ਲੇਖ : ਡਾ. ਹਰਗੋਬਿੰਦ ਖੁਰਾਣਾ


ਨੋਬਲ ਇਨਾਮ ਜੇਤੂ – ਡਾ. ਹਰਗੋਬਿੰਦ ਖੁਰਾਣਾ


ਸਾਂਝੇ ਭਾਰਤ ਵਿਚ ਪੈਦਾ ਹੋਇਆ ਡਾ. ਹਰਗੋਬਿੰਦ ਖੁਰਾਣਾ ਜਿਸਨੇ 1968 ਵਿਚ ਡੀ. ਐਨ. ਏ. ਵਿਚ ਖੋਜ ਕਰਕੇ ਦੁਨੀਆ ਦਾ ਪ੍ਰਤਿਸ਼ਠਤ ਨੋਬਲ ਇਨਾਮ ਦੇ ਹੋਰ ਪੁਰਸ਼ਾਂ ਨਾਲ ਰਲਕੇ ਪ੍ਰਾਪਤ ਕੀਤਾ ਸੀ। ਉਸਨੇ ਵਿਦੇਸ਼ੀ ਧਰਤੀ ਅਮਰੀਕਾ ਵਿਚ ਆਪਣਾ ਅੰਤਮ ਸਾਹ ਲਿਆ। ਵਿਗਿਆਨੀ ਖੁਰਾਣਾ ਦੀ ਸਾਰੀ ਜ਼ਿੰਦਗੀ ਸੰਘਰਸ਼ ਦੀ ਇਕ ਮਾਰਮਿਕ ਕਹਾਣੀ ਹੈ, ਜਿਸਨੇ ਵਿਦੇਸ਼ਾਂ ਵਿਚ ਰਹਿ ਕੇ ਬਹੁਤ ਮਿਹਨਤ ਤੋਂ ਬਾਅਦ ਇਹ ਇਨਾਮ ਲਿਆ। ਆਪਣੇ ਭਾਰਤ ਵਿਚ ਤਾਂ ਉਹ ਘਰ ਦਾ ਜੋਗੀ ਜੋਗੜਾ ਹੀ ਬਣਿਆ ਰਿਹਾ। ਉਸਦੀ ਜੀਵਨੀ ਦੇ ਕੁਝ ਦਿਲਚਸਪ ਪੰਨੇ ਫਰੋਲਦੇ ਹੋਏ ਸਾਡੇ ਸਾਹਮਣੇ ਕੁਝ ਸੁਆਲ ਵੀ ਫਣ ਖਿਲਾਰ ਕੇ ਖਲੋ ਜਾਂਦੇ ਹਨ ਕਿ ਕੀ ਸਾਡੇ ਪ੍ਰਤਿਭਾਸ਼ੀਲ ਵਿਅਕਤੀਆਂ ਨੂੰ ਆਪਣੀ ਰੋਜ਼ੀ-ਰੋਟੀ ਤੇ ਆਪਣੀ ਲਿਆਕਤ ਦਿਖਾਉਣ ਦਾ ਮੌਕਾ ਕਿਉਂ ਨਹੀਂ ਮਿਲਦਾ? ਇਹ ਬੁੱਧੀ ਦਾ ਖੋਰਾ ਕਾਫੀ ਸਮੇਂ ਤੋਂ ਸਾਡੇ ਦੇਸ਼ ਨੂੰ ਵਿਗਿਆਨ, ਤਕਨੀਕੀ ਤੇ ਅਕਾਦਮਿਕ ਖੇਤਰਾਂ ਵਿਚ ਲੱਗ ਰਿਹਾ ਹੈ। ਉਸ ਖੋਰੇ ਨੂੰ ਕਿਸ ਤਰ੍ਹਾ ਬਚਾਇਆ ਜਾ ਸਕਦਾ ਹੈ?

ਉਸਦੇ ਜੀਵਨ ਦੇ ਇਹ ਤੱਥ ਵੀ ਘੱਟ ਦਿਲਚਸਪ ਨਹੀਂ ਕਿ ਉਸਦਾ ਜਨਮ ਇਕ ਬਹੁਤ ਹੀ ਸਧਾਰਨ ਮੱਧਮ ਪਰਿਵਾਰ ਵਿਚ ਗਨਪਤ ਰਾਏ ਪਟਵਾਰੀ ਦੇ ਘਰ 9 ਜਨਵਰੀ, 1922 ਵਿਚ ਪਿੰਡ ਰਾਏਪੁਰ ਜ਼ਿਲ੍ਹਾ ਮੁਲਤਾਨ ਵਿਚ ਹੋਇਆ। ਪਰ ਫਿਰ ਵੀ ਉਸਨੇ ਵਿਗਿਆਨ ਦੀਆਂ ਸਿਖ਼ਰਾਂ ਨੂੰ ਛੋਹਿਆ। ਉਹ ਆਪਣੇ ਚਾਰ ਭਰਾਵਾਂ ਵਿਚੋਂ ਸਭ ਤੋਂ ਛੋਟਾ ਸੀ। ਸਧਾਰਨ ਸਕੂਲ ਖਾਨੇਵਾਲ ਵਿਚ ਮਿਡਲ, ਮੈਟ੍ਰਿਕ, 1938, ਡੀ. ਏ. ਵੀ. ਲਾਹੌਰ ਵਿਚ 1646 ਅੰਕ 1850 ਵਿੱਚੋਂ ਪ੍ਰਾਪਤ ਕਰਕੇ ਤੇ 1944 ਵਿਚ ਗੌਰਮਿੰਟ ਕਾਲਜ ਲਾਹੌਰ ਤੋਂ ਐਮ. ਐਸ. ਸੀ. ਕੀਤੀ। ਐਮ. ਐਸ. ਸੀ. ਆਨਰਜ਼ ਦੀਆਂ ਕਲਾਸਾਂ ਵਿਚ ਪੜ੍ਹਦਿਆਂ ਉਸਦਾ ਸੰਬੰਧ ਪ੍ਰਸਿੱਧ ਵਿਗਿਆਨੀ ਤੇ ਰੂਹਾਨੀ ਪੁਸਤਕ ‘ਕਲਮ ਦੀ ਕਰਾਮਾਤ’ ਦੇ ਲੇਖਕ ਪ੍ਰਿੰਸੀਪਲ ਨਰਿੰਜਨ ਸਿੰਘ ਨਾਲ ਇਕ ਸ਼ਿਸ਼ ਦੇ ਤੌਰ ‘ਤੇ ਹੋਇਆ। ਪ੍ਰਸਿੱਧ ਲੇਖਕ ਭਾਈ ਵੀਰ ਸਿੰਘ ਦੇ ਛੋਟੇ ਭਾਈ ਪ੍ਰਿੰਸੀਪਲ ਨਰਿੰਜਨ ਸਿੰਘ ਉਸ ਸਮੇਂ ਸਿੱਖ ਨੈਸ਼ਨਲ ਕਾਲਜ ਲਾਹੌਰ ਵਿਖੇ ਪ੍ਰਿੰਸੀਪਲ ਤੇ ਭਾਰਤ ਦੇ ਪ੍ਰਸਿੱਧ ਵਿਗਿਆਨੀ ਸਨ। ਉਹ ਹਫਤੇ ਵਿਚ 2 ਪੀਰੀਅਡ ਆਨਰਜ਼ ਕਲਾਸਾਂ ਨੂੰ ਯੂਨੀਵਰਸਿਟੀ ਜਾ ਕੇ ਪੜ੍ਹਾਉਂਦੇ ਸਨ। ਇਸ ਤਰ੍ਹਾਂ ਵਿਗਿਆਨ ਤੇ ਅਧਿਆਤਮ ਦਾ ਮਿਸ਼ਰਤ ਗੁਣ ਖੁਰਾਣੇ ਨੂੰ ਆਪਣੇ ਅਧਿਆਪਕ, ਪ੍ਰਿੰਸੀਪਲ ਨਰਿੰਜਨ ਸਿੰਘ ਤੋਂ ਮਿਲਿਆ।

ਐਮ. ਐਸ. ਸੀ. ਕਰਨ ਤੋਂ ਬਾਅਦ ਹਰਗੋਬਿੰਦ ਖੁਰਾਣਾ ਨੂੰ ਆਪਣੀ ਰੋਜ਼ੀ-ਰੋਟੀ ਲਈ ਕਈ ਥਾਂ ਤੇ ਟੱਕਰਾਂ ਮਾਰਨੀਆਂ ਪਈਆਂ, ਪਰ ਕਿਤੇ ਵੀ ਉਸਨੂੰ ਕੋਈ ਨੌਕਰੀ ਨਾ ਮਿਲੀ। ਦੇਸ਼ ਦੇ ਕੁਝ ਹਾਲਾਤ ਵੀ ਅਜਿਹੇ ਸਨ ਕਿ ਥਾਂ-ਥਾਂ ਤੇ ਸਤਿਆਗ੍ਰਹਿ ਚਲ ਰਹੇ ਸਨ ਤੇ ਅੰਗਰੇਜ਼ਾਂ ਵਿਰੁੱਧ ਭਾਰਤ ਛੱਡੋ ਦੀਆਂ ਮੁਹਿੰਮਾਂ ਚੱਲ ਰਹੀਆਂ ਸਨ। ਦੂਜੇ ਪਾਸੇ ਦੇਸ਼ ਦੇ ਪ੍ਰਤਿਭਾਸ਼ਾਲੀ ਨੌਜਵਾਨਾਂ ਨੂੰ ਰੋਜ਼ੀ-ਰੋਟੀ ਲਈ ਪਰਦੇਸਾਂ ਵਿਚ ਜਾਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ ਮਿਲ ਰਿਹਾ। 1945 ਵਿਚ ਦੇਸ਼ ਦੇ ਕੁਝ ਲਾਇਕ ਵਿਦਿਆਰਥੀਆਂ ਨੂੰ ਸਰਕਾਰ ਨੇ ਅਮਰੀਕਾ ਤੇ ਇੰਗਲੈਂਡ ਉੱਚੀ ਖੋਜ ਲਈ ਵਜੀਫ਼ਾ ਦੇ ਕੇ ਭੇਜਿਆ। ਹਰਗੋਬਿੰਦ ਖੁਰਾਣਾ ਨੂੰ ਵੀ ਇਹ ਵਜੀਫ਼ਾ ਮਿਲਿਆ ਤੇ ਉਸ ਨੇ 1947 ਈ. ਵਿਚ ਲਿਵਰਪੂਲ ਯੂਨੀਵਰਸਿਟੀ ਤੋਂ ਪੀ. ਐਚ. ਡੀ. ਦੀ ਡਿਗਰੀ ਪ੍ਰਾਪਤ ਕੀਤੀ।

ਇਸ ਸਮੇਂ ਦੌਰਾਨ ਹੀ ਦੇਸ਼ ਦੀ ਵੰਡ ਕਰਕੇ ਲਾਹੌਰ ਦਾ ਅਕਾਦਮਿਕ ਖੇਤਰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਲਾਹੌਰ ਦੀਆਂ ਸਾਰੀਆਂ ਖੋਜ ਲੈਬੋਰਟਰੀਆਂ ਸਾਥੋਂ ਖੁਸ ਗਈਆਂ, ਫਿਰਕੂ ਦੰਗਿਆਂ ਨੇ ਸਾਰੀ ਮਨੁੱਖਤਾ ਦਾ ਨਾਸ਼ ਕਰ ਦਿੱਤਾ। ਫਿਰ ਖੋਜ, ਗਿਆਨ ਨੇ ਪ੍ਰਭਾਵਿਤ ਹੋਣਾ ਹੀ ਸੀ। ਲਾਹੌਰ ਤੋਂ ਉਜੜਨ ਤੋਂ ਬਾਅਦ ਦਿੱਲੀ ਵਿਖੇ ਖਾਲੀ ਪਈਆਂ ਫੌਜੀ ਬੈਰਕਾਂ ਵਿਚ ਵਿਦਿਆਰਥੀ, ਸਟਾਫ ਤੇ ਦਫਤਰ ਲਈ ਜਗ੍ਹਾ ਕੁਝ ਸਮੇਂ ਲਈ ਠਾਹਰ ਵਜੋਂ ਬਣਾਈ ਗਈ। ਜੂਨ 1949 ਵਿਚ ਫਿਰ ਸਾਇੰਸ ਦੀ ਪੜ੍ਹਾਈ ਬਹੁਤ ਖ਼ਰਚਾ ਕਰਕੇ ਹੁਸ਼ਿਆਰਪੁਰ ਵਿਖੇ ਵਿਗਿਆਨ ਦੀ ਖੋਜ ਲਈ ਕੇਂਦਰ ਬਣਾਇਆ ਗਿਆ। ਖੁਰਾਣਾ ਵੀ 1948 ਤੋਂ ਬਾਅਦ ਭਾਰਤ ਆਉਣਾ ਚਾਹੁੰਦਾ ਸੀ, ਪਰ ਇੱਥੇ ਤਾਂ ਅੱਗੇ ਹੀ ਕੰਮ ਦੀ ਘਾਟ ਸੀ। 1950 ਦੇ ਆਰੰਭ ਵਿਚ ਉਹ ਭਾਰਤ ਆਇਆ ਤੇ ਇੱਥੇ ਨੌਕਰੀ ਦੀ ਭਾਲ ਕਰਦਾ ਰਿਹਾ। ਖੁਰਾਣਾ ਦੇ ਜੀਵਨ ਵਿਚ ਇਕ ਦੁਖਾਂਤਮਈ ਘੜੀ ਉਸ ਸਮੇਂ ਆਈ, ਜਦੋਂ ਦਿੱਲੀ ਵਿਖੇ ਬੜੀ ਆਸ ਨਾਲ ਲੈਕਚਰਾਰ ਬਣਨ ਲਈ ਉਸਨੇ ਅਰਜ਼ੀ ਦਿੱਤੀ। ਉਸ ਸਮੇਂ ਦਿੱਲੀ ਵਿਖੇ ਕੈਮਿਸਟਰੀ ਦਾ ਹੈੱਡ ਇਕ ਮਦਰਾਸੀ ਡਾਕਾਰ ਸ਼ੇਸ਼ਧਰੀ ਸੀ, ਉਸਨੇ ਖੁਰਾਣੇ ਨੂੰ ਇੰਨੀ ਲਿਆਕਤ ਤੇ ਵਿਗਿਆਨ ਦਾ ਡਾਕਟਰ ਹੋਣ ਦੇ ਬਾਵਜੂਦ ਨੌਕਰੀ ਦੇ ਯੋਗ ਨਾ ਸਮਝਿਆ ਤੇ ਇਕ ਸਧਾਰਨ ਤੇ ਘੱਟ ਲਿਆਕਤ ਵਾਲੇ ਪੁਰਸ਼ ਨੂੰ ਨੌਕਰੀ ‘ਤੇ ਰੱਖ ਲਿਆ। ਇਸ ਤੋਂ ਬਾਅਦ ਖੁਰਾਣੇ ਨੇ ਭਾਰਤ ਵੱਲ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਇੰਗਲੈਂਡ ਚਲਿਆ ਗਿਆ।

ਫਿਰ 1950 ਵਿਚ ਭਾਰਤ ਵਿਚ ਨਾ-ਉਮੀਦ ਹੋ ਕੇ ਉਹ ਇੰਗਲੈਂਡ ਗਿਆ ਤੇ ਇਤਿਫਾਕ ਦੇਖੋ ਕਿ ਉਸ ਸਮੇਂ ਕੈਂਬਰਿਜ ਦੇ ਡਾਕਟਰ ਅਲੈਗਜ਼ੈਂਡਰ ਜੋ ਆਪ ਨੋਬਲ ਇਨਾਮ ਜੇਤੂ ਸੀ, ਉਸਨੇ ਖੁਰਾਣੇ ਦੀ ਪ੍ਰਤਿਭਾ ਨੂੰ ਪਛਾਣਿਆ ਤੇ ਫੈਲੋਸ਼ਿਪ ਪ੍ਰਦਾਨ ਕੀਤੀ। ਸਨ 1952 ਵਿਚ ਉਹ ਆਪ ਬ੍ਰਿਟਿਸ਼ ਕੋਲੰਬੀਆ ਵਿਖੇ ਆਰਗੈਨਿਕ ਕੈਮਿਸਟਰੀ ਦਾ ਹੈੱਡ ਬਣਿਆ। ਕੋਈ ਦਸ ਸਾਲ ਉਹ ਇੱਥੇ ਖੋਜ ਕਰਦਾ ਰਿਹਾ ਤੇ ਉਸਨੇ Peptides, Proteins ਅਤੇ Synthesis of Co-Enzyme ਵਿਚ ਖੋਜ ਕਰਕੇ ਦੁਨੀਆਂ ਵਿੱਚ ਪ੍ਰਸਿੱਧੀ ਪਾਈ ਤੇ ਇਸ ਨਾਲ ਉਹ Institute of Enzyme Research Medeson ਦਾ ਡਾਇਰੈਕਟ ਬਣਿਆ। ਬਹੁਤ ਮਿਹਨਤ ਕਰਨ ਤੋਂ ਬਾਅਦ ਉਹ ਵਿਸਕਾਨਸਿਨ ਯੂਨੀਵਰਸਿਟੀ ਵਿਚ ਪ੍ਰੋਫੈਸਰ ਆਫ ਲਾਈਫ ਸਾਇੰਸਜ਼ ਬਣ ਗਿਆ ਤੇ ਇੱਥੇ ਹੀ 89 ਸਾਲ ਦੀ ਉਮਰ ਵਿਚ ਅੰਤਮ ਸਾਹ ਲਿਆ।

ਨੋਬਲ ਇਨਾਮ ਮਿਲਣ ਤੇ ਭਾਰਤ ਵਿਚ ਵਧਾਈਆਂ ਦਾ ਤਾਂਤਾ ਲੱਗ ਗਿਆ, ਪਰ ਉਹ ਇੱਥੇ ਨਹੀਂ ਆਇਆ।

ਖੁਰਾਣੇ ਦੇ ਇਕ ਅਮਰੀਕਨ ਦੋਸਤ ਨੇ ਲਿਖਿਆ, “ਖੁਰਾਣਾ ਬਹੁਤ ਠੰਢੇ ਤੇ ਸੀਤਲ ਸੁਭਾਅ ਦਾ ਹੈ, ਪਰ ਜਦੋਂ ਭਾਰਤ ਦੀ ਕੋਈ ਗੱਲ ਹੁੰਦੀ ਹੈ ਤਾਂ ਉਸਨੂੰ ਕੌੜ ਚੜ੍ਹ ਜਾਂਦੀ ਹੈ।”

ਖੁਰਾਣੇ ਦੇ ਤਿੰਨ ਵੱਡੇ ਭਰਾ ਦਿੱਲੀ ਵਿਖੇ ਉਸਦੇ ਆਉਣ ਦਾ ਅੱਖਾਂ ਵਿਛਾ ਕੇ ਉਡੀਕ ਕਰਦੇ ਰਹੇ,ਪਰ ਉਹ ਨਹੀਂ ਆਇਆ। ਉਸਦੀ ਲੜਕੀ ਜੁਲੀਆ ਨੇ ਕਿਹਾ, “ਮੇਰੇ ਪਿਤਾ ਆਖਰੀ ਦਮ ਤੱਕ ਨੌਜਵਾਨ ਵਿਗਿਆਨੀਆਂ ਨੂੰ ਸਲਾਹ ਮਸ਼ਵਰਾ ਦੇਂਦੇ ਰਹੇ ਹਨ।”

ਖੁਰਾਣੇ ਦੀ ਜ਼ਿੰਦਗੀ ਤੋਂ ਸਾਡੀ ਸਰਕਾਰ ਨੂੰ ਇਹ ਸਬਕ ਸਿੱਖਣ ਦੀ ਲੋੜ ਹੈ ਕਿ ਵਿਗਿਆਨ ਤੇ ਤਕਨੀਕ ਦੇ ਖੇਤਰ ਵਿਚ ਹੋਣ ਵਾਲੇ ਬੁੱਧੀ ਦੇ ਖੋਰੇ ਤੋਂ ਆਪਣੇ ਦੇਸ਼ ਨੂੰ ਬਚਾਈਏ।