ਲੇਖ : ਕੌਮੀ ਏਕਤਾ
ਕੌਮੀ ਏਕਤਾ
ਭੂਮਿਕਾ : ਭਾਰਤ ਇੱਕ ਵਿਸ਼ਾਲ ਦੇਸ਼ ਹੈ। ਇਸ ਵਿੱਚ 29 ਪ੍ਰਾਂਤ ਹਨ ਅਤੇ ਇਨ੍ਹਾਂ ਪ੍ਰਾਂਤਾਂ ਵਿੱਚ ਵੱਖ-ਵੱਖ ਧਰਮਾਂ, ਰੰਗਾਂ, ਨਸਲਾਂ, ਪ੍ਰਾਂਤਾਂ, ਬੋਲੀਆਂ ਤੇ ਸੱਭਿਆਚਾਰਾਂ ਦੇ ਲੋਕ ਰਹਿੰਦੇ ਹਨ। ਉਹਨਾਂ ਸਾਰਿਆਂ ਦਾ ਆਪਸ ਵਿੱਚ ਸਦਭਾਵਨਾ ਤੇ ਭਾਈਚਾਰਕ ਸਾਂਝ ਰੱਖਣਾ ਹੀ ਕੌਮੀ ਏਕਤਾ ਹੈ। ਭਾਰਤ ਇੱਕ ਕੌਮ ਹੈ ਭਾਵੇਂ ਇਸ ਵਿੱਚ ਵੱਖ-ਵੱਖ ਇਲਾਕਿਆਂ ਦੇ ਰਸਮ-ਰਿਵਾਜ, ਖਾਣ – ਪੀਣ, ਪਹਿਰਾਵਾ, ਭਾਸ਼ਾਵਾਂ ਵਿੱਚ ਫ਼ਰਕ ਹੈ। ਏਕਤਾ ਆਪਣੇ-ਆਪ ਵਿੱਚ ਤਾਕਤ ਦੀ ਪ੍ਰਤੀਕ ਹੈ। ਭਾਰਤ ਦੀ ਅਜ਼ਾਦੀ ਤੇ ਖ਼ੁਦਮੁਖ਼ਤਾਰੀ ਦੀ ਰੱਖਿਆ ਲਈ ਅਤੇ ਇਸ ਨੂੰ ਉੱਨਤ ਤੇ ਖੁਸ਼ਹਾਲ ਬਣਾਉਣ ਲਈ ਕੌਮੀ ਏਕਤਾ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ। ਭਾਰਤ ਵਾਸੀਆਂ ਨੇ ਸਮੇਂ-ਸਮੇਂ ‘ਤੇ ਦੇਸ਼ ਦੀ ਖ਼ਾਤਰ ਕੌਮੀ ਏਕਤਾ ਦਾ ਸਬੂਤ ਵੀ ਦਿੱਤਾ ਹੈ, ਜਿਵੇਂ 1947 ਈ: ਦੀ ਵੰਡ, 1962 ਈ: ਸਮੇਂ ਚੀਨੀ ਹਮਲੇ, 1965 ਈ: ਅਤੇ 1971 ਈ: ਪਾਕਿਸਤਾਨ ਨਾਲ ਲੜਾਈਆਂ ਦੀਆਂ ਤੇ ਕਾਰਗਿਲ ਦੀ ਲੜਾਈ ਵੇਲੇ।
ਅੰਗਰੇਜ਼ਾਂ ਦੀ ਕੁਟਿਲ ਨੀਤੀ : ਭਾਰਤ ਦੀ ਕੌਮੀ ਏਕਤਾ ਤੇ ਅਖੰਡਤਾ ਨੂੰ ਬਰਬਾਦ ਕਰਨ ਲਈ ਵਿਦੇਸ਼ੀ ਤਾਕਤਾਂ ਨੇ ਕੁਟਿਲ ਨੀਤੀ ਅਪਣਾਈ। ਅੰਗਰੇਜ਼ਾਂ ਦੀ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਨੇ ਤਾਂ ਭਾਰਤੀਆਂ ਨੂੰ ਇੱਕ-ਦੂਜੇ ਨਾਲੋਂ ਵੱਖ ਕਰ ਕੇ ਹੀ ਸਾਹ ਲਿਆ। ਉਹ ਭਾਰਤੀਆਂ ਨੂੰ ਹੀ ਇੱਕ-ਦੂਜੇ ਵਿਰੁੱਧ ਭੜਕਾ ਕੇ ਲੜਾਉਂਦੇ ਰਹੇ ਤੇ ਉਨ੍ਹਾਂ ਵਿੱਚ ਫ਼ਿਰਕੂ ਝਗੜੇ ਖੜ੍ਹੇ ਕਰ ਦਿੱਤੇ। ਉਨ੍ਹਾਂ ਵਲੋਂ ਧਰਮ ਦੇ ਅਧਾਰ ‘ਤੇ ਵੰਡੀਆਂ ਪਾਈਆਂ ਗਈਆਂ ਤੇ ਲੋਕਾਂ ਦੇ ਮਨਾਂ ਵਿੱਚ ਆਪਸ ਵਿੱਚ ਨਫ਼ਰਤ ਦਾ ਜ਼ਹਿਰ ਘੋਲ ਦਿੱਤਾ। ਅੰਗਰੇਜ਼ਾਂ ਨੇ ਕਦੇ ਵੀ ਭਾਰਤ ਨੂੰ ਇੱਕ ਕੰਮ ਨਾ ਹੋਣ ਦਿੱਤਾ। ਭਾਸ਼ਾ ਤੇ ਧਰਮ ਦੇ ਅਧਾਰਾਂ ‘ਤੇ ਅੰਗਰੇਜ਼ਾਂ ਨੇ ਲੋਕਾਂ ਵਿੱਚ ਵਿਤਕਰੇ ਪਾ ਕੇ ਉਹਨਾਂ ਨੂੰ ਆਪਸ ਵਿੱਚ ਲੜਾਇਆ ਤੇ ਆਪਣਾ ਸਾਮਰਾਜੀ ਗ਼ਲਬਾ ਕਾਇਮ ਰੱਖਿਆ।
ਭਾਰਤੀਆਂ ਵਿੱਚ ਕੌਮੀ ਏਕਤਾ : ਭਾਰਤ ਨੇ ਸੰਨ 1947 ਈ: ਤੋਂ ਪਹਿਲਾਂ ਅਜ਼ਾਦੀ ਲਈ ਸੰਘਰਸ਼ ਕੀਤਾ। ਅੰਗਰੇਜ਼ ਜਦ ਤੱਕ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਦਾ ਲਾਹਾ ਲੈਂਦੇ ਰਹੇ ਆਪ ਰਾਜ ਕਰਦੇ ਰਹੇ ਪਰ ਜਦੋਂ ਦੇਸ਼-ਭਗਤਾਂ ਨੇ ਅਜ਼ਾਦੀ ਲਈ ਰਲ-ਮਿਲ ਕੇ ਹੰਭਲਾ ਮਾਰਿਆ ਤਾਂ ਸਾਰੀ ਕੌਮ ਅੰਦਰ ਹੀ ਸੁੱਤੀ ਅਣਖ ਜਾਗ ਪਈ ਤੇ ਮਜਬੂਰਨ ਅੰਗਰੇਜ਼ਾਂ ਨੂੰ ਹਾਰ ਮੰਨਣੀ ਪਈ ਜਿਸ ਦੇ ਸਿੱਟੇ ਵਜੋਂ ਭਾਰਤ ਅਜ਼ਾਦ ਹੋ ਗਿਆ। ਭਾਰਤੀਆਂ ਨੇ ਸਿੱਧ ਕਰ ਦਿੱਤਾ ਕਿ ਵਿਸ਼ਾਲ ਭਾਰਤ ਦਾ ਇਤਿਹਾਸ ਇੱਕ ਹੈ। ਜਦੋਂ ਭਾਰਤ ਗ਼ੁਲਾਮ ਸੀ ਤਾਂ ਸਮੁੱਚੇ ਭਾਰਤੀਆਂ ਵਿੱਚ ਅੰਗਰੇਜ਼ਾਂ ਵਿਰੁੱਧ ਨਫ਼ਰਤ ਦੀ ਭਾਵਨਾ ਕੰਮ ਕਰ ਰਹੀ ਸੀ। ਸਾਰੇ ਭਾਰਤੀ ਹੀ ਅੰਗਰੇਜ਼ਾਂ ਨੂੰ ਇੱਥੋਂ ਬਾਹਰ ਕੱਢਣ ਲਈ ਯਤਨਸ਼ੀਲ ਸਨ। ਅੰਮ੍ਰਿਤਸਰ ਵਿੱਚ ਜਲ੍ਹਿਆਂ ਵਾਲੇ ਬਾਗ਼ ਦੇ ਖ਼ੂਨੀ ਸਾਕੇ ਦਾ ਦਰਦ ਬੰਗਾਲ ਵਿੱਚ ਬੈਠੇ ਰਬਿੰਦਰ ਨਾਥ ਟੈਗੋਰ ਨੂੰ ਵੀ ਹੋਇਆ ਸੀ। ਪੰਜਾਬੀਆਂ ਤੇ ਬੰਗਾਲੀਆਂ ਨੇ ਮਿਲ ਕੇ ਅਜ਼ਾਦੀ ਲਈ ਸੰਘਰਸ਼ ਕੀਤਾ।
ਅਜ਼ਾਦ ਭਾਰਤ ‘ਚ ਨੇਤਾਵਾਂ ਦੀ ਭੂਮਿਕਾ : ਜਦੋਂ ਭਾਰਤ ਅਜ਼ਾਦ ਹੋ ਗਿਆ ਤਾਂ ਸਾਰੇ ਰਾਜਨੀਤਕ ਆਗੂਆਂ ਨੂੰ ਆਪੋ-ਧਾਪੀ ਪੈ ਗਈ। ਉਹਨਾਂ ਨੇ ਆਪਣੇ ਸਵਾਰਥ ਦੀ ਖ਼ਾਤਰ ਦੇਸ਼ ਨੂੰ ਆਪਣੇ ਮਨਸੂਬਿਆਂ ਨਾਲ ਭੜਕਾਉਣਾ ਸ਼ੁਰੂ ਕਰ ਦਿੱਤਾ। ਧਰਮ ਦੇ ਅਧਾਰ ‘ਤੇ ਕਈ ਰਾਜਨੀਤਕ ਪਾਰਟੀਆਂ ਬਣ ਗਈਆਂ। ਹਿੰਦੂ, ਸਿੱਖ, ਮੁਸਲਮਾਨ ਆਪਣੇ-ਆਪਣੇ ਧਰਮ ਨੂੰ ਬਚਾਉਣ ਲਈ ਨਾਅਰੇ ਲਾਉਣ ਲੱਗ ਪਏ ਜਿਸ ਨਾਲ ਲੋਕਾਂ ਦੇ ਜਜ਼ਬਾਤ ਭੜਕ ਪਏ। ਅੱਜ ਵੀ ਦੇਸ਼ ਵਿੱਚ ਰਾਮ ਜਨਮ-ਭੂਮੀ ਅਤੇ ਬਾਬਰੀ ਮਸਜਿਦ ਦਾ ਝਗੜਾ ਧਰਮ ਦੇ ਅਧਾਰ ‘ਤੇ ਚੱਲ ਰਿਹਾ ਹੈ ਜੋ ਕਿ ਕੇਵਲ ਰਾਜਨੀਤਕ ਨਜ਼ਰੀਆ ਹੈ।
ਵਰਤਮਾਨ ਸਮੇਂ ਦੇਸ਼ ਦੀ ਏਕਤਾ ਖ਼ਤਰੇ ਵਿੱਚ : ਅੱਜ ਦੇਸ਼ ਦੀ ਏਕਤਾ ਤੇ ਅਖੰਡਤਾ ਖ਼ਤਰੇ ਵਿੱਚ ਹੈ। ਭਾਰਤੀ ਕੌਮ ‘ਅਨੇਕਤਾ ਵਿੱਚ ਏਕਤਾ’ ਦੇ ਸਿਧਾਂਤ ਤੋਂ ਉਲਟ ਚੱਲ ਰਹੀ ਹੈ। ਇੱਥੇ ਸਭ ਤੋਂ ਵੱਡੀ ਵੰਡ ਧਰਮਾਂ ਦੇ ਅਧਾਰ ‘ਤੇ ਹੀ ਹੈ। ਧਰਮ ਦੇ ਅਧਾਰ ’ਤੇ ਹਰ ਧਰਮ ਵਾਲੇ ਨਿੱਜੀ ਸਵਾਰਥ ਕਾਰਨ ਫ਼ਿਰਕਾਪ੍ਰਸਤੀ ਦਾ ਸ਼ਿਕਾਰ ਹੋ ਕੇ ਇੱਕ-ਦੂਜੇ ਨਾਲ ਲੜਦੇ ਹਨ ਜਿਸ ਕਾਰਨ ਬਹੁਤ ਸਾਰਾ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ। ਅੱਜ ਸੰਚਾਰ ਦੇ ਸਾਧਨਾਂ ਵਿੱਚ ਧਰਮਾਂ ਦੇ ਵਿਰੁੱਧ ਭੜਕਾਊ ਬਿਆਨਬਾਜ਼ੀ ਨਾਲ ਦੇਸ਼ ਵਿੱਚ ਦੰਗੇ – ਫਸਾਦ ਹੋ ਜਾਂਦੇ ਹਨ। ਧਾਰਮਕ ਆਗੂ ਵੀ ਕਿਸੇ ਨਾ ਕਿਸੇ ਦਬਾਅ ਹੇਠ ਕੋਈ ਨਾ ਕੋਈ ਮੁੱਦਾ ਖੜ੍ਹਾ ਕਰੀ ਰੱਖਦੇ ਹਨ। ਇਸ ਨਾਲ ਦੇਸ਼ ਦੀ ਏਕਤਾ ਸਾਹਮਣੇ ਗੰਭੀਰ ਖ਼ਤਰੇ ਹਨ।
ਭਾਰਤ ਵਿੱਚ ਜਾਤ-ਪਾਤ ਦੀ ਵੰਡ ਨੇ ਵੀ ਕੌਮੀ ਏਕਤਾ ਨੂੰ ਤਹਿਸ-ਨਹਿਸ ਕਰ ਦਿੱਤਾ ਹੈ। ਭਾਸ਼ਾਵਾਂ, ਪਹਿਰਾਵੇ ਤੇ ਬੋਲੀਆਂ ਦੇ ਅਧਾਰ ‘ਤੇ ਨਸਲੀ ਵਿਤਕਰਾ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਕੌਮੀਅਤ ਦਾ ਜਜ਼ਬਾ ਅਲੋਪ ਹੋ ਜਾਂਦਾ ਹੈ। ਅੱਜ ਅਸੀਂ ਭਾਰਤੀ ਨਾ ਹੋ ਕੇ ਆਪਣੇ-ਆਪ ਨੂੰ ਪੰਜਾਬੀ, ਬੰਗਾਲੀ, ਰਾਜਸਥਾਨੀ, ਤਾਮਿਲ ਆਦਿ ਸਮਝਣ ਲੱਗ ਪਏ ਹਾਂ। ਅਸੀਂ ਕੇਵਲ ਆਪਣੇ-ਆਪਣੇ ਇਲਾਕੇ ਜਾਂ ਪ੍ਰਾਂਤ ਨੂੰ ਮੁੱਖ ਰੱਖ ਕੇ ਹੀ ਸੋਚਦੇ ਹਾਂ। ਇੰਜ ਕੌਮੀ ਏਕਤਾ ਨੂੰ ਸੱਟ ਵੱਜ ਰਹੀ ਹੈ।
ਕੌਮੀ ਏਕਤਾ ਸਮੇਂ ਦੀ ਮੰਗ ਹੈ : ਇਹ ਠੀਕ ਹੈ ਕਿ ਭਾਰਤ ਵਿੱਚ ਅਨੇਕਾਂ ਨਸਲਾਂ, ਜਾਤਾਂ ਤੇ ਧਰਮਾਂ ਦੇ ਲੋਕ ਵੱਸਦੇ ਹਨ। ਉਹ ਭਿੰਨ-ਭਿੰਨ ਭਾਸ਼ਾਵਾਂ ਬੋਲਦੇ, ਭਿੰਨ-ਭਿੰਨ ਧਰਮਾਂ ਨੂੰ ਮੰਨਣ ਵਾਲੇ ਤੇ ਭਿੰਨ-ਭਿੰਨ ਸੱਭਿਆਚਾਰਾਂ ਦੇ ਮਾਲਕ ਹਨ। ਇਸ ਵਿੱਚ ਅਨੇਕਤਾ ਹੈ ਪਰ ਅੱਜ ਲੋੜ ਹੈ ਇਸ ਅਨੇਕਤਾ ਨੂੰ ਏਕਤਾ ਵਿੱਚ ਬਦਲਣ ਦੀ ਕਿਉਂਕਿ ਕੌਮੀ ਏਕਤਾ ਦੇਸ਼ ਦੀ ਤਾਕਤ ਹੈ, ਦੁਸ਼ਮਣ ਲਈ ਵੰਗਾਰ ਹੈ, ਇੱਕ-ਦੂਜੇ ਨਾਲ ਹਮਦਰਦੀ ਤੇ ਪਿਆਰ ਭਰਿਆ ਸਤਿਕਾਰ ਹੈ। ਵਰਤਮਾਨ ਯੁੱਗ ਵਿੱਚ ਕਿਸੇ ਦੇਸ਼ ਦੀ ਉੱਨਤੀ ਦਾ ਮਾਪਦੰਡ ਨਿੱਜੀ, ਇਲਾਕਾਈ ਜਾਂ ਕੌਮੀ ਨਹੀਂ ਬਲਕਿ ਕੌਮਾਂਤਰੀ, ਅੰਤਰਰਾਸ਼ਟਰੀ ਪੱਧਰ ‘ਤੇ ਹੈ।
ਸਾਰੰਸ਼ : ਕੌਮੀ ਏਕਤਾ ਤੋਂ ਭਾਵ ਇਹ ਨਹੀਂ ਕਿ ਆਪਣੇ ਦੇਸ਼, ਪ੍ਰਾਂਤ, ਭਾਸ਼ਾ, ਨਸਲ ਜਾਂ ਧਰਮ ਆਦਿ ਲਈ ਕੋਈ ਉਸਾਰੂ ਕੰਮ ਨਾ ਕਰੋ ਬਲਕਿ ਇਸ ਦਾ ਭਾਵ ਤਾਂ ਇਹ ਹੈ ਦੂਜੀਆਂ ਭਾਸ਼ਾਵਾਂ, ਧਰਮ ਤੇ ਜਾਤਾਂ ਨੂੰ ਨਫ਼ਰਤ ਨਾਲ ਨਾ ਵੇਖੋ, ਉਹਨਾਂ ਦੀਆਂ ਭਾਵਨਾਵਾਂ ਦੀ ਵੀ ਕਦਰ ਕਰੋ। ਜੇ ਇਸ ਤਰ੍ਹਾਂ ਮਿਲਵਰਤਨ ਦੀ ਭਾਵਨਾ ਨਾਲ ਦੇਸ਼ ਵਿੱਚ ਕਦੇ ਵੀ ਧਰਮ, ਜਾਤ ਆਦਿ ਦੇ ਨਾਂ ’ਤੇ ਦੰਗੇ-ਫ਼ਸਾਦ ਨਹੀਂ ਹੋਣਗੇ। ਅੱਜ ਲੋੜ ਹੈ ਦੇਸ਼-ਕੌਮ ਦੀ ਭਲਾਈ ਬਾਰੇ ਸੋਚਣ ਦੀ। ਜਿਵੇਂ ਜੰਮੂ-ਕਸ਼ਮੀਰ ਵਿੱਚ ਕਾਰਗਿਲ ਦੀ ਲੜਾਈ ਵਿੱਚ ਸਾਰੇ ਹਿੰਦੁਸਤਾਨੀਆਂ ਨੇ ਇੱਕ ਹੋ ਕੇ ਅਜਿਹਾ ਹੰਭਲਾ ਮਾਰਿਆ ਕਿ ਪਾਕਿਸਤਾਨ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਭਾਵੇਂ ਦੇਸ਼ ਅੰਦਰ ਅਜੇ ਵੀ ਕੌਮੀ ਏਕਤਾ ਦੀ ਭਾਵਨਾ ਪ੍ਰਬਲ ਨਜ਼ਰ ਆਉਂਦੀ ਹੈ ਪਰ ਫਿਰ ਵੀ ਇਹ ਬੰਧਨ ਢਿੱਲੇ ਹੋ ਗਏ ਜਾਪਦੇ ਹਨ। ਸਾਨੂੰ ਇਹ ਬੰਧਨ ਮਜ਼ਬੂਤ ਕਰਨੇ ਪੈਣੇ ਹਨ ਤਾਂ ਜੋ ਕੌਮੀ ਏਕਤਾ ਕਾਇਮ ਰਹੇ। ਸਾਡਾ ਦੇਸ਼-ਵਾਸੀਆਂ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਆਪਣੇ-ਆਪ ਨੂੰ ਭਾਰਤੀ/ਹਿੰਦੁਸਤਾਨੀ ਅਖਵਾਈਏ ਨਾ ਕਿ ਪੰਜਾਬੀ, ਬੰਗਾਲੀ ਆਦਿ। ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਅਸੀਂ ਇੱਕ ਕੌਮੀ ਬਾਗ਼ ਦੇ ਫੁੱਲ ਹਾਂ, ਕੇਵਲ ਸਾਡੇ ਰੰਗ ਹੀ ਵੱਖ ਹਨ। ਇਹ ਫੁੱਲ ਇਕੱਠੇ ਹੋ ਕੇ ਗੁਲਦਸਤਾ ਬਣ ਸਕਦਾ ਹੈ। ਇਸ ਲਈ ਦੇਸ਼ ਦੀ ਏਕਤਾ ਤੇ ਅਖੰਡਤਾ ਕਾਇਮ ਰੱਖਣ ਲਈ ਸਾਨੂੰ ਇੱਕ-ਮੁੱਠ ਤੇ ਇੱਕ-ਜੁੱਟ ਹੋ ਕੇ ਰਹਿਣ ਦੀ ਲੋੜ ਹੈ ਤਾਂ ਜੋ ਮਾਣ ਨਾਲ ਕਹਿ ਸਕੀਏ :
“ਇੱਕ ਬਾਗ਼ ਦੇ ਫੁੱਲ ਅਸੀਂ ਹਾਂ, ਇੱਕ ਅਰਸ਼ ਦੇ ਤਾਰੇ।
ਕੌਣ ਅਸਾਡੀ ਖ਼ੁਸ਼ਬੂ ਵੰਡੇ, ਕੌਣ ਅਸਾਨੂੰ ਮਾਰੇ।”