ਲੇਖ : ਕਰ ਮਜੂਰੀ ਖਾ ਚੂਰੀ

ਕਿਰਤ ਦੀ ਮਹਾਨਤਾ ਜਾਂ ਕਰ ਮਜੂਰੀ ਖਾ ਚੂਰੀ

ਭੂਮਿਕਾ : ਰੋਜ਼ੀ-ਰੋਟੀ ਦੀ ਪ੍ਰਾਪਤੀ ਲਈ ਹਰ ਮਨੁੱਖ ਕੋਈ ਨਾ ਕੋਈ ਹੀਲਾ-ਵਸੀਲਾ ਕਰਦਾ ਹੈ ਕਿਉਂਕਿ ਵਿਹਲੇ ਰਹਿ ਕੇ ਜੀਵਨ ਦੀਆਂ ਮੁਢਲੀਆਂ ਲੋੜਾਂ ਦੀ ਪੂਰਤੀ ਅਸੰਭਵ ਹੈ। ਇਸ ਲਈ ਹਰ ਕੋਈ ਆਪਣੀ ਸਰੀਰਕ ਅਤੇ ਮਾਨਸਕ ਸਮਰੱਥਾ ਅਨੁਸਾਰ ਕੋਈ ਨਾ ਕੋਈ ਕਾਰੋਬਾਰ ਕਰ ਰਿਹਾ ਹੈ, ਕੋਈ ਮਜ਼ਦੂਰ ਹੈ ਤੇ ਕੋਈ ਅਫ਼ਸਰ। ਜੀਵਨ ਨਿਰਬਾਹ ਕਰਨ ਲਈ ਕੋਈ ਹੱਥੀਂ ਕਿਰਤ ਕਰਦਾ ਹੈ, ਕੋਈ ਮੰਗ ਕੇ ਖਾਂਦਾ ਹੈ, ਕੋਈ ਵਿਹਲੜ ਹੈ, ਕੋਈ ਲੁਟੇਰਾ ਆਦਿ ਹੈ ਪਰ ਹੱਥੀਂ ਕਿਰਤ ਕਰਕੇ ਜੋ ਆਤਮਕ ਅਨੰਦ ਮਿਲਦਾ ਹੈ, ਉਹ ਕਿਸੇ ਹੋਰ ਤਰੀਕੇ ਨਾਲ ਨਹੀਂ ਪ੍ਰਾਪਤ ਕੀਤਾ ਜਾ ਸਕਦਾ। ਕਿਰਤ ਕਰਨਾ ਮਨੁੱਖ ਦੇ ਜੀਵਨ ਦਾ ਪ੍ਰਮੁੱਖ ਅੰਗ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਮਨੁੱਖ ਨੂੰ ਇਹ ਉਪਦੇਸ਼ ਦਿੱਤਾ ਹੈ :

‘ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ।’

ਅਰਥ : ‘ਕਿਰਤ’ ਦਾ ਅਰਥ ਹੁੰਦਾ ਹੈ, ਦਸਾਂ-ਨਹੁੰਆਂ ਦੀ ਕਿਰਤ, ਹੱਕ-ਹਲਾਲ ਦੀ ਕਮਾਈ ਤੇ ਇਮਾਨਦਾਰੀ ਨਾਲ ਕੀਤੀ ਹੋਈ ਘਾਲਣਾ। ਹੱਥੀਂ ਕਿਰਤ ਨਾਲ ਆਤਮਕਅਨੰਦ ਦੀ ਪ੍ਰਾਪਤੀ ਹੁੰਦੀ ਹੈ। ਹੱਕ-ਹਲਾਲ ਦੀ ਕਮਾਈ ਪੂਜਾ-ਪਾਠ ਦੇ ਬਰਾਬਰ ਹੁੰਦੀ ਹੈ। ਅਜਿਹੀ ਘਾਲਣਾ ਘਾਲ ਕੇ ਮਨੁੱਖ ਭਾਵੇਂ ਰੁੱਖੀ-ਮਿੱਸੀ ਵੀ ਖਾ ਲਵੇ ਤਾਂ ਵੀ ਉਸ ਨੂੰ ਅਨੰਦਮਈ ਹੁਲਾਰਾ (ਚੂਰੀ ਖਾਣ ਵਰਗਾ ਸੁਆਦ) ਮਹਿਸੂਸ ਹੁੰਦਾ ਹੈ। ਇਸੇ ਲਈ ਸਿਆਣਿਆਂ ਨੇ ਕਿਹਾ ਹੈ :

‘ਕਰ ਮਜੂਰੀ ਖਾ ਚੂਰੀ।’

ਹੱਕ-ਹਲਾਲ ਦੀ ਕਮਾਈ ਦਾ ਨਿਸਤਾਰਾ ਕਰਨ ਲਈ ਗੁਰੂ ਨਾਨਕ ਦੇਵ ਜੀ ਨੇ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਵਿੱਚੋਂ ਦੁੱਧ ਅਤੇ ਮਲਕ ਭਾਗੋ ਦੇ ਪਕਵਾਨਾਂ ਵਿੱਚੋਂ ਲਹੂ ਨਚੋੜ ਕੇ ਅਸਲੀਅਤ ਸਭ ਨੂੰ ਦੱਸ ਦਿੱਤੀ ਸੀ। ਗ਼ਰੀਬਾਂ ਦਾ ਖ਼ੂਨ ਚੂਸ ਕੇ ਤਿਆਰ ਕੀਤੇ ਗਏ ਪਕਵਾਨਾਂ ਵਿੱਚ ਗ਼ਰੀਬਾਂ ਦੀਆਂ ਆਹਾਂ, ਹੌਕੇ ਤੇ ਹਾਵਾਂ ਰਲੇ ਹੁੰਦੇ ਹਨ। ਪਰਾਇਆ ਹੱਕ ਮਾਰ ਕੇ ਖਾਣਾ ਧਰਮ ਦੇ ਵਿਰੁੱਧ ਹੈ :

ਹਕ ਪਰਾਇਆ ਨਾਨਕ ਉਸ ਸੂਅਰਿ ਉਸ ਗਾਇ॥

ਗੁਰਬਾਣੀ ਵਿੱਚ ਕਿਰਤ ਦੀ ਮਹਾਨਤਾ : ਹੱਥੀਂ ਕਿਰਤ ਕਰਨ ਵਾਲਾ ਸਾਧ ਸਰੂਪ ਹੋ ਜਾਂਦਾ ਹੈ। ਗੁਰਬਾਣੀ ਅਨੁਸਾਰ ਮਨੁੱਖ ਦਾ ਮਹੱਤਵਪੂਰਨ ਵਿਹਾਰ ਹੀ ਕਿਰਤ ਕਰਨਾ ਹੈ। ਮੰਗ ਕੇ ਖਾਣਾ ਜਾਂ ਵਿਹਲੇ ਰਹਿ ਕੇ ਖਾਣਾ ਜਾਂ ਹੋਰਨਾਂ ਉੱਪਰ ਨਿਰਭਰ ਕਰਨਾ ਪਰਮਾਤਮਾ ਨੂੰ ਪ੍ਰਵਾਨ ਨਹੀਂ ਹੈ। ਸਿੱਧ ਗੋਸਟਿ ਵਿੱਚ ਗੁਰੂ ਨਾਨਕ ਦੇਵ ਜੀ ਨੇ ਗ੍ਰਹਿਸਤ ਦਾ ਤਿਆਗ ਕਰਕੇ ਗ੍ਰਹਿਸਤੀਆਂ ਤੋਂ ਹੀ ਮੰਗ ਕੇ ਖਾਣ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਕਿਰਤ ਦਾ ਸਿਧਾਂਤ ‘ਹੱਥ ਕਾਰ ਵੱਲ ਚਿੱਤ ਕਰਤਾਰ ਵੱਲ’ ਜੋੜਨ ਦਾ ਵੀ ਉਪਦੇਸ਼ ਦਿੰਦਾ ਹੈ। ਗੁਰੂ ਅਰਜਨ ਦੇਵ ਜੀ ਨੇ ਵੀ ਕਿਹਾ ਹੈ :

ਉਦਮ ਕਰੇਂਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ ॥

ਇੰਝ ਗੁਰਬਾਣੀ ਵਿੱਚ ਕਿਰਤ, ਮਿਹਨਤ-ਮੁਸ਼ੱਕਤ ਜਾਂ ਕਰੜੀ ਘਾਲਣਾ ਨੂੰ ਹੀ ਵਿਸ਼ੇਸ਼ ਸਥਾਨ ਪ੍ਰਾਪਤ ਹੈ। ਅਜਿਹੀ ਕਮਾਈ ਵਿੱਚੋਂ ਦਿੱਤਾ ਦਾਨ ਮਹਾਂ-ਪੁੰਨ ਤੇ ਕਲਿਆਣਕਾਰੀ ਸਿੱਧ ਹੁੰਦਾ ਹੈ। ਗੁਰਬਾਣੀ ਵਿੱਚ ਇਹ ‘ਵੰਡ ਛਕਣ’ ਦਾ ਸਿਧਾਂਤ ਹੈ। ਅਸਲ ਵਿੱਚ ਉਹੋ ਹੀ ਲੋਕ ਜੀਵਨ-ਮਨੋਰਥ ਨੂੰ ਸਹੀ ਢੰਗ ਨਾਲ ਸਮਝਦੇ ਹਨ ਜੋ ਘਾਲਣਾ ਨਾਲ ਕੀਤੀ ਕਮਾਈ ਵਿੱਚੋਂ ਦਾਨ ਦਿੰਦੇ ਹਨ । ਗੁਰੂ ਜੀ ਫਰਮਾਉਂਦੇ ਹਨ :

ਘਾਲ ਖਾਇ ਕਿਛੁ ਹਥਹੁ ਦੇਇ॥
ਨਾਨਕ ਰਾਹੁ ਪਛਾਣਹਿ ਸੇਇ॥

ਜਿਹੜੇ ਆਪਣੀ ਕਮਾਈ ਹੋਈ ਰੋਟੀ ਨੂੰ ਵੀ ਕਿਸੇ ਲੋੜਵੰਦ ਅੱਗੇ ਅਰਪਿਤ ਕਰ ਦਿੰਦੇ ਹਨ, ਪਰਮਾਤਮਾ ਦੀ ਮਿਹਰ ਦੀ ਨਜ਼ਰ ਉਨ੍ਹਾਂ ‘ਤੇ ਹਮੇਸ਼ਾ ਸਵੱਲੀ ਰਹਿੰਦੀ ਹੈ। ਪੰਜਾਬੀ ਦੇ ਪ੍ਰਸਿੱਧ ਵਾਰਤਾਕਾਰ ਲਾਲ ਸਿੰਘ ਕਮਲਾ ਅਕਾਲੀ ਨੇ ਲਿਖਿਆ ਹੈ : ਹੱਥੀਂ ਕੰਮ ਕਰਨ ਨਾਲ ਬੰਦੇ ਦਾ ਮਨ ਨੀਵਾਂ ਹੁੰਦਾ ਹੈ ਤੇ ਮੱਤ ਉੱਚੀ ਹੁੰਦੀ ਹੈ। ਹੱਥੀਂ ਕਿਰਤ ਕਰਨ ਨਾਲ ਸਰੀਰ ਅਰੋਗ ਹੁੰਦਾ ਹੈ, ਮਨ ਦਾ ਹੰਕਾਰ ਜਾਂਦਾ ਹੈ ਤੇ ਜਗਤ ਵਿੱਚ ਪਦਾਰਥਾਂ ਦਾ ਵਾਧਾ ਹੁੰਦਾ ਹੈ।

ਵਿਹਲੜ ਤੇ ਭ੍ਰਿਸ਼ਟ : ਜਿਹੜਾ ਵਿਅਕਤੀ ਹੱਥੀਂ ਕਿਰਤ ਨਹੀਂ ਕਰਦਾ, ਵਿਹਲਾ ਰਹਿੰਦਾ ਹੈ ਜਾਂ ਨਜਾਇਜ਼ ਤਰੀਕਿਆਂ ਨਾਲ ਧਨ ਇਕੱਠਾ ਕਰਦਾ ਹੈ ਤੇ ਪਰਿਵਾਰ ਦੀ ਪਾਲਣਾ ਕਰਦਾ ਹੈ; ਉਸ ਦੀ ਕਮਾਈ ਕਿਰਤ ਨਹੀਂ ਅਖਵਾ ਸਕਦੀ। ਅਜਿਹੇ ਮਨੁੱਖ ਨੂੰ ਮਾਨਸਕ ਸ਼ਾਂਤੀ ਨਹੀਂ ਮਿਲਦੀ। ਸਿੱਟੇ ਵਜੋਂ ਉਹ ਕਈ ਸਰੀਰਕ ਤੇ ਮਾਨਸਕ ਰੋਗਾਂ ਦਾ ਸ਼ਿਕਾਰ ਹੋ ਜਾਂਦਾ ਹੈ।

ਅੱਜ ਦੇ ਦੌਰ ਵਿੱਚ ਭ੍ਰਿਸ਼ਟ ਸਾਧਨਾਂ ਰਾਹੀਂ ਧਨ ਇਕੱਠਾ ਕੀਤਾ ਜਾ ਰਿਹਾ ਹੈ। ਗ਼ਰੀਬਾਂ ਦੇ ਮੂੰਹ ਵਿੱਚੋਂ ਰੋਟੀ ਖੋਹੀ ਜਾ ਰਹੀ ਹੈ। ਬਲਰਾਜ ਸਾਹਨੀ ਦੇ ਵਿਚਾਰਾਂ ਅਨੁਸਾਰ ‘ਗਿਣਤੀ ਦੇ ਲੋਕਾਂ ਦੀਆਂ ਜੇਬਾਂ ਭਰਨ ਲਈ ਬਹੁਗਿਣਤੀ ਦੀਆਂ ਜੇਬਾਂ ਖ਼ਾਲੀ ਕੀਤੀਆਂ ਜਾ ਰਹੀਆਂ ਹਨ।’ ਇਹ ਗ਼ਰੀਬ-ਮਾਰ ਹੈ। ਵੱਡੇ-ਵੱਡੇ ਸੰਤ-ਮਹਾਂਪੁਰਸ਼ ਆਪਣੇ ਧਰਮ ਅਸਥਾਨਾਂ ਤੋਂ ਸਾਰੇ ਮਨੁੱਖਾਂ ਨੂੰ ਮਿਹਨਤ ਦਾ ਸਬਕ ਪੜ੍ਹਾਉਂਦੇ ਹਨ। ਗੁਰੂ ਸਾਹਿਬਾਨ ਨੇ ਬਹੁਤ ਸਾਰੇ ਸਿੱਖਾਂ ਨੂੰ ਕਿਰਤ ਵੱਲ ਪ੍ਰੇਰਿਤ ਕੀਤਾ ਤੇ ਉਹਨਾਂ ਦੀ ਕਿਰਤ ਕਮਾਈ ਤੋਂ ਪ੍ਰਭਾਵਿਤ ਹੋ ਕੇ ਆਪਣੇ ਹਿਰਦੇ ਨਾਲ ਲਾਇਆ।

ਕਿਰਤੀ ਦੇ ਗੁਣ : ਕਿਰਤ ਤਨੋਂ-ਮਨੋਂ ਕਰਨੀ ਚਾਹੀਦੀ ਹੈ ਜਿਸ ਨਾਲ ਸਾਡਾ ਮਾਲਕ ਖ਼ੁਸ਼ ਹੋਵੇ। ਕਿਹਾ ਜਾਂਦਾ ਹੈ ‘ਨੌਕਰੀ ਕੀ ਤੇ ਨਖ਼ਰਾ ਕੀ’ ਪਰ ਜੇ ਤੁਸੀਂ ਨਖ਼ਰਿਆਂ ਨਾਲ ਨੌਕਰੀ ਕਰੋਗੇ, ਮਾਲਕ ਦੇ ਅੱਗੇ ਜਵਾਬ-ਕਲਾਮੀ ਕਰੋਗੇ ਤਾਂ ਮਾਲਕ ਨੂੰ ਇਹ ਮਨਜ਼ੂਰ ਨਹੀਂ। ਗੁਰਬਾਣੀ ਵਿੱਚ ਫ਼ਰਮਾਇਆ ਹੈ :

ਚਾਕਰ ਲਗੈ ਚਾਕਰੀ ਨਾਲੇ ਗਾਰਬ ਵਾਦ।।
ਗਲਾਂ ਕਰੈ ਘਣੇਰੀਆਂ ਖਸਮ ਨਾ ਪਾਏ ਸਾਦ ॥

ਗੀਤਾ’ ’ਚ ਵੀ ਲਿਖਿਆ ਹੈ ਕਿ ਕਰਮ ਕਰੋ ਪਰ ਫਲ ਦੀ ਆਸ ਨਾ ਰੱਖੋ। ਕਿਰਤ ਕਦੇ ਵੀ ਵਿਅਰਥ ਨਹੀਂ ਜਾਂਦੀ। ਪ੍ਰੋ: ਸਿੰਘ ਨੇ ਵੀ ਸੁੱਚੀ ਕਿਰਤ ਦੀ ਵਡਿਆਈ ਤੇ ਮਹੱਤਤਾ ਬਿਆਨ ਕਰਦਿਆਂ ਕਿਹਾ ਹੈ ਕਿ ਕਿਰਤ ਕਰਨ ਵਾਲੇ ਦੇ ਅੰਦਰ ਪੂਰਨ ਪਿਆਰ ਤੇ ਮਿੱਤਰਤਾ ਜਿਹੇ ਦੈਵੀ ਗੁਣ ਸਹਿਜ-ਸੁਭਾਅ ਹੀ ਆ ਜਾਂਦੇ ਹਨ ਜਿਹੜੇ ਮਾਲਤੀ ਦੇ ਫੁੱਲਾਂ ਵਾਂਗ ਆਪਣੀ ਸੁਗੰਧੀ ਚਾਰੇ ਪਾਸੇ ਖਿਲਾਰ ਦਿੰਦੇ ਹਨ। ਜਿਹੜਾ ਵਿਅਕਤੀ ਹਰ ਵਕਤ ਸਹਿਜ-ਸੁਭਾਅ ਕੰਮ ਵਿੱਚ ਲੱਗਾ ਰਹਿੰਦਾ ਹੈ, ਉਸ ਨੂੰ ਮਾੜਾ ਸੋਚਣ ਦੀ ਵੀ ਵਿਹਲ ਨਹੀਂ ਮਿਲਦੀ ਤੇ ਵਿਹਲੇ ਸ਼ੈਤਾਨ ਬਣ ਜਾਂਦੇ ਹਨ। ਇਸੇ ਲਈ ਆਖਦੇ ਹਨ ਕਿ, “ਵਿਹਲਾ ਮਨ ਸ਼ੈਤਾਨ ਦਾ ਘਰ” ਹੁੰਦਾ ਹੈ।

ਦੇਸ਼ਾਂ ਦੇ ਮਹਾਨ ਬਣਨ ਦਾ ਰਾਜ਼ : ਜਪਾਨੀ ਲੋਕ ਕਿਰਤ ਦੇ ਆਸਰੇ ਹੀ ਬੜੀ ਤੇਜ਼ੀ ਨਾਲ ਦੁਨੀਆ ਵਿੱਚ ਆਪਣਾ ਨਾਂ ਕਮਾ ਸਕੇ। ਅਮਰੀਕਾ ਦੇ ਲੋਕ ਵੀ ਕਿਰਤ ਨੂੰ ਹੀ ਪੂਜਾ ਮੰਨਦੇ ਹਨ। ਉਹ ਕੰਮ ਕਰਦਿਆਂ ਬੇਲੋੜੀਆਂ ਗੱਲਾਂ ਕਰਕੇ ਵਕਤ ਬਰਬਾਦ ਨਹੀਂ ਕਰਦੇ। ਜਦੋਂਕਿ ਭਾਰਤੀ ਲੋਕ ਕੰਮ ਘੱਟ ਤੇ ਛੁੱਟੀਆਂ ਵੱਧ ਮਾਣਨਾ ਚਾਹੁੰਦੇ ਹਨ। ਭਾਰਤ ‘ਚ ਬਹੁਤੇ ਲੋਕ ਤਾਂ ਪੂਜਾ ਨੂੰ ਹੀ ਕੰਮ ਸਮਝਦੇ ਹਨ ਜਦੋਂ ਕਿ ਸਚਾਈ ਇਹ ਹੈ ਕਿ ਪਰਮਾਤਮਾ ਵੀ ਉਨ੍ਹਾਂ ਦੀ ਹੀ ਮਦਦ ਕਰਦਾ ਹੈ ਜਿਹੜੇ ਆਪਣੀ ਮਦਦ ਆਪ ਕਰਨਾ ਜਾਣਦੇ ਹਨ :

“ਮਿਹਨਤ ਮੇਰੀ ਰਹਿਮਤ ਤੇਰੀ।”

ਸਾਰੰਸ਼ : ਕਿਰਤੀ ਆਪਣੀ ਕਿਸਮਤ ‘ਤੇ ਵਿਸ਼ਵਾਸ ਨਹੀਂ ਕਰਦਾ ਬਲਕਿ ਮਿਹਨਤ ’ਤੇ ਵਿਸ਼ਵਾਸ ਕਰਦਾ ਹੈ। ਉਹ ਮਿਹਨਤ ਕਰਕੇ ਖ਼ੁਸ਼ੀਆਂ ਮਾਣ ਸਕਦਾ ਹੈ, ਉਹ ਜਿਸ ਵੀ ਕੰਮ ਨੂੰ ਛੂੰਹਦਾ ਹੈ, ਸਫ਼ਲਤਾ ਉਸਦੇ ਪੈਰ ਚੁੰਮਦੀ ਹੈ। ਮਿਹਨਤੀ ਵਿੱਚ ਸਿਦਕ, ਸਬਰ-ਸੰਤੋਖ ਆ ਜਾਂਦਾ ਹੈ, ਉਹ ਮਿਹਨਤ ਦੀ ਕਮਾਈ ਨਾਲ ਆਪਣੀਆਂ ਲੋੜਾਂ ਵੀ ਪੂਰੀਆਂ ਕਰਦਾ ਹੈ ਤੇ ਨਾਲ-ਨਾਲ ਉਸ ਦਾ ਸਰੀਰ ਵੀ ਅਰੋਗ ਤੇ ਨਰੋਆ ਰਹਿੰਦਾ ਹੈ । ਸੋ ਸਾਨੂੰ ਸੁੱਚੀ ਕਿਰਤ ਕਰਨੀ ਚਾਹੀਦੀ ਹੈ। ਕਿਰਤੀ ਦੀ ਹਰ ਪਾਸੇ ਕਦਰ ਹੁੰਦੀ ਹੈ। ਕਿਰਤ ਹੀ ਪੂਜਾ ਹੈ। ਕਿਰਤੀ ਬਹੁਤੀਆਂ ਇੱਛਾਵਾਂ ਪਾਲਣ ਦੀ ਥਾਂ ਸਬਰ ਸੰਤੋਖ ਨਾਲ ਖੁਸ਼ੀ-ਖੁਸ਼ੀ ਜੀਵਨ ਗੁਜ਼ਾਰਦਾ ਹੈ।