ਭੂਮਿਕਾ : ਤਿਥ-ਤਿਉਹਾਰ ਲੋਕ ਜੀਵਨ ਦਾ ਸੱਚਾ-ਸੁੱਚਾ ਪ੍ਰਗਟਾਵਾ ਹਨ। ਇਹਨਾਂ ਵਿੱਚ ਕਿਸੇ ਕੌਮ ਦੀ ਹਜ਼ਾਰਾਂ ਵਰ੍ਹਿਆਂ ਦੀ ਅਕਲ ਅਤੇ ਤਜਰਬਾ ਹੀ ਸ਼ਾਮਲ ਨਹੀਂ ਹੁੰਦਾ ਸਗੋਂ ਕਿਸੇ ਕੌਮ ਦਾ ਸੁਭਾਅ ਵੀ ਉਲੀਕਿਆ ਹੁੰਦਾ ਹੈ। ਉਸ ਕੌਮ ਦੀ ਸਹੀ ਜਾਣਕਾਰੀ ਵੀ ਇਹਨਾਂ ਤਿਉਹਾਰਾਂ ਤੋਂ ਮਿਲ ਜਾਂਦੀ ਹੈ। ਜੇਕਰ ਇਹ ਤਿਉਹਾਰ ਨਾ ਹੁੰਦੇ ਤਾਂ ਪੰਜਾਬੀਆਂ ਦਾ ਸੁਭਾਅ ਹੁਣ ਵਾਂਗ ਖੁੱਲ੍ਹਦਿਲਾ ਅਤੇ ਰੰਗੀਨ ਨਾ ਹੁੰਦਾ।
ਅਰਥ : ਤਿਥ-ਤਿਉਹਾਰਾਂ ਦਾ ਸੰਬੰਧ ਸਾਡੇ ਸਾਂਝੇ ਵਲਵਲਿਆਂ ਨਾਲ ਹੈ। ਖ਼ਾਸ-ਖ਼ਾਸ ਮੌਕਿਆਂ ‘ਤੇ ਸਾਂਝੇ ਰੂਪ ਵਿੱਚ ਕੀਤੀਆਂ ਵਿਸ਼ੇਸ਼ ਵਿਧੀਆਂ ਅਤੇ ਕਿਰਿਆਵਾਂ ਹੀ ਤਿਥ-ਤਿਉਹਾਰਾਂ ਦਾ ਰੂਪ ਧਾਰਨ ਕਰ ਲੈਂਦੀਆਂ ਹਨ। ‘ਦੀਵਾਲੀ’ ਸ਼ਬਦ ‘ਦੀਪਾਵਲੀ’ ਅਰਥਾਤ ‘ਦੀਪਮਾਲਾ’ ਤੋਂ ਬਣਿਆ ਹੈ ਜਿਸ ਤੋਂ ਭਾਵ ਹੈ: ਦੀਵਿਆਂ ਦੀਆਂ ਕਤਾਰਾਂ, ਪਾਲਾਂ ਜਾਂ ਮਾਲਾ। ਦੀਵਾਲੀ ਵਾਲ਼ੀ ਰਾਤ ਲੋਕ ਆਪਣੇ ਘਰਾਂ ਦੀਆਂ ਕੰਧਾਂ, ਮੁੱਖ ਦੁਆਰ ਅਤੇ ਬਨੇਰਿਆਂ ਉੱਤੇ ਦੀਵੇ ਜਾਂ ਮੋਮਬੱਤੀਆਂ ਦੀਆਂ ਕਤਾਰਾਂ ਲਗਾ ਦਿੰਦੇ ਹਨ। ਅੱਜ-ਕੱਲ੍ਹ ਦੀਵਿਆਂ ਦੀ ਥਾਂ ਬਲਬਾਂ ਦੀਆਂ ਲੜੀਆਂ ਨੇ ਲੈ ਲਈ ਹੈ।
ਕੌਮੀ ਤਿਉਹਾਰ : ਪੰਜਾਬ ਵਿੱਚ ਤਿਥ-ਤਿਉਹਾਰਾਂ ਦਾ ਕਾਫ਼ਲਾ ਨਿਰੰਤਰ ਚੱਲਦਾ ਰਹਿੰਦਾ ਹੈ। ਇਹਨਾਂ ਵਿੱਚੋਂ ਕੁਝ ਤਿਉਹਾਰ ਮਨੁੱਖੀ ਮਨ ਦੀ ਕੁਦਰਤ ਨਾਲ ਇਕਸੁਰਤਾ ਨੂੰ ਪ੍ਰਗਟ ਕਰਦੇ ਹਨ ਅਤੇ ਰੁੱਤਾਂ ਦੇ ਗੇੜ ਵਿੱਚੋਂ ਪੈਦਾ ਹੁੰਦੇ ਹਨ। ਕੁਝ ਦਾ ਸੰਬੰਧ ਇਤਿਹਾਸ ਜਾਂ ਮਿਥਹਾਸ ਨਾਲ ਹੈ। ਇਹਨਾਂ ਵਿੱਚੋਂ ਪ੍ਰਮੁੱਖ ਤਿਉਹਾਰ ਦੀਵਾਲੀ ਭਾਰਤ ਦਾ ਕੌਮੀ ਤਿਉਹਾਰ ਹੈ। ਇਹ ਸਾਡਾ ਸਰਬ- ਸਾਂਝਾ ਤਿਉਹਾਰ ਹੈ ਜੋ ਸਾਰੇ ਭਾਰਤ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਮਨਾਇਆ ਜਾਂਦਾ ਹੈ।
ਨਿਸ਼ਚਿਤ ਸਮਾਂ : ਦੀਵਾਲੀ ਹਰ ਸਾਲ ਕੱਤਕ ਦੀ ਮੱਸਿਆ ਨੂੰ ਆਉਂਦੀ ਹੈ। ਆਮ ਤੌਰ ‘ਤੇ ਇਹ ਦਿਨ ਦਸਹਿਰੇ ਤੋਂ ਵੀਹ ਦਿਨ ਮਗਰੋਂ ਆਉਂਦਾ ਹੈ। ਮੱਸਿਆ ਦੀ ਇਹ ਰਾਤ ਜ਼ਿਆਦਾਤਰ ਨਵੰਬਰ ਮਹੀਨੇ ਵਿੱਚ ਆਉਂਦੀ ਹੈ। ਰਾਤ ਨੂੰ ਜਗਦੀ ਦੀਵਿਆਂ ਦੀ ਰੋਸ਼ਨੀ ਲੋਕਾਂ ਦੇ ਦਿਲਾਂ ਦੀਆਂ ਹਨੇਰੀਆਂ ਗੁੱਠਾਂ ਨੂੰ ਵੀ ਰੁਸ਼ਨਾ ਦਿੰਦੀ ਹੈ।
ਹਿੰਦੂਆਂ-ਸਿੱਖਾਂ ਦਾ ਸਾਂਝਾ ਤਿਉਹਾਰ : ਦੀਵਾਲੀ ਹਿੰਦੂਆਂ-ਸਿੱਖਾਂ ਦਾ ਸਾਂਝਾ ਤਿਉਹਾਰ ਹੈ। ਇਸ ਸਰਬ-ਸਾਂਝੇ ਤਿਉਹਾਰ ਨਾਲ ਕਈ ਇਤਿਹਾਸਿਕ ਘਟਨਾਵਾਂ ਜੁੜੀਆਂ ਹੋਈਆਂ ਹਨ । ਇਸ ਦਿਨ ਸ੍ਰੀ ਰਾਮ ਚੰਦਰ ਜੀ 14 ਸਾਲਾਂ ਦਾ ਬਣਵਾਸ ਕੱਟ ਕੇ ਸੀਤਾ ਜੀ ਸਮੇਤ ਵਾਪਸ ਅਯੁੱਧਿਆ ਆਏ ਸਨ। ਉਹਨਾਂ ਦੇ ਆਉਣ ਦੀ ਖ਼ੁਸ਼ੀ ਵਿੱਚ ਅਯੁੱਧਿਆ ਨਿਵਾਸੀਆਂ ਨੇ ਦੀਪਮਾਲਾ ਕਰ ਕੇ ਖ਼ੁਸ਼ੀਆਂ ਮਨਾਈਆਂ ਸਨ। ਇਸੇ ਦਿਨ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਵਿੱਚੋਂ 52 ਰਾਜਿਆਂ ਸਮੇਤ ਰਿਹਾਅ ਹੋ ਕੇ ਵਾਪਸ ਅੰਮਿ੍ਤਸਰ ਪੁੱਜੇ ਸਨ। ਇਸ ਖ਼ੁਸ਼ੀ ਵਿੱਚ ਸ੍ਰੀ ਹਰਿਮੰਦਰ ਸਾਹਿਬ ਵਿੱਚ ਦੀਪਮਾਲਾ ਕੀਤੀ ਗਈ।
ਹੋਰ ਇਤਿਹਾਸ : ਇਸ ਦਿਨ ਭਗਵਾਨ ਮਹਾਂਵੀਰ ਨੇ ਮੁਕਤੀ ਪ੍ਰਾਪਤ ਕੀਤੀ ਸੀ। ਜਿੱਤ ਦੀ ਖ਼ੁਸ਼ੀ ਵਿੱਚ ਜੈਨ ਧਰਮ ਨੂੰ ਮੰਨਣ ਵਾਲਿਆਂ ਨੇ ਦੀਪਮਾਲਾ ਕੀਤੀ। ਇਸ ਤਰ੍ਹਾਂ ਦੀਵਾਲੀ ਮਨਾਉਣ ਵਿੱਚ ਕਸ਼ਟਾਂ ਤੋਂ ਮੁਕਤੀ ਪ੍ਰਾਪਤ ਕਰਨ ਦੀ ਭਾਵਨਾ ਰਲੀ ਹੋਈ ਹੈ। ਕਈ ਹੋਰ ਪੌਰਾਣਿਕ ਕਥਾਵਾਂ ਵੀ ਦੀਵਾਲੀ ਨਾਲ ਜੁੜੀਆਂ ਹੋਈਆਂ ਹਨ।
ਦੀਵਾਲੀ ਦੀ ਤਿਆਰੀ : ਸਾਰਾ ਭਾਰਤ ਦੀਵਾਲੀ ਨੂੰ ਬੇਸਬਰੀ ਨਾਲ ਉਡੀਕਦਾ ਹੈ। ਇਹ ਤਿਉਹਾਰ ਅਸਲ ਵਿੱਚ ਮੌਸਮੀ ਤਿਉਹਾਰ ਹੈ ਜੋ ਪੁਰਾਤਨ ਸਮੇਂ ਤੋਂ ਮਨਾਇਆ ਜਾ ਰਿਹਾ ਹੈ। ਰੁੱਤ ਬਦਲੀ ਨਾਲ ਸੰਬੰਧਿਤ ਹੋਣ ਕਰਕੇ ਲੋਕ ਸਰਦੀ ਤੋਂ ਬਚਣ ਲਈ ਇਸ ਦਿਨ ਤੋਂ ਅੰਦਰ ਸੌਂਣਾ ਸ਼ੁਰੂ ਕਰਦੇ ਹਨ। ਘਰ ਕੱਚੇ ਹੁੰਦੇ ਸਨ। ਇਸ ਲਈ ਅੰਦਰ ਦੀ ਸਿਲ੍ਹ ਅਤੇ ਕੀੜੇ-ਮਕੌੜਿਆਂ ਤੋਂ ਬਚਣ ਲਈ ਘਰਾਂ ਦੀ ਸਫ਼ਾਈ ਕੀਤੀ ਜਾਂਦੀ ਸੀ।
ਇਹੀ ਭਾਵਨਾ ਅੱਜ ਵੀ ਚਲੀ ਆ ਰਹੀ ਹੈ। ਲੋਕ ਉਸੇ ਤਰ੍ਹਾਂ ਘਰਾਂ ਨੂੰ ਸਾਫ਼ ਕਰਦੇ ਹਨ। ਪਟਾਕੇ ਚਲਾ ਕੇ ਖ਼ੁਸ਼ੀ ਮਨਾਉਂਦੇ ਹਨ।
ਬਜ਼ਾਰਾਂ ਦੀ ਸਜ-ਸਜਾਵਟ : ਇਸ ਦਿਨ ਸਾਰਾ ਭਾਰਤ ਜਿਵੇਂ ਮੇਲੇ ਦਾ ਰੂਪ ਧਾਰਨ ਕਰ ਜਾਂਦਾ ਹੈ। ਬਜ਼ਾਰ ਤਾਂ ਇੱਕ ਮਹੀਨਾ ਪਹਿਲਾਂ ਹੀ ਸਜਣੇ ਸ਼ੁਰੂ ਹੋ ਜਾਂਦੇ ਹਨ। ਦੀਵਾਲੀ ਵਾਲੇ ਦਿਨ ਬਜ਼ਾਰਾਂ ਦੀ ਰੌਣਕ ਵੇਖਣ ਵਾਲੀ ਹੁੰਦੀ ਹੈ। ਖ਼ਾਸ ਕਰ ਹਲਵਾਈਆਂ, ਖਿਡੌਣਿਆਂ ਅਤੇ ਪਟਾਕਿਆਂ ਦੀਆਂ ਦੁਕਾਨਾਂ ਦੀ ਰੌਣਕ ਵੱਖਰੀ ਹੁੰਦੀ ਹੈ। ਮੌਸਮ ਖਾਣ-ਪੀਣ ਲਈ ਢੁਕਵਾਂ ਹੁੰਦਾ ਹੈ। ਇਸ ਲਈ ਲੋਕ ਬਹੁਤ ਸਾਰੀਆਂ ਮਿਠਿਆਈਆਂ ਖ਼ਰੀਦਦੇ ਹਨ।
ਦੀਵਾਲੀ ਵਾਲੀ ਰਾਤ ਦਾ ਦ੍ਰਿਸ਼ : ਦੀਵਾਲੀ ਵਾਲੇ ਦਿਨ ਤੋਂ ਇੱਕ-ਅੱਧ ਦਿਨ ਪਹਿਲਾਂ ਹੀ ਘਰਾਂ ਦੇ ਅੰਦਰ ਬਾਹਰ ਲੜੀਆਂ ਲੱਗ ਜਾਂਦੀਆਂ ਹਨ। ਸ਼ੁਰੂ ਵਿੱਚ ਘਿਓ, ਫਿਰ ਤੇਲ ਦੇ ਦੀਵੇ ਬਾਲੇ ਜਾਣ ਲਗ ਪਏ। ਅੱਜ-ਕਲ੍ਹ ਦੀਵੇ ਕੇਵਲ ਸ਼ਗਨ ਮਾਤਰ ਰਹਿ ਗਏ ਹਨ। ਇਹ ਥਾਂ ਮੋਮਬੱਤੀਆਂ ਤੋਂ ਅਗੋਂ ਭਾਂਤ-ਭਾਂਤ ਦੇ ਬਲਬਾਂ ਨੇ ਲੈ ਲਈ ਹੈ। ਇਸ ਰਾਤ ਲੋਕ ਪਹਿਲਾਂ ਧਾਰਮਿਕ ਸਥਾਨਾਂ, ਮੜ੍ਹੀ-ਮਸਾਣਾਂ, ਸਮਾਧਾਂ, ਰੂੜੀਆਂ ‘ਤੇ ਦੀਵੇ ਜਗਾਉਂਦੇ ਹਨ ਅਤੇ ਫਿਰ ਆਪਣੇ ਘਰਾਂ ਵਿੱਚ ਰੋਸ਼ਨੀ ਕੀਤੀ ਜਾਂਦੀ ਹੈ। ਰਾਤ ਦੀ ਪੂਜਾ ਉਪਰਾਂਤ ਪਟਾਕੇ ਚਲਾਏ ਜਾਂਦੇ ਹਨ।
ਅੰਮ੍ਰਿਤਸਰ ਦੀ ਦੀਵਾਲੀ : ਉਂਞ ਤਾਂ ਸਾਰਾ ਭਾਰਤ ਹੀ ਮੇਲੇ ਦਾ ਰੂਪ ਧਾਰਨ ਕਰ ਲੈਂਦਾ ਹੈ ਪਰ ਅੰਮ੍ਰਿਤਸਰ ਦੀ ਦੀਵਾਲ਼ੀ ਤਾਂ ਵੇਖਣਯੋਗ ਹੈ। ਅੰਮਿ੍ਤਸਰ ਸਾਰੇ ਦਾ ਸਾਰਾ ਹੀ ਜਗਮਗ-ਜਗਮਗ ਕਰ ਰਿਹਾ ਹੁੰਦਾ ਹੈ। ਪਰ ਸ੍ਰੀ ਹਰਿਮੰਦਰ ਸਾਹਿਬ ਦਾ ਨਜ਼ਾਰਾ ਤਾਂ ਵੇਖਣਯੋਗ ਹੁੰਦਾ ਹੈ। ਇਸੇ ਲਈ ਲੋਕ ਕਹਿੰਦੇ ਹਨ:
ਦਾਲ ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ।
ਲੱਛਮੀ ਪੂਜਾ : ਦੀਵਾਲੀ ਵਾਲ਼ੇ ਦਿਨ ਲੋਕ ਪਾਠ-ਪੂਜਾ ਦੀ ਵਿਸ਼ੇਸ਼ ਤਿਆਰੀ ਕਰਦੇ ਹਨ। ਇਸ ਦਿਨ ਧਾਰਮਿਕ ਸਥਾਨਾਂ ‘ਤੇ ਪੂਜਾ-ਪਾਠ ਹੁੰਦਾ ਹੈ। ਲੋਕ ਆਪੋ-ਆਪਣੇ ਘਰਾਂ ਵਿੱਚ ਲੱਛਮੀ ਦੀ ਪੂਜਾ ਕਰਦੇ ਹਨ।
ਪਵਿੱਤਰਤਾ ਬਣਾਈ ਰੱਖਣ ਦੀ ਲੋੜ : ਦੀਵਾਲੀ ਦੇ ਧਾਰਮਿਕ, ਇਤਿਹਾਸਿਕ ਅਤੇ ਮਿਥਹਾਸਿਕ ਮਹੱਤਵ ਨੂੰ ਮੁੱਖ ਰੱਖਦਿਆਂ ਇਸ ਦੀ ਪਵਿੱਤਰਤਾ ਕਾਇਮ ਰੱਖਣ ਦੀ ਲੋੜ ਹੈ। ਕੁਝ ਲੋਕ ਵਹਿਮਾਂ-ਭਰਮਾਂ ਦੀ ਆੜ ਵਿੱਚ ਟੂਣੇ ਕਰਦੇ ਫਿਰਦੇ ਹਨ। ਅੰਤਾਂ ਦੀ ਆਤਸ਼ਬਾਜ਼ੀ ਨਾਲ ਸਾਰਾ ਵਾਤਾਵਰਨ ਹੀ ਦੂਸ਼ਿਤ ਹੋ ਜਾਂਦਾ ਹੈ। ਵਾਧੂ ਦੇ ਤੋਹਫ਼ਿਆਂ ‘ਤੇ ਖ਼ਰਚ ਕਰ ਕੇ ਕਈ ‘ਦਿਵਾਲ਼ਾ’ ਕੱਢ ਬੈਠਦੇ ਹਨ। ਕੁਝ ਲੋਕ ਜ਼ਿਆਦਾ ਮਿਠਿਆਈਆਂ ਖਾ ਕੇ ਬਿਮਾਰ ਹੋ ਜਾਂਦੇ ਹਨ। ਇਸ ਸਭ ਤੋਂ ਬਚ ਕੇ ਦੀਵਾਲੀ ਦੀ ਪਵਿੱਤਰਤਾ ਕਾਇਮ ਰੱਖਣ ਦੀ ਲੋੜ ਹੈ।
ਸਾਰਾਂਸ਼ : ਸਮੁੱਚੇ ਰੂਪ ਵਿੱਚ ਦੀਵਾਲੀ ਸਾਡਾ ਖੁਸ਼ੀਆਂ ਭਰਿਆ ਅਤੇ ਸਾਂਝਾ ਦਾ ਤਿਉਹਾਰ ਹੈ। ਇਸ ਦੀ ਰੋਸ਼ਨੀ ਵਿੱਚ ਸਰੀਰਿਕ ਅਤੇ ਭਾਈਚਾਰਿਕ ਖੁਸ਼ਹਾਲੀ ਲੁਕੀ ਹੋਈ ਹੈ। ਇਹ ਤਿਉਹਾਰ ਸਾਨੂੰ ਬਾਹਰੋਂ ਹੀ ਰੋਸ਼ਨ ਨਹੀਂ ਕਰਦਾ ਸਗੋਂ ਅੰਦਰੋਂ ਵੀ ਵੈਰ-ਵਿਰੋਧ ਅਤੇ ਪੱਖਪਾਤ ਦੇ ਹਨੇਰੇ ਤੋਂ ਮੁਕਤ ਕਰਦਾ ਹੈ।