ਲੇਖ : ਨਜਾਬਤ

ਨਜਾਬਤ


ਨਜਾਬਤ ਦੀ ਵਾਰ ਨੂੰ ਨਾਦਰਸ਼ਾਹ ਦੀ ਵਾਰ ਕਿਹਾ ਜਾਂਦਾ ਹੈ। ਇਹ ਇੱਕ ਬੀਰ ਰਸ ਦੀ ਵਾਰ ਹੈ। ਵਾਰਾਂ ਦੇ ਹੋਰ ਵੀ ਕਈ ਅਨੇਕਾਂ ਰੂਪ ਮਿਲਦੇ ਹਨ।

ਵਾਰ ਦਾ ਭਾਵ ਹੈ ਕਿਸੇ ਦਾ ਜਸ ਗਾਉਣਾ ਜਾਂ ਕਿਸੇ ਦੇ ਬਾਰੇ ਜਾਣਨਾ।

ਆਮ ਤੌਰ ਤੇ ਵਾਰਾਂ ਵਿੱਚ ਯੋਧਿਆਂ ਦੀ ਬਹਾਦਰੀ ਦਾ ਜ਼ਿਕਰ ਕੀਤਾ ਜਾਂਦਾ ਹੈ। ਵਾਰਾਂ ਵਿੱਚ ਅਧਿਆਤਮਕ ਭਾਵ ਪ੍ਰਗਟ ਕੀਤੇ ਜਾਂਦੇ ਹਨ। ਜਿਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਕਈ ਵਾਰਾਂ ਹਨ।

ਆਸਾ ਦੀ ਵਾਰ ਵਿੱਚ ਗੁਰੂ ਨਾਨਕ ਦੇਵ ਜੀ ਨੇ ਬਾਬਰ ਬਾਦਸ਼ਾਹ ਦਾ ਜ਼ਿਕਰ ਕੀਤਾ ਹੈ। ਉਸ ਦੇ ਹਮਲੇ ਦੀ ਗੱਲ ਕੀਤੀ ਹੈ। ਅੰਤਰੀਵ ਭਾਵ ਇਹ ਹੈ ਕਿ ਉਸ ਵਿੱਚ ਨੇਕੀ ਅਤੇ ਬਦੀ ਦਾ ਆਪਸ ਵਿੱਚ ਯੁੱਧ ਪੇਸ਼ ਕੀਤਾ ਗਿਆ ਹੈ।

ਵਾਰਾਂ ਦੀਆਂ ਅਨੇਕਾਂ ਕਿਸਮਾਂ ਹਨ। ਨਜਾਬਤ ਦੀ ਵਾਰ ਭਾਵੇਂ ਵੀਰ ਰਸ ਨੂੰ ਪੇਸ਼ ਕਰਦੀ ਹੈ ਪਰ ਉਸ ਵਿੱਚ ਵਿਅੰਗ ਦੀ ਸੁਰ ਪ੍ਰਧਾਨ ਹੈ।

ਇਸ ਵਾਰ ਦਾ ਲੇਖਕ ਨਜਾਬਤ ਹੈ। ਉਸਦੇ ਜੀਵਨ ਬਾਰੇ ਬਹੁਤਾ ਵਿਸਥਾਰ ਵਿੱਚ ਤਾਂ ਨਹੀਂ ਮਿਲਦਾ। ਪਰ ਬਾਬਾ ਬੁੱਧ ਸਿੰਘ ਦੀ ਖੋਜ ਮੁਤਾਬਕ ਉਸਨੂੰ ਸ਼ਾਹਪੁਰ ਪਾਕਿਸਤਾਨ ਦਾ ਵਸਨੀਕ ਦੱਸਿਆ ਗਿਆ ਹੈ। ਉਹ ਜਾਤ ਵਲੋਂ ਰਾਜਪੂਤ ਸੀ ਅਤੇ ਸੱਯਦ ਚਿਰਾਗ ਦਾ ਸ਼ਿਸ਼ ਸੀ। ਕੁੱਝ ਲੋਕ ਇਹ ਕਹਿੰਦੇ ਹਨ ਕਿ ਇਹ ਵਾਰ ਵੀ ਉਸਦੇ ਗੁਰੂ ਚਿਰਾਗ ਦੀ ਲਿਖੀ ਹੋਈ ਹੈ ਪਰ ਉਸਦੀ ਵਾਰ ਵਿੱਚ ਨਜਾਬਤ ਸ਼ਬਦ ਦੋ ਵਾਰੀ ਆਇਆ, ਜਿਸ ਤੋਂ ਲੇਖਕ ਇਹ ਕਹਿੰਦੇ ਹਨ ਕਿ ਇਹ ਰਚਨਾ ਨਜ਼ਾਬਤ ਦੀ ਹੈ ਜਿਸ ਤਰ੍ਹਾਂ ਉਹ ਇੱਕ ਥਾਂ ‘ਤੇ ਲਿਖਦਾ ਹੈ :-

“ਨਜਾਬਤ ਗੱਲਾਂ ਅਗਲੀਆਂ
ਵੱਡੀ ਗੇਟ ਮਾਰੀ ਸ਼ਤਰੰਜ ਦੀ।”

ਨਾਦਰਸ਼ਾਹ ਦਾ ਭਾਰਤ ਤੇ ਹਮਲਾ 1739-40 ਈ: ਵਿੱਚ ਹੋਇਆ ਤੇ ਇਹ ਰਚਨਾ ਲਗਭੱਗ 1745 ਸਾਲ ਤੋਂ ਬਾਅਦ ਲਿਖੀ ਗਈ। ਉਸ ਵੇਲੇ ਦਿੱਲੀ ਦਾ ਬਾਦਸ਼ਾਹ ਬਹਾਦਰ ਸ਼ਾਹ ਰੰਗੀਲਾ ਸੀ। ਆਪਣੇ ਰੰਗੀਲਾ ਨਾਂ ਕਰਕੇ ਉਹ ਇੱਕ ਐਸ਼ ਪ੍ਰਸਤ ਤੇ ਆਯਾਸ਼ ਰਾਜਾ ਸੀ। ਉਸ ਸਮੇਂ ਦੇਸ਼ ਵਿੱਚ ਅਨੁਸ਼ਾਸਨ ਨਾਂ ਦੀ ਚੀਜ਼ ਨਹੀਂ ਸੀ ਤੇ ਆਪਾਧਾਪੀ ਫੈਲੀ ਹੋਈ ਸੀ। ਵਜ਼ੀਰਾਂ ਨੇ ਹੌਲੀ-ਹੌਲੀ ਕਰਕੇ ਰਾਜ ਭਾਗ ਦੀ ਡੋਰ ਆਪਣੇ ਹੱਥਾਂ ਵਿੱਚ ਲੈ ਲਈ। ਨਜਾਬਤ ਉਸ ਸਮੇਂ ਦੀ ਉਪਜ ਸੀ ਤੇ ਇੱਕ ਦੇਸ਼-ਭਗਤ ਕਵੀ ਸੀ। ਚਾਹੇ ਨਾਦਰ ਸ਼ਾਹ ਦੇ ਹਮਲੇ ਵਿੱਚ ਕਈ ਰਾਜਨੀਤਿਕ ਕਾਰਨ ਸਨ। ਪਰ ਨਜਾਬਤ ਨੇ ਭਾਰਤੀ ਮਿਥਿਹਾਸ ਤੋਂ ਇੱਕ ਕਥਾ ਲੈ ਕੇ ਇਸ ਵਾਰ ਨੂੰ ਜੋੜਿਆ। ਉਸਨੇ ਕਲ੍ਹ ਤੇ ਨਾਰਦ ਦੇ ਪਾਤਰ ਲੈ ਕੇ ਤੇ ਦੋਹਾਂ ਨੂੰ ਪਤੀ-ਪਤਨੀ ਦੇ ਰੂਪ ਵਿੱਚ ਲੜਦੇ ਹੋਏ ਦਿਖਾਇਆ।

ਨਜਾਬਤ ਦੀ ਵਾਰ ਨੂੰ ਅਨੇਕਾਂ ਦ੍ਰਿਸ਼ਟੀਕੋਣਾਂ ਤੋਂ ਦੇਖਿਆ ਜਾਂਦਾ ਹੈ। ਇਹ ਇੱਕ ਵੀਰ ਰਸੀ ਵਾਰ ਵੀ ਹੈ ਪਰੰਤੂ ਇਸ ਵਿੱਚ ਵਿਅੰਗ, ਚੋਟ, ਮਸ਼ਕਰੀ ਅਤੇ ਹਾਸ-ਰਸ ਦੀ ਸ੍ਵਰ ਵੀ ਪ੍ਰਧਾਨ ਹੈ। ਪੰਜਾਬੀ ਵਿੱਚ ਆਪਣੇ ਆਪ ਵਿੱਚ ਇਹ ਇੱਕ ਵਿਲੱਖਣ ਰਚਨਾ ਹੈ। ਸਾਹਿਤ ਜਗਤ ਵਿੱਚ ਅੰਗਰੇਜ਼ੀ ਵਿੱਚ ਲਿਖੀ ਹੋਈ ਪ੍ਰਸਿੱਧ ਕਵੀ ਪੋਪ ਦੀ ਰਚਨਾ (Rape of the lock) ਦੀ ਯਾਦ ਆਉਂਦੀ ਹੈ ਜਿਸ ਵਿੱਚ ਇੱਕ ਯੁੱਧ ਦਾ ਜ਼ਿਕਰ ਕੀਤਾ ਗਿਆ ਹੈ। ਜਿਸਦੀ ਬੁਨਿਆਦ ਵੀ ਇੱਕ ਹਾਸ-ਰਸ ਦੀ ਘਟਨਾ ਤੇ ਹੈ। ਇਸ ਵਿੱਚ ਇੱਕ ਸ਼ਹਿਜਾਦਾ ਆਪਣੀ ਪ੍ਰੇਮਿਕਾ ਦੀ ਇੱਕ ਵਾਲਾਂ ਦੀ ਲਟ ਕੱਟ ਲੈਂਦਾ ਹੈ, ਜਿਸਨੂੰ ਪ੍ਰਾਪਤ ਕਰਨ ਲਈ ਇੰਗਲੈਂਡ ਤੇ ਫਰਾਂਸ ਵਿੱਚ ਯੁੱਧ ਛਿੜਦਾ ਹੈ, ਅਜਿਹੀ ਰਚਨਾ ਨੂੰ ਹਾਸ-ਵਿਅੰਗ ਪ੍ਰਧਾਨ ਵਾਰ ਦਾ ਨਾਮ ਦਿੱਤਾ ਜਾਂਦਾ ਹੈ। ਅੰਗਰੇਜ਼ੀ ਵਿੱਚ ਇਸ ਰੂਪ ਨੂੰ Burleselque ਕਿਹਾ ਜਾਂਦਾ ਹੈ। ਨਜਾਬਤ ਦੀਆਂ ਵਾਰਾ ਦੀਆਂ ਅਨੇਕਾਂ ਸਾਹਿਤਕ ਖੂਬੀਆਂ ਸਾਡੇ ਸਾਹਮਣੇ ਪੇਸ਼ ਹੁੰਦੀਆਂ ਹਨ। ਇਸ ਦੀ ਪ੍ਰਧਾਨ ਖੂਬੀ ਵਿਅੰਗ ਦੀ ਸੁਰ ਹੈ। ਜਿਸ ਵਿੱਚ ਖੁਲ੍ਹਾ-ਡੁਲ੍ਹਾ ਹਾਸਰਸ ਪੈਦਾ ਹੁੰਦਾ ਹੈ ਜਿਸ ਦੀ ਮਿਸਾਲ ਇਸ ਪ੍ਰਕਾਰ ਹਨ :

“ਮੈਨੂੰ ਕਾਹਨੂੰ ਲਾਵਾਂ ਦਿੱਤੀਆਂ, ਕਿਉਂ ਗੰਢ ਚਤਰਾਈ।

ਤੁੱਧ ਮੱਖਟੂ ਖਸਮ ਨਾਲ ਮੈਂ ਨਿੱਜ ਪਰਣਾਈ।

ਬਾਪ ਦਾਦੇ ਦੀ ਲੱਜ ਮੈਂ, ਚਿਰ ਬਹੁਤ ਲੰਘਾਈ।

ਪਰ ਭਲਕੇ ਪੇਕੇ ਜਾਊਂਗੀ ਨਾਲ ਲੈ ਕੇ ਨਾਈ।”

ਨਜਾਬਤ ਨੇ ਨਾਦਰਸ਼ਾਹ ਦੇ ਭਾਰਤ ਆਉਣ ਦਾ ਜ਼ਿਕਰ ਬੜੇ ਵਾਸਤਵਿਕ ਢੰਗ ਨਾਲ ਕੀਤਾ ਹੈ। ਨਾਦਰਸ਼ਾਹ ਪਹਿਲਾ ਕੰਧਾਰ ਤੋਂ ਚੱਲ ਕੇ ਗਜ਼ਨੀ ਤੇ ਕਾਬੁਲ ਵਿੱਚ ਲੁੱਟ-ਮਾਰ ਕਰਦਾ ਹੈ। ਫਿਰ ਉਹ ਪਿਸ਼ਾਵਰ ਤੋਂ ਹੁੰਦਾ ਹੋਇਆ ਜਲਾਲਾਬਾਦ ਪਹੁੰਚਦਾ ਹੈ। ਨਜਾਬਤ ਨੇ ਅਟਕ, ਜਿਹਲਮ, ਗੁਜਰਾਤ ਤੇ ਲਾਹੌਰ ਦਾ ਇਤਿਹਾਸਕ ਦ੍ਰਿਸ਼ਟੀਕੋਣ ਤੋਂ ਵਰਣਨ ਕੀਤਾ ਹੈ। ਪਹਿਲੀ ਵਾਰ ਕਿਸੇ ਕਵੀ ਨੇ ਸਮੁੰਦਰੀ ਜਹਾਜ਼ ਦਾ ਜ਼ਿਕਰ ਕੀਤਾ ਹੈ। ਜਿਵੇਂ ਇੱਕ ਸਤਰ ਹੈ –

“ਜਿਵੇਂ ਜਹਾਜ਼ ਸਮੁੰਦਰੀ ਗਿਰਤਾਵਾਂ ਖਾਵਣ।”

ਨਜਾਬਤ ਦੀ ਇਹ ਖਾਸ ਖ਼ੂਬੀ ਹੈ ਕਿ ਉਸਨੇ ਦੋਹੇਂ ਪਾਸੇ ਬਹਾਦਰਾਂ ਦਾ ਜਸ ਗਾਇਆ। ਉਸਨੂੰ ਗਦਾਰੀ ਕਰਨ ਵਾਲਿਆ ਤੇ ਬੜਾ ਗੁੱਸਾ ਆਉਂਦਾ ਹੈ। ਪੰਜਾਬੀਆਂ ਦੇ ਦੇਸ਼ ਪਿਆਰ ਨੂੰ ਉਹ ਬਹੁਤ ਸਲਾਹੁੰਦਾ ਹੈ ਜਿਵੇਂ ਕਿ ਉਹ ਲਿਖਦਾ ਹੈ :

ਇਥੋਂ ਭੱਜਾ ਕੰਡ ਦੇ ਜੱਗ ਲਾਹਨਤ ਪਾਏ

ਸਿਰ ਦੇਣਾ ਮਨਜੂਰ ਹੈ ਜੋ ਹਿੰਦ ਨਾ ਜਾਏ।”

ਨਜਾਬਤ ਦੇ ਵਾਰ ਦੀ ਵਿਸ਼ੇਸ਼ ਖੂਬੀ ਹੈ ਕਿ ਉਸਨੇ ਪੰਜਾਬ ਦੇ ਜੀਵਨ ਦਾ ਚਰਿੱਤਰ ਵਿਸਥਾਰਮਈ ਢੰਗ ਨਾਲ ਕੀਤਾ ਹੈ। ਉਸਨੇ ਇੱਥੋਂ ਦੇ ਮੇਲਿਆਂ, ਤਿਉਹਾਰਾਂ, ਰੁੱਤਾਂ, ਲੋਹੜੀ, ਵਿਸਾਖੀ, ਦੀਵਾਲੀ ਦਾ ਜ਼ਿਕਰ ਬੜੀ ਯੋਗ ਉਪਮਾਵਾਂ ਨਾਲ ਕੀਤਾ ਹੈ। ਇਹ ਉਪਮਾਵਾਂ ਜਿੱਥੇ ਉਸਦੇ ਵਿਸ਼ੇ-ਵਸਤੂ ਨੂੰ ਪੇਸ਼ ਕਰਦੀਆਂ, ਉੱਥੇ ਉਸ ਵੇਲੇ ਦੇ ਸਮੇਂ ਨੂੰ ਵੀ ਭਲੀ-ਭਾਂਤ ਉਜਾਗਰ ਕਰਦੀਆਂ ਹਨ। ਇਸ ਦੀਆਂ ਕੁੱਝ ਮਿਸਾਲਾਂ ਇਸ ਪ੍ਰਕਾਰ ਹਨ :

(ਓ) ਜਿਉ ਤੀਰ ਸੜਾਕੇ ਭਾਦਰੋਂ, ਬੰਨ੍ਹ ਢੁੱਕੇ ਝੜੀਆਂ।

(ਅ) ਜੇਠ ਕੱਲਰ ਲਸ਼ਕਾਰਾਂ, ਭੜਕਣ ਭੱਠ ਜਿਉਂ।

(ੲ) ਵਸੇ ਗੜਾ ਤੂਫ਼ਾਨ ਨਾ ਹੋਣ ਬੱਦਲ ਕਾਲੇ।

(ਸ) ਜਿਉ ਢਹਿਣ ਮਣਾ ਦਰਿਆ ਦੀਆਂ ਸਾਵਣ ਹੜ੍ਹ ਆਏ।

(ਹ) ਜਿਵੇਂ ਟਿੰਡਾ ਲਾਹ ਕੁੰਭਾਰਾ, ਧਰੀਆਂ ਚੱਕ ਤੋਂ,

(ਕ) ਤਿੰਦਾਂ ਸਿਰੀਆਂ ਬੇਸ਼ੁਮਾਰਾ, ਘਟੇ ਰੁਲਦੀਆਂ।

ਨਜਾਬਤ ਨੇ ਨਾਦਰਸ਼ਾਹ ਦੀ ਵਾਰ ਨੂੰ 86 ਪੌੜੀਆਂ ਵਿੱਚ ਪੇਸ਼ ਕੀਤਾ ਹੈ। ਹਰ ਪੌੜੀ ਵਿੱਚ ਇੱਕੋ ਜਿਹਾ ਤੁਕਾਂਤ ਹੈ, ਪਰੰਤੂ ਜੇ ਕਿਤੇ ਅੰਤਰ ਵੀ ਹੈ ਤਾਂ ਵਾਰ ਦੀ ਰਵਾਨੀ ਵਿੱਚ ਇਸਦਾ ਕੋਈ ਫ਼ਰਕ ਨਹੀਂ ਪੈਂਦਾ। ਉਹ ਬਹਾਦੁਰਸ਼ਾਹ
ਰੰਗੀਲੇ ਦੇ ਮੂੰਹੋਂ ਵੀ ਇਹ ਸ਼ਬਦ ਅਖਵਾਉਂਦਾ ਹੈ।

“ਮੈਂ ਤੇ ਚੜ੍ਹ ਕੇ ਕਿਲ੍ਹਾ ਕੰਧਾਰ ਦਾ

ਸਣੇ ਬੁਰਜੀ ਢਾਹਾਂ

ਕਾਬਲ ਹੋਣ ਪਠਾਣੀਆਂ

ਕਰ ਖੁਲ੍ਹੀਆਂ ਬਾਹਾਂ।”

ਨਜਾਬਤ ਦੀ ਸ਼ਬਦਾਵਲੀ ਬਹੁਤ ਠੇਠ ਤੇ ਘਰੋਗੀ ਹੈ। ਉਸਨੇ ਭਾਵੇਂ ਫਾਰਸੀ ਅਤੇ ਬ੍ਰਿਜ ਭਾਸ਼ਾ ਦਾ ਪ੍ਰਯੋਗ ਕੀਤਾ ਹੈ। ਜੀਵਨ ਦੀਆਂ ਅਨੇਕਾਂ ਸਚਾਈਆਂ ਦੀ ਵਰਤੋਂ ਕੀਤੀ ਹੈ। ਉਸ ਦੀਆਂ ਕੁੱਝ ਸਤਰਾਂ ਤਾਂ ਮੁਹਾਵਰਾ ਬਣ ਸਕਣ ਦੀ ਸ਼ਕਤੀ ਰਖਦੀਆਂ ਹਨ। ਮਿਸਾਲ ਇਸ ਪ੍ਰਕਾਰ ਹੈ –

“ਦੁਨੀਆਂ ਜੇ ਚਾਰ ਦਿਹਾੜੇ, ਕਿਚਕਰ ਜੀਵਨਾ।

ਜੋ ਲਿਖਿਆ ਹੈ ਕਰਤਾਰ, ਸੋਈਓ ਵਰਤਸਣੀ।”

ਪੰਜਾਬੀ ਵਾਰ ਸਾਹਿਤ ਦਾ ਇਹ ਮਹਾਨ ਕਵੀ ਚਾਹੇ ਆਪਣੇ ਜੀਵਨ ਕਰਕੇ ਅਜਿਹੇ ਹਨ੍ਹੇਰੇ ਵਿੱਚ ਗੁਆਚਿਆ ਹੋਇਆ ਹੈ ਅਤੇ ਸਪੱਸ਼ਟ ਰੂਪ ਵਿੱਚ ਉਸਦੇ ਜੀਵਨ ਬਾਰੇ ਕੁੱਝ ਪ੍ਰਾਪਤ ਨਹੀਂ ਹੁੰਦਾ। ਸਭ ਤੋਂ ਪਹਿਲਾਂ ਇਹ ਵਾਰ ਇੱਕ ਅੰਗਰੇਜ਼ ਐਡਵਰਡ ਮੂਕਲੂਗਨ ਦੀ ਨੋਟਿਸ ਵਿੱਚ ਆਈ। ਜਿਸਨੇ ਇਹ ਵਾਰ ਮਰਾਸੀ ਕੋਲੇ ਸੁਣੀ ਤੇ ਪੰਡਿਤ ਹਰਿਕ੍ਰਿਸ਼ਨ ਦੀ ਡਿਊਟੀ ਲਗਾਈ ਕਿ ਇਸ ਨੂੰ ਸੰਪੂਰਨ ਲੱਭ ਕੇ ਛਾਪਿਆ ਜਾਏ। ਇਸ ਤਰ੍ਹਾਂ ਵੱਖੋ-ਵੱਖ ਮਰਾਸੀਆਂ ਤੋਂ ਇਹ ਵਾਰ ਇਕੱਠੀ ਕਰਕੇ ਬਾਅਦ ਵਿੱਚ ਇਹ ਲਿਖਤ ਰੂਪ ਵਿੱਚ ਆਈ। ਚਾਹੇ ਇਸ ਦੇ ਲੇਖਕ ਤੇ ਵਾਰ ਉੱਤੇ ਅਜੇ ਤੱਕ ਪਰਦਾ ਪਿਆ ਹੋਇਆ ਹੈ, ਪਰ ਇਹ ਸਾਹਿਤਕ ਗੁਣਾਂ ਦੀ ਖਾਣ ਹੈ। ਇਸ ਨੂੰ ਪੰਜਾਬ ਦੀ ਵਾਰ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਪਹਿਲੀ ਵਾਰ ਪੰਜਾਬੀਆਂ ਦੀ ਬਹਾਦਰੀ ਇੱਥੋਂ ਦਾ ਸਭਿਆਚਾਰ, ਇੱਥੋਂ ਦਾ ਜੀਵਨ ਜਿੰਨੇ ਵਾਸਤਵਿਕ ਢੰਗ ਨਾਲ ਕਾਵਿ-ਮਈ ਸ਼ੈਲੀ ਵਿੱਚ ਇਸ ਰਚਨਾ ਵਿੱਚ ਪੇਸ਼ ਹੋਇਆ, ਉਹ ਆਪਣੇ ਆਪ ਵਿੱਚ ਇੱਕ ਮਿਸਾਲ ਹੈ।