ਲੇਖ : ਗਣਤੰਤਰ ਦਿਵਸ


ਗਣਤੰਤਰ ਦਿਵਸ / 26 ਜਨਵਰੀ


ਭਾਰਤਵਰਸ਼ ਨੂੰ ਆਜ਼ਾਦੀ ਅੰਗਰੇਜ਼ ਸਾਮਰਾਜ ਨੇ ਸੋਨੇ ਦੀ ਤਸ਼ਤਰੀ ਵਿੱਚ ਸਜਾ ਕੇ ਸੰਗਾਤ ਵਜੋਂ ਨਹੀਂ ਦਿੱਤੀ, ਸਗੋਂ ਇਸ ਆਜ਼ਾਦੀ ਦੀ ਪਰੀ ਨੂੰ ਵਿਆਹੁਣ ਲਈ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ ਤੇ ਭਗਤ ਸਿੰਘ ਵਰਗੇ ਨੌਜਵਾਨਾਂ ਨੇ ਮੌਤ ਦੀ ਲਾੜੀ ਨਾਲ ਬਸੰਤੀ ਚੋਲੇ ਪਹਿਨ ਕੇ ਸਿਰਾਂ ਤੇ ਕਫ਼ਨ ਬੰਨ੍ਹ ਕੇ, ਫਾਂਸੀ ਦੇ ਰੱਸੇ ਨੂੰ ਚੁੰਮਦਿਆਂ ਹੋਇਆਂ ਲਾਵਾਂ ਲਈਆਂ ਤੇ ਫਿਰ ਆਜ਼ਾਦੀ ਦਾ ਸੁਹਾਵਣਾ ਦਿਨ ਨਸੀਬ ਹੋਇਆ। ਇਸ ਆਜ਼ਾਦੀ ਨੂੰ ਪ੍ਰਾਪਤ ਕਰਨ ਵਿੱਚ ਬਾਪੂ ਗਾਂਧੀ ਦੇ ਸਰੀਰ ‘ਤੇ ਅੰਗਰੇਜ਼ ਦੇ ਬੂਟਾਂ ਦੇ ਨਿਸ਼ਾਨ ਵੀ ਸ਼ਾਮਲ ਹਨ ਤੇ ਲਾਜਪਤ ਰਾਏ ਦੀ ਪਿੱਠ ਤੇ ਲਾਠੀਆਂ ਦੇ ਨਿਸ਼ਾਨ ਵੀ ਸੁਨਹਿਰੀ ਭਾਹ ਮਾਰਦੇ ਹਨ। ਆਜ਼ਾਦੀ ਦਿਵਸ ਤੋਂ ਬਾਅਦ ਫਿਰ 26 ਜਨਵਰੀ 1950 ਦਾ ਦਿਨ ਆਇਆ, ਜਿਸ ਦਿਨ ਇਸ ਆਜ਼ਾਦੀ ਨੂੰ ਸਾਂਭਣ ਤੇ ਮਾਣਨ ਲਈ ਸੰਵਿਧਾਨ ਤਿਆਰ ਕੀਤਾ ਗਿਆ। ਜਿਸ ਨਾਲ ਸਾਡਾ ਆਜ਼ਾਦ ਭਾਰਤ ਪੂਰੇ ਤੌਰ ‘ਤੇ ਇੱਕ ਲੋਕਤੰਤਰ, ਖੁਦਮੁਖਤਿਆਰ ਗਣਤੰਤਰ ਬਣ ਗਿਆ ਅਤੇ ਉਸ ਦਿਨ ਤੋਂ ਹੀ ਅਸੀਂ ਛੱਬੀ ਜਨਵਰੀ ਨੂੰ ਆਜ਼ਾਦੀ ਦੀਆਂ ਮਹਿਕਾਂ ਤੇ ਖੁਸ਼ਬੂਆਂ ਵੰਡਦਾ ਹੋਇਆ ਦਿਨ ਬਣਾ ਕੇ ਮਨਾਉਂਦੇ ਆ ਰਹੇ ਹਾਂ।

ਇਸ ਗਣਤੰਤਰ ਦਿਵਸ ਦੀ ਬੁਨਿਆਦ ਤਾਂ ਆਜ਼ਾਦੀ ਦਿਵਸ ਤੋਂ ਪਹਿਲਾਂ ਸੰਵਿਧਾਨ ਸਭਾ ਬਣਾ ਕੇ ਰੱਖੀ ਗਈ ਜਿਸਦੀ ਪਹਿਲੀ ਬੈਠਕ 13 ਸਤੰਬਰ, 1946 ਨੂੰ ਰੱਖੀ ਗਈ। ਮੁਸਲਮ ਲੀਗ ਜੋ ਕਿ ਜਿੱਨਾਹ ਦੀ ਪਾਰਟੀ ਸੀ, ਉਸਨੇ ਇਸ ਬੈਠਕ ਦਾ ਵਿਰੋਧ ਕੀਤਾ, ਕਿਉਂਕਿ ਉਹ ਵੱਖਰੇ ਮੁਲਕ ਪਾਕਿਸਤਾਨ ਦੀ ਮੰਗ ਕਰ ਰਹੇ ਸਨ। 3 ਜੂਨ, 1947 ਨੂੰ ਮਾਊਂਟਬੈਟਨ-ਯੋਜਨਾ ਅਨੁਸਾਰ ਦੇਸ਼ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ। ਇਹ ਵੰਡ ਨਹਿਰੂ ਅਤੇ ਪਟੇਲ ਨੂੰ ਰਾਸ ਆ ਗਈ, ਪਰ ਇਸ ਵੰਡ ਨੇ ਬਾਅਦ ਵਿੱਚ ਲੱਖਾਂ ਲੋਕਾਂ ਦੇ ਜੀਵਨ ਨੂੰ ਨਰਕ ਬਣਾ ਦਿੱਤਾ।

ਭਾਰਤ ਦੀ ਵੰਡ ਤੋਂ ਛੇਤੀ ਹੀ ਬਾਅਦ ਸੰਵਿਧਾਨ ਸਭਾ ਨੇ ਆਪਣਾ ਅਧੂਰਾ ਕੰਮ ਫਿਰ ਸ਼ੁਰੂ ਕੀਤਾ ਸੀ ਅਤੇ 29 ਅਗਸਤ, 1947 ਨੂੰ ਇੱਕ ਖਰੜਾ ਕਮੇਟੀ ਬਣਾਈ ਗਈ। ਇਹ ਖਰੜਾ 21 ਫਰਵਰੀ ਨੂੰ ਭਾਵੇਂ ਤਿਆਰ ਹੋ ਗਿਆ ਸੀ, ਪਰ ਕੁੱਝ ਆਖਰੀ ਛੋਹਾਂ ਦੇਣ ਤੋਂ ਬਾਅਦ 26 ਨਵੰਬਰ 1949 ਨੂੰ ਇਹ ਸੰਵਿਧਾਨ ਬਿਲ ਦੇ ਰੂਪ ਵਿੱਚ ਮੰਨ ਲਿਆ ਗਿਆ। ਇਸ ਸੰਵਿਧਾਨ ਨੂੰ ਪੂਰਾ ਕਰਨ ਲਈ 2 ਸਾਲ 11 ਮਹੀਨੇ ਤੇ 8 ਦਿਨ ਲੱਗੇ। ਉਸ ਸਮੇਂ ਸੰਵਿਧਾਨ ਵਿੱਚ 395 ਮੱਦਾਂ ਤੇ ਅੱਠ ਅਨੁਸੂਚੀਆਂ ਸਨ। ਫਿਰ ਨੌਵੀਂ ਸੂਚੀ ਹੋਰ ਜੋੜ ਦਿੱਤੀ ਗਈ ਤੇ ਬਾਅਦ ਵਿੱਚ ਤਾਂ ਸੰਵਿਧਾਨ ਵਿੱਚ ਅਨੇਕਾਂ ਤਰ੍ਹਾਂ ਦੇ ਵਾਧੇ ਅਤੇ ਸੋਧਾਂ ਹੋ ਚੁੱਕੀਆਂ ਹਨ। ਇਸ ਸੰਵਿਧਾਨ ਦਾ ਕਿਉਂਕਿ ਉਦਘਾਟਨ 26 ਜਨਵਰੀ, 1950 ਨੂੰ ਹੋਇਆ ਸੀ, ਇਸ ਲਈ ਭਾਰਤ ਨੂੰ ਇੱਕ ਪੂਰੇ ਗਣਤੰਤਰ ਦੇ ਤੌਰ ‘ਤੇ ਸੰਵਿਧਾਨਕ ਤੌਰ ‘ਤੇ ਮੰਨਿਆ ਗਿਆ।

ਇਸ ਤਰ੍ਹਾਂ ਭਾਰਤ ਵਿੱਚ ਦੋ ਦਿਨ ਆਜ਼ਾਦੀ ਦਾ ਦਿਵਸ ਪੰਦਰਾਂ ਅਗਸਤ ਤੇ ਗਣਤੰਤਰ ਦਿਵਸ ਛੱਬੀ ਜਨਵਰੀ, ਰਾਸ਼ਟਰੀ ਮਹੱਤਤਾ ਵਾਲੇ ਦਿਨ ਸਭ ਲੋਕਾਂ ਦੇ ਸਾਂਝੇ ਦਿਨ ਬਣ ਗਏ ਹਨ। ਜਿੱਥੇ ਆਜ਼ਾਦੀ ਦੇ ਦਿਨ ‘ਤੇ ਅਜੇ ਵੀ ਲੱਖਾਂ ਲੋਕਾਂ ਦੇ ਦਿਲਾਂ ਵਿੱਚ ਪੀੜਾਂ, ਹਸਰਤਾਂ ਅਤੇ ਆਪਣੀ ਮਾਤ ਭੂਮੀ ਨਾਲ ਵਿਛੋੜੇ ਕਾਰਣ ਅੱਖਾਂ ਵਿੱਚ ਹੰਝੂ ਵੇਖੇ ਜਾਂਦੇ ਹਨ, ਉਥੇ ਗਣਤੰਤਰ ਦਿਵਸ ਛੱਬੀ ਜਨਵਰੀ ਇਨ੍ਹਾਂ ਹੰਝੂਆਂ ਨੂੰ ਸੁਕਾਉਣ ਦਾ ਦਿਨ ਬਣ ਜਾਂਦਾ ਹੈ, ਕਿਉਂਕਿ ਇਸ ਦਿਨ ਨੂੰ ਤਾਂ ਸਰਕਾਰੀ ਤੇ ਗੈਰ ਸਰਕਾਰੀ ਤੌਰ ‘ਤੇ ਇਸ ਆਜ਼ਾਦੀ ਨੂੰ ਮਾਣਨ ਦਾ ਦਿਨ ਬਣਾ ਕੇ ਪੇਸ਼ ਕੀਤਾ ਗਿਆ ਹੈ। ਪੰਦਰਾਂ ਅਗਸਤ ਦਾ ਦਿਨ ਤਾਂ ਕਈ ਲੋਕਾਂ ਨੂੰ ਆਪਣੇ ਮਾਪਿਆਂ ਦੀ ਯਾਦ ਵੀ ਕਰਾਉਂਦਾ ਹੈ, ਜੋ ਇਸ ਦਿਨ ਮਾਰੇ ਗਏ ਸਨ। ਕਈ ਇਸਤਰੀਆ ਨੂੰ ਆਪਣੇ ਸੁਹਾਗ ਦੇ ਖ਼ਤਮ ਹੋਣ ਦੀ ਯਾਦ ਆਉਂਦੀ ਹੈ, ਕਈ ਲੋਕਾਂ ਨੂੰ ਆਪਣੀਆਂ ਜ਼ਰਖੇਜ਼ ਜ਼ਮੀਨਾਂ ‘ਤੇ ਆਲੀਸ਼ਾਨ ਮਕਾਨ ਯਾਦਾਂ ਬਣ ਕੇ ਸਤਾਉਂਦੇ ਹਨ, ਜਿਨ੍ਹਾਂ ਨੂੰ ਉਹ ਪਿੱਛੇ ਛੱਡ ਆਏ ਸਨ। ਪੰਦਰਾਂ ਅਗਸਤ ਦਾ ਦਿਨ ਜਿੱਥੇ ਕੁਰਬਾਨੀ, ਆਪਾ ਵਾਰਨ ਤੇ ਆਜ਼ਾਦੀ ਦਾ ਮੁੱਲ ਤਾਰਨ ਦੇ ਦਿਨ ਵਜੋਂ ਉੱਭਰਦਾ ਹੈ, ਉੱਥੇ ਗਣਤੰਤਰ ਦਿਵਸ ਇਸ ਮੁੱਲ ਨੂੰ ਹਮੇਸ਼ਾ ਲਈ ਆਪਣਾ ਬਣਾਉਣ ਤੇ ਦੁਨੀਆ ਸਾਹਮਣੇ ਆਪਣੀ ਸ਼ਕਤੀ ਤੇ ਜਸ ਪ੍ਰਗਟਾਉਣ ਦਾ ਦਿਨ ਸਮਝਿਆ ਜਾਂਦਾ ਹੈ।

ਗਣਤੰਤਰ ਦਿਵਸ 26 ਜਨਵਰੀ 1950 ਤੋਂ ਲਗਾਤਾਰ ਨਵੀਂ ਦਿੱਲੀ ਵਿਖੇ ਪਰੇਡ ਗਰਾਉਂਡ ਵਿਖੇ ਮਨਾਇਆ ਜਾਂਦਾ ਰਿਹਾ ਹੈ। ਪਹਿਲੇ ਗਣਤੰਤਰ ਦਿਵਸ ਵਿਚ ਭਾਵੇਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਮੌਜੂਦ ਨਹੀਂ ਸਨ, ਪਰ ਇਨ੍ਹਾਂ ਤੋਂ ਇਲਾਵਾ ਪਟੇਲ, ਸਰੋਜਨੀ ਨਾਇਡੂ, ਡਾ. ਰਾਧਾਕ੍ਰਿਸ਼ਨਨ, ਡਾ. ਜ਼ਾਕਿਰ ਹੁਸੈਨ ਵਰਗੇ ਨੇਤਾ ਸ਼ਾਮਲ ਸਨ। ਜਦੋਂ ਤੋਂ ਛੱਬੀ ਜਨਵਰੀ ਦਾ ਦਿਨ ਮਨਾਉਣਾ ਸ਼ੁਰੂ ਹੋਇਆ, ਉਸ ਦਿਨ ਤੋਂ ਹੀ ਇਹ ਪਰੰਪਰਾ ਬਣ ਗਈ ਕਿ ਅਸੀਂ ਇਕ ਰਾਸ਼ਟਰ ਦੇ ਤੌਰ ‘ਤੇ ਆਪਣੀਆਂ ਸਾਰੀਆਂ ਪ੍ਰਾਪਤੀਆਂ ਦਾ ਪ੍ਰਦਰਸ਼ਨ ਛੱਬੀ ਜਨਵਰੀ ਦੀ ਇਕ ਪਰੇਡ ਵਿੱਚ ਕਰਾਂਗੇ। ਉਸ ਸਮੇਂ ਸਾਰੀ ਦੁਨੀਆਂ ਨੂੰ ਇਹ ਦਸਣਾ ਜ਼ਰੂਰੀ ਸੀ ਕਿ ਅਸੀਂ ਹੁਣ ਪੂਰੀ ਤਰ੍ਹਾਂ ਆਜ਼ਾਦ ਹਾਂ, ਸਾਡਾ ਇਕ ਸੰਪੂਰਨ ਸੰਵਿਧਾਨ ਹੈ। ਸਾਡੇ ਚੁਣੇ ਹੋਏ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਹਨ ਤੇ ਲੋਕ ਸਭਾ ਹੈ। ਸਾਡੀ ਫੌਜ ਦੀ ਪੂਰੀ ਸਮਰੱਥਾ ਹੈ, ਜਿਸਨੂੰ ਅਸੀਂ ਵੱਖੋ-ਵੱਖਰੀਆਂ ਝਾਕੀਆਂ ਰਾਹੀਂ ਦਰਸਾ ਕੇ ਦੁਨੀਆਂ ਸਾਹਮਣੇ ਇਹ ਦੱਸਦੇ ਸੀ ਕਿ ਸੰਕਟ ਦੀ ਘੜੀ ਸਮੇਂ ਅਸੀਂ ਦੇਸ਼ ਦੀ ਰੱਖਿਆ ਵੀ ਕਰ ਸਕਦੇ ਹਾਂ। ਇਸ ਲਈ ਹੀ ਤਾਂ ਛੱਬੀ ਜਨਵਰੀ ਵਾਲੇ ਦਿਨ ਵੱਖੋ-ਵੱਖਰੇ ਸੈਨਾ ਮੈਡਲ ਵੀ ਦਿੱਤੇ ਜਾਂਦੇ ਹਨ, ਬਾਹਰਲੇ ਮਹਿਮਾਨਾਂ ਨੂੰ ਵਿਸ਼ੇਸ਼ ਤੌਰ ‘ਤੇ ਬੁਲਾਇਆ ਜਾਂਦਾ ਰਿਹਾ। ਹੈ। ਨਾ ਕੇਵਲ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ, ਸਗੋਂ ਹਰ ਪ੍ਰਾਂਤ, ਹਰ ਸ਼ਹਿਰ, ਕਸਬੇ ਤੇ ਹੁਣ ਹਰ ਮੁਹੱਲੇ ਵਿਚ ਇਕ ਤਰ੍ਹਾਂ ਦੇ ਖੁਸ਼ੀ ਦੇ ਸਮਾਨਾਂਤਰ ਸਮਾਗਮ ਮਨਾਏ ਜਾਂਦੇ ਹਨ, ਇਸ ਤਰ੍ਹਾਂ ਪਰੰਪਰਾ ਨੇ ਦੇਸ਼ ਦੀ ਆਜ਼ਾਦੀ ਨੂੰ ਮੰਗਲਮਈ ਬਣਾ ਕੇ ਪੇਸ਼ ਕਰਨ ਦਾ ਸਾਰਥਕ ਯਤਨ ਕੀਤਾ ਹੈ।

ਛੱਬੀ ਜਨਵਰੀ ਨੂੰ ਭਾਰਤ ਦਾ ਗਣਤੰਤਰ ਦਿਵਸ ਮਨਾਉਂਦੇ ਹੋਏ ਕੁੱਝ ਅਹਿਮ ਪ੍ਰਸ਼ਨ ਵੀ ਸਾਡੇ ਮਨ ਵਿੱਚ ਉਪਜਦੇ ਹਨ।

ਕੀ ਭਾਰਤੀ ਰਾਸ਼ਟਰ ਨੂੰ ਕੇਵਲ ਇਸ ਦਿਨ ਦੇਸ਼ ਦੀਆਂ ਵੱਖੋ-ਵੱਖਰੀਆਂ ਰਾਜਧਾਨੀਆਂ ਵਿੱਚ ਪਰੇਡਾਂ ਕਰਕੇ ਮਨਾਉਣ ਤੱਕ ਹੀ ਸੀਮਤ ਰੱਖਣਾ ਚਾਹੀਦਾ ਹੈ?

ਕੀ ਆਜ਼ਾਦੀ ਦੇ ਨਾਂ ‘ਤੇ ਖੁਸ਼ ਹੋ ਕੇ ਸਮਾਜ ਵਿੱਚ ਆਰਥਿਕ ਬਰਾਬਰੀ ਲਿਆ ਸਕੇ ਹਾਂ?

ਕੀ ਦੇਸ਼ ਵਿੱਚ ਭ੍ਰਿਸ਼ਟਾਚਾਰ ਨੇ ਇੰਨਾ ਸਿਰ ਹੀ ਚੁੱਕ ਲਿਆ ਕਿ ਧਨ ਦੀ ਵੰਡ ਇਕਸਾਰ ਨਹੀਂ ਰਹਿ ਗਈ?

ਕੀ ਵੱਧਦੀ ਵਸੋਂ ਨੇ ਰੋਜ਼ਗਾਰ ਦੇ ਸਾਧਨ ਬਿਲਕੁਲ ਖ਼ਤਮ ਨਹੀਂ ਕਰ ਦਿੱਤੇ ਹਨ?

ਕੀ ਸਾਡੀ ਸਿੱਖਿਆ ਪ੍ਰਣਾਲੀ ਨੇ ਲਾਰਡ ਮੈਕਾਲੇ ਦੀ ਸਿੱਖਿਆ ਨੀਤੀ ਤੋਂ ਤਿਲਾਂਜਲੀ ਲੈ ਕੇ ਕੋਈ ਦੇਸ਼ ਦੀਆਂ ਲੋੜਾਂ ਪੂਰੀਆਂ ਕਰਨ ਵਿੱਚ ਇਨਕਲਾਬੀ ਪਰਿਵਰਤਨ ਲਿਆਂਦੇ ਹਨ?

ਕੀ ਸੰਵਿਧਾਨ ਲਿਖਣਾ ਅਤੇ ਉਸ ਰਾਹੀਂ ਰੰਗੀਲੇ ਸਮਾਗਮ ਰਚਾ ਕੇ ਖੁਸ਼ ਹੋ ਜਾਣਾ ਹੀ ਗਣਤੰਤਰ ਦਿਵਸ ਨੂੰ ਸਾਰਥਕ ਬਣਾਉਂਦਾ ਹੈ?

ਇਹ ਸਾਰੇ ਉਪਰੋਕਤ ਪ੍ਰਸ਼ਨ ਅਸੀ ਜੇ ਗਣਤੰਤਰ ਦਿਵਸ ਵਾਲੇ ਦਿਨ ਨਹੀਂ ਸੋਚਾਂਗੇ ਤਾਂ ਫਿਰ ਕਿਸ ਦਿਨ ਅਸੀਂ ਇਨ੍ਹਾਂ ਬਾਰੇ ਸੋਚ ਕੇ ਆਪਣੀ ਸਾਰ ਲਵਾਂਗੇ। ਆਖ਼ਰਕਾਰ ਗਣਤੰਤਰ ਦਿਵਸ ਤਾਂ ਇਸ ਲਈ ਹੀ ਬਣਿਆ ਹੈ ਕਿ ਅਸੀਂ ਲਿਖਤੀ ਰੂਪ ਵਿੱਚ ਉਨ੍ਹਾਂ ਨਿਰਣਿਆਂ ਬਾਰੇ ਸਾਂਝੀ ਰਾਏ ਕਾਇਮ ਕਰੀਏ ਜਿਸ ਨਾਲ ਦੇਸ਼ ਦਾ ਭਵਿੱਖ ਉਜਲਾ ਬਣਾਇਆ ਜਾ ਸਕੇ।

ਇਸ ਦਿਨ ਤਾਂ ਇੱਕ ਆਮ ਨਾਗਰਿਕ ਤੇ ਉਸਦਾ ਪਰਿਵਾਰ ਮੂਕ ਅਵਸਥਾ ਵਿੱਚ ਖਲੋਤਾ ਇਨ੍ਹਾਂ ਰਸਮੀ ਤੌਰ ‘ਤੇ ਸਮਾਗਮਾਂ ਵਿੱਚ ਸ਼ਰੀਕ ਤਾਂ ਹੁੰਦਾ ਹੈ, ਪਰ ਵਿਅਕਤੀਗਤ ਪੱਧਰ ‘ਤੇ ਉਹ ਆਪਣੇ ਆਪ ਨੂੰ ਸਮੱਸਿਆਵਾਂ ਵਿੱਚ ਘਿਰਿਆ ਹੋਇਆ ਮਹਿਸੂਸ ਕਰਦਾ ਹੈ। ਜਿਸ ਤਰ੍ਹਾਂ ਗਣਤੰਤਰ ਦਿਵਸ ਦੀ ਪਰੇਡ ਵਿੱਚ ਵੱਖੋ-ਵੱਖਰੀਆਂ ਝਾਕੀਆਂ ਉਸਦੇ ਸਾਹਮਣੇ ਨਿਕਲ ਜਾਂਦੀਆਂ ਹਨ, ਇਸ ਤਰ੍ਹਾ ਉਸਦੇ ਮਨ ਵਿੱਚ 26 ਜਨਵਰੀ, 1950 ਤੋਂ ਬਾਅਦ ਦੀਆਂ ਦੇਸ਼ ਦੀਆਂ ਆਰਥਿਕ, ਸਮਾਜਿਕ, ਰਾਜਨੀਤਕ ਅਤੇ ਨੈਤਿਕ ਅਵਸਥਾ ਦੀਆਂ ਝਾਕੀਆਂ ਇੱਕ ਚਲਚਿੱਤਰ ਦੀ ਤਰ੍ਹਾਂ ਉਸਦੇ ਮਨ ਵਿੱਚ ਵੱਖੋ-ਵੱਖਰੇ ਬਿੰਬ ਉਸਾਰਦੀਆਂ ਅਤੀਤ ਦੇ ਹਨ੍ਹੇਰੇ ਵਿੱਚ ਗਵਾਚ ਜਾਂਦੀਆਂ ਹਨ। ਦੇਸ਼ ਦੀ ਆਰਥਕ ਤਾਕੀ ਵਿੱਚ ਉਹ ਵੇਖਦਾ ਹੈ ਕਿ ਦੇਸ਼ ਕੋਲ ਆਰਥਕ ਸਾਧਨ ਬਿਲਕੁਲ ਸੀਮਤ ਰਹਿ ਗਏ ਹਨ। ਦੇਸ਼ ਦੀਆਂ ਰਾਜ ਸਰਕਾਰਾਂ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਤੇ ਸਾਡੇ ਬਜ਼ੁਰਗ ਤੇ ਸਤਿਕਾਰਯੋਗ ਨਾਗਰਿਕਾਂ ਨੂੰ ਪੈਨਸ਼ਨ ਦੇਣ ਦੇ ਕਾਬਲ ਵੀ ਨਹੀਂ ਰਹੀਆਂ। ਇਹ ਮੁਲਾਜ਼ਮ ਸਰਕਾਰੀ ਕੰਮ ਕਾਜ ਕਰਦੇ ਹਨ ਤੇ ਸਰਕਾਰ ਦਾ ਪਹਿਲਾ ਫਰਜ਼ ਇਨ੍ਹਾਂ ਦੇ ਪਰਿਵਾਰਾਂ ਨੂੰ ਪਾਲਣਾ ਹੈ, ਪਰ ਇਸ ਦਿਨ ਇੱਕ ਆਮ ਨਾਗਰਿਕ ਗਣਤੰਤਰ ਦਿਵਸ ਦੀ ਸਜੀ ਹੋਈ ਝਾਕੀ ਦੀ ਥਾਂ ਤੇ ਆਪਣੀ ਦਰਦ ਭਰੀ ਆਰਥਕ ਝਾਕੀ ਨੂੰ ਵਧੇਰੇ ਮਨ ਦੇ ਚਿੱਤਰਪਟ ‘ਤੇ ਦੇਖਦਾ ਹੈ। ਇਸ ਆਰਥਕ ਝਾਕੀ ਵਿੱਚ ਉਹ ਆਪਣੇ ਬੱਚਿਆਂ ਦਾ ਭਵਿੱਖ ਵੇਖਦਾ ਹੈ, ਰੋਜ਼ਗਾਰ ਦੇ ਸੀਮਤ ਵਸੀਲੇ, ਆਰਥਿਕ ਸਾਧਨਾਂ ਦੀ ਕਾਣੀ ਵੰਡ, ਅਮੀਰ ਤੇ ਗਰੀਬ ਸ਼੍ਰੇਣੀ ਦਾ ਵੱਧਦਾ ਪਾੜਾ, ਨੌਜਵਾਨਾਂ ਦਾ ਪੱਛਮੀ ਸਭਿਆਚਾਰ ਦੇ ਚਕਾਚੌਂਧ ਅਸਰ ਤੋਂ ਪ੍ਰਭਾਵਿਤ ਹੋਣਾ, ਲੜਕੀਆਂ ਦਾ ਦਾਜ ਵਿੱਚ ਬਲੀ ਚੜ੍ਹਨਾ, ਔਰਤਾਂ ਨਾਲ ਕੀਤੇ ਜਾਂਦੇ ਕੁਕਰਮ ਸਾਰੇ ਵੱਖੋ-ਵੱਖਰੀਆਂ ਝਾਕੀਆਂ ਰਾਹੀਂ ਹੀ ਉਸਦੇ ਮਨੋਂ ਲੰਘਦੇ ਹਨ ਤੇ ਉਹ ਲਾਚਾਰ ਤੇ ਬੇਬਸੀ ਦੇ ਮਾਰੂਥਲ ਵਿਚ ਭਟਕਦਾ ਰਹਿ ਜਾਂਦਾ ਹੈ।

ਇਸ ਤੋਂ ਬਾਅਦ ਇੱਕ ਝਾਕੀ ਸਮਾਜਿਕ ਪਤਨ ਦੀ ਉਸਦੇ ਮਨ ਦੇ ਚਲਚਿੱਤਰ ਵਿਚ ਨਿਕਲਦੀ ਹੈ, ਜਿਸ ਰਾਹੀਂ ਉਹ ਵੇਖਦਾ ਹੈ ਕਿ ਸਮਾਜਿਕ ਕਦਰਾਂ ਕੀਮਤਾਂ ਵਿੱਚ ਜਿੰਨੀ ਗਿਰਾਵਟ ਹੁਣ ਦੇ ਸਮੇਂ ਵਿੱਚ ਆਈ ਹੈ, ਉਹ ਕਿਸੇ ਸਮੇਂ ਵਿਚ ਵੀ ਨਹੀਂ ਸੀ। ਦੇਸ਼ ਦੇ ਨੇਤਾ ਹੀ ਜਦੋਂ ਆਪਣਾ ਈਮਾਨ ਵੇਚ ਕੇ ਆਪਣੇ ਸਿਧਾਂਤਾਂ ‘ਤੇ ਪਹਿਰਾ ਨਾ ਦੇਣ ਤਾਂ ਲੋਕ ਕਿਸਦੀ ਰੀਸ ਕਰਨ? ਲੱਖ ਸੰਵਿਧਾਨ ਵਿੱਚ ਸੋਧਾਂ ਕਰ ਲਓ, ਪਰ ਜਦੋਂ ਕਿਸੇ ਨੇਤਾ ਵਿੱਚ ਆਪਣੇ ਸਵਾਰਥ ਨੂੰ ਪੂਰਾ ਕਰਨ ਦੀ ਲਾਲਸਾ ਪੈਦਾ ਹੋ ਜਾਵੇ ਤਾਂ ਕੋਈ ਵੀ ਤਰਮੀਮ ਸਥਾਈ ਤੌਰ ‘ਤੇ ਵਿਸ਼ਵਾਸਘਾਤ ਕਰਨ ਤੋਂ ਰੋਕ ਨਹੀਂ ਸਕਦੀ। ਰਾਜਨੀਤੀ ਅਤੇ ਸਮਾਜਿਕ ਜੀਵਨ ਵਿੱਚ ਬਹੁਤ ਡੂੰਘਾ ਸੰਬੰਧ ਹੁੰਦਾ ਹੈ। ਜੇ ਦੇਸ਼ ਦੇ ਨੇਤਾ ਕੁਰਬਾਨੀ ਵਾਲੇ, ਨੈਤਿਕ ਕਦਰਾਂ ਨਾਲ ਭਰਪੂਰ, ਉੱਚੇ ਆਦਰਸ਼ ਵਾਲੇ ਹੋਣਗੇ ਤਾਂ ਹੀ ਸਮਾਜਿਕ ਜੀਵਨ ਵਿਚ ਅਸੀਂ ਉਨ੍ਹਾਂ ਦੇ ਪਾਏ ਹੋਏ ਪੂਰਨਿਆਂ ‘ਤੇ ਚਲ ਸਕਦੇ ਹਾਂ।

ਪਰ ਅੱਜ ਦਾ ਨਾਗਰਿਕ ਚੁੱਪ ਦੀ ਗਲੀ ਵਿਚ ਰਹਿੰਦਿਆਂ ਆਪਣੇ ਮਨ ਦੀ ਖਿੜਕੀ ਨੂੰ ਖੋਲ੍ਹਦਿਆਂ ਹੋਇਆ ਇਹ ਦੇਖਦਾ ਹੈ ਕਿ ਅੱਜ ਦੇਸ਼ ਦੇ ਮੰਤਰੀ ਕਈ ਤਰ੍ਹਾਂ ਦੇ ਘੁਟਾਲਿਆਂ ਵਿੱਚ ਫਸੇ ਹੋਏ ਹਨ, ਇੱਥੋਂ ਤੱਕ ਕਿ ਬਲਾਤਕਾਰ ਜਿਹੇ ਇਲਜ਼ਾਮ ਉਨ੍ਹਾਂ ‘ਤੇ ਲਗਾਏ ਜਾ ਰਹੇ ਹਨ, ਰਾਜਨੀਤੀ ਉਨ੍ਹਾਂ ਲਈ ਇੱਕ ਵਿਉਪਾਰ ਬਣ ਗਈ ਹੈ, ਇਸ ਲਈ ਉਹ ਆਮ ਨਾਗਰਿਕਾਂ ਨਾਲੋਂ ਆਪਣੇ ਧੀਆਂ-ਪੁੱਤਾਂ ਨੂੰ ਮੰਤਰੀ ਬਣਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਚੋਣ ਟਿਕਟਾਂ ਦਿਵਾਉਣ ਲਈ ਜ਼ੋਰ ਲਾਉਂਦੇ ਹਨ। ਅਜਿਹੀ ਸਥਿਤੀ ਵਿੱਚ ਇੱਕ ਸਾਧਾਰਣ ਵਿਅਕਤੀ ਨੂੰ ਗਣਤੰਤਰ ਦੀਆਂ ਝਾਕੀਆਂ ਮਨਮੋਹਣੀਆਂ ਨਹੀਂ ਲੱਗਦੀਆਂ।

ਆਜ਼ਾਦੀ ਦਾ ਸੰਕਲਪ ਤਾਂ ਉਸਦੇ ਮਨ ਵਿੱਚ ਹੈ ਤੇ ਜੇ ਮਨ ਹੀ ਸਮਾਜਿਕ, ਰਾਜਨੀਤਿਕ, ਨੈਤਿਕ, ਆਰਥਿਕ ਪਰੇਸ਼ਾਨੀਆਂ ਦੀਆਂ ਦਿਲ-ਹਿਲਾਉ ਝਾਕੀਆਂ ਨਾਲ ਭਰਿਆ ਪਿਆ ਹੈ ਤਾਂ ਗਣਤੰਤਰ ਦਿਵਸ ਵੀ ਹੋਰ ਆਮ ਦਿਨਾਂ ਵਾਂਗ ਉਸਨੂੰ ਭਾਸ਼ਣ ਲੱਗਦਾ ਹੈ।

ਹੁਣ ਆਜ਼ਾਦ ਭਾਰਤ ਵਿਚ ਦੇਸ਼ ਵਾਸੀਆਂ ਨੇ ਇਤਿਹਾਸ ਨੂੰ ਪੁੱਠਾ ਪੜ੍ਹਨਾ ਸ਼ੁਰੂ ਕਰ ਦਿੱਤਾ ਹੈ। ਲਾਲ ਕਿਲ੍ਹੇ ਤੋਂ ਝੰਡਾ ਲਹਿਰਾਉਂਦੇ ਹੋਏ ਉਹ ਜਲ੍ਹਿਆਂ ਵਾਲੇ ਬਾਗ ਵਿੱਚ ਡਲ੍ਹੇ ਖੂਨ ਨੂੰ ਭੁੱਲ ਜਾਂਦਾ ਹੈ ਤੇ ਇਹ ਝੰਡਾ ਲਹਿਰਾਉਣ ਦੀ ਰਸਮ ਸਾਰੇ ਭਾਰਤ ਵਿੱਚ ਇਕ ਪ੍ਰਕਾਰ ਸਭ ਪਾਸੇ ਇਸੇ ਤਰ੍ਹਾਂ ਹੀ ਮਨਾਈ ਜਾਂਦੀ ਹੈ। ਇਸ ਬਦਲਦੇ ਰਾਜਨੀਤਕ ਮੌਸਮ ਵਿੱਚ ਵਪਾਰ, ਰਾਜ ਪ੍ਰਬੰਧ ਤੇ ਹੋਰ ਸਮਾਜਿਕ ਅਦਾਰਿਆਂ ਨੇ ਸੰਪੂਰਨ ਕਾਲਾ ਰੂਪ ਧਾਰਨ ਕਰ ਲਿਆ ਹੈ ਤੇ ਇਵੇਂ ਜਾਪਦਾ ਹੈ ਕਿ ਜਿਨ੍ਹਾਂ ਨੇ ਸਾਡੀ ਆਤਮਾ ਲਈ ਪਹਿਰੇਦਾਰ ਦਾ ਕੰਮ ਕਰਨਾ ਸੀ, ਉਨ੍ਹਾਂ ਨੇ ਹੀ ਆਪਣੀ ਆਤਮ ‘ਤੇ ਕਾਲਾ ਚੋਗਾ ਪਹਿਨ ਲਿਆ ਹੈ। ਹੁਣ ਲਾਲ ਕਿਲ੍ਹੇ ਤੇ ਲਹਿਰਾਏ ਜਾਣ ਵਾਲੇ ਝੰਡੇ ਦਾ ਰੰਗ ਬਦਰੰਗ ਹੋਇਆ ਲੱਗਦਾ ਹੈ।

ਬਦਲਦੇ ਰਾਜਨੀਤਕ ਮੌਸਮ ਵਿੱਚ ਇਵੇਂ ਜਾਪਦਾ ਹੈ ਕਿ ਜਿਵੇਂ ਸਰਕਾਰਾਂ ਬਦਲਦੀਆਂ ਹਨ, ਪਰ ਨੇਤਾਵਾਂ ਦੀ ਜਹਿਨੀਅਤ ਨਹੀਂ ਬਦਲਦੀ। ਰਾਜਨੀਤਕ ਸੱਤਾ ਪ੍ਰਾਪਤ ਕਰਨ ਲਈ ਉਹ ਗਿਰਗਿਟ ਤੋਂ ਵੀ ਵੱਧ ਆਪਣੀ ਪੁਸ਼ਾਕ ਬਦਲਦੇ ਹਨ, ਚੋਣ ਲੜਨ ਵੇਲੇ ਜੋ ਲੋਕਾਂ ਨੂੰ ਭਰਮਾਉਣ ਲਈ ਮਖੌਟਾ ਪਹਿਨਦੇ ਹਨ, ਉਸ ਨੂੰ ਲਾਹੁਣ ਲੱਗਿਆਂ ਦੇਰੀ ਨਹੀਂ ਲਾਉਂਦੇ ਤੇ ਸੱਤਾ ਵਿੱਚ ਸ਼ਾਮਲ ਹੋਣ ਲਈ ਆਪਣੇ ਅਸੂਲਾਂ ਦੀ ਬਲੀ ਦੇ ਕੇ ਫਿਰ ਇੱਕ ਚਕਾਚੌਂਧ ਕਰਨ ਵਾਲੀ ਪੁਸ਼ਾਕ ਪਹਿਨ ਲੈਂਦੇ ਹਨ। ਇਸ ਨਿੱਤ ਦੇ ਬਦਲਦੇ ਰਾਜਨੀਤਕ ਸਮਝੌਤੇ ਵਿੱਚ ਉਹ ਏਅਰ ਕੰਡੀਸ਼ਨ ਕੋਠੀਆਂ, ਕਾਰਾ ਵਿੱਚ ਬੈਠ ਕੇ ਝੁੱਗੀਆਂ, ਝੌਂਪੜੀਆਂ ਵਾਲੇ ਦੀ ਬਾਤ ਛੋਂਹਦੇ ਹਨ।

ਆਜ਼ਾਦੀ ਦੇ ਜਸ਼ਨਾਂ ਦੀ ਬਹਾਰ ਮਨਾਉਂਦੇ ਹੋਏ ਉਹ ਦੇਸ਼ ਦੇ ਮਰ ਮਿਟਣ ਵਾਲੇ ਪਰਵਾਨਿਆਂ ਨੂੰ ਭੁੱਲ ਜਾਂਦੇ ਹਨ। ਇਸ ਬਹਾਰ ਵਿੱਚ ਮਹਿੰਗਾਈ ਅਤੇ ਭ੍ਰਿਸ਼ਟਾਚਾਰ ਜੋਬਨਮਈ ਆਨੰਦ ਲੈ ਰਹੇ ਜਾਪਦੇ ਹਨ, ਅਪਰਾਧਾਂ ਦਾ ਬੋਲਬਾਲਾ ਦਿਨੋ-ਦਿਨ ਵਧਦਾ ਹੀ ਜਾਂਦਾ ਨਜ਼ਰ ਆਉਂਦਾ ਹੈ, ਇਵੇਂ ਜਾਪਦਾ ਹੈ ਕਿ ਜਿਵੇਂ ਆਜ਼ਾਦੀ ਦੀ ਬਹਾਰ ਨੂੰ ਮਨਾਉਣ ਲਈ ਕੋਤਵਾਲ ਚੋਰ ਨੂੰ ਜਾਮ ਪਿਲਾ ਦੇਣ ਦੀ ਦਾਅਵਤ ਦੇ ਰਿਹਾ ਹੈ। ਰਾਜ ਪ੍ਰਬੰਧ ਦਾ ਇਹ ਹਾਲ ਹੈ ਕਿ ਕੋਈ ਵੀ ਹੱਕ ਪ੍ਰਾਪਤ ਕਰਨ ਲਈ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਪੈ ਰਿਹਾ ਹੈ। ਜਿਨ੍ਹਾਂ ਨੇਤਾਵਾਂ ਤੋਂ ਇਹ ਆਸ ਕੀਤੀ ਜਾਂਦੀ ਸੀ ਕਿ ਉਹ ਦੇਸ਼ ਦੀ ਅਗਵਾਈ ਕਰਨਗੇ, ਉਹ ਹੀ ਲੋਕ ਦੋਸ਼ੀ ਬਣ ਕੇ ਕਟਹਿਰੇ ਵਿੱਚ ਖੜ੍ਹੇ ਦਿਸ ਰਹੇ ਹਨ। ਨਾਗ ਤਾਂ ਅਕਾਰਣ ਹੀ ਬਦਨਾਮ ਹੋ ਗਏ ਹਨ, ਨਾਗਾਂ ਦਾ ਕੰਮ ਮਾਂਦਰੀਆਂ ਨੇ ਕਰਨਾ ਸ਼ੁਰੂ ਕਰ ਦਿੱਤਾ। ਹੈ। ਹਾਲਤ ਇਹ ਹੋ ਗਈ ਹੈ ਕਿ ਆਜ਼ਾਦੀ ਵਾਲੇ ਦਿਨ ਇਕ ਆਮ ਆਦਮੀ ਦੁਸਰੇ ਤੋਂ ਇਹ ਹੀ ਪੁੱਛ ਰਿਹਾ ਜਾਪ ਰਿਹਾ ਹੈ ਕਿ ਕੀ ਉਸ ਨੇ ਆਜ਼ਾਦੀ ਨਾਂ ਦੀ ਕੋਈ ਵਸਤੂ ਵੇਖੀ ਹੈ? ਇਕ ਆਮ ਵਿਅਕਤੀ ਦੀ ਸਥਿਤੀ ਇਹ ਹੈ ਕੇ ਕਿ ਹੁਣ ਬਦਲਦੇ ਰਾਜਨੀਤਕ ਮੌਸਮ ਵਿੱਚ ਬਾਗਾਂ ਵਿੱਚ ਅੰਬਾਂ ਦੀ ਮਿਠਾਸ ਤੇ ਉਨ੍ਹਾਂ ਦੀ ਛਾਂ ਮਾਨਣ ਲਈ ਉਸ ਦੇ ਦੀ ਰੂਹ ਕਲਵਲ ਨਹੀਂ ਹੁੰਦੀ ਤੇ ਨਾ ਹੀ ਅੰਬਾਂ ਵਿੱਚ ਬੋਲਦੀ ਕੋਇਲ ਦੀ ਮਿੱਠੀ ਆਵਾਜ਼ ਉਸ ਦੇ ਮਨ ਨੂੰ ਵਿਸ਼ੇਸ਼ ਤੌਰ ‘ਤੇ ਮੋਂਹਦੀ ਹੈ। ਪਹਿਲਾਂ ਦੇਸ਼ ਦੇ ਪਰਵਾਨਿਆਂ ਨੂੰ ਜੇਲਾਂ ਵਿੱਚ ਗੁਜ਼ਾਰੇ ਗਰਮੀਆਂ ਦੇ ਦਿਨਾਂ ਵਿੱਚ ਸਰੀਹ ਦੀਆਂ ਛਾਵਾਂ ਥੱਲੇ ਕੱਟੇ ਚੁਮਾਸੇ, ਯਾਦਗਾਰ ਬਣ ਕੇ ਉਨ੍ਹਾਂ ਦੀ ਰੂਹ ਨੂੰ ਹੁਲਾਰਾ ਦੇ ਜਾਂਦੇ ਸਨ, ਪਰ ਹੁਣ ਜੇਲ੍ਹ ਯਾਤਰਾ ਇੱਕ ਸਨਦ ਦਾ ਕੰਮ ਕਰਨ ਲੱਗ ਪਈ ਹੈ, ਜਿਸ ਦੇ ਬਲ ਨਾਲ ਆਜ਼ਾਦੀ ਦੇ ਸੰਗਰਾਮੀ ਸਰਕਾਰੀ ਪੈਨਸ਼ਨ ਦੇ ਹੱਕਦਾਰ ਹੋ ਸਕਦੇ ਹਨ। ਦੇਸ਼ ਵਿੱਚ ਪਰਜਾਤੰਤਰ ਆਉਣ ਨਾਲ ਉਮੀਦ ਕੀਤੀ ਜਾਂਦੀ ਸੀ ਕਿ ਲੋਕਾਂ ਵਿੱਚ ਆਰਥਿਕ ਬਰਾਬਰੀ ਤੇ ਸਮਾਜਵਾਦ ਦੀ ਫੁੱਲਾਂ ਦੀ ਖੁਸ਼ਬੂ ਮਾਣੀ ਜਾ ਸਕੇਗੀ, ਪਰ ਅਜਿਹਾ ਕੁੱਝ ਵੀ ਨਹੀਂ ਹੋਇਆ। ਦੇਸ਼ ਦੀ ਪੂੰਜੀ ਹੁਣ ਕੁੱਝ ਲੋਕਾਂ ਦੇ ਹੱਥਾਂ ਵਿੱਚ ਸੀਮਤ ਹੋ ਕੇ ਰਹਿ ਗਈ ਹੈ। ਇਨ੍ਹਾਂ ਪੂੰਜੀਪਤੀਆਂ ਨੇ ਇਕ-ਦੂਸਰੇ ਤੋਂ ਧਨ ਖੋਹਣ ਦੀ ਪ੍ਰਕਿਰਿਆ ਆਰੰਭ ਕਰ ਦਿੱਤੀ ਹੈ, ਪਰ ਧਨ ਜਿਨ੍ਹਾਂ ਕੋਲ ਆਮ ਜ਼ਰੂਰਤਾਂ ਲਈ ਵੀ ਨਹੀਂ, ਉਨ੍ਹਾਂ ਕੋਲ ਨਹੀਂ ਜਾ ਰਿਹਾ। ਜਦੋਂ ਧਨ ਇਕੱਠਾ ਕਰਨ ਲਈ ਖੂਨ ਪਸੀਨਾ ਇਕ ਨਾ ਕਰਨਾ ਹੋਵੇ ਤਾਂ ਉਸ ਸਮਾਜਿਕ ਵਿਵਸਥਾ ਵਿੱਚ ਭ੍ਰਿਸ਼ਟਾਚਾਰ ਦੇ ਸਪੋਲੀਏ ਆਮ ਤੁਰਦੇ ਨਜ਼ਰ ਆਉਂਦੇ ਹਨ ਤੇ ਸਾਰਾ ਮਾਹੌਲ ਜ਼ਹਿਰੀਲਾ ਨਜ਼ਰ ਆਉਣ ਲੱਗ ਜਾਂਦਾ ਹੈ।

ਆਜ਼ਾਦੀ ਦੀ ਪਰੀ ਨੂੰ ਵਿਆਹੁਣ ਲਈ ਸਾਰੇ ਭਾਰਤ ਵਿੱਚ ਅੱਸੀ ਪ੍ਰਤੀਸ਼ਤ ਤੋਂ ਵੀ ਵੱਧ ਕੁਰਬਾਨੀਆਂ, ਪੰਜਾਬੀਆਂ ਨੇ ਦਿੱਤੀਆਂ ਸਨ, ਪਰ ਹੁਣ ਹਾਲਤ ਇਹ ਹੈ ਕਿ ਉਨ੍ਹਾਂ ਨਾਲ ਹਮਦਰਦੀ ਦਿਖਾਉਣੀ ਅਹਿਸਾਨ ਦਿਖਾਉਣ ਵਾਲੀ ਗੱਲ ਜਾਪ ਰਹੀ ਹੈ। ਪੰਜਾਬ ਵਿੱਚ ਪਿਛਲੇ ਇੱਕ ਦਹਾਕੇ ਵਿੱਚ ਹਿੰਸਾ ਦਾ ਬੋਲਬਾਲਾ ਏਨਾ ਰਿਹਾ ਹੈ ਕਿ ਅਸੀਂ ਹਰ ਰੋਜ਼ ਹਿੰਸਾ ਦਾ ਜਨਮ ਦਿਨ ਹੀ ਮਨਾਉਂਦੇ ਹਾਂ। ਸਾਰੀਆਂ ਧਰਮਾਂ ਅਤੇ ਜਾਤਾਂ ਦੇ ਲੋਕਾਂ ਨੇ ਇਸ ਹਿੰਸਾ ਵਿੱਚ ਕੁਰਬਾਨੀਆਂ ਦਿੱਤੀਆਂ ਹਨ, ਪਰ ਪੰਜਾਬੀਆਂ ਦੇ ਜ਼ਖ਼ਮਾਂ ਨੂੰ ਮਰਹਮ ਲਾਉਣ ਦੀ ਥਾਂ ‘ਤੇ ਉਨ੍ਹਾਂ ਦੇ ਜ਼ਖ਼ਮਾਂ ‘ਤੇ ਨਮਕ ਛਿੜਕਿਆ ਜਾਂਦਾ ਹੈ। ਸਹਿਜੇ ਹੀ ਅੱਜ ਦੇ ਸੱਤਾ ਦੇ ਲਾਲਚੀਆਂ ਨੇ ਪੰਜਾਬੀਆਂ ਦੇ ਯੋਗਦਾਨ ਨੂੰ ਭੁਲਾ ਦਿੱਤਾ ਹੈ। ਸਭ ਤੋਂ ਪਹਿਲਾਂ ਬਾਬਾ ਰਾਮ ਸਿੰਘ ਦੇ ਕੂਕਿਆਂ ਨੇ ਅੰਗਰੇਜ਼ੀ ਸਾਮਰਾਜ ਦਾ ਬਾਈਕਾਟ ਕੀਤਾ ਤੇ ਇਸ ਕਾਰਣ ਉਨ੍ਹਾਂ ਨੂੰ ਤੋਪਾਂ ਦੇ ਅੱਗੇ ਕਰ ਕੇ ਉਡਾਇਆ ਗਿਆ। ਜੇ ਕਿਸੇ ਕੂਕੇ ਦਾ ਕੱਦ ਤੋਪ ਦੇ ਗੋਲੇ ਤੋਂ ਨੀਵਾਂ ਰਹਿ ਜਾਂਦਾ ਸੀ। ਤਾਂ ਉਹ ਭੱਜ ਕੇ ਮੌਤ ਰਾਣੀ ਨੂੰ ਗਲਵਕੜੀ ਪਾਉਣ ਲਈ ਇੱਟਾਂ ਚੁੱਕ ਲਿਆਉਂਦਾ ਤਾਂ ਜੋ ਅੰਗਰੇਜ਼ੀ ਰਾਜ ਦਾ ਕੋਈ ਗੋਲਾ ਜਾਇਆ ਨਾ ਜਾਵੇ।

ਭਾਰਤ ਦੇ ਨਵੇਂ ਪ੍ਰਧਾਨ ਮੰਤਰੀ ਜੋ ਕਿ ਕਿਸਾਨਾਂ ਦੀ ਰੱਖਿਆ ਦੇ ਪੈਰੋਕਾਰ ਹਨ ਤੇ ਉਨ੍ਹਾਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨਾ ਚਾਹੁੰਦੇ ਹਨ। ਉਨ੍ਹਾਂ ਨੂੰ ਪੰਜਾਬ ਵਿੱਚ ਕਿਸਾਨ ਲਹਿਰ ਦੇ ਤੱਥਾਂ ਨਾਲ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਸਭ ਤੋਂ ਪਹਿਲਾਂ ਪੰਜਾਬੀ ਕਿਸਾਨਾਂ ਨੇ ਹੀ ਅੰਗਰੇਜ਼ਾਂ ਦੇ ਖਿਲਾਫ਼ ਅੰਦੋਲਨ ਚਲਾਇਆ ਜਿਸ ਦੇ ਆਗੂ ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਸਨ। ਉਸ ਸਮੇਂ ਹੀ ਪੰਜਾਬ ਦੇ ਹੀ ਇਕ ਕਵੀ ਬਾਂਕੇ ਦਿਆਲ ਨੇ ਕਿਸਾਨ ਲਹਿਰ ਵਿੱਚ ਜੋਸ਼ ਭਰਨ ਲਈ ‘ਪਗੜੀ ਸੰਭਾਲ ਜੱਟਾ’ ਨਾਂ ਦੀ ਕਵਿਤਾ ਲਿਖੀ। ਸਰਕਾਰ ਨੇ ਕਿਸਾਨ ਲਹਿਰ ਦੇ ਮੁੱਖ ਆਗੂ ਅਜੀਤ ਸਿੰਘ ਨੂੰ ਜਲਾਵਤਨ ਕਰ ਕੇ ਮਾਂਡਲੇ ਜੇਲ੍ਹ ਵਿੱਚ ਭੇਜ ਦਿੱਤਾ। ਇਹ ਕਿਸਾਨ ਲਹਿਰ ਪੰਜਾਬੀਆਂ ਵਲੋਂ ਚਲਾਈ ਗਈ ਰਾਸ਼ਟਰੀ ਲਹਿਰ ਦਾ ਪ੍ਰਮੁੱਖ ਅੰਗ ਬਣ ਗਈ ਤੇ ਆਜ਼ਾਦੀ ਪ੍ਰਾਪਤ ਕਰਨਾ ਇਸ ਦਾ ਪ੍ਰਮੁੱਖ ਨਿਸ਼ਾਨਾ ਬਣ ਗਿਆ।

ਪੰਜਾਬੀਆਂ ਵਿੱਚੋਂ ਅਸੀਂ ਲਾਲਾ ਹਰਦਿਆਲ ਦੇ ਯੋਗਦਾਨ ਨੂੰ ਕਦੇ ਨਹੀਂ ਭੁੱਲ ਸਕਦੇ। ਜਿਨ੍ਹਾਂ ਨੇ ਅਮਰੀਕਾ ਵਿਖੇ ਗ਼ਦਰ ਲਹਿਰ ਦੀ ਨੀਂਹ ਰੱਖੀ। ਉਸ ਸਮੇਂ ਕੁੱਝ ਪੰਜਾਬੀ ਵਿਦੇਸ਼ਾਂ ਵਿੱਚ ਮਜ਼ਦੂਰੀ ਕਰਦੇ ਸਨ ਤੇ ਇਕੱਠੇ ਕਿਸੇ ਪੂਜਾ ਸਥਾਨ ‘ਤੇ ਰਹਿੰਦੇ ਸਨ। ਗੋਰੇ ਅਤੇ ਭਾਰਤੀ ਮਜ਼ਦੂਰ ਇਕੋ-ਜਿਹਾ ਕੰਮ ਕਰਦੇ ਸਨ, ਪਰ ਜਦ ਉਨ੍ਹਾਂ ਨੂੰ ਮਜ਼ਦੂਰੀ ਦਿੱਤੀ ਜਾਂਦੀ ਸੀ ਤਾਂ ਭਾਰਤੀ ਮਜ਼ਦੂਰਾਂ ਨੂੰ ਘੱਟ ਮਜ਼ਦੂਰੀ ਮਿਲਦੀ ਸੀ, ਪਰ ਗੋਰੇ ਆਜ਼ਾਦ ਮੁਲਕ ਦੇ ਹੋਣ ਕਰ ਕੇ ਵੱਧ ਮਜ਼ਦੂਰੀ ਲੈਂਦੇ ਸਨ। ਅਜਿਹੇ ਹੋਰ ਵੀ ਕਈ ਪ੍ਰਕਾਰ ਦੇ ਵਿਤਕਰੇ ਗੁਲਾਮ ਦੇਸ਼ ਹੋਣ ਕਰਕੇ ਕੀਤੇ ਜਾਂਦੇ ਸਨ। ਲਾਲਾ ਹਰਦਿਆਲ ਨੇ ਗੁਲਾਮ ਦੇਸ਼ ਦੇ ਅਫ਼ਸਰ ਬਣਨ ਨਾਲੋਂ ਦੇਸ਼ ਲਈ ਸੰਘਰਸ਼ ਕਰਨਾ ਚੰਗਾ ਸਮਝਿਆ। ਉਸ ਸਮੇਂ ਅਮਰੀਕਾ ਵਿਖੇ ਕਰਤਾਰ ਸਿੰਘ ਸਰਾਭਾ, ਮੇਵਾ ਸਿੰਘ ਲੋਪੋਕੇ, ਬਾਬਾ ਹਰੀ ਸਿੰਘ ਉਸਮਾਨ, ਬਾਬਾ ਸੋਹਣ ਸਿੰਘ ਭਕਨਾ ਅਤੇ ਬਾਬਾ ਗੁਰਦਿੱਤ ਸਿੰਘ ਵਰਗੇ ਦੇਸ਼ ਭਗਤ ਪਹਿਲਾਂ ਹੀ ਦੇਸ਼ ਦੀ ਆਜ਼ਾਦੀ ਲਈ ਯਤਨ ਕਰ ਰਹੇ ਸਨ। ਗ਼ਦਰ ਪਾਰਟੀ ਨੇ ‘ਗ਼ਦਰ’ ਨਾਂ ਦਾ ਅਖ਼ਬਾਰ ਵੀ ਚਲਾਇਆ ਤੇ ਹੋਰ ਅਜਿਹਾ ਦੇਸ਼ ਭਗਤੀ ਦਾ ਸਾਹਿਤ ਲੁਕ-ਛਿਪ ਕੇ ਵੰਡਿਆ ਜਾਂਦਾ ਰਿਹਾ। ਅਜਿਹੇ ਸਮੇਂ ਅੰਮ੍ਰਿਤਸਰ ਵਿੱਚ ਰੋਲਟ ਐਕਟ ਦੇ ਵਿਰੁੱਧ ਜੋ ਜਲੂਸ ਕੱਢਿਆ ਗਿਆ ਉਸ ਦੇ ਆਗੂਆਂ ਡਾਕਟਰ ਕਿਚਲੂ ਤੇ ਡਾਕਟਰ ਸਤਪਾਲ ਦੋਹਾਂ ਨੂੰ ਕੈਦ ਕੀਤਾ ਗਿਆ। ਰੋਸ ਪ੍ਰਗਟ ਕਰਨ ਲਈ ਲੋਕ ਵਿਸਾਖੀ ਵਾਲੇ ਦਿਨ ਜਲ੍ਹਿਆਂ ਵਾਲੇ ਬਾਗ ਵਿੱਚ ਇਕੱਠੇ ਹੋਏ, ਜਿੱਥੇ ਜਨਰਲ ਡਾਇਰ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ, ਧਰਤੀ ਲਹੂ ਨਾਲ ਰੰਗੀ ਗਈ, ਲੋਕਾਂ ਨੇ ਖੂਹ ਵਿੱਚ ਛਾਲ ਮਾਰ ਦਿੱਤੀ। ਹਜ਼ਾਰਾਂ ਲੋਕ ਜਲ੍ਹਿਆਂ ਵਾਲੇ ਬਾਗ ਵਿੱਚ ਸ਼ਹੀਦ ਹੋ ਗਏ।

ਊਧਮ ਸਿੰਘ ਦਾ ਨਿੱਘਾ ਦੋਸਤ ਵੀ ਮਾਰਿਆ ਗਿਆ। ਉਸ ਨੇ ਬਦਲਾ ਲੈਣ ਦਾ ਪ੍ਰਣ ਕੀਤਾ ਤੇ ਜਨਰਲ ਡਾਇਰ ਨੂੰ ਇੰਗਲੈਂਡ ਜਾ ਕੇ ਮਾਰ ਕੇ ਜਲ੍ਹਿਆਂ ਵਾਲੇ ਬਾਗ ਦਾ ਬਦਲਾ ਲਿਆ। 1928 ਵਿੱਚ ਸਾਈਮਨ ਕਮਿਸ਼ਨ ਭਾਰਤ ਆਇਆ, ਰੋਸ ਜਲੂਸ ਵਿੱਚ ਲਾਜਪਤ ਰਾਏ ਨੇ ਲਾਠੀਆਂ ਖਾ ਕੇ ਦੇਸ਼ ਦੀ ਆਜ਼ਾਦੀ ਲਈ ਸ਼ਹੀਦੀ ਪਾਈ। ਭਗਤ ਸਿੰਘ ਤੇ ਸਾਥੀਆਂ ਨੇ ਲਾਲਾ ਜੀ ਦੀ ਮੌਤ ਦਾ ਬਦਲਾ ਲਿਆ ਤੇ ਅਸੈਂਬਲੀ ਵਿੱਚ ਬੰਬ ਸੁੱਟਿਆ। ਫੜੇ ਜਾਣ ‘ਤੇ ਉਨ੍ਹਾਂ ਨੂੰ ਫਾਂਸੀ ਦਿੱਤੀ ਗਈ। ਅਕਾਲੀਆਂ ਨੇ ਨਨਕਾਣਾ ਸਾਹਿਬ ਦੇ ਸਾਕੇ ਵਿੱਚ ਸ਼ਹੀਦੀਆਂ ਪਾਈਆਂ ਤੇ ਮਹਾਤਮਾ ਗਾਂਧੀ ਨੇ ਕਿਹਾ ਕਿ ਇਹ ਭਾਰਤ ਦੀ ਪਹਿਲੀ ਲੜਾਈ ਹੈ, ਜਿਸ ਵਿੱਚ ਸਿੱਖਾਂ ਨੇ ਚਾਬੀਆਂ ਪ੍ਰਾਪਤ ਕਰ ਕੇ ਗੁਰਦੁਆਰਿਆਂ ਨੂੰ ਆਜ਼ਾਦੀ ਦੁਆਈ ਹੈ। ਜੈਤੋ ਦੇ ਮੋਰਚੇ ਵਿੱਚ ਪੰਡਤ ਨਹਿਰੂ ਨੇ ਵੀ ਗ੍ਰਿਫ਼ਤਾਰੀ ਦਿੱਤੀ।

ਭਾਰਤ ਦੇ ਇਤਿਹਾਸ ਦੇ ਹਰ ਪੰਨੇ ਉੱਤੇ ਪੰਜਾਬੀਆਂ ਦਾ ਆਜ਼ਾਦੀ ਲਈ ਯੋਗਦਾਨ ਰਿਹਾ ਹੈ, ਪਰ ਸਮੁੱਚੇ ਪੰਜਾਬ ਨਾਲ ਹਮੇਸ਼ਾ ਹੀ ਵਿਤਕਰਾ ਹੁੰਦਾ ਰਿਹਾ ਹੈ। ਪੰਜਾਬੀ ਲੋਕ ਅਣਖੀ ਤੇ ਹਿੰਮਤ ਵਾਲੇ ਹਨ, ਉਹ ਆਪਣੀ ਤਕਦੀਰ ਆਪ ਬਣਾਉਂਦੇ ਹਨ, ਉਨ੍ਹਾਂ ਨੂੰ ਵਧੇਰੇ ਵਸੀਲੇ ਤੇ ਸਾਧਨ ਪ੍ਰਾਪਤ ਹੁੰਦੇ ਰਹਿਣ, ਉਹ ਪੰਜਾਬ ਸਮੇਤ ਸਮੁੱਚੇ ਦੇਸ਼ ਵਿੱਚ ਖ਼ੁਸ਼ਹਾਲੀ ਲਿਆ ਸਕਦੇ ਹਨ। ਪੰਜਾਬ ਦੇ ਲੋਕ ਬਹੁਤ ਗਿਣਤੀ ਵਿੱਚ ਮੱਧ ਸ਼੍ਰੇਣੀ ਨਾਲ ਸੰਬੰਧਿਤ ਹਨ। ਇਨ੍ਹਾਂ ‘ਤੇ ਆਰਥਿਕ ਬੋਝ ਬਹੁਤ ਛੇਤੀ ਹੀ ਪੈਂਦਾ ਹੈ। ਸਰਕਾਰ ਪੈਟਰੋਲ ਤੇ ਗੈਸ ਦੀਆਂ ਕੀਮਤਾ ਵਧਾ ਕੇ ਅਮੀਰਾਂ ਦੀਆਂ ਜੇਬਾਂ ਤਾਂ ਛੇਤੀ ਭਰ ਦਿੰਦੀ ਹੈ, ਪਰ ਘਟਾਈਆਂ ਹੋਈਆਂ ਜ਼ਰੂਰੀ ਵਸਤਾਂ ਵਿੱਚ ਗਿਰਾਵਟ ਦੇਰੀ ਨਾਲ ਆਉਂਦੀ ਹੈ।

ਲਾਲ ਕਿਲ੍ਹੇ ਤੋਂ ਝੰਡਾ ਲਹਿਰਾਉਂਦੇ ਹੋਏ ਪ੍ਰਧਾਨ ਮੰਤਰੀ ਨੂੰ ਕਿਸਾਨਾਂ ਦੀ ਆਰਥਿਕ ਅਵਸਥਾ ਉੱਚੀ ਚੁੱਕਣ ਲਈ ਇਹ ਨਿਸ਼ਚਿਤ ਬਣਾਉਣਾ ਚਾਹੀਦਾ ਹੈ ਕਿ ਉਹ ਜੋ ਆਰਥਿਕ ਲਾਭ ਕਿਸਾਨਾਂ ਤੇ ਗ਼ਰੀਬਾਂ ਲਈ ਦੇਣ, ਉਨ੍ਹਾਂ ਵਿਚਕਾਰ ਕੋਈ ਵਿਚੋਲੇ ਨਹੀਂ ਹੋਣੇ ਚਾਹੀਦੇ। ਇਹ ਲਾਭ ਆਮ ਇਨਸਾਨਾਂ ਤੱਕ ਜ਼ਰੂਰ ਪਹੁੰਚਣੇ ਚਾਹੀਦੇ ਹਨ ਤਾਂ ਹੀ ਸਾਡਾ ਤਿਰੰਗਾ ਝੰਡਾ ਆਜ਼ਾਦ ਫਿਜ਼ਾ ਵਿੱਚ ਝੁਲ ਸਕੇਗਾ।

ਕਿਸੇ ਦੇਸ਼ ਦੀ ਆਜ਼ਾਦੀ ਨੂੰ ਵਿਸ਼ੇਸ਼ ਤੌਰ ‘ਤੇ ਦੋ ਥਾਵਾਂ ‘ਤੇ ਚੇਤਨਤਾ ਸਹਿਤ ਧਿਆਨ ਵਿੱਚ ਰੱਖਣ ਦੀ ਲੋੜ ਹੁੰਦੀ ਹੈ, ਇਕ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਹੋਏ, ਤਾਂ ਜੋ ਕੋਈ ਦੁਸ਼ਮਣ ਕੰਟਰੋਲ (ਨਿਯੰਤਰਣ) ਰੱਖਾ ਪਾਰ ਕਰਕੇ ਨਾ ਆ ਜਾਵੇ ਤੇ ਦੂਸਰਾ ਸਾਡੇ ਦੇਸ਼ ਅੰਦਰ ਜੋ ਰਾਜਨੀਤੀ, ਆਰਥਿਕਤਾ, ਸਦਾਚਾਰ ਆਦਿ ਲਈ ਵੀ ਸਾਨੂੰ ਕੁੱਝ ਨਿਯੰਤਰਣ ਰੇਖਾਵਾਂ ਸਿਰਜਣੀਆਂ ਹੋਣਗੀਆਂ, ਜਿਨ੍ਹਾਂ ਨੂੰ ਸਾਡੇ ਨੇਤਾ ਤੇ ਆਮ ਲੋਕ ਪਾਰ ਨਾ ਕਰ ਸਕਣ। ਹੁਣ ਜਦੋਂ ਕਿ ਪਾਕਿਸਤਾਨ ਨੇ ਆਪਣੇ ਘੁਸਪੈਠੀਆਂ ਨੂੰ ਨਿਯੰਤਰਣ ਰੇਖਾ ਤੋਂ ਪਾਰ ਵਾਪਸ ਬੁਲਾ ਲਿਆ ਹੈ ਤੇ ਭਾਰਤ ਨੇ ਇਹ ਮਹਿਸੂਸ ਕੀਤਾ ਹੈ ਕਿ ਅੱਗੇ ਤੋਂ ਸਾਵਧਾਨੀ ਵਰਤੀ ਜਾਵੇ, ਇਸ ਸਮੇਂ ਸਾਨੂੰ ਇਸ ਆਜ਼ਾਦੀ ਦਿਵਸ ‘ਤੇ ਸਮੁੱਚੇ ਤੌਰ ‘ਤੇ ਦੇਸ਼ ਦੇ ਨੇਤਾਵਾਂ ਲਈ ਤੇ ਸਮਾਜ ਦੇ ਵੱਖੋ-ਵੱਖਰੇ ਖੇਤਰਾਂ ਲਈ ਨਿਯੰਤਰਣ ਰੇਖਾਵਾਂ ਦੀਆਂ ਸੰਭਾਵਨਾਵਾਂ ‘ਤੇ ਵਿਚਾਰ ਕਰਨੀ ਹੋਵੇਗੀ।

ਸਭ ਤੋਂ ਮਹੱਤਵਪੂਰਨ ਨਿਯੰਤਰਣ ਰੇਖਾ ਸਾਡੇ ਦੇਸ਼ ਦੇ ਰਾਜਨੀਤਕ ਨੇਤਾਵਾਂ ‘ਤੇ ਲਾਗੂ ਕਰਨ ਦੀ ਲੋੜ ਹੈ, ਜੋ
ਆਪਣੇ ਸੁਆਰਥ ਦੀ ਪੂਰਤੀ ਲਈ ਆਪਣੀ ਸੁਹਿਰਦਤਾ ਨੂੰ ਰੋਜ਼ ਸੂਟਾਂ ਦੀ ਤਰ੍ਹਾਂ ਬਦਲਦੇ ਹਨ। ਸਰਕਾਰ ਨੇ ਪਹਿਲਾਂ ‘ਆਇਆ ਰਾਮੁ ਗਇਆ ਰਾਮ’ ਦੀ ਪ੍ਰਵਿਰਤੀ ਰੋਕਣ ਲਈ ਕਾਨੂੰਨ ਬਣਾਇਆ ਸੀ, ਪਰ ਹੁਣ ਇਕੱਲਾ ਵਿਅਕਤੀ ਹੀ ਨਹੀਂ, ਸਗੋਂ ਕੁੱਝ ਸਾਂਸਦ ਰਲ ਕੇ ਨਵੀਂ ਪਾਰਟੀ ਬਣਾਉਂਦੇ ਹਨ ਤੇ ਆਪਣਾ ਮਿਲਵਰਤਣ ਆਪਣੇ ਸੁਆਰਥ ਅਨੁਸਾਰ ਬਦਲ ਕੇ ਸੱਤਾ ਵਿਚਲੀ ਪਾਰਟੀ ਨੂੰ ਦੇ ਦੇਂਦੇ ਹਨ, ਇਸ ਨਾਲ ਸਥਿਤੀ ਤਾਂ ਲਗਪਗ ਪਹਿਲਾਂ ਵਰਗੀ ਹੀ ਬਣ ਜਾਂਦੀ ਹੈ। ਸਾਡੇ ਦੇਸ਼ ਦਾ ਸੰਵਿਧਾਨ ਇੰਨਾ ਲਚਕੀਲਾ ਹੈ ਕਿ ਰਾਜਨੀਤਕ ਲੋਕ ਛੇਤੀ ਹੀ ਇਸ ਵਿੱਚ ਮਘੋਰੇ ਲੱਭ ਲੈਂਦੇ ਹਨ। ਹੁਣ ਇਸ ਰੀਤੀ ਨੂੰ ਰੋਕਣ ਲਈ ਸੰਵਿਧਾਨ ਵਿੱਚ ਤਰਮੀਮ ਕਰਨ ਦੀ ਲੋੜ ਹੈ ਤਾਂ ਜੋ ਹਰਿਆਣੇ ਵਾਲੀ ਸਥਿਤੀ ਪੈਦਾ ਹੋਣ ਤੋਂ ਬਚਿਆ ਜਾ ਸਕੇ। ਕੇਵਲ ਨੇਤਾਵਾਂ ਦਾ ਇਖ਼ਲਾਕ, ਇਮਾਨਦਾਰੀ ਤੇ ਲੋਕਾਂ ਪ੍ਰਤੀ ਜੁਆਬਦੇਹੀ ਹੀ ਉਨ੍ਹਾਂ ਨੂੰ ਇੱਕ ਨਿਯੰਤਰਣ ਰੇਖਾ ਪ੍ਰਦਾਨ ਕਰ ਸਕਦੀ ਹੈ, ਜਿਸ ਦੀ ਉਹ ਉਲੰਘਣਾ ਨਾ ਕਰਨ।

ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਦੁਨੀਆਂ ਵਿੱਚ ਛੋਟੇ ਲੋਕਤੰਤਰ ਭਾਰਤ ਦਾ ਰੁੱਖ ਵੇਖਦੇ ਹਨ ਕਿ ਭਾਰਤ ਵਿੱਚ ਕੀ ਹੋ ਰਿਹਾ ਹੈ। ਅਮਰੀਕਾ ਦੇ ਪ੍ਰਸਿੱਧ ਪ੍ਰਧਾਨ ਅਤੇ ਚਿੰਤਕ ਲਿੰਕਨ ਨੇ ਲੋਕਤੰਤਰ ਬਾਰੇ ਇਹ ਰਾਏ ਦਿੱਤੀ ਸੀ ਕਿ ਲੋਕਤੰਤਰ ਤਾਂ ਲੋਕਾਂ ਦੀ (of) ਸਰਕਾਰ, ਲੋਕਾਂ ਲਈ (by the people) ਅਤੇ ਲੋਕਾਂ ਵਾਸਤੇ (for the people) ਹੁੰਦੀ ਹੈ। ਪਰ ਜਦੋਂ ਲੋਕ-ਤੰਤਰ ਵਿੱਚ ਊਣਤਾਈਆਂ ਇੰਨੀਆਂ ਵੱਧ ਜਾਂਦੀਆਂ ਹਨ ਤਾਂ ਫਿਰ ਸਿਆਣੇ ਕਹਿੰਦੇ ਕਿ ਇਹ ਤਾਂ ਫਿਰ ਲੋਕਾਂ ਤੋਂ ਨਹੀਂ (off), ਲੋਕਾਂ ਨੂੰ ਖ਼ਰੀਦ ਕੇ (buy the people) ਤੇ ਲੋਕਾਂ ਤੋਂ ਦੂਰ (far the people) ਬਣ ਜਾਂਦੀ ਹੈ। ਲੋਕਤੰਤਰ ਬਾਰੇ ਇਕ ਹੋਰ ਆਮ ਸਿਆਣੀ ਰਾਏ ਹੈ ਕਿ ਜਿਸ ਤਰ੍ਹਾਂ ਦੇ ਲੋਕ ਹਨ ਤੇ ਲੋਕਤੰਤਰ ਦੇ ਯੋਗ ਹਨ ਤਾਂ ਉਸ ਤਰ੍ਹਾਂ ਦਾ ਹੀ ਲੋਕ-ਤੰਤਰ ਉਨ੍ਹਾਂ ਨੂੰ ਮਿਲ ਜਾਂਦਾ ਹੈ। ਜਿਉਂ-ਜਿਉਂ ਲੋਕਾਂ ਦੇ ਜੀਵਨ ਵਿੱਚ ਸੁਧਾਰ ਹੁੰਦਾ ਜਾਂਦਾ ਹੈ, ਉਹ ਸਭਿਅਕ ਤੌਰ ‘ਤੇ ਉੱਨਤ ਹੋਣੇ ਸ਼ੁਰੂ ਹੋ ਜਾਂਦੇ ਹਨ, ਤਿਉਂ-ਤਿਉਂ ਲੋਕਤੰਤਰ ਵੀ ਸੁਧਰਦਾ ਹੈ। ਜਦੋਂ ਸਾਡਾ ਦੇਸ਼ ਉੱਨੀ ਸੌ ਸੰਤਾਲੀ (1947) ਵਿੱਚ ਆਜ਼ਾਦ ਹੋਇਆ ਤਾਂ ਉਸ ਸਮੇਂ ਇਹ ਹੀ ਖ਼ਿਆਲ ਸਭ ਦੇ ਮਨ ਵਿੱਚ ਸੀ ਕਿ ਹੁਣ ਆਜ਼ਾਦੀ ਤੋਂ ਬਾਅਦ ਲੋਕਤੰਤਰ ਵੀ ਇਸ ਦੇਸ਼ ਵਿੱਚ ਵਧੇ ਫੁਲੇਗਾ। ਲੋਕਤੰਤਰ ਤਾਂ ਇਸ ਬੁਨਿਆਦੀ ਖ਼ਿਆਲ ਉੱਤੇ ਆਧਾਰਿਤ ਹੁੰਦਾ ਹੈ ਕਿ ਇੱਥੇ ਇੱਕ ਆਮ ਸਾਧਾਰਣ ਵਿਅਕਤੀ ਵਿੱਚ ਵੀ ਜੋ ਉਭਰਨ ਦੀਆਂ ਸੰਭਾਵਨਾਵਾਂ ਹੁੰਦੀਆਂ ਹਨ ਉਹ ਵੀ ਵਿਕਸਿਤ ਹੋ ਸਕਦੀਆਂ ਹਨ। ਇਹ ਹੀ ਕਾਰਨ ਹੈ ਕਿ ਸਾਡੇ ਦੇਸ਼ ਵਿੱਚ ਸਾਧਾਰਨ ਘਰਾਂ ਵਿੱਚੋਂ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਬਣੇ ਹਨ, ਇਹ ਵਿਅਕਤੀ ਦੇ ਵਿਕਾਸ ਦੀ ਸੰਭਾਵਨਾ ਕਿਸੇ ਹੋਰ ਪ੍ਰਬੰਧ ਵਿੱਚ ਨਹੀਂ ਹੋ ਸਕਦੀ। ਇਸ ਤਰ੍ਹਾਂ ਇੱਕ ਸਾਧਾਰਨ ਵਿਅਕਤੀ ਜਦੋਂ ਜਨ-ਸਾਧਾਰਣ ਦਾ ਨੇਤਾ ਬਣ ਜਾਂਦਾ ਹੈ ਤਾਂ ਉਸ ਸਮੇਂ ਦੋ ਸੰਭਾਵਨਾਵਾਂ ਪੈਦਾ ਹੋ ਜਾਂਦੀਆਂ ਹਨ, ਇਕ ਤਾਂ ਇਹ ਕਿ ਉਹ ਹਰ ਵਿਅਕਤੀ ਨੂੰ ਆਪਣੇ ਵਰਗਾ ਸਮਝ ਸਕਦਾ ਹੈ ਤੇ ਉਸ ਦੀਆਂ ਸਮੱਸਿਆਵਾਂ ਤੋਂ ਵਾਕਿਫ ਹੋ ਸਕਦਾ ਹੈ ਤੇ ਦੂਸਰਾ ਇਹ ਕਿ ਜਦੋਂ ਉਸ ਨੂੰ ਰਾਜ ਸੱਤਾ ਮਿਲਦੀ ਹੈ ਤਾਂ ਉਹ ਇਸ ਨੂੰ ਸੰਭਾਲ ਨਹੀਂ ਸਕਦਾ ਤੇ ਗਲਤ ਕੰਮਾਂ ਵਿੱਚ ਪੈ ਜਾਂਦਾ ਹੈ। ਭ੍ਰਿਸ਼ਟਾਚਾਰ ਕਰਕੇ ਪੈਸਾ ਇਕੱਠਾ ਕਰਦਾ ਹੈ, ਆਪਣੀ ਤਾਕਤ ਦੀ ਗਲਤ ਵਰਤੋਂ ਕਰਦਾ ਹੈ। ਇਹ ਹੀ ਕਾਰਨ ਹੈ ਕਿ ਇਸ ਦੇਸ਼ ਵਿੱਚ ਕਈ ਤਰ੍ਹਾਂ ਦੇ ਹਵਾਲਾ ਕਾਂਡ, ਸਕੈਂਡਲ, ਘਪਲੇ ਆਦਿ ਹੋਏ ਹਨ। ਇਸ ਲਈ ਦੇਸ਼ ਦੀ ਆਜ਼ਾਦੀ ਲਈ ਤੇ ਲੋਕਤੰਤਰ ਦੇ ਭਲੇ ਲਈ ਸਾਡੇ ਰਾਜਨੀਤਕ ਨੇਤਾਵਾਂ ਨੂੰ ਇੱਕ ਨੈਤਿਕ ਤੌਰ ‘ਤੇ ਨਿਯੰਤਰਣ ਰੇਖਾ ਬਣਾਉਣੀ ਚਾਹੀਦੀ ਹੈ, ਜਿਸ ਦੀ ਉਲੰਘਣਾ ਉਹ ਕਦੇ ਵੀ ਨਾ ਕਰਨ।