ਲੇਖ : ਨਾਵਲਕਾਰ ਨਾਨਕ ਸਿੰਘ

ਮੇਰਾ ਮਨਭਾਉਂਦਾ ਨਾਵਲਕਾਰ

ਮੁਢਲੀ ਜਾਣ-ਪਛਾਣ : ਨਿਰਸੰਦੇਹ ਸ: ਨਾਨਕ ਸਿੰਘ ਪੰਜਾਬੀ ਦਾ ਹਰਮਨ-ਪਿਆਰਾ ਨਾਵਲਕਾਰ ਹੈ। ਆਪ ਨੇ ਪੰਜਾਬੀ ਵਿੱਚ ਸਭ ਨਾਲੋਂ ਵੱਧ ਨਾਵਲ ਲਿਖੇ। ਆਪ ਦੇ ਨਾਵਲਾਂ ਨੂੰ ਸਭ ਨਾਲੋਂ ਵੱਧ ਪੜ੍ਹਿਆ ਵੀ ਗਿਆ। ਆਪ ਨਾਲ ਪੰਜਾਬੀ ਨਾਵਲ ਸਾਹਿਤ ਵਿੱਚ ਸਮਾਜਵਾਦੀ – ਸੁਧਾਰਵਾਦੀ ਨਾਵਲਾਂ ਦਾ ਦੌਰ ਸ਼ੁਰੂ ਹੁੰਦਾ ਹੈ। ਪੰਜਾਬੀ ਨਾਵਲ ਧਰਮ ਤੇ ਜਸੂਸੀ ਵਲਗਣਾਂ ਵਿੱਚੋਂ ਨਿਕਲ ਕੇ ਰੰਗਲੇ ਪੰਜਾਬੀ ਜੀਵਨ ਤੇ ਇਸ ਦੀਆਂ ਸਮੱਸਿਆਵਾਂ ਨੂੰ ਵਰਨਣ ਕਰਨ ਲੱਗ ਪੈਂਦਾ ਹੈ। ਆਪ ਭਾਈ ਵੀਰ ਸਿੰਘ ਵਾਂਗ ਨਿਰੇ ਸਿੱਖ-ਪੰਥ ਦੀ ਥਾਂ ਮਾਨਵ ਪੰਥ ਨੂੰ ਆਪਣੇ ਕਲਾਵੇ ਵਿੱਚ ਲੈਣ ਲੱਗ ਪੈਂਦੇ ਹਨ। ਆਪ ਨੇ ਆਪਣੇ ਨਾਵਲਾਂ ਵਿੱਚ ਕਹਾਣੀ-ਰਸ ਹੀ ਨਹੀਂ ਦਿੱਤਾ ਸਗੋਂ ਘਟਨਾਵਾਂ ਨੂੰ ਨਾਟਕੀ ਰੂਪ ਵੀ ਦਿੱਤਾ। ਆਪ ਨੇ ਪੰਜਾਬੀ ਨਾਵਲ ਵਿੱਚ ਇੱਕ ਨਵਾਂ ਇਤਿਹਾਸ ਕਾਇਮ ਕੀਤਾ। ਆਪ ਨੂੰ ਪੰਜਾਬੀ ਨਾਵਲਾਂ ਦਾ ਪਿਤਾ ਕਿਹਾ ਜਾਂਦਾ ਹੈ। ਆਪ ਨੇ ਪੰਜਾਬੀ ਨਾਵਲ-ਰੂਪੀ ਬੂਟੇ ਨੂੰ ਨਾ ਕੇਵਲ ਲਾਇਆ ਤੇ ਪਾਲਿਆ ਸਗੋਂ ਵੱਡਾ ਵੀ ਕੀਤਾ। ਆਪ ਦੀ ਸਾਹਿਤ-ਰਚਨਾ ਨੂੰ ਮੁੱਖ ਰੱਖਦਿਆਂ, ਸਾਹਿਤ ਅਕਾਦਮੀ ਨੇ ਆਪ ਨੂੰ ‘ਇੱਕ ਮਿਆਨ ਦੋ ਤਲਵਾਰਾਂ’ ਨਾਵਲ ਦੇ ਅਧਾਰ ‘ਤੇ ਪੰਜ ਹਜ਼ਾਰ ਰੁਪਏ ਦਾ ਇਨਾਮ ਦਿੱਤਾ। ਆਪ ਨੂੰ ਸਾਹਿਤ-ਪ੍ਰੇਮੀਆਂ ਵੱਲੋਂ ਅਭਿਨੰਦਨ ਗ੍ਰੰਥ ਵੀ ਭੇਟ ਕੀਤਾ ਗਿਆ।

ਜਨਮ ਤੇ ਵਿੱਦਿਆ : ਸ: ਨਾਨਕ ਸਿੰਘ ਦਾ ਜਨਮ ਪਿੰਡ ਹਮੀਦ, ਤਹਿਸੀਲ ਦਾਦਨ ਖ਼ਾਂ ਜ਼ਿਲ੍ਹਾ ਜਿਹਲਮ (ਹੁਣ ਪਾਕਿਸਤਾਨ) ਵਿੱਚ ਪਿਤਾ ਸ੍ਰੀ ਬਹਾਦਰ ਚੰਦ ਸੂਰ ਤੇ ਮਾਤਾ ਲੱਛਮੀ ਦੇ ਘਰ 4 ਜੁਲਾਈ, 1897 ਈ: ਨੂੰ ਹੋਇਆ। ਆਪ ਦੇ ਪਿਤਾ ਵਪਾਰੀ ਸਨ। ਆਪ ਦੇ ਬਚਪਨ ਦਾ ਨਾਂ ਹੰਸ ਰਾਜ ਸੀ।

ਸ: ਨਾਨਕ ਸਿੰਘ ਨੇ ਪਿੰਡ ਦੇ ਸਕੂਲੋਂ ਪੰਜਵੀਂ ਪਾਸ ਕੀਤੀ। ਛੇਵੀਂ ਵਿੱਚ ਪੜ੍ਹਦੇ ਸਨ ਤਾਂ ਆਪ ਦੇ ਪਿਤਾ ਜੀ ਸੁਰਗਵਾਸ ਹੋ ਗਏ। ਆਪ ਨੂੰ ਰੋਟੀ-ਰੋਜ਼ੀ ਖ਼ਾਤਰ ਪੜ੍ਹਾਈ ਛੱਡਣੀ ਪਈ।

ਆਪ ਪਿਤਾ ਜੀ ਦੇ ਕੰਮ ਨੂੰ ਨਾ ਸੰਭਾਲ ਸਕੇ। ਰੋਜ਼ੀ ਕਮਾਉਣ ਲਈ ਆਪ ਨੇ ਮੇਲਿਆਂ ਵਿੱਚ ਕੁਲਫ਼ੀਆਂ ਵੀ ਵੇਚੀਆਂ ਅਤੇ ਹਲਵਾਈਆਂ ਦੀਆਂ ਦੁਕਾਨਾਂ ਉੱਤੇ ਭਾਂਡੇ ਵੀ ਮਾਂਜੇ ਸਨ।

ਹੰਸ ਰਾਜ’ ਤੋਂ ਨਾਨਕ ਸਿੰਘ : ਗੁਰਦੁਆਰਾ ਸਿੰਘ ਸਭਾ, ਪਿਸ਼ਾਵਰ ਦੇ ਗ੍ਰੰਥੀ ਗਿਆਨੀ ਬਾਗ ਸਿੰਘ ਦੀ ਸੰਗਤ ਨੇ ਆਪ ਦਾ ਕਾਇਆ-ਕਲਪ ਕਰ ਦਿੱਤਾ। ਆਪ ਅੰਮ੍ਰਿਤ ਛਕ ਹੰਸ ਰਾਜ ਤੋਂ ਨਾਨਕ ਸਿੰਘ ਬਣ ਗਏ।

ਕਵੀ ਦੇ ਤੌਰ ‘ਤੇ : ਤੇਰਾਂ ਸਾਲ ਦੀ ਉਮਰ ਵਿੱਚ ਆਪ ਨੇ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ। ਆਪ ‘ਸੀਹਰਫ਼ੀ ਹੰਸ ਰਾਜ’ ਤੇ ‘ਸਤਿਗੁਰ ਮਹਿਮਾ’ ਨਾਂ ਦਾ ਗੁਟਕਾ ਲਿਖ ਕੇ ਕਵੀਸ਼ਰ ਬਣ ਗਏ। ਆਪ ਦੀ ਗੀਤ-ਮੰਡਲੀ ਇਨ੍ਹਾਂ ਗੀਤਾਂ ਨੂੰ ਗੁਰਦੁਆਰੇ ਵਿੱਚ ਸੁਣਾਉਂਦੀ ਅਤੇ ਇਨਾਮ ਪ੍ਰਾਪਤ ਕਰਦੀ। ਆਪ ਨੂੰ ਖ਼ਾਲਸਾ ਸਕੂਲ ਵਿੱਚ ਧਾਰਮਕ ਵਿਸ਼ਾ ਪੜ੍ਹਾਉਣ ‘ਤੇ ਲਾਇਆ ਗਿਆ। ਪ੍ਰੇਮਿਕਾ ‘ਸਵਿੱਤਰੀ’ ਤੇ ਮਾਤਾ ‘ਲੱਛਮੀ ਦੇਵੀ’ ਦੀ ਮੌਤ ਨਾਲ ਆਪ ਪਿਤਾ, ਮਾਤਾ ਤੇ ਪ੍ਰੇਮਿਕਾ-ਤਿੰਨਾਂ ਦੇ ਪਿਆਰ ਤੋਂ ਵਾਂਝੇ ਰਹਿ ਗਏ।

ਜੇਲ੍ਹ-ਯਾਤਰਾ ਅਤੇ ਮੁਨਸ਼ੀ ਪ੍ਰੇਮ ਚੰਦ ਜੀ ਤੋਂ ਪ੍ਰੇਰਿਤ : ਗਿਆਨੀ ਬਾਗ ਸਿੰਘ ਨੇ ਆਪ ਨੂੰ ਗਿਆਨੀ ਸ਼ੇਰ ਸਿੰਘ ਦੇ ਪ੍ਰੈੱਸ (ਜੋ ਰਾਵਲਪਿੰਡੀ ਵਿੱਚ ਸੀ) ਵਿੱਚ ਨੌਕਰ ਕਰਵਾ ਦਿੱਤਾ। ਗਿਆਨੀ ਸ਼ੇਰ ਸਿੰਘ ਦੇ ਕੈਦ ਹੋਣ ‘ਤੇ ਪ੍ਰੈੱਸ ਵਿਕ ਗਈ ਅਤੇ ਆਪ ਵਿਹਲੇ ਹੋ ਗਏ। ਆਪ ਆਤਮਕ ਸ਼ਾਂਤੀ ਲਈ ਸਾਧੂਆਂ – ਸੰਤਾਂ ਦੇ ਡੇਰਿਆਂ ਵਿੱਚ ਜਾਣ ਲੱਗ ਪਏ। ਆਪ ਨੇ ਅੰਮ੍ਰਿਤਸਰ ਆ ਕੇ ਭਾਈ ਕਿਰਪਾਲ ਸਿੰਘ ਹਜ਼ੂਰੀਏ ਨਾਲ ਸਾਂਝੀ ਦੁਕਾਨ ਖੋਲ੍ਹ ਲਈ ਪਰ ਇਹ ਭਿਆਲੀ ਮਸਾਂ ਇੱਕ ਸਾਲ ਹੀ ਚੱਲੀ। ਉਪਰੰਤ ਆਪ ਰਿਸ਼ੀਕੇਸ਼ ਚਲੇ ਗਏ। ਗਿਆਨੀ ਬਾਗ ਸਿੰਘ ਦੀ ਪ੍ਰੇਰਨਾ ਸਦਕਾ ਆਪ 1922 ਈ: ਵਿੱਚ ‘ਗੁਰੂ ਕੇ ਬਾਗ਼’ ਦੇ ਮੋਰਚੇ ਵਿੱਚ ਕੈਦ ਹੋ ਗਏ। ਜੇਲ੍ਹ ਵਿੱਚ ਆਪ ਨੇ ਕਾਂਗਰਸੀ ਸਤਿਆਗ੍ਰਹੀ ਪੰਡਤ ਜਗਨ ਨਾਥ ਪਾਸੋਂ ਮੁਨਸ਼ੀ ਪ੍ਰੇਮ ਚੰਦ ਸਾਹਿਤ ਪੜ੍ਹਿਆ ਤੇ ਬਹੁਤ ਪ੍ਰਭਾਵਿਤ ਹੋਏ। ਇੱਥੇ ਹੀ ਆਪ ਨੇ ‘ਅੱਧਖਿੜੀ ਕਲੀ’ ਨਾਵਲ ਲਿਖਿਆ, ਜਿਹੜਾ ਬਾਅਦ ਵਿੱਚ ‘ਅੱਧ-ਖਿੜਿਆ ਫੁੱਲ’ ਨਾਵਲ ਦੇ ਰੂਪ ਵਿੱਚ ਸਾਡੇ ਸਾਹਮਣੇ ਆਇਆ।

ਨਾਨਕ ਸਿੰਘ ਪੁਸਤਕਾਲਾ ਪ੍ਰਕਾਸ਼ਨਾ ਦੀ ਸਥਾਪਨਾ : 1923 ਈ: ਵਿੱਚ ਜੇਲ੍ਹ ਵਿੱਚੋਂ ਰਿਹਾਅ ਹੋ ਕੇ ਆਪ ਨੇ ਅੰਮ੍ਰਿਤਸਰ ਵਿੱਚ ਖ਼ਾਲਸਾ ਪ੍ਰੈੱਸ ਚਾਲੂ ਕੀਤੀ ਪਰ ਇਹ ਨਾ ਚੱਲਣ ਕਰਕੇ ਵੇਚ ਦਿੱਤੀ। ਉਪਰੰਤ ਆਪ ਨੇ ‘ਨਾਨਕ ਸਿੰਘ ਪੁਸਤਕਾਲਾ’ ਖੋਲ੍ਹਿਆ ਤੇ ਕੁਝ ਚਿਰ ਬਾਅਦ ਲੋਕ ਸਾਹਿਤ’ ਮਾਸਿਕ ਰਸਾਲਾ ਕੱਢਣਾ ਸ਼ੁਰੂ ਕਰ ਦਿੱਤਾ। ਇਹ ਕੁਝ ਕੁ ਸਾਲ ਬਾਅਦ ਬੰਦ ਹੋ ਗਿਆ। ਉਨ੍ਹਾਂ ਦੀ ਕਿਤਾਬਾਂ ਦੀ ਦੁਕਾਨ ਚਲਦੀ ਰਹੀ ਤੇ ਹੁਣ ਤੱਕ ਚੱਲ ਰਹੀ ਹੈ।

ਪਹਿਲਾ ਪੰਜਾਬੀ ਮੌਲਿਕ ਨਾਵਲ : ਮੁਨਸ਼ੀ ਪ੍ਰੇਮ ਚੰਦ ਅਤੇ ਸ: ਚਰਨ ਸਿੰਘ ਸ਼ਹੀਦ ਤੋਂ ਪ੍ਰੇਰਿਤ ਹੋ ਕੇ ਆਪ ਨੇ ‘ਮਤਰੇਈ ਮਾਂ’ ਨਾਵਲ ਲਿਖਿਆ। ਜਦੋਂ 1932 ਈ: ਵਿੱਚ ਉਨ੍ਹਾਂ ਦਾ ਨਾਵਲ ‘ਚਿੱਟਾ ਲਹੂ’ ਛਪਿਆ ਤਾਂ ਮਾਨ ਪੰਜਾਬੀ-ਜਗਤ ਵਿੱਚ ਤਰਥੱਲੀ ਮੱਚ ਗਈ।

ਨਾਵਲਕਾਰ ਦੇ ਤੌਰ ‘ਤੇ : ਆਪ ਗੁਰਬਖ਼ਸ਼ ਸਿੰਘ ਤੋਂ ਏਨੇ ਜ਼ਿਆਦਾ ਪ੍ਰਭਾਵਿਤ ਹੋਏ ਕਿ ਆਪ 1938 ਈ. ਵਿੱਚ ਪ੍ਰੀਤਨਗਰ ਰਹਿਣ ਲੱਗ ਪਏ। ਹੁਣ ਆਪ ਇੱਕ ਨਵੀਂ ਪਿਆਰ ਦੀ ਦੁਨੀਆ ਦੇ ਸੁਪਨੇ ਲੈਣ ਲੱਗ ਪਏ। ਆਪ ਸਮਾਜ-ਸੁਧਾਰਕ ਤੋਂ ਪ੍ਰੀਤ ਪੁਜਾਰੀ ਬਣ ਗਏ। ਗਰੀਬ ਦੀ ਦੁਨੀਆ’, ‘ਜੀਵਨ ਸੰਗਰਾਮ’ ‘ਅੱਧ-ਖਿੜਿਆ ਫੁੱਲ’ ਤੇ ‘ਲਵ ਮੈਰਿਜ’ ਆਦਿ ਨਾਵਲ ਇਸੇ ਪ੍ਰਭਾਵ ਤਹਿਤ ਲਿਖੇ ਗਏ।

1947 ਈ. ਵਿੱਚ ਹੋਈ ਦੇਸ਼ ਦੀ ਵੰਡ ਕਾਰਨ ਹੋਏ ਫ਼ਿਰਕੂ-ਫ਼ਸਾਦਾਂ ਦੇ ਭਿਆਨਕ ਦ੍ਰਿਸ਼ਾਂ ਨੇ ਆਪ ‘ਤੇ ਅਮਿੱਟ ਪ੍ਰਭਾਵ ਪਾਇਆ। ਇਨ੍ਹਾਂ ਪ੍ਰਭਾਵਾਂ ਨੂੰ ਆਪ ਦੇ ‘ਖ਼ੂਨ ਦੇ ਸੋਹਲੇ’, ‘ਅੱਗ ਦੀ ਖੇਡ’, ‘ਮੰਝਧਾਰ’ ਤੇ ‘ਚਿੱਤਰਕਾਰ’ ਆਦਿ ਨਾਵਲਾਂ ਵਿੱਚ ਵੇਖਿਆ ਜਾ ਸਕਦਾ ਹੈ। 1946 ਈ: ਤੋਂ ਪਿੱਛੋਂ ਆਪ ਸੁਭਾਵਕ ਨਾਵਲਕਾਰ ਨਾਲ ਪ੍ਰਚਾਰਕ ਤੇ ਵਿਦਰੋਹੀ ਨਾਵਲਕਾਰ ਪ੍ਰਤੀਤ ਹੁੰਦੇ ਹਨ। ਆਪ ਨੇ ‘ਇੱਕ ਮਿਆਨ ਦੋ ਤਲਵਾਰਾਂ’ ਅਤਿ ਸਫ਼ਲ ਇਤਿਹਾਸਕ ਨਾਵਲ ਲਿਖਿਆ ਹੈ।

ਸ: ਨਾਨਕ ਸਿੰਘ 1971 ਈ: ਵਿੱਚ ਸੁਰਗਵਾਸ ਹੋ ਗਏ। ਆਪ ਨੇ ਆਪਣੇ ਅੰਤਿਮ ਸੁਆਸ ਤੱਕ ਸਾਹਿਤ – ਰਚਨਾ ਕਰ ਕੇ ਪੰਜਾਬੀ ਸਾਹਿਤ ਦੀ ਸ਼ਾਨ ਵਧਾਈ। ਮੇਰੀ ਰਾਇ ਅਨੁਸਾਰ ਅਜੇ ਵੀ ਆਪ ਦਾ ਸਥਾਨ ਲੈਣ ਵਾਲਾ ਮੈਨੂੰ ਕੋਈ ਨਾਵਲਕਾਰ ਨਹੀਂ ਦਿਸਦਾ। ਇਸ ਕਰਕੇ ਸ: ਨਾਨਕ ਸਿੰਘ ਮੇਰੇ ਮਨਭਾਉਂਦੇ ਨਾਵਲਕਾਰ ਹਨ।