ਲੇਖ – ਕੇਬਲ ਟੀ.ਵੀ. : ਵਰ ਜਾਂ ਸਰਾਪ
ਕੇਬਲ ਟੀ.ਵੀ. : ਵਰ ਜਾਂ ਸਰਾਪ
ਭੂਮਿਕਾ : ਕੇਬਲ ਟੀ.ਵੀ. ਵਿਗਿਆਨ ਦੀ ਅਦਭੁਤ ਦੇਣ ਹੈ। ਇਸ ਰਾਹੀਂ ਦੇਸ਼-ਵਿਦੇਸ਼ ਦੇ ਟੀ.ਵੀ. ਚੈਨਲਾਂ ਦੇ ਪ੍ਰੋਗਰਾਮਾਂ ਨੂੰ ਸੈਟੇਲਾਈਟ ਰਾਹੀਂ ਪ੍ਰਾਪਤ ਕੀਤਾ ਜਾਂਦਾ ਹੈ ਤੇ ਇਸ ਨੂੰ ਘਰ-ਘਰ ਪਹੁੰਚਾਉਣ ਲਈ ਕੇਬਲਾਂ (ਤਾਰਾਂ) ਦੀ ਮਦਦ ਲਈ ਜਾਂਦੀ ਹੈ। ਅੱਜ-ਕੱਲ੍ਹ ਹਰ ਘਰ ਵਿੱਚ ਕੇਬਲ ਟੀ.ਵੀ. ਹੀ ਚਲਦਾ ਹੈ ਕਿਉਂਕਿ ਇਸ ਤੋਂ ਬਿਨਾਂ ਟੀ.ਵੀ. ਚਲਦਾ ਹੀ ਨਹੀਂ। ਹੁਣ ਤਾਂ ਇਸ ਤੋਂ ਵੀ ਵੱਧ ਡਿਸ਼ ਟੀ.ਵੀ. ਆ ਗਏ ਹਨ। ਅੱਜ ਕੇਬਲ ਜਾਂ ਡਿਸ਼ ਨਾਲ ਸੈਂਕੜਿਆਂ ਦੀ ਗਿਣਤੀ ‘ਚ ਚੈਨਲ ਚਲ ਰਹੇ ਹਨ। ਕੁਝ ਚੈਨਲ ਅਜਿਹੇ ਹਨ ਜਿਨ੍ਹਾਂ ‘ਤੇ ਸਿਰਫ਼ ਫ਼ਿਲਮਾਂ, ਕੁਝ ’ਤੇ ਕੇਵਲ ਗਾਣੇ, ਕੁਝ ਚੈਨਲ ਖ਼ਬਰਾਂ, ਕੁਝ ਫੈਸ਼ਨ-ਸ਼ੋਅ, ਕੁਝ ਵਪਾਰ ਸਬੰਧੀ, ਕੁਝ ਨਾਟਕ, ਕੁਝ ਖੇਤੀ ਸੰਬੰਧੀ ਤੇ ਕੁਝ ਨਵੀਆਂ-ਨਵੀਆਂ ਖੋਜਾਂ ਬਾਰੇ ਹੀ ਪ੍ਰੋਗਰਾਮ ਪੇਸ਼ ਕਰਦੇ ਹਨ।
ਦਰਸ਼ਕਾਂ ਦੇ ਵਰਗ : ਪ੍ਰਮੁੱਖ ਤੌਰ ‘ਤੇ ਟੀ.ਵੀ. ਚੈਨਲਾਂ ਦੇ ਪ੍ਰੋਗਰਾਮਾਂ ਨੂੰ ਵੇਖਣ ਵਾਲਿਆਂ ਦੇ ਸਹਿਜੇ ਹੀ ਤਿੰਨ ਵਰਗ ਬਣ ਗਏ ਹਨ—ਪਹਿਲਾ ਬੱਚਿਆਂ ਦਾ ਵਰਗ ਹੈ ਜਿਹੜਾ ਕਾਰਟੂਨ ਚੈਨਲ ਵੇਖਣਾ ਪਸੰਦ ਕਰਦੇ ਹਨ। ਦੂਜਾ ਨੌਜਵਾਨ ਅਤੇ ਇਸਤਰੀਆਂ ਦਾ ਜਿਹੜਾ ਸੀਰੀਅਲ ’ਤੇ ਖੇਡਾਂ ਤੇ ਡਿਸਕਵਰੀ ਚੈਨਲ ਵੇਖਦਾ ਹੈ ਤੇ ਤੀਜਾ ਵਰਗ ਅਜਿਹੇ ਲੋਕਾਂ ਦਾ ਹੈ ਜਿਹੜਾ ਸਿਰਫ਼ ਖ਼ਬਰਾਂ ਸੁਣਨਾ ਹੀ ਪਸੰਦ ਕਰਦਾ ਹੈ ਤੇ ਧਾਰਮਕ ਪ੍ਰੋਗਰਾਮਾਂ ਪ੍ਰਤੀ ਉਤਸ਼ਾਹਿਤ ਹੁੰਦਾ ਹੈ। ਇਸ ਤੋਂ ਇਲਾਵਾ ਕੇਬਲ ਟੀ.ਵੀ. ‘ਤੇ ਹਰ ਵਿਸ਼ਾ, ਹਰ ਸਮੱਸਿਆ, ਹਰ ਕਿਸਮ ਨਾਲ ਪ੍ਰਭਾਵਿਤ ਕਰਨ ਵਾਲੇ ਪ੍ਰੋਗਰਾਮ ਦਿਨ-ਰਾਤ ਪ੍ਰਸਾਰਿਤ ਹੁੰਦੇ ਰਹਿੰਦੇ ਹਨ।
ਕੇਬਲ ਟੀ.ਵੀ. ਨੇ ਸਾਡੇ ਸਮੁੱਚੇ ਜੀਵਨ ਅਤੇ ਮਾਨਸਕਤਾ ਨੂੰ ਬੜੀ ਤੇਜ਼ੀ ਨਾਲ ਪ੍ਰਭਾਵਿਤ ਕੀਤਾ ਹੈ। ਇਸ ਦੇ ਬਹੁਤ ਸਾਰੇ ਲਾਭ ਵੀ ਹਨ ਤੇ ਨੁਕਸਾਨ ਵੀ। ਇਸ ਲਈ ਇਹ ਇੱਕ ਵਰ ਵੀ ਹੈ ਤੇ ਸਰਾਪ ਵੀ।
ਲਾਭ : ਕੇਬਲ ਟੀ.ਵੀ. ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਇਹ ਸਾਡੇ ਮਨੋਰੰਜਨ ਦਾ ਵਧੀਆ ਸਾਧਨ ਹੈ। ਹਰ ਵਿਅਕਤੀ ਆਪਣੀਆਂ ਰੁਚੀਆਂ ਅਨੁਸਾਰ ਪ੍ਰੋਗਰਾਮ ਵੇਖ ਸਕਦਾ ਹੈ। ਟੀ.ਵੀ. ਦੇ ਕਿਸੇ ਨਾ ਕਿਸੇ ਚੈਨਲ ‘ਤੇ ਕੋਈ ਨਾ ਕੋਈ ਰੁਮਾਂਟਿਕ, ਧਾਰਮਕ, ਸੱਭਿਆਚਾਰਕ ਅਤੇ ਇਤਿਹਾਸ ਜਾਂ ਕਿਸੇ ਵੀ ਕਿਸਮ ਦੇ ਮਨੋਰੰਜਨ ਨਾਲ ਸੰਬੰਧਿਤ ਪ੍ਰੋਗਰਾਮ ਚੱਲ ਰਿਹਾ ਹੁੰਦਾ ਹੈ। ਇਸ ਤੋਂ ਬਿਨਾਂ ਇਨ੍ਹਾਂ ਚੈਨਲਾਂ ‘ਤੇ 24 ਘੰਟੇ ਹੀ ਤਾਜ਼ੀਆਂ ਖ਼ਬਰਾਂ ਤੇ ਘਟਨਾਵਾਂ ਆਦਿ ਦੀ ਜਾਣਕਾਰੀ ਮਿਲਦੀ ਰਹਿੰਦੀ ਹੈ ਵਿਗਿਆਪਨਾਂ ਦੁਆਰਾ ਚੀਜ਼ਾਂ ਬਾਰੇ ਪਤਾ ਲਗਦਾ ਰਹਿੰਦਾ ਹੈ। ਕਈ ਪ੍ਰੋਗਰਾਮ ਅਜਿਹੇ ਹੁੰਦੇ ਹਨ ਜਿਨ੍ਹਾਂ ਤੋਂ ਮੁਕਾਬਲੇ ਦੀ ਭਾਵਨਾ ਪੈਦਾ ਹੁੰਦੀ ਹੈ, ਨਵੇਂ-ਨਵੇਂ ਫ਼ੈਸ਼ਨਾਂ ਬਾਰੇ ਗਿਆਨ ਹੁੰਦਾ ਹੈ। ਇਸ ਤੋਂ ਇਲਾਵਾ ਵੱਖ-ਵੱਖ ਰਾਜਸੀ ਘਟਨਾਵਾਂ ਤੇ ਉਥਲ-ਪੁਥਲ ਸਬੰਧੀ ਪ੍ਰੋਗਰਾਮ, ਬਹਿਸਾਂ, ਖੁਫ਼ੀਆ ਰਿਪੋਰਟਾਂ, ਜੁਰਮ ਤੇ ਹੋਰ ਗਤੀਵਿਧੀਆਂ, ਲੋਕਾਂ ਦੇ ਕਾਰਨਾਮੇ ਜਾਂ ਕਿਸੇ ਵੀ ਪ੍ਰੋਗਰਾਮ ਦੇ ਸਿੱਧੇ ਪ੍ਰਸਾਰਨ ਦਰਸ਼ਕਾਂ ਨੂੰ ਬਹੁਤ ਪ੍ਰਭਾਵਿਤ ਕਰਦੇ ਹਨ।
ਕੇਬਲ ਟੀ.ਵੀ. ਇੱਕ ਸਰਾਪ ਵਜੋਂ : ਅੱਜ ਮੁਕਾਬਲੇ ਦਾ ਯੁੱਗ ਹੈ। ਹਰ ਟੀ.ਵੀ. ਚੈਨਲ ਵੱਧ ਤੋਂ ਵੱਧ ਦਰਸ਼ਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨਾ ਚਾਹੁੰਦਾ ਹੈ। ਟੀ.ਵੀ. ‘ਤੇ ਕਈ ਪ੍ਰੋਗਰਾਮ ਅਜਿਹੇ ਵਿਖਾਏ ਜਾ ਰਹੇ ਹਨ ਜਿਨ੍ਹਾਂ ਦੇ ਬੁਰੇ ਪ੍ਰਭਾਵ ਸਾਡੇ ਪਰਿਵਾਰ ‘ਤੇ ਪੈ ਰਹੇ ਹਨ ਖ਼ਾਸ ਕਰਕੇ ਬੱਚਿਆਂ ‘ਤੇ ਅਤੇ ਨੌਜਵਾਨਾਂ ‘ਤੇ। ਬੱਚੇ ਟੀ.ਵੀ. ‘ਤੇ ਵਿਖਾਏ ਜਾਂਦੇ ਪ੍ਰੋਗਰਾਮਾਂ ਦੀ ਨਕਲ ਕਰਦੇ ਹਨ ਕਿਉਂਕਿ ਬਾਲ-ਮਨ ਹੁੰਦਾ ਹੀ ਅਜਿਹਾ ਹੈ ਕਿ ਉਹ ਹਰ ਕਿਸਮ ਦੇ ਵਰਤਾਰੇ ਤੋਂ ਛੇਤੀ ਹੀ ਪ੍ਰਭਾਵਿਤ ਹੋ ਜਾਂਦਾ ਹੈ। ਬੱਚੇ ‘ਹੀ-ਮੈਨ’ ਤੇ ‘ਸੁਪਰ-ਮੈਨ’ ਜਿਹੇ ਪ੍ਰੋਗਰਾਮ ਵੇਖ ਕੇ ਉਨ੍ਹਾਂ ਦੀਆਂ ਨਕਲਾਂ ਕਰਦੇ ਹਨ ਤੇ ਬਾਅਦ ਵਿੱਚ ਨੁਕਸਾਨ ਝੱਲਦੇ ਹਨ। ਅਜਿਹੇ ਹਿੰਸਾਤਮਕ ਰਵੱਈਏ ਵਾਲੇ ਪ੍ਰੋਗਰਾਮ ਵੇਖਣ ਨਾਲ ਬੱਚਿਆਂ ਵਿੱਚ ਹਿੰਸਾਤਮਕ ਭਾਵਨਾਵਾਂ ਜਾਗ ਪੈਂਦੀਆਂ ਹਨ।
ਨੌਜਵਾਨਾਂ ‘ਤੇ ਬੁਰਾ ਪ੍ਰਭਾਵ : ਅੱਜ ਨੌਜਵਾਨ ਇਸ ਦੇ ਮਾੜੇ ਪ੍ਰਭਾਵਾਂ ਦਾ ਸ਼ਿਕਾਰ ਹੋ ਗਿਆ ਹੈ। ਪੱਛਮੀ ਸੱਭਿਆਚਾਰਾਂ ਦਾ ਨੰਗੇਜ, ਫ਼ੈਸ਼ਨ, ਪੈਸਾ, ਐਸ਼-ਪ੍ਰਸਤੀ, ਖ਼ੁਦਸਤੀ, ਵੱਡਿਆਂ ਦਾ ਅਪਮਾਨ, ਨਿੱਕੀ-ਨਿੱਕੀ ਗੱਲ ’ਤੇ ਮਾਪਿਆਂ ਦੀ ਬੇਇਜ਼ਤੀ ਜਾਂ ਧਮਕੀਆਂ ਦੇਣੀਆਂ, ਆਪਹੁਦਰਾਪਨ, ਕਲੱਬੀ ਜੀਵਨ, ਨਸ਼ਿਆਂ ਦਾ ਸੇਵਨ, ਗੁੰਡਾਗਰਦੀ, ਰੁਮਾਂਟਿਕ ਬਿਰਤੀਆਂ, ਕਾਮ ਉਕਸਾਊ ਪ੍ਰੋਗਰਾਮ ਵੇਖਣੇ ਤੇ ਬਿਮਾਰ ਮਾਨਸਕਤਾ ਨੂੰ ਜਨਮ ਦੇਣਾ ਜਿਸ ਤੋਂ ਸਿਰਫ਼ ਵਕਤੀ ਖ਼ੁਸ਼ੀਆਂ ਮਿਲ ਰਹੀਆਂ ਹਨ ਜਦ ਕਿ ਜੀਵਨ ਦਾ ਡੂੰਘਾ ਰਸ ਅਲੋਪ ਹੋ ਰਿਹਾ ਹੈ।
ਸੱਭਿਆਚਾਰ ਦਾ ਘਾਣ : ਅੱਜ ਭਾਰਤੀ ਸੱਭਿਆਚਾਰ ਦੇ ਨਾਂ ‘ਤੇ ਪਰੋਸਿਆ ਜਾ ਰਿਹਾ ਨੰਗੇਜ, ਅਸ਼ਲੀਲਤਾ, ਕਾਮ-ਭੜਕਾਊ ਐਕਸ਼ਨ, ਗੀਤ-ਸੰਗੀਤ, ਘਟੀਆਪਨ, ਲੱਚਰਪੁਣਾ ਤੇ ਗੁੰਡਾਗਰਦੀ ਆਦਿ ਕੇਵਲ ਵਪਾਰੀ ਤਬਕੇ ਵਲੋਂ ਆਪਣਾ ਲਾਭ ਵਧਾਉਣ ਲਈ ਪੇਸ਼ ਕੀਤਾ ਜਾਂਦਾ ਹੈ। ਡਾਂਸਰਾਂ ਦੇ ਪਹਿਰਾਵੇ ‘ਤੇ ਅਕਸਰ ਸ਼ਰਮਨਾਕ ਹੋਣਾ ਪੈਂਦਾ ਹੈ। ਗੀਤ ਦੇ ਬੋਲ ਹੋਰ ਹੁੰਦੇ ਹਨ ਤੇ ਡਾਂਸ, ਪਹਿਰਾਵਾ, ਸੀਨ ਤੇ ਐਕਸ਼ਨ ਹੋਰ ਹੁੰਦੇ ਹਨ। ਇੰਜ ਸੱਭਿਆਚਾਰ ਦਾ ਘਾਣ ਹੋ ਰਿਹਾ ਹੈ |
ਟੀ.ਵੀ. ‘ਤੇ ਵਿਖਾਏ ਜਾਂਦੇ ਘਰੇਲੂ, ਪਰਿਵਾਰਕ ਤੇ ਸਮਾਜਿਕਤਾ ਦੇ ਨਾਂ ‘ਤੇ ਸੀਰੀਅਲ ਕਈ-ਕਈ ਸਾਲਾਂ ਤੋਂ ਚਲਦੇ ਆ ਰਹੇ ਹਨ। ਇਹ ਪ੍ਰੋਗਰਾਮ ਸਮਾਜ ਨੂੰ ਸਹੀ ਸੇਧ ਦੇਣ ਦੀ ਬਜਾਏ ਪਰਿਵਾਰਾਂ ਵਿੱਚ ਲੜਾਈਆਂ ਜਾਂ ਟਕਰਾਵਾਂ ਦਾ ਕਾਰਨ ਵੀ ਬਣਦੇ ਹਨ।
ਜੁਰਮਾਂ ‘ਚ ਵਾਧਾ : ਟੀ.ਵੀ. ਪ੍ਰੋਗਰਾਮਾਂ ਰਾਹੀਂ ਜੁਰਮਾਂ ਵਿੱਚ ਵੀ ਵਾਧਾ ਹੋ ਰਿਹਾ ਹੈ ਜਿਵੇਂ ਕਿਸੇ ਵਾਰਦਾਤ, ਸਨਸਨੀਖ਼ੇਜ਼ ਘਟਨਾਵਾਂ, ਕ੍ਰਾਈਮ-ਰਿਪੋਰਟ ਤੇ ਇੰਡੀਆ ਮੋਸਟ ਵਾਂਟੇਡ ਵਰਗੇ ਪ੍ਰੋਗਰਾਮ ਤੇ ਕਈ ਨਿੱਜੀ ਚੈਨਲਾਂ ਵੱਲੋਂ ਕਿਸੇ ਸਨਸਨੀਖੇਜ਼ ਘਟਨਾ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਜਾਣਾ, ਜੁਰਮਾਂ ਵਿੱਚ ਹੋਰ ਵਾਧਾ ਕਰ ਰਿਹਾ ਹੈ। ਭਾਵੇਂ ਅਜਿਹੇ ਪ੍ਰੋਗਰਾਮਾਂ ਨਾਲ ਜੁਰਮਾਂ ਦੇ ਪਰਦੇ ਵੀ ਫ਼ਾਸ਼ ਹੋਏ ਹਨ ਪਰ ਫਿਰ ਵੀ ਇਸ ਨਾਲ ਪ੍ਰਾਪੇਗੰਡਾ ਵਧਿਆ ਹੈ। ਜਰਾਇਮ-ਪੇਸ਼ਾ ਲੋਕਾਂ ਵੱਲੋਂ ਬੱਚਿਆਂ ਨੂੰ ਅਗਵਾ ਕਰ ਲੈਣਾ ਜਾਂ ਘਰੇਲੂ ਨੌਕਰਾਂ ਵੱਲੋਂ ਮਾਲਕਾਂ ਦਾ ਬੇਰਹਿਮੀ ਨਾਲ ਕਤਲ ਕਰਨ, ਟੀ.ਵੀ. ਦੀ ਬਦੌਲਤ ਹੀ ਹੈ।
ਇਸ਼ਤਿਹਾਰਬਾਜ਼ੀ ਤੇ ਔਰਤ : ਕੇਬਲ ਟੀ.ਵੀ. ਨੇ ਵਪਾਰ ਵਧਾਉਣ ਲਈ ਇਸ਼ਤਿਹਾਰਬਾਜ਼ੀ ਦਾ ਸਹਾਰਾ ਲਿਆ ਹੈ ਤੇ ਇਸ਼ਤਿਹਾਰਬਾਜ਼ੀ ਵਿੱਚ ਔਰਤ ਨੂੰ ਮੁੱਖ ਰੱਖਿਆ ਗਿਆ ਹੈ। ਕੋਈ ਵੀ ਵਸਤੂ, ਪਦਾਰਥ ਚਾਹੇ ਉਹ ਹਰ ਇੱਕ ਦੀ ਲੋੜ ਨੂੰ ਪੂਰਿਆਂ ਕਰਨ ਵਾਲੀ ਹੋਵੇ ਪਰ ਉਸ ਸਬੰਧੀ ਵਿਗਿਆਪਨ ਔਰਤ ਵੱਲੋਂ ਹੀ ਪੇਸ਼ ਕੀਤਾ ਜਾਂਦਾ ਹੈ। ਇਸ ਨਾਲ ਔਰਤ ਇੱਕ ਪੈਸਾ ਕਮਾਉਣ ਦਾ ਸਾਧਨ ਹੀ ਬਣ ਕੇ ਰਹਿ ਗਈ ਹੈ।
ਅੰਧ ਵਿਸ਼ਵਾਸ ਨੂੰ ਫੈਲਾਉਣਾ : ਕੇਬਲ ਟੀ.ਵੀ. ਦੇ ਚੈਨਲਾਂ ‘ਤੇ ਅੰਧ-ਵਿਸ਼ਵਾਸਾਂ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਜਿੰਨੇ ਵੀ ਚੈਨਲ ਹਨ ਹਰ ਇੱਕ ’ਤੇ ਜੋਤਸ਼ੀ, ਵਾਸਤੂ-ਸ਼ਾਸਤਰ, ਗ੍ਰਹਿ-ਦਿਸ਼ਾ ਦੱਸਣ ਵਾਲੇ, ਪਖੰਡੀ ਬਾਬੇ, ਲੈਪਟਾਪ ਲਾ ਕੇ ਜੀਵਨ ਦਾ ਹਾਲ ਦੱਸ ਰਹੇ ਹਨ, ਰਾਸ਼ੀ-ਫਲ ਦੱਸ ਰਹੇ ਹਨ ਤੇ ਜੀਵਨ ਵਿੱਚ ਆਉਣ ਵਾਲੀਆਂ ਔਕੜਾਂ ਨੂੰ ਦੂਰ ਕਰਨ ਲਈ ਬੇਲੋੜੇ ਉਪਾਅ ਦੱਸ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਇੰਜ ਲੋਕਾਂ ਨੂੰ ਅੰਧ-ਵਿਸ਼ਵਾਸ ਵੱਲ ਧੱਕਿਆ ਜਾ ਰਿਹਾ ਹੈ।
ਸਾਰੰਸ਼ : ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਕੇਬਲ ਟੀ.ਵੀ. ਦੇ ਲਾਭ ਘੱਟ ਤੇ ਨੁਕਸਾਨ ਜ਼ਿਆਦਾ ਹਨ। ਇਹ ਸਿਰਫ਼ ਵਪਾਰ, ਅਸ਼ਲੀਲਤਾ ਤੇ ਅੰਧ-ਵਿਸ਼ਵਾਸਾਂ ਨਾਲ ਭਰਪੂਰ ਹੀ ਰਹਿ ਗਿਆ ਹੈ ਪਰ ਇਸ ਲਈ ਜ਼ਿੰਮੇਵਾਰ ਕੇਵਲ ਟੀ.ਵੀ. ਚੈਨਲ ਦੇ ਪ੍ਰਬੰਧਕ ਹੀ ਨਹੀਂ ਬਲਕਿ ਦਰ ਕ ਵੀ ਹਨ ਕਿਉਂਕਿ ਉਹ ਅਜਿਹੇ ਪ੍ਰੋਗਰਾਮ ਵੇਖਣਾ ਪਸੰਦ ਕਰਦੇ ਹਨ ਤੇ ਉਨ੍ਹਾਂ ਦੀ ਪਸੰਦ ਨੂੰ ਧਿਆਨ ਵਿੱਚ ਰੱਖ ਕੇ ਪ੍ਰੋਗਰਾਮਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਭਾਵੇਂ ਇਸ ਦੇ ਬਹੁਤ ਸਾਰੇ ਲਾਭ ਹਨ ਪਰ ਸਾਡੇ ‘ਤੇ ਨਿਰਭਰ ਕਰਦਾ ਹੈ ਕਿ ਅਸੀਂ ਲਾਭ ਹਾਸਲ ਕਰਨੇ ਹਨ ਜਾਂ ਆਪਣੇ ਪੈਰਾਂ ‘ਤੇ ਆਪ ਕੁਹਾੜਾ ਮਾਰਨਾ ਹੈ।