CBSEClass 12 PunjabiClass 12 Punjabi (ਪੰਜਾਬੀ)EducationPunjab School Education Board(PSEB)

ਲੇਖ ਦਾ ਸਾਰ : ਪੰਜਾਬ ਦੇ ਲੋਕ-ਕਿੱਤੇ ਅਤੇ ਲੋਕ-ਕਲਾਵਾਂ


ਪ੍ਰਸ਼ਨ. ‘ਪੰਜਾਬ ਦੇ ਲੋਕ-ਕਿੱਤੇ ਅਤੇ ਲੋਕ-ਕਲਾਵਾਂ’ ਲੇਖ ਦਾ ਸੰਖੇਪ ਸਾਰ ਲਿਖੋ।

ਉੱਤਰ : ਲੋਕ-ਕਿੱਤੇ ਪੁਰਾਤਨ ਕਾਲ ਤੋਂ ਹੀ ਮਨੁੱਖੀ ਜੀਵਨ-ਜਾਚ ਦਾ ਅੰਗ ਰਹੇ ਹਨ। ਇਨ੍ਹਾਂ ਦੇ ਵਿਕਾਸ ਨਾਲ ਹੀ ਸਮਾਜ ਦਾ ਵਿਕਾਸ ਸੰਭਵ ਹੋਇਆ ਹੈ।

ਮਨੁੱਖ ਦੇ ਸਾਹਮਣੇ ਲੋੜ ਪੈਦਾ ਹੋਈ ਤੇ ਉਸ ਦੀ ਪੂਰਤੀ ਲਈ ਪਹਿਲਾਂ ਸਾਂਝੇ ਰੂਪ ਵਿਚ ਯਤਨ ਕੀਤੇ ਗਏ। ਲੋੜਾਂ ਦੇ ਵੱਧਣ ਨਾਲ ਉਨ੍ਹਾਂ ਦੀ ਪੂਰਤੀ ਦੇ ਢੰਗ ਤਰੀਕੇ ਵੀ ਬਦਲਦੇ ਗਏ। ਸਮੇਂ ਨਾਲ ਧਾਂਤਾਂ ਦੀ ਲੱਭਤ ਹੋਈ ਤੇ ਔਜ਼ਾਰ ਬਣੇ। ਮਨੁੱਖ ਜੰਗਲਾਂ ਨੂੰ ਛੱਡ ਕੇ ਘਰਾਂ, ਪਿੰਡਾਂ ਤੇ ਨਗਰਾਂ ਦਾ ਨਿਰਮਾਣ ਕਰਨ ਲੱਗਾ। ਇਸ ਨਾਲ ਕੰਮਾਂ ਦੀ ਗਿਣਤੀ ਵਿਚ ਵਾਧਾ ਹੋਇਆ ਤੇ ਇਨ੍ਹਾਂ ਦੀ ਵੰਡ ਦੀ ਲੋੜ ਪਈ। ਇਸ ਤਰ੍ਹਾਂ ਵੱਖ-ਵੱਖ ਕੰਮਾਂ ਨੂੰ ਸੁਚੱਜੇ ਢੰਗ ਨਾਲ ਕਰਨ ਵਾਲੀਆਂ ਕਾਮਾਂ ਸ਼੍ਰੇਣੀਆਂ ਹੋਂਦ ਵਿਚ ਆਈਆਂ । ਜਦੋਂ ਕਿਸੇ ਕਾਮਾ ਸ਼੍ਰੇਣੀ ਨੇ ਇਕ ਕੰਮ ਲੰਮਾ ਸਮਾਂ ਕੀਤਾ, ਤਾਂ ਉਸ ਦੇ ਕੰਮ ਨੂੰ ਕਿੱਤੇ ਦੇ ਨਾਂ ਨਾਲ ਜਾਣਿਆ ਜਾਣ ਲੱਗਾ । ਇਸ ਤਰ੍ਹਾਂ ਪੰਜਾਬ ਵਿਚ ਭਿੰਨ-ਭਿੰਨ ਲੋਕ ਕਿੱਤਿਆਂ ਦੇ ਨਾਂ ਪ੍ਰਚਲਿਤ ਹੋਏ: ਫਲਸਰੂਪ ਲੱਕੜੀ ਤਰਾਸ਼ਣ ਵਾਲੇ ਨੂੰ ‘ਤਰਖਾਣ’ ਤੇ ਲੋਹੇ ਦਾ ਕੰਮ ਕਰਨ ਵਾਲੇ ਨੂੰ ‘ਲੁਹਾਰ’ ਕਿਹਾ ਗਿਆ।

ਕਿੱਤਾ ਉਸ ਕੰਮ ਨੂੰ ਕਿਹਾ ਜਾਂਦਾ ਹੈ, ਜਿਸ ਤੋਂ ਕਿਸੇ ਕਿਰਤ ਦਾ ਨਿਰਮਾਣ ਹੁੰਦਾ ਹੈ, ਜਿਵੇਂ ਤਰਖਾਣ, ਲੁਹਾਰ ਤੇ ਸੁਨਿਆਰ ਦਾ ਕੰਮ। ਇਸ ਤਰ੍ਹਾਂ ਮਰਾਸੀ ਤੇ ਬਾਜ਼ੀਗਰ ਮਨੋਰੰਜਨ ਦਾ ਕਿੱਤਾ ਕਰਦੇ ਹਨ। ਇਹ ਲੋਕ ਵੀ ਆਪਣੇ ਹੁਨਰ ਨਾਲ ਕਿਰਤ ਦਾ ਨਿਰਮਾਣ ਕਰਦੇ ਹਨ।

ਲੋਕ-ਕਿੱਤਾ ਪਿਤਾ-ਪੁਰਖੀ ਕੰਮ ਨੂੰ ਕਿਹਾ ਜਾਂਦਾ ਹੈ, ਜਿਸ ਨੂੰ ਨਵੀਂ ਪੀੜ੍ਹੀ ਆਪਣੇ ਵਡੇਰਿਆਂ ਤੋਂ ਸਿੱਖਦੀ ਹੈ। ਇਸ ਵਿਚ ਉਸਤਾਦੀ-ਸ਼ਗਿਰਦੀ ਦੀ ਪਰੰਪਰਾ ਹੁੰਦੀ ਹੈ। ਜਦੋਂ ਕੋਈ ਕਾਰੀਗਰ ਆਪਣੀ ਕਾਰੀਗ਼ਰੀ ਵਿਚ ਸੋਹਜ ਪੈਦਾ ਕਰ ਦਿੰਦਾ ਹੈ, ਤਾਂ ਉਸਨੂੰ ‘ਸ਼ਿਲਪਕਾਰੀ’ ਕਿਹਾ ਜਾਂਦਾ ਹੈ।

ਲੋਕ-ਕਿੱਤੇ ਅਤੇ ਧੰਦੇ ਵਿਚ ਫ਼ਰਕ ਹੈ। ਧੰਦਾ ਉਸ ਕੰਮ ਨੂੰ ਕਿਹਾ ਜਾਂਦਾ ਹੈ, ਜਿਸ ਵਿਚ ਕਿਸੇ ਕਿਰਤ ਦਾ ਨਿਰਮਾਣ ਨਹੀਂ ਹੁੰਦਾ, ਜਿਵੇਂ ਵਿਉਪਾਰ, ਸ਼ਾਹੂਕਾਰੀ ਤੇ ਦਲਾਲੀ ਆਦਿ। ਧੰਦੇ ਨੂੰ ਕਿੱਤੇ ਦੇ ਮੁਕਾਬਲੇ ਘਟ ਸਤਿਕਾਰ ਨਾਲ ਵੇਖਿਆ ਜਾਂਦਾ ਹੈ।

ਲੋਕ-ਕਿੱਤੇ ਦੀ ਇਹ ਵਿਸ਼ੇਸ਼ਤਾ ਹੁੰਦੀ ਹੈ ਕਿ ਇਹ ਸਭਿਆਚਾਰ ਤੇ ਰਹਿਤਲ ਦੀਆਂ ਲੋੜਾਂ ਲਈ ਬਹੁਤ ਜ਼ਰੂਰੀ ਹੁੰਦਾ ਹੈ। ਜਿਵੇਂ ਖੇਤੀ ਅਤੇ ਘਰੇਲੂ ਲੋੜਾਂ ਲਈ ਤਰਖਾਣ ਦਾ ਕਿੱਤਾ। ਲੋਕ-ਕਿੱਤਾ ਹਰ ਇਕ ਲਈ ਉਪਯੋਗੀ ਹੁੰਦਾ ਹੈ।

ਵਰਤਮਾਨ ਕਾਲ ਵਿਚ ਸਮਾਜ ਦੇ ਵਿਕਾਸ ਨਾਲ ਤੇ ਆਬਾਦੀ ਦੇ ਵਧਣ ਨਾਲ ਮਨੁੱਖ ਦੀਆਂ ਲੋੜਾਂ ਵਿਚ ਬੇਸ਼ੁਮਾਰ ਵਾਧਾ ਹੋਇਆ ਹੈ। ਹੱਥਾਂ ਨਾਲ ਕੀਤੇ ਕੰਮ ਇਨ੍ਹਾਂ ਲੋੜਾਂ ਨੂੰ ਪੂਰੀਆਂ ਨਹੀਂ ਕਰ ਸਕਦੇ ਤੇ ਇਸ ਕਾਰਨ ਮਨੁੱਖ ਨੇ ਵਿਗਿਆਨ ਦੀਆਂ ਨਵੀਆਂ ਕਾਂਢਾਂ ਨੂੰ ਜਨਮ ਦਿੱਤਾ ਹੈ ਤੇ ਵਧੀਆਂ ਲੋੜਾਂ ਦੀ ਪੂਰਤੀ ਲਈ ਮਸ਼ੀਨਾਂ ਦੀ ਵਰਤੋਂ ਹੋਣ ਲੱਗੀ ਹੈ। ਜਿਸ ਦੇ ਸਿੱਟੇ ਵਜੋਂ ਕਾਰੀਗਰਾਂ ਦੀ ਨਿੱਜੀ ਪਛਾਣ ਗੁਆਚ ਗਈ ਹੈ। ਇਨ੍ਹਾਂ ਦੀ ਥਾਂ ਕੰਪਨੀਆਂ ਨੇ ਲੈ ਲਈ ਹੈ। ਸਮਾਜ ਦੇ ਵਿਕਾਸ ਲਈ ਅੱਗੇ ਕਦਮ ਪੁੱਟਣਾ ਜ਼ਰੂਰੀ ਹੁੰਦਾ ਹੈ। ਇੰਞ ਪੰਜਾਬ ਦੇ ਲੋਕ-ਕਿੱਤੇ ਨਿਰੰਤਰ ਵਿਕਾਸ ਦੇ ਰਾਹ ਉੱਤੇ ਚਲ ਰਹੇ ਹਨ। ਲੋਕ-ਕਲਾ ਦਾ ਜਨਮ ਮਨੁੱਖ ਦੁਆਰਾ ਕੀਤੇ ਜਾਣ ਵਾਲੇ ਕੰਮਾਂ ਦੇ ਸੋਹਜ, ਸਾਦਗੀ ਅਤੇ ਕਲਾਤਮਿਕ ਗੁਣਾਂ ਵਿਚੋਂ ਹੋਇਆ। ਇਹ ਆਰੰਭ ਤੋਂ ਹੀ ਮਨੁੱਖ ਦੀ ਮਾਨਸਿਕ ਤ੍ਰਿਪਤੀ ਕਰਦੀ ਆਈ ਹੈ। ਪ੍ਰਾਚੀਨ ਸਿੰਧ ਘਾਟੀ ਤੋਂ ਮਿਲੀਆਂ ਮੂਰਤੀਆਂ, ਗਹਿਣੇ, ਠੀਕਰ, ਮੋਹਰਾਂ ਤੇ ਮਿੱਟੀ ਦੇ ਭਾਂਡਿਆਂ ਉੱਪਰ ਹੋਈ ਚਿਤਰਕਾਰੀ ਇਸ ਦੀਆਂ ਮਿਸਾਲਾਂ ਹਨ।

ਜਿਹੜੀ ਕਲਾ ਸਮਾਨ ਪਰੰਪਰਾ ਵਾਲੇ ਸਭਿਆਚਾਰ ਦੇ ਮਨੁੱਖੀ ਸਮੂਹ ਦੀਆਂ ਭਾਵਨਾਵਾਂ ਨੂੰ ਪ੍ਰਗਟ ਕਰਦੀ ਹੋਵੇ ਤੇ ਵਿਰਸੇ ਵਿਚੋਂ ਪ੍ਰਾਪਤ ਹੁੰਦੀ ਹੋਵੇ ‘ਲੋਕ-ਕਲਾ’ ਅਖਵਾਉਂਦੀ ਹੈ। ਸਰਲਤਾ ਤੇ ਸਾਦਗੀ ਇਸ ਦੇ ਵਿਸ਼ੇਸ਼ ਗੁਣ ਹੁੰਦੇ ਹਨ। ਪੰਜਾਬ ਦੀ ਲੋਕ-ਕਲਾ ਬੇਸ਼ਕ ਲਗਾਤਾਰ ਬਦਲਦੀ ਰਹੀ ਹੈ, ਪਰੰਤੂ ਇਹ ਹਮੇਸ਼ਾ ਸੰਵੇਦਨਸ਼ੀਲ, ਸਾਦੀ ਤੇ ਮਾਨਵੀ ਰਹੀ ਹੈ। ਜਿਉਂ-ਜਿਉਂ ਲੋਕ-ਕਲਾ ਵਿਚ ਨਿਖ਼ਾਰ ਆਉਂਦਾ ਹੈ ਤੇ ਇਹ ਨਿਯਮਾਂ ਵਿਚ ਬੱਝਦੀ ਜਾਂਦੀ ਹੈ ਤੇ ਉਸ ਦਾ ਲਿਖਤੀ ਸ਼ਾਸਤਰ ਬਣ ਜਾਂਦਾ ਹੈ, ਤਾਂ ਉਹ ‘ਸ਼ਾਸਤਰੀ ਕਲਾ’ ਅਖਵਾਉਂਦੀ ਹੈ। ਇਸ ਦੇ ਮੁਕਾਬਲੇ ਲੋਕ-ਕਲਾ ਦੇ ਨਿਯਮ ਲਚਕੀਲੇ ਹੁੰਦੇ ਹਨ। ਪੰਜਾਬ ਦੀ ਲੋਕ-ਕਲਾ ਦੀਆਂ ਸਿਰਜਕ ਇਸਤਰੀਆਂ ਰਹੀਆਂ ਹਨ, ਸ਼ਾਇਦ ਇਸੇ ਕਰਕੇ ਇਹ ਮੰਗਲ ਕਾਮਨਾ ਵਾਲੀ ਹੈ। ਲੋਕ-ਕਲਾ ਪ੍ਰੇਮ-ਭਾਵਨਾ ਵਾਲੀ ਤੇ ਆਡੰਬਰ ਮੁਕਤ ਹੁੰਦੀ ਹੈ। ਇਹ ਲੋੜੀਂਦੀ ਸਾਮਗਰੀ ਆਪਣੇ ਆਲੇ-ਦੁਆਲੇ ਵਿਚੋਂ ਹੀ ਪ੍ਰਾਪਤ ਕਰਦੀ ਹੈ। ਇਹ ਚਾਹੇ ਬਾਗ-ਫੁਲਕਾਰੀ ਦੀ ਕਢਾਈ ਹੋਵੇ, ਭਾਂਡੇ ਰੱਖਣ ਵਾਲੀਆਂ ਪੜਛੱਤੀਆਂ, ਗਾਰੇ, ਭੜੋਲੇ, ਭੜੋਲੀਆਂ, ਚੁੱਲ੍ਹੇ ਚੌਂਕੇ ਦੇ ਓਟੇ ਜਾਂ ਕੰਧਾਂ ਉੱਤੇ ਮਿੱਟੀ, ਪਾਂਡੋ ਮਿੱਟੀ, ਨੀਲ, ਚੂਨੇ, ਹਲਦੀ, ਕਾਲਖ਼, ਕੇਸੂ, ਖੜੀਆਂ ਮਿੱਟੀ ਜਾਂ ਪੀਲੀ ਮਿੱਟੀ ਦੇ ਘੋਲ ਤੇ ਬਣੇ ਸਾਂਝੀ ਮਾਈ ਤੇ ਅਹੋਈ ਦੇ ਚਿਤਰ ਹੋਣ।

ਪੰਜਾਬ ਦੀ ਲੋਕ-ਕਲਾ ਕਈ ਪ੍ਰਕਾਰ ਦੀ ਹੈ। ਕੁੱਝ ਨਮੂਨੇ ਸਤ੍ਹਾ ਉੱਤੇ ਉਭਾਰ ਵਾਲੇ ਹਨ। ਇਹ ਚਿਤਰ ਦੇਖਣ ਵਿਚ ਸਾਦੇ ਤੇ ਬੇਡੋਲ ਜਾਪਦੇ ਹਨ।

ਬਾਗ਼ ਤੇ ਫੁਲਕਾਰੀ ਦਾ ਪੰਜਾਬ ਦੀ ਲੋਕ-ਕਲਾ ਵਿਚ ਵਿਸ਼ੇਸ਼ ਸਥਾਨ ਹੈ। ਇਨ੍ਹਾਂ ਦੀ ਕਢਾਈ ਦੇ ਬਹੁਤ ਸਾਰੇ ਨਮੂਨੇ ਮਿਲਦੇ ਹਨ। ਇਨ੍ਹਾਂ ਵਿਚ ਬਾਗ਼, ਫੁਲਕਾਰੀ, ਚੋਪ, ਸੁੱਭਰ, ਛਮਾਸ ਅਤੇ ਨੀਲਕ ਦੀ ਕਢਾਈ ਲੋਕ-ਕਲਾ ਵਿਚ ਪ੍ਰਮੁੱਖ ਹਨ। ਇਨ੍ਹਾਂ ਦੀ ਕਢਾਈ ਰੰਗੇ ਹੋਏ ਖੱਦਰ ਦੇ ਕੱਪੜੇ ਉੱਪਰ ਰੰਗ-ਬਰੰਗੇ ਰੇਸ਼ਮੀ ਧਾਗਿਆ ਨਾਲ ਪੁੱਠੇ ਪਾਸਿਓਂ ਕਈ ਤਰ੍ਹਾਂ ਦੇ ਨਮੂਨੇ ਪਾ ਕੇ ਕੀਤੀ ਜਾਂਦੀ ਹੈ। ਬਾਗ਼ ਦੀ ਕਢਾਈ ਸਮੇਂ ਕੱਪੜੇ ਉੱਤੇ ਕੋਈ ਥਾਂ ਖ਼ਾਲੀ ਨਹੀਂ ਛੱਡੀ ਜਾਂਦੀ। ਚੋਪ ਤੇ ਸੁਭਰ ਵਿਆਹ ਦੀਆਂ ਫੁਲਕਾਰੀਆਂ ਹਨ, ਜਿਨ੍ਹਾਂ ਨੂੰ ਨਾਨਕੇ ਨਾਨਕੀ ਛੱਕ ਵਿਚ ਲੈ ਕੇ ਆਉਂਦੇ ਹਨ।

ਇਸ ਤੋਂ ਇਲਾਵਾ ਪੰਜਾਬ ਵਿਚ ਸਾਂਝੀ ਤੇ ਅਹੋਈ ਦੀਆਂ ਮੂਰਤੀਆਂ, ਵਿਰਸੇ ਮੂਰਤੀਆਂ, ਨਾਲਿਆਂ ਤੇ ਪੱਖੀਆਂ ਦੀ
ਬੁਣਤੀ ਤੇ ਰੁਮਾਲਾਂ ਦੀ ਕਢਾਈ ਵਿਚ ਵੀ ਲੋਕ-ਕਲਾ ਦੇ ਉੱਤਮ ਨਮੂਨੇ ਮਿਲਦੇ ਹਨ।