ਲੇਖ : ਜਵਾਹਰ ਲਾਲ ਨਹਿਰੂ
ਜਵਾਹਰ ਲਾਲ ਨਹਿਰੂ (1889-1964)
ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ, ਆਧੁਨਿਕ ਭਾਰਤ ਦੇ ਨਿਰਮਾਤਾ, ਇੱਕ ਨਿਪੁੰਨ ਲੇਖਕ, ਅੰਤਰਰਾਸ਼ਟਰੀ ਪ੍ਰਸਿਧੀ ਦੇ ਰਾਜਨੀਤਕ ਆਜ਼ਾਦੀ ਖਿਆਲਾਂ ਦੇ ਪੁਜਾਰੀ ਜਵਾਹਰ ਲਾਲ ਨਹਿਰੂ ਜੀ ਦਾ ਜਨਮ 14 ਨਵੰਬਰ 1889 ਨੂੰ ਉਸ ਸਮੇਂ ਦੇ ਪ੍ਰਸਿੱਧ ਵਕੀਲ ਮੋਤੀ ਲਾਲ ਨਹਿਰੂ ਦੇ ਘਰ ਇਲਾਹਾਬਾਦ ਵਿੱਚ ਹੋਇਆ। ਇਹ ਪਰਿਵਾਰ ਪਹਿਲਾਂ ਕਸ਼ਮੀਰ ਨਾਲ ਸੰਬੰਧਿਤ ਸੀ ਤੇ ਕੁਝ ਸਾਲ ਪਹਿਲਾਂ ਆ ਕੇ ਇਲਾਹਾਬਾਦ ਵਿੱਚ ਵਸਿਆ ਸੀ। ਆਪ ਜੀ ਦੀ ਮਾਤਾ ਦਾ ਨਾਂ ਸਵਰੂਪ ਰਾਣੀ ਸੀ, ਜਿਸਦਾ ਸੰਬੰਧ ਪੰਜਾਬ ਵਿੱਚ ਅੰਮ੍ਰਿਤਸਰ ਨਾਲ ਸੀ, ਇਸ ਲਈ ਉਨ੍ਹਾਂ ਦੇ ਨਾਂ ਤੇ ਹੀ ਸਰਕਾਰੀ ਕਾਲਜ ਲੜਕੀਆਂ ਦਾ ਨਾਂ ਸਵਰੂਪ ਰਾਣੀ ਸਰਕਾਰੀ ਕਾਲਜ ਰੱਖਿਆ ਗਿਆ ਹੈ।
ਜਵਾਹਰ ਲਾਲ ਬਚਪਨ ਵਿੱਚ ਬਹੁਤ ਤੇਜ਼ ਬੁਧੀ ਵਾਲਾ ਬਾਲਕ ਸੀ। ਉਸਨੇ ਆਪਣੀ ਆਰੰਭਕ ਪੜ੍ਹਾਈ ਘਰ ਵਿੱਚ ਹੀ ਪ੍ਰਾਪਤ ਕੀਤੀ। ਮੋਤੀ ਲਾਲ ਉਸ ਸਮੇਂ ਇੱਕ ਬਹੁਤ ਧੰਨਵਾਨ ਪੁਰਸ਼ ਸਨ, ਤੇ ਉਨ੍ਹਾਂ ਦਾ ਰਾਜਿਆ ਵਰਗਾ ਠਾਠ ਬਾਠ ਸੀ। ਮਹਾਤਮਾ ਗਾਂਧੀ ਦੇ ਸੰਪਰਕ ਵਿੱਚ ਆਉਣ ਕਰਕੇ ਉਨ੍ਹਾਂ ਵਿੱਚ ਦੇਸ਼ ਨਾਲ ਪਿਆਰ ਵੀ ਬਹੁਤ ਸੀ। ਇਸ ਤਰ੍ਹਾਂ ਜਵਾਹਰ ਲਾਲ ਨੂੰ ਰਾਸ਼ਟਰੀ ਪਿਆਰ ਦੀ ਗੁੜ੍ਹਤੀ ਘਰ ਵਿੱਚ ਹੀ ਪ੍ਰਾਪਤ ਹੋਈ। ਪੰਦਰਾਂ ਸਾਲ ਦੀ ਉਮਰ ਵਿੱਚ ਉਨ੍ਹਾ ਨੂੰ ਉਚੇਰੀ ਵਿਦਿਆ ਲਈ ਇੰਗਲੈਂਡ ਵਿੱਚ ਭੇਜਿਆ ਗਿਆ। 1912 ਵਿੱਚ ਉਹ ਇੰਗਲੈਡ ਵਿੱਚ ਬੈਰਿਸਟਰ ਬਣ ਗਏ ਤੇ ਵਾਪਸ ਭਾਰਤ ਆ ਗਏ। ਇਹ ਉਹ ਸਮਾਂ ਸੀ ਜਦੋਂ ਭਰ ਜਵਾਨੀ ਵਿੱਚ ਉਨ੍ਹਾਂ ਨੇ ਦੇਸ਼ ਵਾਸੀਆਂ ਦੀ ਪੀੜਾ ਨੂੰ ਸਮਝਦੇ ਹੋਏ ਉਨ੍ਹਾਂ ਅੰਦਰ ਦੇਸ਼ ਭਗਤੀ ਦਾ ਜਜਬਾ ਠਾਠਾ ਮਾਰਨ ਲਗ ਪਿਆ।
ਉਨ੍ਹਾਂ ਨੇ ਜ਼ਿੰਦਗੀ ਵਿੱਚ ਦੇਸ਼ ਲਈ ਸੰਘਰਸ਼ ਕੀਤਾ ਪਰ ਨਾਲ ਘਰ ਗ੍ਰਹਿਸਥੀ ਦੀਆਂ ਜ਼ਿੰਮੇਵਾਰੀਆ ਵੀ ਨਿਭਾਈਆਂ। 1916 ਵਿੱਚ ਉਨ੍ਹਾਂ ਦੀ ਸ਼ਾਦੀ ਕਮਲਾ ਨਹਿਰੂ ਨਾਲ ਹੋਈ। 19 ਨਵੰਬਰ, 1917 ਵਿੱਚ ਉਨ੍ਹਾਂ ਦੇ ਘਰ ਇੰਦਰਾ ਗਾਂਧੀ ਦਾ ਜਨਮ ਹੋਇਆ, ਜੋ ਬਾਅਦ ਵਿੱਚ ਭਾਰਤ ਵਿੱਚ ਇੱਕ ਤਕੜੀ ਇਸਤ੍ਰੀ ਵਜੋਂ ਉਭਰੀ ਤੇ ਪ੍ਰਧਾਨ ਮੰਤਰੀ ਬਣੀ।
ਇਸ ਤੋਂ ਬਾਅਦ ਅੰਦੋਲਨਾਂ ਦਾ ਯੁੱਗ ਸ਼ੁਰੂ ਹੋਇਆ। 1919 ਵਿੱਚ ਕਿਸਾਨ ਅੰਦੋਲਨ ਤੇ 1921 ਵਿੱਚ ਅਸਹਿਯੋਗ ਅੰਦੋਲਨ ਦੇ ਵਿੱਚ ਸ਼ਾਮਲ ਹੋਣ ਕਰਕੇ ਆਪ ਜੇਲ੍ਹ ਯਾਤਰਾ ਕਰਨ ਚਲੇ ਗਏ। ਵਿਦੇਸ਼ੀ ਵਸਤਾਂ ਦੇ ਖਿਲਾਫ ਲੜਾਈ ਲੜਨ ਕਰਕੇ ਆਪ ਤਕਰੀਬਨ 9 ਮਹੀਨੇ ਜੇਲ੍ਹ ਵਿੱਚ ਰਹੇ। ਉਸ ਸਮੇਂ ਸਾਰੇ ਰਾਜਨੀਤਕ ਲੋਕ ਇਕੱਠੇ ਰਲ ਕੇ ਆਜ਼ਾਦੀ ਦੀ ਲੜਾਈ ਲੜਦੇ ਸਨ। ਅਕਾਲੀ ਸਤਿਆਗ੍ਰਹਿ ਵਿੱਚ ਵੀ ਆਪ ਨੇ ਭਾਗ ਲਿਆ।
1928 ਵਿੱਚ ਨਹਿਰੂ ਜੀ ਭਾਰਤੀ ਟ੍ਰੇਡ ਯੂਨੀਅਨ ਕਾਂਗਰਸ ਦੇ ਪ੍ਰਧਾਨ ਚੁਣੇ ਗਏ। 31 ਦਸੰਬਰ 1929 ਦੀ ਅੱਧੀ ਰਾਤ 12 ਵਜੇ ਕਾਂਗਰਸ ਨੇ ਪੂਰਨ ਆਜ਼ਾਦੀ ਲਈ ਪ੍ਰਸਤਾਵ ਪਾਸ ਕਰ ਦਿੱਤਾ। ਭਾਰਤ ਨੇ ਗੁਲਾਮੀ ਦੀ ਅਵਸਥਾ ਵਿੱਚ ਹੀ ਅੰਗਰੇਜ਼ਾਂ ਨਾਲ ਲੜਾਈ ਲੜਦੇ ਹੋਏ ਸੰਘਰਸ਼ ਲਈ ਸੰਕੇਤਕ ਤੌਰ ਤੇ ਆਜ਼ਾਦੀ ਦਿਵਸ ਵੀ ਮਨਾਉਣੇ ਸ਼ੁਰੂ ਕਰ ਦਿੱਤੇ, ਇਸ ਤਰ੍ਹਾਂ 26 ਜਨਵਰੀ 1930 ਨੂੰ ਭਾਰਤ ਵਿੱਚ ਆਜਾਦੀ ਦਿਵਸ ਬੜੀ ਰੌਣਕ ਨਾਲ ਮਨਾਇਆ ਗਿਆ।
6 ਫਰਵਰੀ 1931 ਵਿੱਚ ਪਰਿਵਾਰ ਵਿੱਚ ਇੱਕ ਮਾੜੀ ਘਟਨਾ ਵਾਪਰੀ, ਆਪਦੇ ਪਿਤਾ ਸੁਰਗਵਾਸ ਹੋ ਗਏ। ਫਿਰ ਨਾਲ ਹੀ 1932-34 ਵਿੱਚ ਆਪ ਨੂੰ ਫਿਰ ਜੇਲ੍ਹ ਜਾਣਾ ਪਿਆ। 1942 ਵਿੱਚ ਫਿਰ ‘ਭਾਰਤ ਛੱਡੋ’ ਸੰਘਰਸ਼ ਦੇ ਅਧੀਨ ਉਹ ਜੇਲ੍ਹ ਗਏ।
ਜਵਾਹਰ ਲਾਲ ਨਹਿਰੂ ਇੱਕ ਪ੍ਰਤਿਭਾਸ਼ਾਲੀ ਵਿਅਕਤੀ ਸਨ। ਉਨ੍ਹਾਂ ਨੇ ਜੇਲ੍ਹ ਵਿੱਚ ਵੀ ਆਪਣਾ ਸਮਾਂ ਵਿਅਰਥ ਨਹੀਂ ਗੁਆਇਆ ਤੇ ਇਸ ਸਮੇਂ ਵਿੱਚ ਆਪਣੀ ਲੇਖਣੀ ਵਿੱਚ ਮਗਨ ਰਹੇ। ਉਨ੍ਹਾਂ ਨੇ ਇਸ ਸਮੇਂ ਹੀ ਬੇਟੀ ਇੰਦਰਾ ਨੂੰ ਚਿੱਠੀਆਂ ਲਿਖੀਆਂ ਜੋ ਅਜਕਲ ਪੁਸਤਕ ਵਿੱਚ ਵੀ ਸਕੂਲ ਕਾਲਜਾਂ ਵਿੱਚ ਪੜ੍ਹੀ ਜਾਂਦੀ ਹੈ। ਉਨ੍ਹਾਂ ਨੇ Discovery of India ਨਾਂ ਦੀ ਪੁਸਤਕ ਵੀ ਲਿਖੀ ਜੋ ਅੱਜ ਦੇ ਸੰਸਾਰ ਵਿੱਚ ਇੱਕ ਪ੍ਰਸਿਧ ਪੁਸਤਕ ਦੇ ਤੌਰ ਤੇ ਜਾਣੀ ਜਾਂਦੀ ਹੈ। ਅੱਜ ਕਲ ਦੇ ਰਾਜਨੀਤਕ ਲੋਕਾਂ ਦੀ ਤਰ੍ਹਾਂ ਉਹ ਇੱਕ ਸਾਧਾਰਣ ਬੁਧੀ ਦੇ ਮਾਲਕ ਨਹੀਂ ਸਨ, ਸਗੋਂ ਇੱਕ ਆਲਮ ਫਾਜ਼ਲ ਵਿਦਵਾਨ ਤੇ ਕਲਾ ਤੇ ਸਾਹਿਤ ਦੇ ਪਾਰਖੂ ਵਿਅਕਤੀ ਸਨ।
ਗਾਂਧੀ ਜੀ ਨਾਲ ਰਲਕੇ ਉਨ੍ਹਾਂ ਨੇ ਦੇਸ਼ ਦਾ ਅੰਦੋਲਨ ਚਲਾਇਆ। ਹਜਾਰਾਂ ਕੁਰਬਾਨੀਆਂ ਤੋਂ ਬਾਅਦ ਜਦੋਂ ਦੇਸ਼
ਆਜ਼ਾਦ ਹੋਇਆ ਤਾਂ ਆਪਦੀ ਪ੍ਰਤਿਭਾ ਤੋਂ ਵਧ ਹੋਰ ਕੋਈ ਵੀ ਵਿਅਕਤੀ ਨਹੀਂ ਸੀ, ਜੋ ਪ੍ਰਧਾਨ ਮੰਤਰੀ ਬਣਦਾ। ਨਹਿਰੂ ਇੱਕ ਅਜਿਹੇ ਪ੍ਰਧਾਨ-ਮੰਤਰੀ ਬਣੇ ਜੇ ਆਪਣੀ ਮੌਤ ਤੱਕ ਇਸ ਅਹੁਦੇ ਤੇ ਬਿਰਾਜਮਾਨ ਰਹੇ।
ਉਨ੍ਹਾਂ ਨੇ ਕਈ ਵਿਕਾਸ ਦੇ ਕਾਰਜ ਆਰੰਭੇ, ਜਦੋਂ ਭਾਖੜਾ ਡੈਮ ਉਸਾਰਿਆ ਤਾਂ ਉਨ੍ਹਾਂ ਕਿਹਾ ਕਿ ਆਜਾਦ ਭਾਰਤ ਦੇ ਵਿਕਾਸ ਦਾ ਇਹ ਇੱਕ ਮੰਦਰ ਹੈ। ਨਹਿਰੂ ਜੀ ਦੀ ਸ਼ਖਸੀਅਤ ਨਾਲ ਸਾਰਾ ਸੰਸਾਰ ਭਾਰਤ ਦਾ ਦਿਵਾਨਾ ਹੋ ਗਿਆ ਤੇ ਭਾਰਤੀ ਸੰਸਕ੍ਰਿਤੀ ਬੁਲੰਦੀਆਂ ਨੂੰ ਛੋਹਣ ਲਗ ਪਈ। ਪੰਜ ਸਾਲਾ ਯੋਜਨਾਵਾਂ ਆਪਦੇ ਸਮੇਂ ਵਿੱਚ ਚਲੀਆਂ। ਸਾਇੰਸ ਤੇ ਤਕਨਾਲੌਜੀ ਦੇ ਖੇਤਰ ਵਿੱਚ ਵੀ ਭਾਰਤ ਨੇ ਵਿਸ਼ੇਸ਼ ਪ੍ਰਾਪਤੀਆਂ ਕੀਤੀਆਂ।
27 ਮਈ 1964 ਨੂੰ ਹੋਈ ਉਨ੍ਹਾਂ ਦੀ ਮੌਤ ਨੇ ਸਾਡਾ ਇਹ ਪ੍ਰਧਾਨ ਮੰਤਰੀ ਖੋਹ ਲਿਆ। ਸਾਰਾ ਸੰਸਾਰ ਇਸ ਅਮਨਾਂ ਦੇ ਬਾਬਲ ਦੀ ਮੌਤ ਨਾਲ ਕਰੁਣਾਮਈ ਦੇ ਵੈਰਾਗ ਦੇ ਅਸਰ ਥੱਲੇ ਆ ਗਿਆ। ਨਹਿਰੂ ਦੀ ਮੌਤ ਤੇ ਉਸ ਸਮੇਂ ਦੇ ਨੌਜਵਾਨ ਕਵੀ ਸ਼ਿਵ ਕੁਮਾਰ ਨੇ ਇਹ ਮਰਸੀਆ ਲਿਖਿਆ
ਅੱਜ ਅਮਨਾਂ ਦਾ ਬਾਬਲ ਮੋਇਆ,
ਸਾਰੀ ਧਰਤ ਨਿੜੋਏ ਆਈ।
ਨਹਿਰੂ ਜੀ ਨੇ ਆਪਣੀ ਜੀਵਨੀ ਦੇ ਸਾਰੇ ਹਾਲਾਤ My autobiography ਅਤੇ Glimpses of the world ਵਿੱਚ ਲਿਖੇ ਹਨ। ਆਪ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਸਨ, ਇਸ ਲਈ 14 ਨਵੰਬਰ ਦਾ ਦਿਨ ਚਾਚਾ ਨਹਿਰੂ ਨੂੰ ਪਿਆਰ ਕਰਨ ਕਰਕੇ ‘ਬਾਲ ਦਿਵਸ’ ਦੇ ਤੌਰ ਤੇ ਮਨਾਇਆ ਜਾਂਦਾ ਹੈ।