CBSEclass 11 PunjabiClass 9th NCERT PunjabiEducationNCERT class 10thParagraphPunjab School Education Board(PSEB)

ਲੇਖ : ਤਾਜ ਮਹੱਲ ਜਾਂ ਕਿਸੇ ਇਤਿਹਾਸਕ ਸਥਾਨ ਦੀ ਯਾਤਰਾ

ਤਾਜ ਮਹੱਲ ਜਾਂ ਕਿਸੇ ਇਤਿਹਾਸਕ ਸਥਾਨ ਦੀ ਯਾਤਰਾ

ਭੂਮਿਕਾ : ਇਤਿਹਾਸਕ ਸਥਾਨ ਸਾਡੀ ਸੰਸਕ੍ਰਿਤੀ ਦਾ ਵਡਮੁੱਲਾ ਸਰਮਾਇਆ ਹੁੰਦੇ ਹਨ। ਇਨ੍ਹਾਂ ਸਥਾਨਾਂ ਦੀ ਯਾਤਰਾ ਕਰਨੀ ਆਪਣੇ ਸੱਭਿਆਚਾਰ ਵੱਲ ਮੁੜ ਝਾਤੀ ਮਾਰਨੀ ਹੁੰਦੀ ਹੈ। ਖ਼ਾਸ ਕਰਕੇ ਵਿਦਿਆਰਥੀ ਜੀਵਨ ਵਿੱਚ ਇਤਿਹਾਸਕ ਸਥਾਨ ਦੀ ਯਾਤਰਾ ਕਰਨੀ ਹੋਰ ਵੀ ਵਧੇਰੇ ਲਾਭਦਾਇਕ ਹੁੰਦੀ ਹੈ। ਅਜਿਹੀ ਯਾਤਰਾ ਸਾਡੀ ਗਿਆਨ – ਭੁੱਖ ਨੂੰ ਤ੍ਰਿਪਤ ਕਰਦੀ ਹੈ। ਕਿਤਾਬਾਂ ਦੀ ਪੜ੍ਹਾਈ ਤੋਂ ਥੱਕਿਆ ਹੋਇਆ ਦਿਮਾਗ਼ ਵੀ ਅਜਿਹੇ ਸੁੰਦਰ ਦ੍ਰਿਸ਼ ਵੇਖ ਕੇ ਤਾਜ਼ਾ ਹੋ ਜਾਂਦਾ ਹੈ।

ਤਾਜ ਮਹੱਲ ਵੇਖਣ ਦਾ ਪ੍ਰੋਗਰਾਮ : ਪਿਛਲੇ ਸਾਲ ਜਦੋਂ ਗਰਮੀਆਂ ਦੀਆਂ ਛੁੱਟੀਆਂ ਲਈ ਸਾਡਾ ਸਕੂਲ ਬੰਦ ਹੋਇਆ ਤਾਂ ਮੈਂ ਆਪਣੇ ਮਾਮਾ ਜੀ ਨਾਲ ਤਾਜ ਮਹੱਲ ਵੇਖਣ ਦਾ ਪ੍ਰੋਗਰਾਮ ਬਣਾਇਆ। ਕਈ ਦਿਨ ਪਹਿਲਾਂ ਮੈਂ ਬੜੀ ਖ਼ੁਸ਼ੀ-ਖ਼ੁਸ਼ੀ ਘਰ ਦਾ ਸਾਰਾ ਕੰਮ-ਕਾਜ ਦੌੜ-ਦੌੜ ਕੇ ਕਰਦਾ ਰਿਹਾ। ਸਫਰ ਲਈ ਲੋੜੀਂਦੀਆਂ ਵਸਤੂਆਂ ਵੀ ਤਿਆਰ ਕਰ ਲਈਆਂ।

ਅਸੀਂ ਦੋਹਾਂ ਨੇ ਲੁਧਿਆਣਾ ਤੋਂ ਆਗਰੇ ਲਈ ਗੱਡੀ ਪਕੜੀ ਅਤੇ ਦਿੱਲੀ ਪੁੱਜ ਗਏ। ਦਿੱਲੀ ਰਾਤ ਗੁਰੁਦਆਰਾ ਸੀਸ ਗੰਜ ਵਿੱਚ ਰਹੇ ਅਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ। ਉੱਥੋਂ ਸਵੇਰੇ ਸਟੇਸ਼ਨ ‘ਤੇ ਪੁੱਜ ਕੇ ਆਗਰਾ ਜਾਣ ਵਾਲੀ ਗੱਡੀ ਪਕੜੀ ਅਤੇ ਦੋਵੇਂ ਦੁਪਹਿਰ ਤੱਕ ਆਗਰੇ ਪੁੱਜ ਗਏ। ਸਭ ਤੋਂ ਪਹਿਲਾਂ ਅਸੀਂ ਇੱਕ ਹੋਟਲ ਵਿੱਚ ਰਹਿਣ ਦਾ ਪ੍ਰਬੰਧ ਕੀਤਾ ਅਤੇ ਫਿਰ ਖਾਣਾ ਖਾਧਾ।

ਸ਼ਾਮ ਵੇਲੇ ਅਸੀਂ ਤਾਜ ਮਹੱਲ ਵੇਖਣ ਲਈ ਗਏ। ਮਾਮਾ ਜੀ  ਦਾ ਵਿਚਾਰ ਸੀ ਰਾਤ ਵੇਲੇ ਚੰਨ-ਚਾਨਣੀ ਵਿੱਚ ਤਾਜ ਮਹੱਲ ਬਹੁਤ ਸੁੰਦਰ ਵਿਖਾਈ ਦਿੰਦਾ ਹੈ। ਹੋਟਲ ਤੋਂ ਰਸਤਾ ਜ਼ਿਆਦਾ ਨਹੀਂ ਸੀ। ਅਸੀਂ ਬਜ਼ਾਰਾਂ ਵਿੱਚ ਘੁੰਮ-ਫਿਰ ਕੇ ਅਰਾਮ ਨਾਲ ਤਾਜ ਮਹੱਲ ਪਹੁੰਚ ਗਏ। ਉਸ ਵੇਲੇ ਚੰਦਰਮਾ ਵੀ ਚੜ੍ਹ ਰਿਹਾ ਸੀ।

ਤਾਜ ਮਹੱਲ ਦੀ ਖ਼ੂਬਸੂਰਤੀ : ਸਭ ਤੋਂ ਪਹਿਲਾਂ ਅਸੀਂ ਇੱਕ ਵੱਡੇ ਸਾਰੇ ਦਰਵਾਜ਼ੇ ਰਾਹੀਂ ਅੰਦਰ ਦਾਖਲ ਹੋਏ। ਇਸ ਸਮੇਂ ਸਾਨੂੰ ਸਾਹਮਣੇ ਤਾਜ ਮਹੱਲ ਦੀ ਸੁੰਦਰ ਇਮਾਰਤ ਨਜ਼ਰ ਆ ਰਹੀ ਸੀ। ਇਮਾਰਤ ਨੂੰ ਵੇਖਦਿਆਂ ਹੀ ਮੈਨੂੰ ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਮਹੱਲ ਦੀਆਂ ਇਹ ਸਤਰਾਂ ਯਾਦ ਆਈਆਂ :

ਦੁੱਧ ਚਿੱਟੀ ਰੰਗਦਾਰ ਮੁਰਮਰਾਂ ਦੇ
ਗੱਲ ਘੱਤ ਕੇ ਬਾਹੀਂ।
ਸੁਹਲ ਪਤਲੀਆਂ ਚੰਨ ਦੀਆਂ ਰਿਸ਼ਮਾਂ
ਸੁਤੀਆਂ ਬੇਪਰਵਾਹੀਂ।

ਸਾਰਾ ਮਾਹੌਲ ਹੀ ਸੁੰਦਰਤਾ ਭਰਿਆ ਸੀ। ਕੋਈ ਵੀ ਅਜਿਹੇ ਦ੍ਰਿਸ਼ ਦੇਖ ਕੇ ਪ੍ਰਭਾਵਿਤ ਹੋਣੋਂ ਨਹੀਂ ਰਹਿ ਸਕਦਾ। ਇਸ ਇਮਾਰਤ ਦਾ ਆਲਾ-ਦੁਆਲਾ ਸਵਰਗ ਦੀ ਕਲਪਨਾ ਕਰਵਾਉਂਦਾ ਹੈ। ਇਸ ਇਮਾਰਤ ਦੇ ਆਲੇ-ਦੁਆਲੇ ਇੱਕ ਬਾਗ਼ ਹੈ। ਬਾਗ਼ ਵਿੱਚ ਤਰ੍ਹਾਂ-ਤਰ੍ਹਾਂ ਦੇ ਖ਼ੂਬਸੂਰਤ, ਫੁੱਲਦਾਰ ਤੇ ਫਲਦਾਰ ਪੌਦੇ ਲੱਗੇ ਹੋਏ ਸਨ। ਇਸ ਬਾਗ਼ ਦੇ ਧਰਾਤਲ ਤੋਂ ਉੱਚੀ ਥਾਂ ‘ਤੇ ਸੰਗਮਰਮਰ ਦਾ ਇੱਕ ਚਬੂਤਰਾ ਹੈ। ਇਸ ਚਬੂਤਰੇ ‘ਤੇ ਤਾਜ ਮਹੱਲ ਖੜ੍ਹਾ ਹੈ। ਚਬੂਤਰੇ ਦੇ ਦੋਹਾਂ ਕੋਨਿਆਂ ਉੱਪਰ ਚਾਰ ਸੁੰਦਰ ਮੀਨਾਰ ਬਣੇ ਹੋਏ ਹਨ। ਇਨ੍ਹਾਂ ਉੱਪਰ ਜਾਣ ਲਈ ਪੌੜੀਆਂ ਤੇ ਛੱਜੇ ਬਣੇ ਹੋਏ ਹਨ। ਹੌਜ਼ ਦੇ ਅੰਦਰ ਜਾ ਕੇ ਜਦੋਂ ਮੈਂ ਤੇ ਚਾਚਾ ਜੀ ਨੇ ਮੀਨਾਕਾਰੀ ਦਾ ਕੰਮ ਵੇਖਿਆ ਤਾਂ ਅਸੀਂ ਦੰਗ ਹੀ ਰਹਿ ਗਏ।

ਸਾਡੇ ਨਾਲ ਇੱਕ ਗਾਈਡ ਵੀ ਸੀ ਜਿਹੜਾ ਸਾਨੂੰ ਇਸ ਅਦਭੁਤ ਇਮਾਰਤ ਦੇ ਇਤਿਹਾਸ ਬਾਰੇ ਜਾਣਕਾਰੀ ਦੇ ਰਿਹਾ ਸੀ। ਉਸ ਨੇ ਦੱਸਿਆ ਕਿ ਇਹ ਮਕਬਰਾ ਮੁਗਲ ਬਾਦਸ਼ਾਹ ਸ਼ਾਹਜਹਾਨ ਨੇ ਆਪਣੀ ਪਿਆਰੀ ਬੇਗਮ ਮੁਮਤਾਜ਼ ਮਹੱਲ ਦੀ ਯਾਦ ਵਿੱਚ ਬਣਵਾਇਆ ਸੀ। ਇਸੇ ਲਈ ਇਸ ਦਾ ਨਾਂ ਤਾਜ ਮਹੱਲ ਹੈ। ਇਹ ਇਮਾਰਤ ਕੀਮਤੀ ਚਿੱਟੇ ਸੰਗਮਰਮਰ ਦੀ ਬਣੀ ਹੋਈ ਹੈ। ਇਸ ਦੀ ਉਸਾਰੀ ਲਈ 20 ਹਜ਼ਾਰ ਮਜ਼ਦੂਰ ਲਗਾਏ ਗਏ ਸਨ ਅਤੇ 20 ਸਾਲਾਂ ਵਿੱਚ ਇਹ ਇਮਾਰਤ ਪੂਰੀ ਕੀਤੀ ਗਈ ਸੀ। ਇਸ ਇਮਾਰਤ ਉੱਤੇ ਉਸ ਸਮੇਂ ਕਈ ਕਰੋੜ ਰੁਪਿਆ ਖ਼ਰਚ ਆਇਆ ਸੀ।

ਸ਼ਾਹਜਾਨ ਤੇ ਮੁਮਤਾਜ਼ ਦੇ ਮਕਬਰੇ : ਸਾਡਾ ਗਾਈਡ ਹੁਣ ਸਾਨੂੰ ਸ਼ਾਹਜਹਾਨ ਅਤੇ ਮੁਮਤਾਜ਼ ਦੀਆਂ ਕਬਰਾਂ ਵਿਖਾਉਣ ਲਈ ਲੈ ਗਿਆ। ਇਹ ਇੱਕ ਅੱਠ-ਕੋਨਾ ਵੱਡਾ ਕਮਰਾ ਹੈ। ਇਸ ਦੀਆਂ ਕੰਧਾਂ ਉੱਪਰ ਕੀਤੀ ਮੀਨਾਕਾਰੀ ਬੜੀ ਸੁੰਦਰ ਲੱਗਦੀ ਹੈ। ਗੁੰਬਦ ਦੇ ਵੇਲ-ਬੂਟੇ ਹੋਰ ਵੀ ਅਦਭੁਤ ਨਜ਼ਰ ਆਉਂਦੇ ਹਨ।

ਬਹੁਤ ਸਾਰੇ ਰੰਗ-ਬਰੰਗੇ ਪੱਥਰਾਂ ਦੀ ਸੁੰਦਰ ਜੜਤ ਮਨ ਨੂੰ ਮੋਹ ਲੈਂਦੀ ਹੈ। ਤਾਜ ਮਹੱਲ ਦੀਆਂ ਕੰਧਾਂ ਉੱਤੇ ਕੁਰਾਨ ਸ਼ਰੀਫ ਦੀਆਂ ਆਇਤਾਂ ਉਕਰੀਆਂ ਹੋਈਆਂ ਹਨ। ਇਸ ਇਮਾਰਤ ਨੂੰ ਬਣਿਆ ਭਾਵੇਂ ਸਾਢੇ ਤਿੰਨ ਸੌ ਸਾਲ ਤੋਂ ਵੱਧ ਹੋ ਗਏ ਹਨ ਪਰ ਇਸ ਦੀ ਸੁੰਦਰਤਾ ਵਿੱਚ ਅੱਜ ਵੀ ਕੋਈ ਅੰਤਰ ਨਹੀਂ ਆਇਆ। ਇਹ ਦੁਨੀਆਂ ਦੇ ਸੱਤ ਅਜੂਬਿਆਂ ਅਰਥਾਤ ਅਦਭੁਤ ਥਾਵਾਂ ਵਿੱਚੋਂ ਇੱਕ ਪ੍ਰਸਿੱਧ ਥਾਂ ਹੈ।

ਤਾਜ ਮਹੱਲ ਦੀ ਖ਼ੂਬਸੂਰਤੀ ਪਿੱਛੇ ਮਜ਼ਦੂਰਾਂ ਦਾ ਸ਼ੋਸ਼ਣ : ਤਾਜ ਮਹੱਲ ਦੀ ਸੁੰਦਰਤਾ ਬਾਰੇ ਅੱਜ-ਕੱਲ੍ਹ ਦੇ ਵਿਦਵਾਨਾਂ ਤੇ ਕਲਾਕਾਰਾਂ ਦੇ ਆਪਣੇ-ਆਪਣੇ ਵਿਚਾਰ ਹਨ। ਕੋਈ ਇਸ ਦੀ ਸੁੰਦਰਤਾ ਨੂੰ ਸਲਾਹੁੰਦਾ ਹੈ ਅਤੇ ਕੋਈ ਇਸ ਦੀ ਸੁੰਦਰਤਾ ਦੇ ਪਿਛੋਕੜ ਵਿੱਚ ਹਜ਼ਾਰਾਂ ਗ਼ਰੀਬ, ਮਜ਼ਦੂਰਾਂ ਦੇ ਸ਼ੋਸ਼ਣ ਨੂੰ ਮੋਹਨ ਸਿੰਘ ਨੇ ਆਪਣੀ ਕਵਿਤਾ ਤਾਜ ਮਹੱਲ ਦੇ ਅੰਤ ਉੱਤੇ ਇਓਂ ਬਿਆਨ ਕੀਤਾ ਹੈ :

ਕੀ ਉਹ ਹੁਸਨ ਹੁਸਨ ਸੀ ਸਚਮੁੱਚ
ਜਾਂ ਉਂਜ ਹੀ ਛਲਦਾ।
ਲੱਖਾਂ ਗ਼ਰੀਬਾਂ ਮਜ਼ਦੂਰਾਂ ਦੇ
ਹੰਝੂਆਂ ਤੇ ਜੋ ਪਲਦਾ।

ਕੁਝ ਵੀ ਹੋਵੇ, ਤਾਜ ਮਹੱਲ ਇੱਕ ਅਦਭੁਤ ਕਿਸਮ ਦੀ ਇਮਾਰਤ ਹੈ। ਇਹ ਇੱਕ ਸੁੰਦਰ ਇਤਿਹਾਸ ਦੀ ਯਾਦ ਕਰਵਾਉਂਦੀ ਹੈ ਅਤੇ ਮੁਗ਼ਲਾਂ ਦੇ ਕਲਾ-ਸ਼ੌਕ ਬਾਰੇ ਗਿਆਨ ਕਰਵਾਉਂਦੀ ਹੈ। ਅਗਲੇ ਦਿਨ ਅਸੀਂ ਫ਼ਤਹਿਪੁਰ ਸੀਕਰੀ ਤੇ ਆਗਰੇ ਦੀਆਂ ਕੁਝ ਹੋਰ ਥਾਵਾਂ ਵੇਖੀਆਂ। ਆਗਰੇ ਤੋਂ ਵਾਪਸੀ ਦੇ ਬਾਅਦ ਕਈ ਦਿਨ ਇਸ ਯਾਤਰਾ ਦਾ ਪ੍ਰਭਾਵ ਮਨ ਨੂੰ ਖ਼ੁਸ਼ੀ ਦਿੰਦਾ ਰਿਹਾ।

ਸਾਰੰਸ਼ : ਇਤਿਹਾਸਕ ਸਥਾਨਾਂ ਦੀ ਯਾਤਰਾ ਦਾ ਬਹੁਤ ਮਹੱਤਵ ਹੁੰਦਾ ਹੈ। ਇਸ ਨਾਲ ਜਿੱਥੇ ਇਤਿਹਾਸਕ ਘਟਨਾਵਾਂ ਬਾਰੇ ਪਤਾ ਲਗਦਾ ਹੈ ਉੱਥੇ ਉਸ ਸਮੇਂ ਦੀ ਕਲਾ ਬਾਰੇ ਵੀ ਜਾਣਕਾਰੀ ਮਿਲਦੀ ਹੈ।