ਲੇਖ : ਦਾਜ ਦੀ ਸਮੱਸਿਆ

ਦਾਜ ਦੀ ਸਮੱਸਿਆ

ਦਾਜ’ ਤੋਂ ਭਾਵ : ਉਹਨਾਂ ਸਭ ਚੀਜ਼ਾਂ ਵਸਤਾਂ ਨੂੰ,  ਜਿਹੜੀਆਂ ਮਾਪੇ ਆਪਣੀਆਂ ਬੱਚੀਆਂ ਨੂੰ ਵਿਆਹੇ ਜਾਣ ਤੇ ਸਹਾਇਤਾ ਜਾਂ ਦਾਨ ਵਜੋਂ ਦਿੰਦੇ ਹਨ, ਦਾਜ ਕਿਹਾ ਜਾਂਦਾ ਹੈ। ਇਹਨਾਂ ਵਸਤਾਂ ਵਿੱਚ ਨਕਦੀ ਤੋਂ ਛੁੱਟ ਗਹਿਣੇ, ਕੱਪੜੇ, ਬਿਸਤਰੇ, ਫਰਨੀਚਰ, ਟੈਲੀਵਿਜ਼ਨ, ਸਕੂਟਰ-ਕਾਰ ਆਦਿ ਆ ਜਾਂਦੇ ਹਨ।

ਦਾਜ ਪ੍ਰਥਾ ਦਾ ਪ੍ਰਾਚੀਨ ਰੂਪ : ਕੋਈ ਵੇਲਾ ਸੀ ਜਦ ਸਾਡੇ ਦੇਸ਼ ਵਿੱਚ ਲੜਕੀ ਦੇ ਵਿਆਹ ‘ਤੇ ਮਾਪੇ, ਅੰਗ-ਸਾਕ, ਗੁਆਂਢੀ ਤੇ ਦੋਸਤ-ਮਿੱਤਰ ਆਪਣੀ ਵਿੱਤ ਅਨੁਸਾਰ ਕੁਝ ਸੁਗਾਤਾਂ ਵਿਆਹੀ ਜਾ ਰਹੀ ਨਵੀਂ ਜੋੜੀ ਨੂੰ ਦਿਆ ਕਰਦੇ ਸਨ ਤਾਂ ਜੋ ਇਹ ਆਪਣਾ ਘਰ ਅਰਾਮ ਨਾਲ ਸ਼ੁਰੂ ਕਰ ਸਕੇ। ਲੜਕੇ ਦੇ ਮਾਪੇ ਇਨ੍ਹਾਂ ਚੀਜ਼ਾਂ-ਵਸਤਾਂ ਨੂੰ ਖਿੜੇ-ਮੱਥੇ ਪ੍ਰਵਾਨ ਕਰ ਕੇ ਕਹਿ ਦਿੰਦੇ ਸਨ—“ਜਿਨ੍ਹਾਂ ਧੀ ਦੇ ਦਿੱਤੀ, ਸਭ ਕੁਝ ਦੇ ਦਿੱਤਾ।” ਲੜਕੀ ਦਾ ਵਿਆਹ ‘ਕੰਨਿਆ ਦਾਨ ਦਾ ਸਮਾਗਮ ਸਮਝਿਆ ਜਾਂਦਾ ਸੀ। ਉਸ ਵੇਲੇ ਲੜਕੀ ਪਿੱਤਰੀ ਜਾਇਦਾਦ ਦੀ ਹਿੱਸੇਦਾਰ ਵੀ ਨਹੀਂ ਸੀ ਹੁੰਦੀ ਪਰ ਹੁਣ ਉਹ ਕਾਨੂੰਨੀ ਤੌਰ ‘ਤੇ ਪਿੱਤਰੀ ਜਾਇਦਾਦ ਦੀ ਭਾਈਵਾਲ ਬਣ ਚੁੱਕੀ ਹੈ।

ਦਾਜ ਪ੍ਰਥਾ ਦਾ ਭਿਆਨਕ ਰੂਪ : ਸਾਡੇ ਦੇਸ਼ ਵਿੱਚ ਦਾਜ ਦੀ ਸਮੱਸਿਆ ਹੁਣ ਅਤਿ ਭਿਆਨਕ ਰੂਪ ਧਾਰ ਗਈ ਹੈ। ਲੜਕੇ ਵਾਲੇ ਲੜਕੀ ਦਾ ਘਰ-ਘਾਟ, ਖ਼ਾਨਦਾਨ, ਉਸ ਦੀ ਦਿੱਖ, ਵਿੱਦਿਅਕ ਯੋਗਤਾ ਤੇ ਹੋਰ ਗੁਣ ਵੇਖਣ ਨਾਲੋਂ ਦਿੱਤੇ ਜਾ ਰਹੇ ਦਾਜ ਦਾ ਵੇਰਵਾ ਵੇਖਦੇ ਹਨ। ਇਸ ਤਰ੍ਹਾਂ ਹੁਣ ਵਿਆਹ ਲੜਕੀ ਨਾਲ ਨਹੀਂ ਸਗੋਂ ਦਾਜ ਨਾਲ ਹੋਣ ਲੱਗ ਪਿਆ ਹੈ। ਲੜਕਿਆਂ ਦੇ ਮੁੱਲ ਪੈਣੇ ਸ਼ੁਰੂ ਹੋ ਗਏ ਹਨ। ਸਹੀ ਅਰਥਾਂ ਵਿੱਚ ਵਿਆਹ ਇੱਕ ਵਪਾਰ ਬਣ ਗਿਆ ਹੈ।

ਵਿਆਹ ਇੱਕ ਸੌਦੇਬਾਜ਼ੀ : ਹੁਣ ਬਹੁਤੀ ਵਾਰ ਮੁੰਡਿਆਂ ਦੇ ਮਾਪੇ ਸ਼ਰਮ-ਹਯਾ ਛਿੱਕੇ ਟੰਗ ਕੇ ਮੰਗਣੀ ਪੱਕੀ ਕਰਨ ਤੋਂ ਪਹਿਲਾਂ ਮੁੰਡੇ ਨੂੰ ਪਾਲਣ-ਪੋਸਣ-ਪੜ੍ਹਾਉਣ ਦਾ ਖਰਚ ਨਕਦੀ, ਗਹਿਣਿਆਂ, ਕੱਪੜਿਆਂ, ਟੀ.ਵੀ., ਫ਼ਰਿੱਜ, ਸਕੂਟਰ, ਕਾਰ ਤੇ ਏ.ਸੀ. ਦੇ ਰੂਪ ਵਿੱਚ ਮੰਗਣ ਲੱਗ ਪਏ ਹਨ। ਹੁਣ ਵਿਆਹ ਕੰਨਿਆ-ਦਾਨ ਤੇ ਦੋ ਰੂਹਾਂ ਦਾ ਮੇਲ ਨਾ ਹੋ ਕੇ ਸੌਦੇਬਾਜ਼ੀ ਬਣ ਗਿਆ ਹੈ।

ਦਾਜ ਦੀ ਬਲੀ ਦਾ ਸ਼ਿਕਾਰ : ਅਮੀਰ ਤੇ ਕਾਲੇ ਧਨ ਵਾਲੇ ਤਾਂ ਆਪਣੇ ਸਰਮਾਏ ਦੇ ਸਿਰ ‘ਤੇ ਆਪਣੀਆਂ ਧੀਆਂ ਨੂੰ ਚੰਗੇ ਮੁੰਡਿਆਂ ਨਾਲ ਵਿਆਹ ਰਹੇ ਹਨ ਪਰ ਗ਼ਰੀਬ ਤੇ ਮੱਧ ਸ਼੍ਰੇਣੀ ਵਾਲਿਆਂ ਲਈ ਤਾਂ ਧੀ ਦੇ ਹੱਥ ਪੀਲੇ ਕਰਨਾ ਗੰਭੀਰ ਸਮੱਸਿਆ ਬਣ ਗਈ ਹੈ। ਜੇ ਉਹ ਕੁਝ ਪੇਟ ਕੱਟ ਕੇ ਤੇ ਕੁਝ ਕਰਜ਼ਾ ਚੁੱਕ ਕੇ ਜਿਵੇਂ-ਕਿਵੇਂ ਵਿਆਹ ਕਰ ਵੀ ਦਿੰਦੇ ਹਨ ਤਾਂ ਬਾਅਦ ਦੀਆਂ ਮੰਗਾਂ ਪੂਰੀਆਂ ਨਾ ਕਰ ਸਕਣ ਕਰਕੇ ਮਾਨੋਂ ਲੜਕੀ ਦੇ ਜੀਵਨ ਨੂੰ ਨਰਕ ਦੀ ਭੱਠੀ ਵਿੱਚ ਝੋਂਕ ਦਿੰਦੇ ਹਨ। ਜੇ ਲੜਕੀ ਜੁਰਅਤ ਕਰ ਕੇ ਆਪਣਾ ਪੱਖ ਪੂਰਦੀ ਹੋਈ ਆਪਣਾ ਮੂੰਹ ਖੋਲ੍ਹਣ ਦੀ ਕੋਸ਼ਿਸ਼ ਕਰਦੀ ਹੈ ਤਾਂ ਉਸ ਦੇ ਆਚਰਨ ’ਤੇ ਊਜਾਂ ਲਾ ਕੇ ਉਸ ਨੂੰ ਭਾਈਚਾਰੇ ਵਿੱਚ ਵੰਡਿਆ ਜਾਂਦਾ ਹੈ। ਅਤਿ ਹੋਣ ‘ਤੇ ਲੜਕੀ ਨੂੰ ਸਟੋਵ ਫਟਣ ਦੇ ਬਹਾਨੇ ਸਾੜਿਆ ਜਾਂਦਾ ਹੈ ਜਾਂ ਉਹ ਆਪ ਆਤਮਘਾਤ ਕਰ ਲੈਂਦੀ ਹੈ। ਅਜਿਹੀਆਂ ਖ਼ਬਰਾਂ ਅਸੀਂ ਆਏ ਦਿਨ ਅਖ਼ਬਾਰਾਂ ਵਿੱਚ ਪੜ੍ਹਦੇ ਰਹਿੰਦੇ ਹਾਂ। ਇਹ ਕਾਰਨ ਵੀ ਹੈ ਕਿ ਗਰਭਵਤੀ ਇਸਤਰੀਆਂ ਸਕੈਨਿੰਗ ਕਰਵਾ ਕੇ ਲੜਕੀ ਹੋਣ ਦੀ ਜਾਣਕਾਰੀ ‘ਤੇ ਲੜਕੀ ਦੇ ਭਵਿੱਖ ਤੋਂ ਡਰਦਿਆਂ ਹੀ ਗਰਭਪਾਤ ਕਰਵਾ ਲੈਂਦੀਆਂ ਹਨ ।

ਦਾਜ ਦੀ ਕੁਰੀਤੀ ਦੇ ਕਾਰਨ : ਦਾਜ ਦੇਣ-ਲੈਣ ਦੀ ਕੁਰੀਤੀ ਦੇ ਕਈ ਕਾਰਨ ਹਨ। ਇੱਕ ਤਾਂ ਦਾਜ ਦੇਣ-ਲੈਣ ਦੀ ਪ੍ਰਥਾ ਨੂੰ ‘ਨੱਕ ਰੱਖਣ’ ਨਾਲ ਜੋੜਿਆ ਗਿਆ ਹੈ। ਦੂਜਾ ਅਮੀਰ ਲੋਕ ਆਪਣੇ ਅਣਕਮਾਏ ਜਾਂ ਠੱਗੀ-ਠੋਰੀ ਨਾਲ ਜਮ੍ਹਾ ਕੀਤੇ ਪੈਸੇ ਨਾਲ ਵਿਆਹ ਵਿੱਚ ਆਪਣੀ ਸ਼ਾਨ ਵਿਖਾਉਣ ਲੱਗ ਪਏ ਹਨ ਪਰ ਗ਼ਰੀਬ ਤੇ ਮੱਧ-ਵਰਗੀਆਂ ਲਈ ਇਹ ਕੁਝ ਕਰਨਾ ਮਜਬੂਰੀ ਬਣ ਗਿਆ ਹੈ। ਤੀਜਾ, ਲੜਕੇ ਵਾਲਿਆਂ ਨੇ ਖੁੱਲ੍ਹਮ-ਖੁੱਲ੍ਹਾ ਦਾਜ ਮੂੰਹੋਂ ਮੰਗਣਾ ਸ਼ੁਰੂ ਕਰ ਦਿੱਤਾ ਹੈ। ਉਹ ਵਧੇਰੇ ਦਾਜ ਨੂੰ ਆਪਣੀ ਸ਼ਾਨ ਵਿੱਚ ਵਾਧਾ ਸਮਝਣ ਲੱਗ ਪਏ ਹਨ।

ਦਾਜ ਸਬੰਧੀ ਕਾਨੂੰਨ : ਦਾਜ ਨਾ ਦੇਣ ਤੇ ਨਾ ਲੈਣ ਸਬੰਧੀ ਕਾਨੂੰਨ ਤਾਂ ਬਣ ਗਿਆ ਹੈ ਪਰ ਅੰਦਰਖ਼ਾਤੇ ਇਸ ਦੀਆਂ ਧੱਜੀਆਂ ਵੀ ਉੱਡਣ ਲੱਗ ਪਈਆਂ ਹਨ। ਮੰਗ ਪੱਕੀ ਕਰਨ ਤੋਂ ਪਹਿਲਾਂ ਸੌਦੇਬਾਜ਼ੀ ਹੋਣ ਲੱਗ ਪਈ ਹੈ। ਅਸਲ ਵਿੱਚ ਜੇ ਡੂੰਘਾਈ ਵਿੱਚ ਜਾ ਕੇ ਵੇਖਿਆ ਜਾਏ ਤਾਂ ਪਤਾ ਲੱਗਦਾ ਹੈ ਕਿ ਕਾਨੂੰਨ ਨੇ ਤਾਂ ਇਸ ਕੋਹੜ ਨੂੰ ਸਗੋਂ ਵਧਾ ਦਿੱਤਾ ਹੈ। ਸਾਡੇ ਸਮਾਜ ਵਿੱਚ ਇਸਤਰੀ ਦੀ ਅਜੇ ਤੱਕ ਕੋਈ ਯੋਗ ਕਦਰ ਨਹੀਂ ; ਬਹੁਤੇ ਲੋਕ ਤਾਂ ਇਸ ਰਾਹੀਂ ਦਾਜ ਦੇ ਰੂਪ ਵਿੱਚ ਧਨ ਪ੍ਰਾਪਤ ਕਰਨਾ ਚਾਹੁੰਦੇ ਹਨ।

ਦਾਜ ਸਮੱਸਿਆ ਕਿਵੇਂ ਦੂਰ ਹੋਵੇਂ : ਦਾਜ ਦੀ ਸਮੱਸਿਆ ਨਾਲ ਨਜਿੱਠਣ ਲਈ ਕੁਝ ਸੁਝਾਅ ਇਹ ਹਨ :

ਸਮਾਜ ਵਿੱਚ ਜਾਗਰੂਕਤਾ ਲਿਆ ਕੇ ਇਸ ਲਾਹਨਤ ‘ਤੇ ਠੱਲ੍ਹ ਪਾਈ ਜਾ ਸਕਦੀ ਹੈ। ਨੌਜਵਾਨ ਮੁੰਡੇ-ਕੁੜੀਆਂ ਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਉਹ ਨਾ ਆਪਣੇ ਵਿਆਹ ‘ਤੇ ਦਾਜ ਲੈਣਗੇ ਅਤੇ ਨਾ ਹੀ ਆਪਣੀ ਭੈਣ ਦੇ ਵਿਆਹ ‘ਤੇ ਦਾਜ ਦੇਣਗੇ।

ਇਸ ਵਿਸ਼ੇ ‘ਤੇ ਟੀ.ਵੀ., ਰੇਡੀਓ ਤੇ ਅਖ਼ਬਾਰਾਂ ਰਾਹੀਂ ਪ੍ਰਚਾਰ ਤੋਂ ਛੁੱਟ ਨਾਟਕ, ਲੇਖ, ਕਹਾਣੀਆਂ, ਨਾਵਲ ਤੇ ਕਵਿਤਾਵਾਂ ਵੀ ਲਿਖੀਆਂ ਜਾਣ। ਫ਼ਿਲਮਾਂ ਬਣਾਉਣ ਵਾਲਿਆਂ ਨੂੰ ਵੀ ਇਸ ਵਿਸ਼ੇ ‘ਤੇ ਫ਼ਿਲਮਾਂ ਬਣਾਉਣੀਆਂ ਚਾਹੀਦੀਆਂ ਹਨ।

ਇਸਤਰੀ ਨੂੰ ਮਰਦ ਦੇ ਬਰਾਬਰ ਸਨਮਾਨ-ਪੂਰਨ ਦਰਜਾ ਦੇਣਾ ਚਾਹੀਦਾ ਹੈ। ਜਿੰਨੀ ਦੇਰ ਤੱਕ ਇਹ ਸਮਾਨਤਾ ਨਹੀਂ ਦਿੱਤੀ ਜਾਂਦੀ, ਇਹ ਸਮੱਸਿਆ ਬਣੀ ਰਹੇਗੀ। ਨਿਰਸੰਦੇਹ ਭਾਰਤ ਦੇ ਸੰਵਿਧਾਨ ਵਿੱਚ ਔਰਤ ਨੂੰ ਮਰਦ ਦੇ ਬਰਾਬਰ ਦਾ ਦਰਜਾ ਦਿੱਤਾ ਗਿਆ ਹੈ ; ਕਾਨੂੰਨ ਵੀ ਬਣਾਏ ਗਏ ਹਨ ਪਰ ਸਮੱਸਿਆ ਦੀ ਭਿਆਨਕਤਾ ਵਿੱਚ ਕੋਈ ਫ਼ਰਕ ਨਹੀਂ ਪਿਆ।

ਇਸੇ ਤਰ੍ਹਾਂ ਲੜਕੀਆਂ ਦੀ ਵਿੱਦਿਆ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਉਹ ਆਪਣੇ ਪੈਰਾਂ ‘ਤੇ ਆਪ ਖੜ੍ਹੀਆਂ ਹੋ ਸਕਣ।

ਸਾਰੰਸ਼ : ਦਾਜ ਦੀ ਇਸ ਗੰਭੀਰ ਸਮੱਸਿਆ ਪ੍ਰਤੀ ਲੋਕਾਂ ਨੂੰ ਚੇਤੰਨ ਕਰਨਾ ਚਾਹੀਦਾ ਹੈ। ਸਰਕਾਰ ਨੂੰ ਇਸ ਸਬੰਧੀ ਸਖ਼ਤ ਕਾਨੂੰਨ ਬਣਾ ਕੇ ਲਾਗੂ ਕਰਨੇ ਚਾਹੀਦੇ ਹਨ। ਸੂਝਵਾਨ ਲੋਕਾਂ ਤੇ ਸਬੰਧਤ ਧਿਰਾਂ ਨੂੰ ਇਸ ਸਮੱਸਿਆ ਪ੍ਰਤੀ ਸੁਹਿਰਦਤਾ ਸਹਿਤ ਅੱਗੇ ਆਉਣਾ ਚਾਹੀਦਾ ਹੈ।