ਲੇਖ : ਕੋਰੋਨਾ ਵਾਇਰਸ ਦਾ ਜੀਵਨ ’ਤੇ ਪ੍ਰਭਾਵ

ਕੋਰੋਨਾ ਵਾਇਰਸ ਦਾ ਜੀਵਨ ’ਤੇ ਪ੍ਰਭਾਵ

ਭੂਮਿਕਾ : ਕੋਰੋਨਾ ਵਾਇਰਸ ਇੱਕ ਜਾਨ-ਲੇਵਾ ਵਾਇਰਸ ਹੈ, ਜਿਸ ਨੇ ਪੂਰੀ ਦੁਨੀਆ ‘ਤੇ ਏਨਾ ਡੂੰਘਾ/ਗਹਿਰਾ ਪ੍ਰਭਾਵ ਪਾਇਆ ਹੈ ਕਿ ਮਨੁੱਖ ਦੀ ਜੀਵਨ ਸ਼ੈਲੀ ਬਦਲ ਕੇ ਰੱਖ ਦਿੱਤੀ ਹੈ। ਕੰਮਾਂ-ਕਾਰਾਂ ਵਿੱਚ ਰੁੱਝਿਆ ਰਹਿਣ ਵਾਲਾ ਕੁਝ ਛੱਡ-ਛੁਡਾ ਕੇ ਘਰ ਅੰਦਰ ਕੈਦ ਹੋ ਗਿਆ ਅਤੇ ਇੰਞ ਜਾਪਿਆ, ਜਿਵੇਂ ਜ਼ਿੰਦਗੀ ਰੁਕ ਹੀ ਗਈ ਹੋਵੇ। ਇਸ ਮਾਰੂ ਵਾਇਰਸ ਨੇ ਸਾਨੂੰ ਸਮਾਜਕ, ਆਰਥਕ, ਮਾਨਸਕ ਭਾਵ ਹਰ ਪੱਖੋਂ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਇਸ ਨੂੰ ‘ਕੋਵਿਡ-19 ਵਾਇਰਸ’ ਵੀ ਆਖਿਆ ਜਾਂਦਾ ਹੈ। ਇਹ ਇੱਕ ਛੂਤ ਦੀ ਬਿਮਾਰੀ ਹੈ, ਜੋ ਬਿਮਾਰ ਵਿਅਕਤੀ ਦੇ ਸੰਪਰਕ ਵਿੱਚ ਆਉਣ ਨਾਲ ਬਹੁਤ ਹੀ ਤੇਜ਼ੀ ਨਾਲ ਫੈਲਦੀ ਹੈ ਅਤੇ ਇੱਕ ਲੜੀ ਬਣਾ ਲੈਂਦੀ ਹੈ।

ਤਾਲਾਬੰਦੀ : ਕੋਰੋਨਾ ਵਾਇਰਸ ਦੇ ਫੈਲਦਿਆਂ ਹੀ ਵੱਖ-ਵੱਖ ਦੇਸ਼ਾਂ ਵਿੱਚ ਤਾਲਾਬੰਦੀ ਦਾ ਦੌਰ ਸ਼ੁਰੂ ਹੋ ਗਿਆ, ਕਿਉਂਕਿ ਤਾਲਾਬੰਦੀ ਹੀ ਇੱਕ-ਮਾਤਰ ਹਥਿਆਰ ਸੀ ਜਿਸ ਨਾਲ ਕੋਰੋਨਾ ਫੈਲਣ ਤੋਂ ਰੋਕਿਆ ਜਾ ਸਕਦਾ ਸੀ। ਭਾਰਤ ਵਿੱਚ ਸਭ ਤੋਂ ਪਹਿਲਾਂ 22 ਮਾਰਚ, 2020 ਨੂੰ ਇੱਕ ਦਿਨ ਦੇ ‘ਜਨਤਕ ਕਰਫਿਊ’ ਦਾ ਐਲਾਨ ਕੀਤਾ ਗਿਆ। ਕੋਰੋਨਾ ਦੇ ਮਰੀਜ਼ਾਂ ਦੀ ਸੰਖਿਆ ਵਿੱਚ ਦਿਨੋ-ਦਿਨ ਵਾਧਾ ਹੋਣ ਲੱਗਾ, ਜਿਸ ਕਾਰਨ ਇਸ ਤੋਂ ਬਚਾਓ ਲਈ 25 ਮਾਰਚ ਤੋਂ ਤਾਲਾਬੰਦੀ ਦਾ ਐਲਾਨ ਕਰ ਦਿੱਤਾ ਗਿਆ। ਇਹ ਤਾਲਾਬੰਦੀ ਮਈ ਮਹੀਨੇ ਤੱਕ ਕਰਨੀ ਪਈ। ਕੋਰੋਨਾ ਦੇ ਮਾਮਲੇ ਭਾਵੇਂ ਮਈ ਤੋਂ ਬਾਅਦ ਵੀ ਆ ਰਹੇ ਸਨ, ਪਰ ਕਿੰਨਾ ਕੁ ਚਿਰ ਤਾਲਾਬੰਦੀ ਕੀਤੀ ਜਾ ਸਕਦੀ ਸੀ, ਲੋਕਾਂ ਦੀਆਂ ਸਮੱਸਿਆਵਾਂ ਨੂੰ ਵੇਖਦੇ ਹੋਏ ਸਰਕਾਰ ਨੇ ਬਜ਼ਾਰਾਂ, ਵਪਾਰ ਅਤੇ ਕੁਝ ਕੁ ਅਦਾਰਿਆਂ ਨੂੰ ਖੋਲ੍ਹਣ ਦੇ ਨਿਰਦੇਸ਼ ਦਿੱਤੇ, ਪਰ ਕੋਰੋਨਾ ਸੰਬੰਧੀ ਬਣਾਏ ਨਿਯਮਾਂ ਦੀ ਪਾਲਣਾ ਕਰਨ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ।

ਸਮਾਜਕ ਪ੍ਰਭਾਵ : ਮਨੁੱਖ ਸ਼ੁਰੂ ਤੋਂ ਆਪਸ ਵਿੱਚ ਪ੍ਰੇਮ-ਪਿਆਰ ਨਾਲ ਮਿਲ-ਜੁਲ ਕੇ ਰਹਿਣ ਅਤੇ ਇਕੱਠੇ ਹੋ ਕੇ ਦੁੱਖ-ਸੁੱਖ ਸਾਂਝਾ ਕਰਨ ਦੀ ਸਿੱਖਿਆ ਗ੍ਰਹਿਣ ਕਰਦਾ ਆਇਆ ਹੈ, ਪਰ ਇਸ ਵਾਇਰਸ ਨੇ ਸਾਨੂੰ ਸਭ ਕੁਝ ਭੁਲਾ ਦਿੱਤਾ ਹੈ। ਕੋਈ ਵਿਅਕਤੀ ਸਾਨੂੰ ਭਾਵੇਂ ਜਿੰਨਾ ਮਰਜ਼ੀ ਪਿਆਰਾ ਹੋਵੇ, ਅਸੀਂ ਦੋ ਗਜ਼ ਦੀ ਦੂਰੀ ਤੋਂ ਹੀ ਹੱਥ ਜੋੜ ਕੇ ਨਮਸਕਾਰ ਕਰ ਦਿੰਦੇ ਹਾਂ ਅਤੇ ਡਰ ਲੱਗਣ ਲੱਗ ਜਾਂਦਾ ਹੈ ਕਿ ਕਿਤੇ ਉਹ ਸਾਡੇ ਨਾਲ ਹੱਥ ਹੀ ਨਾ ਮਿਲਾਉਣ ਲੱਗ ਜਾਏ ਜਾਂ ਜੱਫੀ ਹੀ ਨਾ ਪਾ ਲਵੇ। ਕੋਰੋਨਾ ਕਾਲ ਦੌਰਾਨ ਆਪਣੇ ਭੈਣ-ਭਰਾ ਜਾਂ ਸਕੇ – ਸੰਬੰਧੀ ਦੇ ਬਿਮਾਰ ਹੋਣ ਦੀ ਸੂਰਤ ਵਿੱਚ ਵੀ ਅਸੀਂ ਉਸ ਦੇ ਘਰ ਜਾ ਕੇ ਪਤਾ ਲੈਣ ਤੋਂ ਕੰਨੀ ਕਤਰਾਉਣ ਲੱਗ ਪਏ ਹਾਂ। ਇਸ ਜਾਨ ਲੇਵਾ ਵਾਇਰਸ ਨੇ ਅੰਦਰਲਾ ਪਿਆਰ, ਮੁਹੱਬਤ ਤੇ ਅਪਣੱਤ ਹੀ ਮੁਕਾ ਦਿੱਤੀ ਹੈ। ‘ਸੋਸ਼ਲ ਡਿਸਟੈਂਸਿੰਗ’ ਸ਼ਬਦ ਸੁਣ-ਸੁਣ ਕੇ ਹੁਣ ਤਾਂ ਕੰਨ ਪੱਕ ਗਏ ਹਨ। ਜੇ ਸਾਡੇ ਨੇੜੇ ਖੜ੍ਹਾ ਵਿਅਕਤੀ ਇੱਕ-ਦੋ ਵਾਰ ਖ਼ਾਂਸੀ ਕਰੇ ਜਾਂ ਫਿਰ ਛਿੱਕ ਮਾਰ ਦਏ ਤਾਂ ਅਸੀਂ ਉਸ ਨੂੰ ਵੀ ਸ਼ੱਕ ਦੀ ਨਜ਼ਰ ਨਾਲ ਵੇਖਣ ਲੱਗ ਪੈਂਦੇ ਹਾਂ ਕਿ ਕਿਤੇ ਇਸ ਨੂੰ ਕੋਰੋਨਾ ਹੀ ਨਾ ਹੋ ਗਿਆ ਹੋਵੇ। ਦਫ਼ਤਰਾਂ, ਵਿੱਦਿਅਕ ਸੰਸਥਾਵਾਂ ਅਤੇ ਵਪਾਰਕ ਅਦਾਰਿਆਂ ਵਿੱਚ ਅਜਿਹੇ ਵਿਅਕਤੀ ਨੂੰ ਛੁੱਟੀ ਲੈ ਕੇ ਘਰ ਅਰਾਮ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਕੋਰੋਨਾ ਕਾਲ ਦੌਰਾਨ ਮਨੁੱਖ ਨੂੰ ਮਨੁੱਖ ਤੋਂ ਹੀ ਡਰ ਲੱਗਣ ਲੱਗ ਪਿਆ ਹੈ।

ਆਰਥਿਕ ਸਥਿਤੀ ‘ਤੇ ਪ੍ਰਭਾਵ : ਤਾਲਾਬੰਦੀ ਦੌਰਾਨ ਹਰ ਵਰਗ ਦੀ ਆਰਥਿਕ ਹਾਲਤ ਖ਼ਸਤਾ ਹੋ ਗਈ, ਪਰ ਸਭ ਤੋਂ ਵੱਧ ਗ਼ਰੀਬ-ਮਾਰ ਮਜ਼ਦੂਰਾਂ ਨਾਲ ਹੋਈ। ਇੱਕ ਤਾਂ ਉਹ ਆਪਣੇ ਕੰਮ-ਧੰਦੇ ਤੋਂ ਹੱਥ ਧੋ ਬੈਠੇ ਅਤੇ ਦੂਸਰਾ,
ਪਰਵਾਸੀ ਮਜ਼ਦੂਰ ਆਵਾਜਾਈ ਬੰਦ ਹੋਣ ਕਾਰਨ ਆਪਣੇ ਘਰ ਵਾਪਸ ਜਾਣ ਲਈ ਤਰਸ ਗਏ। ਰੱਬ ਦਾ ਸ਼ੁਕਰ ਹੈ ਕਿ ‘ਸੋਨੂੰ ਸੂਦ’ ਵਰਗੇ ਕੁਝ ਸੁਹਿਰਦ ਲੋਕਾਂ ਨੇ ਉਨ੍ਹਾਂ ਦਾ ਦਰਦ ਸਮਝਦੇ ਹੋਏ ਆਵਾਜਾਈ ਦਾ ਸਾਧਨ ਮੁਹੱਈਆ ਕਰਵਾ ਕੇ ਉਹਨਾਂ ਨੂੰ ਘਰ ਵਾਪਸ ਭੇਜਣ ਦਾ ਬੀੜਾ ਚੁੱਕਿਆ ਅਤੇ ਆਰਥਿਕ ਤੌਰ ‘ਤੇ ਵੀ ਮਦਦ ਕੀਤੀ।

ਛੋਟੇ ਵਪਾਰੀਆਂ ਦਾ ਕੰਮ ਬੰਦ ਹੋਣ ਕਾਰਨ ਉਹ ਸੜਕਾਂ ’ਤੇ ਆ ਗਏ ਅਤੇ ਵੱਡੇ ਵਪਾਰੀ ਵੀ ਤਾਲਾਬੰਦੀ ਦੀ ਮਾਰ ਤੋਂ ਬਚ ਨਾ ਸਕੇ। ਇਸ ਤੋਂ ਇਲਾਵਾ ਜੋ ਨੌਕਰੀ-ਪੇਸ਼ਾ ਲੋਕਾਂ ਦੀ ਗੱਲ ਕਰੀਏ ਤਾਂ ਕੱਚੀ ਨੌਕਰੀ ਵਾਲਿਆਂ ਨੂੰ ਤਾਂ ਨੌਕਰੀ ਤੋਂ ਜੁਆਬ ਹੀ ਮਿਲ ਗਿਆ ਅਤੇ ਪੱਕੀ ਨੌਕਰੀ ਕਰਨ ਵਾਲਿਆਂ ਦੀ ਤਨਖ਼ਾਹ ਵਿੱਚ ਭਾਰੀ ਕਟੌਤੀ ਕਰ ਦਿੱਤੀ ਗਈ। ਕੋਰੋਨਾ ਵਾਇਰਸ ਨੇ ਸਿਰਫ਼ ਭਾਰਤ ਹੀ ਨਹੀਂ, ਸਗੋਂ ਵਿਸ਼ਵ ਪੱਧਰ ‘ਤੇ ਆਰਥਕ ਸਥਿਤੀ ਨੂੰ ਡੂੰਘੀ ਸੱਟ ਮਾਰੀ।

ਮਾਨਸਕ ਪ੍ਰਭਾਵ : ਕੋਰੋਨਾ ਵਾਇਰਸ ਕਾਰਨ ਬੱਚਾ, ਬੁੱਢਾ ਅਤੇ ਜੁਆਨ ਹਰ ਕੋਈ ਮਾਨਸਕ ਤਣਾਓ ਭੋਗ ਰਿਹਾ ਹੈ। ਇਸ ਦਾ ਮੁੱਖ ਕਾਰਨ ਆਰਥਿਕ ਮੰਦੀ ਅਤੇ ਘਰਾਂ ਵਿੱਚ ਬੰਦ ਰਹਿਣਾ ਹੈ। ਆਰਥਿਕ ਤੰਗੀ ਨੇ ਤਾਂ ਲੋਕਾਂ ਦੀ ਰਾਤ ਦੀ ਨੀਂਦ ਹਰਾਮ ਕਰ ਦਿੱਤੀ ਹੈ।ਘਰ ਦੇ ਰਾਸ਼ਨ ਅਤੇ ਬੱਚਿਆਂ ਦੀ ਪੜ੍ਹਾਈ ਦੇ ਖ਼ਰਚੇ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਇਸ ਤੋਂ ਇਲਾਵਾ ਬੱਚੇ ਵੀ ਘਰ ਦੀ ਚਾਰ-ਦੀਵਾਰੀ ਅੰਦਰ ਕੈਦ ਹੋ ਜਾਣ ਕਾਰਨ ਪਰੇਸ਼ਾਨ ਹਨ। ਉਹ ਵੀ ਆਪਣੇ ਸਕੂਲ, ਦੋਸਤਾਂ ਅਤੇ ਅਧਿਆਪਕਾਂ ਨੂੰ ਯਾਦ ਕਰ ਕੇ ਉਦਾਸ ਹੋ ਗਏ ਹਨ ਅਤੇ ਮਾਨਸਿਕ ਦਬਾਅ ਮਹਿਸੂਸ ਕਰਦੇ ਹਨ। ਕੋਰੋਨਾ ਦੇ ਡਰ ਕਾਰਨ ਉਹ ਆਪਣੇ ਪਰਿਵਾਰ ਜਾਂ ਦੋਸਤਾਂ ਨਾਲ ਕਿਧਰੇ ਘੁੰਮਣ ਨਹੀਂ ਜਾ ਸਕਦੇ ਅਤੇ ਮੋਬਾਈਲ ‘ਤੇ ਆਨਲਾਈਨ ਪੜ੍ਹਾਈ ਕਰ-ਕਰ ਕੇ ਅੱਕ ਗਏ ਹਨ।

ਕੋਰੋਨਾ ਦੀ ਦਹਿਸ਼ਤ ਕਾਰਨ ਕੰਮਾਂ-ਕਾਰਾਂ ‘ਤੇ ਜਾਣ ਲੱਗਿਆਂ ਜਾਂ ਫਿਰ ਕਿਸੇ ਹੋਰ ਜ਼ਰੂਰੀ ਕੰਮ ਲਈ ਮਜਬੂਰੀ ਵਿੱਚ ਘਰੋਂ ਨਿਕਲਣ ਲੱਗਿਆਂ ਵੀ ਡਰ ਲੱਗਦਾ ਹੈ ਕਿ ਕਿਤੇ ਕੋਰੋਨਾ ਦਾ ਸ਼ਿਕਾਰ ਹੀ ਨਾ ਹੋ ਜਾਈਏ। ਹਰੇਕ ਵਿਅਕਤੀ ਆਪਣੇ-ਆਪ ਨੂੰ ਘਰ ਅੰਦਰ ਹੀ ਸੁਰੱਖਿਅਤ ਮਹਿਸੂਸ ਕਰ ਰਿਹਾ ਹੈ ਜੋ ਆਪਣੇ-ਆਪ ਵਿੱਚ ਹੀ ਇੱਕ ਬਹੁਤ ਵੱਡੀ ਬਿਮਾਰੀ ਹੈ ਅਤੇ ਹੋਰ ਅਨੇਕ ਬਿਮਾਰੀਆਂ ਨੂੰ ਜਨਮ ਦਿੰਦੀ ਹੈ।

ਸਿੱਖਿਆ ਪ੍ਰਣਾਲੀ ‘ਤੇ ਪ੍ਰਭਾਵ : ਕੋਰੋਨਾ ਵਾਇਰਸ ਕਰ ਕੇ ਵਿੱਦਿਅਕ ਸੰਸਥਾਵਾਂ ਬੰਦ ਹੋਣ ਕਾਰਨ ਪੜ੍ਹਨ-ਪੜ੍ਹਾਉਣ ਦੀ ਕਿਰਿਆ ਤਾਂ ਪੂਰੀ ਤਰ੍ਹਾਂ ਹੀ ਬਦਲ ਗਈ ਹੈ। ਜਿਹੜੇ ਮੋਬਾਈਲ ਫੋਨ ਤੋਂ ਬੱਚਿਆਂ ਨੂੰ ਦੂਰੀ ਬਣਾਉਣ ਲਈ ਆਖਿਆ ਜਾਂਦਾ ਸੀ, ਉਸੇ ਫੋਨ ਨੂੰ ਫੜ੍ਹ ਕੇ ਪੜ੍ਹਾਈ ਕਰਨ ‘ਤੇ ਜ਼ੋਰ ਦਿੱਤਾ ਜਾਣ ਲੱਗ ਪਿਆ। ਅਧਿਆਪਕ ਜ਼ੂਮ, ਗੂਗਲ ਮੀਟ, ਮਾਈਕ੍ਰੋਸੋਫਟ ਟੀਸਜ਼ ਆਦਿ ਪਲੇਟਫਾਰਮਾਂ ਦੀ ਵਰਤੋਂ ਕਰ ਕੇ ਪੜ੍ਹਾਈ ਕਰਵਾ ਰਹੇ ਹਨ ਅਤੇ ਐਗਜ਼ਾਮ ਨੈੱਟ ਅਤੇ ਗੂਗਲ ਫਾਰਮਜ਼ ’ਤੇ ਪ੍ਰੀਖਿਆ ਲੈ ਰਹੇ ਹਨ, ਤਾਂ ਜੁ ਵਿਦਿਆਰਥੀਆਂ ਦੀ ਪੜ੍ਹਾਈ ਸੁਚੱਜੇ ਢੰਗ ਨਾਲ ਚੱਲਦੀ ਰਹੇ। ਇਸ ਤੋਂ ਇਲਾਵਾ ਵਿਦਿਆਰਥੀਆਂ ਦੇ ਮਾਪਿਆਂ ਨਾਲ ਹਰ ਮਹੀਨੇ ਵਰਚੂਅਲ ਮੀਟਿੰਗ ਦੁਆਰਾ ਬੱਚਿਆਂ ਦੀ ਪੜ੍ਹਾਈ ਸੰਬੰਧੀ ਜਾਣਕਾਰੀ ਸਾਂਝੀ ਕਰ ਰਹੇ ਹਨ, ਪਰ ਆਨਲਾਈਨ ਪੜ੍ਹਾਈ ਦਾ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਿਹਤ ‘ਤੇ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ।

ਵਾਤਾਵਰਨ ‘ਤੇ ਪ੍ਰਭਾਵ : ਜਿੱਥੇ ਕੋਰੋਨਾ ਵਾਇਰਸ ਨੇ ਸਾਡੇ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ, ਉੱਥੇ ਵਾਤਾਵਰਨ ’ਤੇ ਇਸ ਦਾ ਚੰਗਾ ਪ੍ਰਭਾਵ ਪਿਆ। ਪ੍ਰਦੂਸ਼ਣ ਘਟਣ ਨਾਲ ਤਾਲਾਬੰਦੀ ਦੌਰਾਨ ਨੀਲਾ ਅਸਮਾਨ ਵੇਖਣ ਨੂੰ ਮਿਲਿਆ, ਪੰਛੀਆਂ ਦੀਆਂ ਮਧੁਰ ਅਵਾਜ਼ਾਂ ਨੇ ਸਾਡਾ ਮਨ ਮੋਹਿਆ ਤੇ ਇੱਥੋਂ ਤੱਕ ਕਿ ਕਈ ਥਾਂਵਾਂ ‘ਤੇ ਮੋਰਾਂ ਨੂੰ ਸੜਕ ‘ਤੇ ਪੈਲਾਂ ਪਾਉਂਦੇ ਦੇਖਿਆ ਗਿਆ। ਤਾਲਾਬੰਦੀ ਤੋਂ ਬਾਅਦ ਵੀ ਕੋਰੋਨਾ ਦੇ ਡਰ ਕਾਰਨ ਲੋਕੀਂ ਬਿਨਾਂ ਜ਼ਰੂਰਤ ਘਰੋਂ ਬਾਹਰ ਨਹੀਂ ਨਿਕਲ ਰਹੇ ਅਤੇ ਦੂਰ – ਦੁਰਾਡੇ ਸੈਰ-ਸਪਾਟਾ ਕਰਨ ਤੋਂ ਵੀ ਪਰਹੇਜ਼ ਕਰ ਰਹੇ ਹਨ। ਇਸ ਤਰ੍ਹਾਂ ਵਾਤਾਵਰਨ ਦਾ ਪ੍ਰਦੂਸ਼ਣ ਪਹਿਲਾਂ ਨਾਲੋਂ ਘਟ ਗਿਆ ਹੈ।

ਸਿੱਟਾ : ਕੋਰੋਨਾ ਵਾਇਰਸ ਨੇ ਪੂਰੇ ਵਿਸ਼ਵ ਨੂੰ ਹੀ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਆਰਥਿਕ ਪੱਖੋਂ ਢਾਹ ਲੱਗਣ ਕਾਰਨ ਲੋਕੀਂ ਮਾਨਸਕ ਬਿਮਾਰੀ ਦੇ ਸ਼ਿਕਾਰ ਹੋ ਰਹੇ ਹਨ। ਭਾਵੇਂ ਹੁਣ ਕੋਰੋਨਾ ਦੇ ਮਰੀਜ਼ਾਂ ਦੀ ਸੰਖਿਆ ਵਿੱਚ ਪਹਿਲਾਂ ਨਾਲੋਂ ਗਿਰਾਵਟ ਆਈ ਹੈ ਅਤੇ ਇਸ ਦਾ ਟੀਕਾਕਰਨ ਵੀ ਸ਼ੁਰੂ ਹੋ ਚੁੱਕਾ ਹੈ, ਪਰ ਫਿਰ ਵੀ ਸਾਨੂੰ ਇਸ ਮਾਰੂ ਵਾਇਰਸ ਤੋਂ ਬਚਣ ਦੀ ਜ਼ਰੂਰਤ ਹੈ। ਸਿਆਣਿਆਂ ਠੀਕ ਹੀ ਆਖਿਆ ਹੈ; ‘ਇਲਾਜ ਨਾਲੋਂ ਪਰਹੇਜ਼ ਚੰਗਾ ਹੁੰਦਾ ਹੈ’। ਇਸ ਲਈ ਕੋਰੋਨਾ ਸੰਬੰਧੀ ਸਰਕਾਰ ਵੱਲੋਂ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੁ ਅਸੀਂ ਇਸ ਜਾਨ-ਲੇਵਾ ਬਿਮਾਰੀ ਤੋਂ ਬਚ ਸਕੀਏ।