ਲੇਖ : ਨਾਵਣ ਚਲੇ ਤੀਰਥੀਂ ਮਨ ਖੋਟੇ ਤਨ ਚੋਰ
ਨਾਵਣ ਚਲੇ ਤੀਰਥੀਂ ਮਨ ਖੋਟੇ ਤਨ ਚੋਰ
ਤੀਰਥ ਦਾ ਅਰਥ : ਭਾਈ ਕਾਹਨ ਸਿੰਘ ਨਾਭਾ ਰਚਿਤ ‘ਮਹਾਨ ਕੋਸ਼’ ਅਨੁਸਾਰ ਤੀਰਥ ਦਾ ਅਰਥ ਹੈ ਉਹ ਪਵਿੱਤਰ ਅਸਥਾਨ ਜਿੱਥੇ ਧਰਮ-ਭਾਵ ਨਾਲ ਲੋਕ ਪਾਪ ਦੂਰ ਕਰਨ ਲਈ ਜਾਣ।’ ਭਾਰਤ ਦੇਸ਼ ਰਿਸ਼ੀਆਂ – ਮੁਨੀਆਂ, ਦੇਵੀ-ਦੇਵਤਿਆਂ ਅਤੇ ਪੀਰਾਂ – ਪੈਗ਼ੰਬਰਾਂ ਦਾ ਦੇਸ਼ ਹੈ। ਇਨ੍ਹਾਂ ਨਾਲ ਸਬੰਧਿਤ ਅਸਥਾਨ ਸਾਡੇ ਤੀਰਥ ਅਸਥਾਨ ਅਖਵਾਉਂਦੇ ਹਨ।
ਪਰਮਾਤਮਾ ਨੂੰ ਪਾਉਣ ਦੇ ਤਰੀਕੇ : ਆਦਿ ਕਾਲ ਤੋਂ ਹੀ ਮਨੁੱਖ ਰੱਬ ਨੂੰ ਪਾਉਣ ਅਤੇ ਮੁਕਤੀ ਪ੍ਰਾਪਤ ਕਰਨ ਲਈ ਕਈ ਕਰਮ-ਕਾਂਡ, ਪੂਜਾ-ਵਿਧੀਆਂ ਆਦਿ ਕਰਦਾ ਆ ਰਿਹਾ ਹੈ; ਜਿਵੇਂ ਜੋਗੀ ਬਣ ਜਾਣਾ, ਕਠਨ ਤਪੱਸਿਆ ਕਰਨੀ, ਸਰੀਰ ਨੂੰ ਕਸ਼ਟ ਦੇਣੇ, ਵਰਤ ਰੱਖਣੇ, ਫਾਕੇ ਕੱਟਣੇ, ਧੂਣੀਆਂ ਧੁਖਾਉਣੀਆਂ, ਰਿਧੀਆਂ-ਸਿਧੀਆਂ ਲਈ ਕਈ ਤਰ੍ਹਾਂ ਦੇ ਜਤਨ ਕਰਨੇ ਅਤੇ ਤੀਰਥਾਂ ਦੇ ਦਰਸ਼ਨ-ਇਸ਼ਨਾਨ ਆਦਿ। ਇਨ੍ਹਾਂ ਵਿੱਚੋਂ ਤੀਰਥ – ਇਸ਼ਨਾਨ ਦਾ ਵਿਸ਼ਵਾਸ ਵਧੇਰੇ ਪ੍ਰਚਲਿਤ ਸੀ।
ਇਸ਼ਨਾਨ ਦਾ ਪਿਛੋਕੜ : ਦਰਅਸਲ ਪੁਰਾਤਨ ਸਮਿਆਂ ਵਿੱਚ ਆਵਾਜਾਈ ਦੇ ਸਾਧਨ ਨਹੀਂ ਸਨ ਹੁੰਦੇ। ਲੋਕ ਤੀਰਥਾਂ ਦੇ ਦਰਸ਼ਨਾਂ ਲਈ ਕਈ-ਕਈ ਦਿਨ ਕਈ-ਕਈ ਮੀਲ ਲੰਮੇ ਪੈਂਡੇ ਤੈਅ ਕਰਕੇ ਪੈਦਲ ਹੀ ਜਾਂਦੇ ਸਨ ਤੇ ਤੀਰਥ-ਅਸਥਾਨਾਂ ਤੇ ਨਤਮਸਤਕ ਹੋਣ ਤੋਂ ਪਹਿਲਾਂ ਤੀਰਥਾਂ ਦੇ ਨਜ਼ਦੀਕ ਵਗ ਰਹੇ ਕੁਦਰਤੀ ਜਲ-ਸੋਮਿਆਂ ਤੋਂ ਪ੍ਰਾਪਤ ਪਾਣੀ ਵਿੱਚ ਇਸ਼ਨਾਨ ਕਰਦੇ ਸਨ ਤਾਂ ਜੋ ਤਨ ਦੀ ਮੈਲ ਦਰ ਹੋ ਸਕੇ। ਇਸ ਨਾਲ ਪਵਿੱਤਰਤਾ ਦਾ ਸੰਕਲਪ ਵੀ ਜੁੜਿਆ ਹੋਇਆ ਹੈ। ਉਸ ਸਮੇਂ ਸਰਵਰ
ਬਾਉਲੀਆਂ ਆਦਿ ਨਹੀਂ ਸਨ ਹੁੰਦੇ, ਇਸ ਲਈ ਕੁਦਰਤੀ ਵਗ ਰਹੇ ਪਾਣੀ ਵਿੱਚ ਹੀ ਇਸ਼ਨਾਨ ਕੀਤਾ ਜਾਂਦਾ ਸੀ। ਹੌਲੀ-ਹੌਲੀ ਲੋਕ-ਮਾਨਸਕਤਾ ਨੇ ਇਨ੍ਹਾਂ ਕੁਦਰਤੀ ਸੋਮਿਆਂ ਨੂੰ ਵੀ ‘ਦੈਵੀ ਸ਼ਕਤੀ’ ਨਾਲ ਸਬੰਧਿਤ ਕਰ ਲਿਆ।
ਸ਼ਰਧਾ ਤੇ ਅੰਧ-ਵਿਸ਼ਵਾਸ : ਹਿੰਦੂ ਮਿਥਿਹਾਸ ਵਿੱਚ ‘ਗੰਗਾ ਇਸ਼ਨਾਨ’ ਸਭ ਤੋਂ ਵੱਧ ਪਵਿੱਤਰ ਮੰਨਿਆ ਗਿਆ ਹੈ। ਲੋਕ ਗੰਗਾ ਨਦੀ ਨੂੰ ‘ਗੰਗਾ ਮਈਆ’ ਦੇ ਰੂਪ ਵਿੱਚ ਪੂਰੀ ਸ਼ਰਧਾ ਨਾਲ ਪੂਜਦੇ ਹਨ ਤੇ ਗੰਗਾ ਇਸ਼ਨਾਨ ਕਰਕੇ ਆਪਣੇ-ਆਪ ਨੂੰ ਵਡਭਾਗੇ ਸਮਝਦੇ ਹਨ, ਕਿਉਂ ਜੋ ਗੰਗਾ ਦਾ ਪਾਣੀ ਅਥਾਹ ਸ਼ਕਤੀ ਵਾਲਾ, ਪਵਿੱਤਰ, ਸ਼ੁੱਧ ਤੇ ਨਿਰਮਲ ਸੀ (ਪਰ ਅੱਜ ਇਸ ਦਾ ਅੰਮ੍ਰਿਤ ਪਾਣੀ ਦੂਸ਼ਿਤ ਹੋ ਗਿਆ ਹੈ।) ਇਨ੍ਹਾਂ ਪਾਣੀਆਂ ਦੀ ਵਰਤੋਂ ਰੋਗਾਂ ਤੋਂ ਨਵਿਰਤੀ ਦਾ ਕਾਰਨ ਬਣ ਸਕਦੀ ਹੈ ਕਿਉਂਕਿ ਇਨ੍ਹਾਂ ਵਿੱਚ ਕਈ ਤਰ੍ਹਾਂ ਦੇ ਤੱਤ ਰਲੇ ਹੁੰਦੇ ਹਨ ਜੋ ਸਰੀਰ ਨੂੰ ਅਰੋਗ ਕਰਨ ਵਿੱਚ ਸਹਾਈ ਹੁੰਦੇ ਹਨ। ਹਿੰਦੂ ਧਰਮ ਵਿੱਚ ਅਠਸਠ (ਅੱਠ + ਸੱਠ = ਅਠਾਹਠ) (68) ਤੀਰਥਾਂ ਦੇ ਇਸ਼ਨਾਨ ਦਾ ਜ਼ਿਕਰ ਮਿਲਦਾ ਹੈ।
ਗੁਰੂ ਜੀ ਵੱਲੋਂ ਉਪਦੇਸ਼ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲਾਂ ਸਮੁੱਚੀ ਲੋਕਾਈ ਅੰਧ-ਵਿਸ਼ਵਾਸਾਂ ਵਿੱਚ ਘਿਰੀ ਹੋਈ ਸੀ। ਗੁਰੂ ਨਾਨਕ ਦੇਵ ਜੀ ਨੇ ਲੋਕਾਂ ਵਿੱਚ ਤੀਰਥ-ਇਸ਼ਨਾਨਾਂ ਦੇ ਅੰਧ-ਵਿਸ਼ਵਾਸ ਨੂੰ ਦੂਰ ਕਰਨ ਲਈ ਗੁਰੂ ਨਾਨਕ ਦੇਵ ਜੀ ਨੇ ‘ਵਾਰ ਸੂਹੀ ਮਹਲਾ 1’ ਵਿੱਚ ਸ਼ਬਦ ਉਚਾਰਨ ਕੀਤਾ : ਨਾਵਣ ਚਲੇ ਤੀਰਥੀਂ ਮਨ ਖੋਟੇ ਤਨ ਚੋਰ॥ ਭਾਵ ਕਿ ਅਸੀਂ ਤੀਰਥਾਂ ਤੇ ਇਸ਼ਨਾਨ ਕਰਨ ਜਾਂਦੇ ਹਾਂ ਤਾਂ ਜੋ ਪਾਪਾਂ ਤੋਂ ਮੁਕਤੀ ਪ੍ਰਾਪਤ ਹੋ ਸਕੇ ਜਾਂ ਰੱਬ ਦੀ ਪ੍ਰਾਪਤੀ ਹੋ ਸਕੇ ਪਰ
ਇਹ ਇਸ਼ਨਾਨ ਵਿਅਰਥ ਹੈ ਕਿਉਂਕਿ ਸਾਡੇ ਮਨ ਖੋਟੇ ਹਨ ਤੇ ਸਾਡੇ ਮਨਾਂ ‘ਤੇ ਵਿਸ਼ੇ-ਵਿਕਾਰਾਂ ਦੀ ਮੈਲ ਚੜ੍ਹੀ ਰਹਿੰਦੀ ਹੈ। ਮਨੁੱਖ ਦੁਨਿਆਵੀ ਮੋਹ-ਮਾਇਆ ਵਿੱਚ ਉਲਝਿਆ ਰਹਿੰਦਾ ਹੈ। ਉਸ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਰਗੇ ਵਿਕਾਰ ਹਮੇਸ਼ਾ ਹਾਵੀ ਹੋਏ ਰਹਿੰਦੇ ਹਨ। ਇਸ ਲਈ ਇਸ਼ਨਾਨ ਕਰਨ ਨਾਲ ਸਰੀਰ ਦੀ ਮੈਲ ਤਾਂ ਦੂਰ ਹੋ ਜਾਂਦੀ ਹੈ ਪਰ ਮਨ ਦੀ ਮੈਲ ਦੂਰ ਨਹੀਂ
ਹੁੰਦੀ। ਜਦੋਂ ਕਿ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਮਨ ਦੀ ਮੈਲ ਦੂਰ ਕਰਨੀ ਮੁਢਲੀ ਲੋੜ ਹੈ। ‘ਜਪੁਜੀ ਸਾਹਿਬ’ ਜੀ ਵਿੱਚ ਵੀ ਆਪ ਨੇ ਫ਼ਰਮਾਇਆ ਹੈ :
ਭਰੀਐ ਮਤੁ ਪਾਪਾ ਕੈ ਸੰਗ॥
ਉਹ ਧੋਪੈ ਨਾਵੈ ਕੈ ਰੰਗੁ॥
ਗੁਰੂ ਦੇ ਉਪਦੇਸ਼ ਨੂੰ ਅਤੇ ਨਾਮ ਦੇ ਅੰਮ੍ਰਿਤ ਜਲ ਨਾਲ ਆਤਮਾ ਦੇ ਇਸ਼ਨਾਨ ਨੂੰ ‘ਤੀਰਥ’ ਦੱਸਿਆ ਗਿਆ ਹੈ।
ਗੁਰੂ ਜੀ ਮਨ ਦੀ ਉਪਮਾ ਤੂਮੜੀ (ਕੌੜੇ ਫਲ) ਨਾਲ ਕਰਦੇ ਹੋਏ ਕਹਿੰਦੇ ਹਨ ਕਿ ਸਾਡਾ ਮਨ ਤਾਂ ਤੂਮੜੀ ਵਰਗਾ ਹੈ; ਜਿਵੇਂ ਤੂਮੜੀ ਨੂੰ ਸੌ ਵਾਰੀ ਪਾਣੀ ਵਿੱਚ ਪਾ ਕੇ ਇਸ਼ਨਾਨ ਕਰਵਾ ਲਵੋ ਪਰ ਉਸ ਦੇ ਅੰਦਰ ਦੀ ਕੁੜੱਤਣ ਨਹੀਂ ਜਾਂਦੀ, ਇਸੇ ਤਰ੍ਹਾਂ ਮਨੁੱਖ ਹੈ। ਉਹ ਆਪਣੇ ਸਰੀਰ ਦੀ ਮੈਲ ਉਤਾਰਨ ਲਈ ਭਾਵੇਂ ਸੌ ਵਾਰੀ ਇਸ਼ਨਾਨ ਕਰੇ (ਮੈਲ ਵੀ ਵਾਰ-ਵਾਰ ਉੱਤਰਦੀ ਰਹਿੰਦੀ ਹੈ) ਪਰ ਮਨ ਦੀ ਮੈਲ ਕਾਰਨ ਉਸ ਦਾ ਬਾਹਰੀ ਇਸ਼ਨਾਨ ਵਿਅਰਥ ਹੈ। ਜਿਹੜੇ ਵਿਅਕਤੀ ਨੇ ਇਹ ਗੱਲ ਸਮਝ ਲਈ ਤੇ ਮਨ
ਵਿਚਲੇ ਵਿਸ਼ੇ-ਵਿਕਾਰ ਦੂਰ ਕਰ ਦਿੱਤੇ, ਉਹ ਸਾਧ-ਸਰੂਪ ਹੋ ਜਾਂਦਾ ਹੈ। ਗੁਰਬਾਣੀ ਵਿੱਚ ਫ਼ਰਮਾਨ ਹੈ :
ਤੀਰਥ ਨਾਇ ਨ ਉਤਰਸਿ ਮੈਲੁ॥
ਕਰਮ ਧਰਮ ਸਭਿ ਹਉਮੈ ਫੈਲ॥
ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲੁ ਗੁਮਾਨੁ॥
ਹਉਮੈ ਅਤੇ ਨਾਮ ਦੋਵੇਂ ਇੱਕ ਥਾਂ ‘ਤੇ ਨਹੀਂ ਟਿਕ ਸਕਦੇ। ਇਨਸਾਨ ਦਾ ਆਪਣੀ ਹਸਤੀ ਨੂੰ ਪਰਮਾਤਮਾ ਤੋਂ ਵੱਖਰਾ ਮੰਨਣਾ ਹੀ ਹਉਮੈ ਹੈ। ਹਉਮੈ ਦੀਰਘ ਰੋਗ ਹੈ॥ ਹਉਮੈ ਦੂਰ ਹੁੰਦੀ ਹੈ ਗੁਰੂ ਦੀ ਸ਼ਰਨ ਨਾਲ, ਗੁਰੂ ਦੇ ਉਪਦੇਸ਼ਾਂ ਨਾਲ। ਅਸਲ ਵਿੱਚ ਸਾਰੇ ਸ਼ੁੱਭ ਕਰਮਾਂ ਦਾ ਮੂਲ-ਸ੍ਰੋਤ ਨਾਮ ਸਿਮਰਨ ਹੀ ਹੈ। ਇਸੇ ਵਿੱਚੋਂ ਹੀ ਸਾਰੇ ਸ਼ੁੱਭ ਕਰਮ ਆਪਣੇ-ਆਪ ਫੁੱਟਦੇ ਹਨ। ਪ੍ਰਸਿੱਧ ਸੂਫ਼ੀ ਕਵੀ ਸੁਲਤਾਨ ਬਾਹੂ ਨੇ ਵੀ ਪਰਮਾਤਮਾ ਦੀ ਪ੍ਰਾਪਤੀ ਲਈ ਕੀਤੇ ਜਾਂਦੇ ਦੁਨਿਆਵੀ ਪਖੰਡਾਂ ‘ਤੇ ਵਿਅੰਗ ਕੀਤਾ ਹੈ :
ਜੇ ਰੱਬ ਮਿਲਦਾ ਨ੍ਹਾਤਿਆਂ-ਪੋਤਿਆਂ
ਮਿਲਦਾ ਡੱਡੂਆਂ-ਮੱਛੀਆਂ
ਜੇ ਰੱਬ ਮਿਲਦਾ ਜੰਗਲ-ਬੇਲੇ
ਮਿਲਦਾ ਗਊਆਂ ਵੱਛੀਆਂ।
ਬਾਹੂ ਰੱਬ ਉਹਨਾਂ ਨੂੰ ਮਿਲਦਾ
ਨੀਤਾਂ ਜਿਨ੍ਹਾਂ ਦੀਆਂ ਸੱਚੀਆਂ।
ਸਾਰੰਸ਼ : ਅੰਤ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਅਸਲ ਵਿੱਚ ਗੁਰੂ-ਇਤਿਹਾਸ ਤੇ ਗੁਰੂ-ਉਪਦੇਸ਼ ਨਾਲ ਜੁੜਨਾ ਹੀ ਇਤਿਹਾਸਕ ਸਥਾਨਾਂ ‘ਤੇ ਦਰਸ਼ਨ ਇਸ਼ਨਾਨ ਦਾ ਫਲ ਹੈ। ਪਾਪਾਂ ਨੂੰ ਧੋਣ ਲਈ ਪਸ਼ਚਾਤਾਪ, ਉੱਚ-ਆਚਰਨ ਧਾਰਨ ਕਰਨਾ, ਸਿਮਰਨ ਸੇਵਾ ਕਰਨੀ, ਦੁਨੀਆਵੀ ਮੋਹ-ਮਾਇਆ ਦਾ ਤਿਆਗ, ਸ਼ੁੱਭ ਕਰਮ ਕਰਨੇ, ਵਿਸ਼ੇ-ਵਿਕਾਰਾਂ ਦਾ ਤਿਆਗ, ਪਰਮਾਤਮਾ ਨੂੰ ਹਮੇਸ਼ਾ ਯਾਦ ਰੱਖਣਾ ਤੇ ਬਾਹਰੀ ਭੇਖ, ਪਖੰਡ ਤੇ ਅਡੰਬਰਾਂ ਨੂੰ ਤਿਲਾਂਜਲੀ ਦੇਣਾ ਹੀ ਤੀਰਥ ਇਸ਼ਨਾਨ ਹੈ। ਅਜਿਹਾ ਕਰਨ ਨਾਲ ਮਨ ਮੰਦਰ ਸਰੂਪ ਹੋ ਜਾਂਦਾ ਹੈ ਤੇ ਨਾਮ ਦੀ ਵਰਖਾ ਨਾਲ ਸੀਤਲ ਹੋ ਜਾਂਦਾ ਹੈ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ॥