CBSEclass 11 PunjabiClass 12 PunjabiClass 8 Punjabi (ਪੰਜਾਬੀ)Class 9th NCERT PunjabiEducationNCERT class 10thParagraphPunjab School Education Board(PSEB)Punjabi Viakaran/ Punjabi Grammar

ਲੇਖ : ਜੀਵਨ ਵਿੱਚ ਹਾਸੇ ਦਾ ਮਹੱਤਵ


ਜੀਵਨ ਵਿੱਚ ਹਾਸੇ ਦਾ ਮਹੱਤਵ


ਹੱਸਣ ਦੀ ਦਾਤ : ਹੱਸਣ ਦੀ ਕਿਰਿਆ ਚੌਰਾਸੀ ਲੱਖ ਜੂਨਾਂ ਵਿੱਚੋਂ ਮਨੁੱਖ ਦੇ ਹੀ ਹਿੱਸੇ ਆਈ ਹੈ। ਜੇ ਕਹਿ ਲਿਆ ਜਾਏ ਕਿ ਮਨੁੱਖ ਨੂੰ ਅਕਲ ਤੋਂ ਬਿਨਾਂ ਦੂਜੀ ਦਾਤ ਹੱਸਣ ਦੀ ਮਿਲੀ ਹੈ ਤਾਂ ਝੂਠ ਨਹੀਂ ਹੋਵੇਗਾ। ਹਰ ਅੱਖ ਸਿੰਮ ਸਕਦੀ ਹੈ, ਹਰ ਦਿਲ ਭਿੱਜ ਸਕਦਾ ਹੈ, ਹਰ ਜੋਬਨ ਖਿੜ ਸਕਦਾ ਹੈ ਪਰ ਹਰ ਬੁੱਲ੍ਹ ਹੱਸ ਨਹੀਂ ਸਕਦਾ।

ਹੱਸਣਾ : ਖੁਸ਼ਹਾਲੀ ਦਾ ਪ੍ਰਤੀਕ : ਹੱਸਣਾ ਭਾਵੇਂ ਮਨੁੱਖ ਨੂੰ ਵਿਰਸੇ ਵਿੱਚ ਮਿਲਿਆ ਹੈ ਪਰ ਜਦੋਂ ਤੋਂ ਇਸ ਨੂੰ ਸਮਾਜਕ ਸੋਝੀ ਆਈ ਹੈ, ਹਾਸੇ ਨੂੰ ਹੋਰ ਵਡਿਆਈ ਮਿਲੀ ਹੈ। ਖੁਸ਼ੀਆਂ ਤੇ ਹਾਸਿਆ ਵਾਲਾ ਘਰ ਅੱਜ ਵੀ ਖ਼ੁਸ਼ਹਾਲੀ ਦਾ ਚਿੰਨ੍ਹ ਮੰਨਿਆ ਜਾਂਦਾ ਹੈ ਜਿਵੇਂ ‘ਹੱਸਣੇ-ਘਰ ਵੱਸਣੇ।’

ਹਾਸੇ ਦੀ ਵਿਸ਼ੇਸ਼ਤਾ : ਹੱਸਣਾ, ਖੁਸ਼ੀ ਦਾ ਜ਼ਾਹਰਾ ਪ੍ਰਗਟਾਵਾ ਹੈ। ਜਿਸ ਘਰ ਹਾਸੇ ਹਨ, ਉਸ ਘਰ ਖ਼ੁਸ਼ੀ ਹੈ ਤੇ ਜਿਸ ਘਰ ਖ਼ੁਸ਼ੀ ਹੈ, ਉੱਥੇ ਖ਼ੁਸ਼ਹਾਲੀ ਜ਼ਰੂਰ ਹੋਵੇਗੀ। ਹੱਸਣਾ, ਮੁਸਕਰਾਉਣਾ ਸਾਡੇ ਪੁਰਾਣੇ ਜੀਵਨ ਵਿੱਚ ਨਿੱਕੇ ਜਿਹੇ ਖ਼ੇਤਰ ਤੋਂ ਰਾਜ – ਦਰਬਾਰ ਤੱਕ ਥਾਂ ਰੱਖਦਾ ਸੀ। ਵਿਆਹ ਸ਼ਾਦੀਆਂ ਦੀ ਉਦਾਹਰਨ ਹੀ ਲੈ ਲਵੋ। ਏਨਾ ਮਖੌਲ ਤੇ ਹਾਸਾ-ਠੱਠਾ ਹੁੰਦਾ ਸੀ ਕਿ ਜੇ ਕਿਤੇ ਅੱਜ ਦਾ ਨੀਂਗਰ ਘੋੜੀ ਚੜ ਸੁਣ ਲਵੇ ਤਾਂ ਘੋੜੀ ਛੱਡ ਕੇ ਦੌੜ ਜਾਏ।

ਹਾਸਾ-ਮਜ਼ਾਕ : ਕੁੜੀਆਂ-ਚਿੜੀਆਂ ਵਿਆਹ, ਸ਼ਗਨਾਂ ਤੇ ਹੋਰ ਖੁਸ਼ੀ ਦੇ ਮੌਕਿਆਂ ਤੇ ਅਣ-ਕਿਆਸਿਆ ਤੇ ਨਿੱਤ ਨਵਾਂ ਮਜ਼ਾਕ ਲੱਭਦੀਆਂ ਹਨ। ਉਦਾਹਰਨ ਵਜੋਂ :

ਕਿਤੇ ਨੀਂਗਰ ਮੁਕਲਾਵੇ ਨੂੰ ਗਿਆ। ਸਾਲੀਆਂ ਕੁੜੀਆਂ ਨੇ ਅਣ-ਉਣੇ ਮੰਜੇ ‘ਤੇ ਚਾਰ ਰੱਸੀਆਂ ਵਿਛਾ ਕੇ ਬਿਸਤਰਾ ਵਿਛਾ ਦਿੱਤਾ। ਨੀਂਗਰ ਸਹਿਜ-ਸੁਭਾਅ ਬਹਿਣ ਲੱਗਾ ਤਾਂ ਧੜੰਮ ਵਿੱਚ ਸਿਰ ਹੇਠਾਂ ਤੇ ਲੱਤਾਂ ਉੱਤੇ। ਇੱਕੋ ਚਾਦਰਾ ਬੰਨ੍ਹਿਆ ਹੋਣ ਕਰ ਕੇ ਸਾਰਾ ਨੰਗਾ ਹੋ ਗਿਆ। ਕੁੜੀਆਂ ਦੁੜਕੀ ਮਾਰ ਕੇ ਨੱਠੀਆਂ, ‘ਹੌ ਨੀ ਮਰ ਜਾਣੀਓਂ ਇਹ ਤੇ ਨੰਗਾ ਹੋ ਗਿਆ ਜੇ।’

ਭੰਡਾਂ-ਮਰਾਸੀਆਂ ਦਾ ਯੋਗਦਾਨ : ਪਿਛਲੇ ਸਮੇਂ ਵਿੱਚ ਹਾਸੇ ਤੇ ਮਨਪ੍ਰਚਾਵੇ ਲਈ ਭੰਡ, ਮਰਾਸੀ ਹਰ ਵਿਆਹ-ਸ਼ਾਦੀ ਜਾਂ ਸ਼ਗਨ ਸਮੇਂ ਵਿਸ਼ੇਸ਼ ਮਹਿਮਾਨ ਹੁੰਦੇ ਸਨ ਤੇ ਇਨ੍ਹਾਂ ਨੂੰ ਸਮਾਜ ਵਿੱਚ ਵਿਸ਼ੇਸ਼ ਥਾਂ ਪ੍ਰਾਪਤ ਸੀ। ਇਸੇ ਗੱਲ ਤੋਂ ਪੰਜਾਬੀ ਜੀਵਨ ਵਿੱਚ ਹਾਸੇ ਦੇ ਸਥਾਨ ਦਾ ਪਤਾ ਲਗਦਾ ਹੈ। ਨਿੱਕੇ-ਮੋਟੇ ਹਾਕਮ ਤੋਂ ਰਾਜੇ ਮਹਾਰਾਜੇ ਤਕ ਸਭ ਮਨਪ੍ਰਚਾਵੇ ਲਈ ਉਚੇਚੇ ਪ੍ਰਬੰਧ ਰੱਖਦੇ ਸਨ। ਅਕਬਰ ਦਾ ਨਾਂ ਸਧਾਰਨ ਤੋਂ ਸਧਾਰਨ ਮਨੁੱਖ ਵੀ ਜਾਣਦਾ ਹੋਵੇਗਾ ਤੇ ਉਸ ਨੂੰ ਬੀਰਬਲ ਦਾ ਵੀ ਜ਼ਰੂਰ ਚੇਤਾ ਹੋਵੇਗਾ, ਜੋ ਉਸ ਦੇ ਨੌਂ ਰਤਨਾਂ (ਵਜ਼ੀਰਾਂ) ਵਿੱਚ ਇੱਕ ਸੀ ਤੇ ਹਾਜ਼ਰ-ਜਵਾਬੀ ਲਈ ਪ੍ਰਸਿੱਧ ਸੀ।

ਗੁਰਮਤਿ ਅਨੁਸਾਰ ਤਾਂ ਜੀਵਨ-ਮੁਕਤੀ ਲਈ ਵੀ ਇਸ ਨੂੰ ਮਹੱਤਵ ਦਿੱਤਾ ਗਿਆ ਹੈ:

ਹਸੰਦਿਆਂ ਖੇਡੰਦਿਆਂ ਪਹਿਨੰਦਿਆਂ, ਵਿੱਚੋ ਹੋਵਹਿ ਮੁਕਤਿ।’

ਜੀਵਨ ਵਿੱਚ ਹਾਸੇ ਦੀ ਲੋੜ : ਉਪਰੋਕਤ ਲੰਮੀ ਚਰਚਾ ਤੋਂ ਸਪੱਸ਼ਟ ਹੈ ਕਿ ਜੀਵਨ ਵਿੱਚ ਹਾਸੇ ਦੀ ਬੜੀ ਲੋੜ ਹੈ, ਪਰ ਅੱਜ ਉਹ ਹਾਸਿਆਂ ਦਾ ਮਾਹੌਲ ਨਹੀਂ ਰਿਹਾ। ਦੁਨੀਆ ਸੜੀਅਲ ਤੇ ਗੁੱਸੇ-ਖੋਰ ਹੋ ਗਈ ਹੈ। ਵਿਅਕਤੀਗਤ ਤੌਰ ‘ਤੇ ਖ਼ੁਸ਼-ਰਹਿਣੇ ਸੁਭਾਅ ਵਾਲੇ ਤਾਂ ਹੁਣ ਘੱਟ ਹੀ ਵੇਖਣ ਨੂੰ ਮਿਲਦੇ ਹਨ। ਕਈ ਥਾਈਂ ਤਾਂ ਕੁਝ ਜੁੜੇ-ਬੈਠੇ ਮਨੁੱਖ ਵੀ ਸੋਗ ‘ਤੇ ਬੈਠੇ ਹੋਣ ਵਾਲਿਆਂ ਵਾਂਗ ਗੁੰਮ-ਸੁੰਮ ਰਹਿੰਦੇ ਹਨ।

ਇੱਕ ਵਿਦਵਾਨ ਦਾ ਕਹਿਣਾ ਹੈ ਕਿ ਕੁਝ ਬੰਦਿਆਂ ਦੀ ਬੈਠਕ ਵਿੱਚ ਜੇ ਹਾਸੇ-ਮਖ਼ੌਲ ਦੀ ਫੁਲਵਾੜੀ ਨਹੀਂ ਖਿੜਦੀ ਤਾਂ ਉਹ ਕਾਹਦੀ ਬੈਠਕ ਹੈ?

ਹਾਸੇ ਦਾ ਮਨ ਨਾਲ ਸੰਬੰਧ : ਘਟੀਆ ਖੁਰਾਕਾਂ, ਕਾਂਗੜੀ ਸਰੀਰਾਂ ਤੇ ਲੋਕ-ਚਾਰੀਆਂ ਦੀ ਘਾਟ ਨੇ ਹਾਸਿਆਂ ਤੇ ਮੁਸਕਰਾਹਟਾਂ ਨੂੰ ਅੰਦਰੋਂ-ਅੰਦਰ ਪ੍ਰਗਟਾਉਣ ਦੇ ਬਹਾਨੇ ਮਾਰ ਦਿੱਤਾ ਹੈ ਤੇ ਹਾਸਾ ਪ੍ਰਗਟ ਕਿਵੇਂ ਹੋਵੇ? ਖ਼ੁਸ਼ੀ ਤੇ ਹਾਸੇ ਦਾ ਮਨ ਨਾਲ ਸਿੱਧਾ ਰਿਸ਼ਤਾ ਹੈ। ਜੇ ਮਨ ਵਿੱਚ ਖੁਸ਼ੀ ਨਹੀਂ ਤਾਂ ਹਾਸੇ ਤੇ ਮੁਸਕਰਾਹਟਾਂ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ। ਤਦੇ ਤਾਂ ਕਿਸੇ ਨੇ ਕਿਹਾ ਹੈ :

ਬਿਨਾਂ ਖ਼ੁਸ਼ੀ ਦੇ ਹੱਸਿਆ ਨਹੀਂ ਜਾਂਦਾ,
ਰੋਣੇ ਦੁੱਖਾਂ ਦੇ ਬਾਝ ਨਹੀਂ ਰੋਏ ਜਾਂਦੇ।’

ਖ਼ੁਸ਼ ਰਹਿਣ ਦਾ ਇਰਾਦਾ : ਖ਼ੁਸ਼ ਰਹਿਣ ਲਈ ਤੇ ਹਸਮੁਖ ਬਣਨ ਲਈ ਮਜ਼ਬੂਤ ਤੇ ਪੱਕੇ ਦਿਲ ਦੀ ਲੋੜ ਹੈ। ਦੁੱਖਾਂ ਦੀਆਂ ਧੁੱਪਾਂ ਨੂੰ ਸੁਖਾਂ ਦੀਆਂ ਛਾਵਾਂ ਆਉਣ ਤਕ ਮੁਸਕਰਾਹਟਾਂ ਤੇ ਹਾਸਿਆਂ ਨਾਲ ਗੁਜ਼ਾਰਨਾ ਚਾਹੀਦਾ ਹੈ। ਗੁਰੂ ਅਰਜਨ ਦੇਵ ਜੀ ਦਾ ਤੱਤੀਆਂ ਤਵੀਆਂ ‘ਤੇ ਬੈਠ ਕੇ ਭਾਣਾ ਮਿੱਠਾ ਕਰਕੇ ਮੰਨਣਾ ਸਾਨੂੰ ਇਹੀ ਸਿੱਖਿਆ ਦਿੰਦਾ ਹੈ।

ਦੁੱਖਾਂ ਦਾ ਟਾਕਰਾ ਹੱਸ ਕੇ : ਜੋ ਬੱਧੇ-ਰੁੱਧੇ, ਘੁੱਟੇ- ਵੱਟੇ ਤੇ ਮੂੰਹ ਸੁਜਾਈ ਫਿਰਾਂਗੇ ਤਾਂ ਕੀ ਹੋਵੇਗਾ? ਕਿਸੇ ਦੁੱਖ ਜਾਂ ਮੁਸੀਬਤ ਦਾ ਟਾਕਰਾ ਸੰਘਰਸ਼ ਨਾਲ ਹੀ ਹੋ ਸਕਦਾ ਹੈ।

ਅਜਿਹੇ ਸਮੇਂ ਸਾਨੂੰ ਖ਼ੁਸ਼ੀਆਂ-ਮੁਸਕਰਾਹਟਾਂ ਦਾ ਪੱਲਾ ਫੜ ਕੇ ਸਮੇਂ ਦੇ ਚੱਕਰਾਂ ‘ਚੋਂ ਨਿਕਲਣਾ ਚਾਹੀਦਾ ਹੈ। ਇੱਕ ਗੱਲ ਹੋਰ ਯਾਦ ਰੱਖਣ ਵਾਲੀ ਹੈ ਕਿ ਜੇ ਖ਼ੁਸ਼ੀ ਨਾਲ ਹਾਸੇ ਛੁੱਟਦੇ ਹਨ ਤਾਂ ਹਾਸਿਆਂ ਨਾਲ ਵੀ ਮਨ ‘ਚ ਖ਼ੁਸ਼ੀ ਨੱਚਦੀ ਹੈ ; ਜਿਹਾ ਕਿ:

‘ਵੰਡੀਏ ਖੁਸ਼ੀ ਤਾਂ ਹੋਵੇ ਦੂਣੀ।
ਵੰਡੀਏ ਗ਼ਮੀ ਤਾਂ ਹੋਵੇ ਊਣੀ।’

ਖ਼ੁਸ਼-ਰਹਿਣਾ ਤੇ ਹਸਮੁਖ ਸੁਭਾਅ ਦਾ ਮਨੁੱਖ ਚਲਦਾ-ਫਿਰਦਾ, ਟਹਿਕਦਾ ਤੇ ਮਹਿਕਦਾ ਫੁੱਲ ਹੈ। ਚੰਗੀ ਜੀਵਨ-ਜੁਗਤ ਵੱਲ ਝਾਤ ਪੁਆਉਂਦਿਆਂ ਇੱਕ ਵਿਚਾਰਵਾਨ ਦਾ ਕਿੰਨਾ ਸੋਹਣਾ ਵਿਚਾਰ ਹੈ :

ਖਾਣੇ ਨੂੰ ਅੱਧਾ ਕਰੋ, ਪਾਣੀ ਨੂੰ ਦੁਗਣਾ।
ਤਿੰਨ ਗੁਣਾ ਕਸਰਤ, ਹਾਸੇ ਨੂੰ ਚੌਗੁਣਾ।

ਖ਼ੁਸ਼ ਰਹਿਣ ਵਾਲਾ ਹਮੇਸ਼ਾ ਚੜ੍ਹਦੀ ਕਲਾ ਵਿੱਚ : ਤੁਸੀਂ ਖ਼ੁਸ਼-ਰਹਿਣੇ ਮਨੁੱਖ ਨੂੰ ਕਦੇ ਵੀ ਸੁੱਕਿਆ ਸੜਿਆ ਨਹੀਂ ਦੇਖੋਗੇ। ਖ਼ੁਸ਼ੀ ਨਾਲ ਰੁੱਖੀਆਂ-ਸੁੱਕੀਆਂ ਰੋਟੀਆਂ ਖਾਣ ਵਾਲੇ, ਸ਼ਾਹੀ ਪਕਵਾਨਾਂ ਨੂੰ ਚਿੰਤਾ ਨਾਲ ਖਾਣ ਵਾਲਿਆਂ ਨਾਲੋਂ ਸੌ ਗੁਣਾ ਚੰਗੇ ਤੇ ਸੋਹਣੇ ਸਰੀਰ ਵਾਲੇ ਹੁੰਦੇ ਹਨ। ਇੱਕ ਲੇਖਕ ਦਾ ਮਜ਼ਾਕੀਆ ਵਿਚਾਰ ਕਿੰਨਾ ਸੁਹਣਾ ਹੈ—‘ਹਾਸੇ ਖਾਓ, ਮੋਟੇ ਹੋ ਜਾਓ।’

ਹੱਸਣ ਦਾ ਰੂਪ ਤੇ ਢੰਗ : ਹਰ ਵੇਲੇ ਲੋੜ ਤੋਂ ਵੱਧ ਕੋਈ ਵੀ ਵਸਤੂ ਸ਼ੋਭਾ ਨਹੀਂ ਦਿੰਦੀ। ਨਾਲੇ ਹੱਸਣ ਦਾ ਵੀ ਆਪਣਾ ਤਰੀਕਾ ਤੇ ਸਲੀਕਾ ਹੁੰਦਾ ਹੈ। ਕਈ ਹੱਸਦੇ ਹਨ ਜਿਵੇਂ ਫੁੱਲ ਕਿਰਦੇ ਹੋਣ, ਕਈ ਚੋਲ ਛੜਨ ਵਾਲੀ ਮਸ਼ੀਨ ਵਾਂਗ ਮੂੰਹ ਮੀਟ ਕੇ ਤੇ ਘਿੱਚ-ਘਿੱਚ ਕਰ ਕੇ, ਕਈ ਤਾੜੀਆਂ ਜਾਂ ਠਹਾਕੇ ਮਾਰ ਕੇ, ਕਈਆਂ ਦੇ ਹਾਸੇ ਨਾਲ ਪੰਛੀ ਡਰ ਕੇ ਉੱਡ ਜਾਂਦੇ ਹਨ, ਨਿਆਣੇ ਰੋ ਪੈਂਦੇ ਹਨ। ਹਾਸਾ ਫਬਵਾਂ, ਸੰਗਤ ਤੇ ਸੱਭਿਅਤਾ ਅਨੁਸਾਰ ਹੋਣਾ ਚਾਹੀਦਾ ਹੈ। ਅਸ਼ਲੀਲ ਕਿਸਮ ਦਾ ਮਜ਼ਾਕ ਜਾਂ ਹਾਸਾ ਮਾੜਾ ਹੈ। ਕਈ ਵਾਰ ਨਜਾਇਜ਼ ਕਿਸਮ ਦੇ ਮਜ਼ਾਕ ਨਾਲ ਹਾਸੇ ਦਾ ਮੜਾਸਾ ਵੀ ਹੋ ਜਾਂਦਾ ਹੈ। ਇਸ ਕਰਕੇ ਕਹਿੰਦੇ ਹਨ ਕਿ ਬਹੁਤ ਹੱਸਣ ਵਾਲੇ ਨੂੰ ਵੀ ਹੋਣਾ ਪੈਂਦਾ ਹੈ।