੀ ਆਦਤ ਹੁੰਦੀ ਹੈ ਤੇ ਉਹ ਜਦ ਕੋਈ ਹੋਰ ਅਜਿਹਾ ਕਰਦੇ ਹੋਏ ਦੇਖਦੀਆਂ ਹਨ ਤਾਂ ਕਹਿੰਦੀਆਂ ਹਨ ਕਿ ਧਨ ਦੌਲਤ ਨਾਲ ਲੈ ਜਾ ਕੇ ਮਰਨਾ ਹੈ।

ਇਸ ਤਰ੍ਹਾਂ ਨੈਤਿਕਤਾ ਸੰਬੰਧੀ ਵੀ ਸਾਡੀ ਕਾਟਵੀਂ ਜੀਭ ਕਈ ਵਾਰੀ ਰੰਗ ਲਿਆਂਦੀ ਹੈ ਤੇ ਅਸੀਂ ਚੰਗੇ ਭਲੇ ਲੋਕਾਂ ਦੇ ਸੁਖਾਵੇਂ ਸੰਬੰਧਾਂ ਨੂੰ ਬਦਇਖਲਾਕੀ ਤੇ ਚਰਿੱਤਰਹੀਣਤਾ ਤਕ ਜਾਣ ਵਾਲੇ ਕਹਿ ਦਿੰਦੇ ਹਾਂ। ਅਜਿਹਾ ਕਹਿ ਕੇ ਇਸਤਰੀਆਂ ਆਤਮ ਸੰਤੋਸ਼ ਦੀ ਪ੍ਰਾਪਤੀ ਕਰਦੀਆਂ ਹਨ ਤੇ ਆਪਣੇ ਆਪ ਨੂੰ ਉੱਚੇ ਚਰਿੱਤਰ ਵਾਲੀਆਂ ਦਰਸਾਉਣ ਵਿਚ ਕਾਮਯਾਬੀ ਹਾਸਲ ਕਰਨੀ ਚਾਹੁੰਦੀਆਂ ਹਨ, ਪਰ ਨਿਰੀਆਂ ਗੱਲਾਂ ਨਾਲ ਅਜਿਹੀ ਕਾਮਯਾਬੀ ਨਹੀਂ ਮਿਲਦੀ, ਸਗੋਂ ਸਾਡੇ ਕਰਮਾਂ ਨਾਲ ਹੀ ਸਾਡੇ ਚਰਿੱਤਰ ਦਾ ਫੈਸਲਾ ਹੋਣਾ ਹੁੰਦਾ ਹੈ। ਨਾ ਕੇਵਲ ਹਰ ਵੱਡੇ ਵਿਅਕਤੀ ਦੇ ਪਿੱਛੇ ਕਿਸੇ ਇਸਤਰੀ ਦਾ ਪ੍ਰੇਰਨਾ ਸਰੋਤ ਹੁੰਦਾ ਹੈ, ਸਗੋਂ ਇਸਤਰੀਆਂ ਨੇ ਖੁਦ ਆਪ ਪੁਰਸ਼ਾਂ ਨਾਲ ਰਲਕੇ ਕਈ ਤਰ੍ਹਾਂ ਦੀਆਂ ਸੰਸਥਾਵਾਂ ਚਲਾਈਆਂ ਹਨ, ਕਈ ਤਰ੍ਹਾਂ ਦੇ ਆਸ਼ਰਮ, ਬਿਰਧ ਤੇ ਲਾਚਾਰ ਇਸਤਰੀਆਂ ਦੇ ਰਹਿਣ ਦੇ ਸਥਾਨ, ਚੈਰੀਟੇਬਲ ਹਸਪਤਾਲ ਅਤੇ ਹੋਰ ਅਨੇਕਾਂ ਸੋਸ਼ਲ ਕੰਮਾਂ ਵਿਚ ਇਸਤਰੀਆਂ ਨੇ ਭਰਪੂਰ ਯੋਗਦਾਨ ਦਿਤਾ ਹੈ। ਪਰ ਜਿਹੜੀਆਂ ਇਸਤਰੀਆਂ ਆਪ ਕੁਝ ਨਹੀਂ ਕਰ ਸਕਦੀਆਂ ਤੇ ਇਸਤਰੀਆਂ ਨੂੰ ਪੁਰਸ਼ਾਂ ਨਾਲ ਅਜਿਹਾ ਮਿਲਵਰਤਣ ਦੇਂਦੀਆਂ ਦੇਖਦੀਆਂ ਹਨ ਤਾਂ ਜ਼ੁਬਾਨ ਨੂੰ ਕਾਬੂ ਵਿਚ ਨਹੀਂ ਰਖ ਸਕਦੀਆਂ ਤੇ ਖੰਭਾਂ ਦੀ ਡਾਰ ਬਣਾਉਂਦੀਆਂ ਰਹਿੰਦੀਆਂ ਹਨ। ਮਦਰ ਟਰੈਸਾ ਨੇ ਜਿੰਨਾ ਕੰਮ ਇੱਕਲੇ ਤੌਰ ‘ਤੇ ਕੀਤਾ ਹੈ, ਕਿੰਨੇ ਹੀ ਹਸਪਤਾਲ ਤੇ ਸੰਸਥਾਵਾਂ ਰਲਕੇ ਨਹੀਂ ਕਰ ਸਕਦੀਆਂ, ਇਸ ਤਰ੍ਹਾਂ ਜਿੰਦਗੀ ਦੇ ਹਰ ਖੇਤਰ ਵਿਚ ਇਸਤਰੀ ਨੇ ਪੁਰਸ਼ ਨਾਲ ਰਲ ਕੇ ਪ੍ਰਗਤੀ ਕੀਤੀ ਹੈ।

ਦੁਖਾਵੇਂ ਬੋਲ ਬੋਲਣ ਵਾਲੀ ਇਸਤਰੀ ਜਾਂ ਪੁਰਸ਼ ਉਸ ਉੱਲੂ ਦੀ ਤਰ੍ਹਾਂ ਹੁੰਦਾ ਹੈ, ਜਿਸ ਨੂੰ ਹਨੇਰੇ ਵਿਚ ਜ਼ਿਆਦਾ ਦਿਸਦਾ ਹੈ। ਇਕ ਜਰਮਨ ਕਹਾਵਤ ਹੈ ਕਿ ਸ਼ੇਰ ਨੂੰ ਵੀ ਮੱਖੀਆਂ ਤੋਂ ਪਿੱਛਾ ਛੁਡਾਉਣਾ ਪੈਂਦਾ ਹੈ, ਇਸ ਲਈ ਕਾਟਵੀਆਂ ਤੇ ਚੁੱਭਵੀਆਂ ਗੱਲਾਂ ਸਾਨੂੰ ਪਰੇਸ਼ਾਨ ਨਾ ਕਰਨ, ਇਸ ਲਈ ਸੁਣ ਕੇ ਅਣ-ਸੁਣੀਆਂ ਹੀ ਕਰਨੀਆਂ ਯੋਗ ਹੁੰਦੀਆਂ ਹਨ। ਅਸੀਂ ਗੱਲਾਂ ਦੀ ਬੁਛਾੜ ਨਾਲ ਦੂਸਰੇ ਨੂੰ ਆਪਣੇ ਨਾਲ ਸਹਿਮਤ ਹੋਣ ਦੀ ਆਸ ਕਰਦੇ ਹਾਂ, ਪਰ ਆਪ ਅਸੀਂ ਦੂਸਰੇ ਨਾਲ ਸਹਿਮਤ ਨਹੀਂ ਹੁੰਦੇ। ਅਸੀਂ ਸਿੱਖਿਆ ਤਾਂ ਦੇਂਦੇ ਹਾਂ, ਪਰ ਆਪਣੇ ਆਚਰਣ ਨਾਲ ਇਸ ਸਿੱਖਿਆ ਪ੍ਰਤੀ ਪ੍ਰੇਰਿਤ ਨਹੀਂ ਕਰਦੇ। ਸਿਆਣਪ ਦਾ ਸਭ ਤੋਂ ਵੱਡਾ ਸਬੂਤ ਇਹ ਹੈ ਕਿ ਮਨੁਖ ਵਿਕਾਸ ਦੇ ਰਸਤੇ ਤੁਰਨਾ ਕਿਵੇਂ ਸਿਖਦਾ ਹੈ। ਸਹੀ ਤੌਰ ਤੇ ਵਿਕਸਤ ਹੋਣਾ ਹੀ ਮਨੁਖੀ ਜ਼ਿੰਦਗੀ ਦਾ ਸਭ ਤੋਂ ਮੁਸ਼ਕਲ ਕਾਂਡ ਹੈ। ਅਧਿਆਤਮਵਾਦੀਆਂ ਨੇ ਜੀਭ ਨੂੰ ਮਣੀ ਨਾਲ ਤੁਲਨਾ ਦਿੱਤੀ ਹੈ, ਅਸੀਂ ਜੀਭ ਮਣੀ ਦੀ ਵਰਤੋਂ ਨਾਲ ਸੰਸਾਰ ਵਿਚ ਕਾਮਯਾਬੀ ਹਾਸਲ ਕਰ ਸਕਦੇ ਹਾਂ।

ਦੂਸਰਿਆਂ ਨੂੰ ਗਲਤ ਮਲਤ ਗੱਲਾਂ ਕਰ ਕੇ ਹਵਾਈਆਂ ਉਡਾਣ ਵਾਲੀਆਂ ਤੇ ਦੁਬਿਧਾ ਵਿਚ ਪਾਉਣ ਵਾਲੀਆਂ ਇਸਤਰੀਆਂ ਹਰ ਥਾਂ ‘ਤੇ ਪਾਈਆਂ ਜਾਂਦੀਆਂ ਹਨ। ਇਹ ਹਰ ਸਮਾਜ ਦੇ ਵਰਗ ਵਿਚ ਮੌਜੂਦ ਹੁੰਦੀਆਂ ਹਨ। ਇਨ੍ਹਾਂ ਨੇ ਕਈ ਸਲਤਨਤਾਂ ਸਾੜ ਕੇ ਸੁਆਹ ਕਰ ਦਿੱਤੀਆਂ ਹਨ, ਕਈ ਹੱਸਦੇ-ਵਸਦੇ ਘਰਾਂ ਨੂੰ ਆਪਣੀ ਜ਼ੁਬਾਨ ਦੀ ਤੀਲੀ ਨਾਲ ਅੱਗ ਲਾ ਕੇ ਭਾਂਬੜ ਰੂਪ ਵਿਚ ਬਾਲਿਆ ਹੈ, ਜਿਥੇ ਕੇਵਲ ਰਾਖ ਹੀ ਮਿਲਦੀ ਹੈ। ਅਜਿਹੀਆਂ ਇਸਤਰੀਆਂ ਦੇ ਜੀਵਨ ਨੂੰ ਜੇ ਅਸੀਂ ਦੀਰਘ ਦ੍ਰਿਸ਼ਟੀ ਨਾਲ ਦੇਖੀਏ ਤਾਂ ਪਤਾ ਚਲਦਾ ਹੈ ਕਿ ਅਜਿਹੀਆਂ ਇਸਤਰੀਆਂ ਹੀਣ-ਭਾਵਨਾ ਦਾ ਸ਼ਿਕਾਰ ਹੁੰਦੀਆਂ ਹਨ, ਯੋਗਤਾ ਨਾਂ ਦੀ ਕੋਈ ਉਨ੍ਹਾਂ ਵਿਚ ਚੀਜ਼ ਨਹੀਂ ਹੁੰਦੀ। ਸਿਰਫ ਜ਼ੁਬਾਨ ਦਰਜ਼ੀ ਦੀ ਕੈਂਚੀ ਦੀ ਤਰ੍ਹਾਂ ਚਲਦੀ ਹੁੰਦੀ ਹੈ, ਉਨ੍ਹਾਂ ਵਿਚ ਈਰਖਾ, ਦਵੈਸ਼, ਨਫਰਤ ਦੀ ਭਾਵਨਾ ਪ੍ਰਬਲ ਹੁੰਦੀ ਹੈ। ਦੂਸਰਿਆਂ ਨੂੰ ਸਮਾਜ ਵਿਚ ਅਗੇ ਵਧਦਿਆਂ ਦੇਖ ਕੇ ਉਨ੍ਹਾਂ ਦੀ ਨੀਂਦ ਹਰਾਮ ਹੋ ਜਾਂਦੀ ਹੈ ਤੇ ਅਜਿਹੇ ਫਿਕਰੇ ਕੱਸਣੇ ਸ਼ੁਰੂ ਕਰ ਦੇਂਦੀਆਂ ਹਨ, ਜਿਨ੍ਹਾਂ ਦਾ ਕੋਈ ਆਧਾਰ ਨਹੀਂ ਹੁੰਦਾ।

ਪ੍ਰਕਿਰਤੀ ਨੇ ਜ਼ੁਬਾਨ ਸਾਨੂੰ ਰਿਸ਼ਤਿਆਂ ਦੇ ਬਣਾਉਣ ਲਈ ਦਿਤੀ ਹੈ, ਰਿਸ਼ਤਿਆਂ ਨੂੰ ਵੰਡਣ ਲਈ ਨਹੀਂ। ਜ਼ੁਬਾਨ ਦਾ ਰਸ ਲੋਕਾਂ ਦੇ ਜੀਵਨ ਵਿਚ ਅੰਮ੍ਰਿਤ ਘੋਲੇ, ਵਿਸ਼ ਨਹੀਂ। ਜ਼ਬਾਨ ਦੇ ਛਾਂਟੇ ਚਾਬਕ ਦੇ ਛਾਂਟਿਆਂ ਤੋਂ ਵੀ ਵਧ ਜ਼ਖਮ ਕਰਦੇ ਹਨ। ਜ਼ਬਾਨ ਦੀ ਲਗਾਮ ਨੂੰ ਕਸਣ ਦੀ ਲੋੜ ਹੁੰਦੀ ਹੈ ਨਾ ਕਿ ਇਸ ਦੀਆਂ ਵਾਗਾਂ ਖੁਲ੍ਹੀਆਂ ਛੱਡੀਆਂ ਜਾਣ। ਇਸਤਰੀ ਹਜ਼ਾਰਾਂ ਸੁਖਾਵੇਂ ਬੋਲ ਤਾਂ ਛੇਤੀ ਭੁਲ ਜਾਂਦੀ ਹੈ ਪਰ ਉਸ ਦੀ ਜ਼ਾਤ, ਚਰਿੱਤਰ ਤੇ ਕੀਤਾ ਗਿਆ ਇਕ ਵੀ ਕਾਟਵਾਂ ਬੋਲ ਹਮੇਸ਼ਾ ਉਸ ਦੀ ਆਤਮਾ ਵਿਚ ਇਕ ਜ਼ਖਮ ਬਣ ਕੇ ਰਿਸਦਾ ਰਹਿੰਦਾ ਹੈ। ਇਸ ਲਈ ਮਿਠੜੇ ਬੋਲ ਹੀ ਸਭ ਨੂੰ ਭਾਉਂਦੇ ਹਨ।