ਲੇਖ : ਏਡਜ਼ ਦਾ ਭਿਆਨਕ ਰੋਗ


ਏਡਜ਼ ਦਾ ਭਿਆਨਕ ਰੋਗ (AIDS)


ਅੱਜ ਸਾਰੇ ਸੰਸਾਰ ਵਿਚ ਮੈਡੀਕਲ ਖੇਤਰ ਵਿਚ ਏਡਜ਼ ਦੇ ਭਿਆਨਕ ਰੋਗ ਦਾ ਕੋਈ ਸਹੀ ਤੇ ਪੱਕਾ ਇਲਾਜ ਲੱਭਣ ਲਈ ਸਾਰਾ ਧਿਆਨ ਤੇ ਖੋਜ ਬੜੀ ਵਿਗਿਆਨਕ ਸਰਗਰਮੀ ਨਾਲ ਲੱਗੀ ਹੋਈ ਹੈ, ਪਰੰਤੂ ਇਸ ਬਿਮਾਰੀ ਦਾ ਕੋਈ ਇਲਾਜ ਲੱਭ ਹੀ ਨਹੀਂ ਰਿਹਾ ਹੈ। ਇਹ ਸਮੁੱਚੀ ਮਾਨਵ ਜਾਤੀ ਦੀ ਚਿੰਤਾ ਦਾ ਵਿਸ਼ੇ ਬਣ ਗਿਆ ਹੈ। ਇਸ ਬਿਮਾਰੀ ਦਾ ਪੂਰਾ ਨਾਂ ਐਕਵਾਇਰਡ ਅਮਿਨਿਊ ਡੈਫੀਸੈਂਸੀ ਸਿੰਡ੍ਰੋਮ (Acquired Immuno Deficiency Syndrome / AIDS) ਹੈ, ਇਸਨੂੰ ਸੰਖੇਪ ਵਿਚ ਏਡਜ਼ ਕਿਹਾ ਜਾਂਦਾ ਹੈ। ਇਸ ਬਿਮਾਰੀ ਵਿਚ ਜੋ ਸਾਡੇ ਸਰੀਰ ਦੇ ਲਹੂ ਦੇ ਕਣ ਹਨ, ਜੋ ਸਾਨੂੰ ਸਾਰੀਆਂ ਬਿਮਾਰੀਆਂ ਤੋਂ ਬਚਾਉਂਦੇ ਹਨ ਤੇ ਅਰੋਗ ਰੱਖਦੇ ਹਨ, ਉਹ ਇੰਨੇ ਕਮਜ਼ੋਰ, ਨਿਤਾਣੇ ਤੇ ਚਿੱਟੇ ਹੋ ਜਾਂਦੇ ਹਨ ਕਿ ਸਾਡਾ ਸਰੀਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਘਿਰ ਜਾਂਦਾ ਹੈ ਤੇ ਸਾਡਾ ਜੀਣਾ ਮੁਸ਼ਕਲ ਹੋ ਜਾਂਦਾ ਹੈ ਤੇ ਉਹ ਮੌਤ ਦੇ ਮੂੰਹ ਵਿਚ ਜਾ ਪੈਂਦਾ ਹੈ। ਏਡਜ਼ ਦਾ ਰੋਗ ਚੁੱਪ ਚਪੀਤੇ ਹੀ ਸਾਨੂੰ ਘੇਰ ਲੈਂਦਾ ਹੈ ਤੇ ਆਰੰਭ ਵਿਚ ਸਾਨੂੰ ਇਸਦਾ ਪਤਾ ਹੀ ਨਹੀਂ ਲੱਗਦਾ ਅਤੇ ਜਦੋਂ ਲੱਗਦਾ ਹੈ ਤਾਂ ਉਦੋਂ ਕੋਈ ਇਲਾਜ ਹੀ ਨਹੀਂ ਹੋ ਸਕਦਾ। ਪਰ ਫਿਰ ਵੀ ਮਾਹਿਰਾਂ ਦੀ ਰਾਏ ਅਨੁਸਾਰ ਜਦੋਂ ਮਨੁੱਖ ਦਾ ਭਾਰ ਅਚਾਨਕ ਘੱਟ ਜਾਏ, ਬੁਖਾਰ ਆਵੇ, ਰਾਤ ਨੂੰ ਵਧੇਰੇ ਪਸੀਨਾ ਆਵੇ, ਬੇਅੰਤ ਕਮਜ਼ੋਰੀ ਘੇਰ ਲਵੇ ਤਾਂ ਸਮਝੇ ਕਿ ਇਹ ਏਡਜ਼ ਦਾ ਹੀ ਭਿਆਨਕ ਰੋਗ ਹੈ। ਪਰ ਨਾਲ ਮਾਹਿਰ ਇਹ ਗੱਲ ਵੀ ਕਹਿੰਦੇ ਹਨ ਕਿ ਕਿਸੇ ਹੋਰ ਬਿਮਾਰੀ ਦੇ ਵੀ ਇਹ ਲੱਛਣ ਹੋ ਸਕਦੇ ਹਨ, ਇਸ ਲਈ ਵਿਸ਼ਵਾਸਪੂਰਵਕ ਢੰਗ ਨਾਲ ਅਜੇ ਇਸਦੇ ਲੱਛਣਾਂ ਦਾ ਪੂਰੀ ਤਰ੍ਹਾਂ ਪਤਾ ਨਹੀਂ ਚੱਲਿਆ।

ਅੱਜ ਦੇ ਸਮੇਂ ਵਿਚ ਡਾਕਟਰਾਂ ਨੇ ਪੂਰੇ ਸੰਤੋਖਜਨਕ ਢੰਗ ਨਾਲ ਇਸਦੇ ਕਾਰਨਾਂ ਨੂੰ ਤਾਂ ਲੱਭ ਲਿਆ ਹੈ, ਪਰ ਇਸਦੇ ਹੱਲ ਬਾਰੇ ਅਜੇ ਖੋਜ ਜਾਰੀ ਹੈ। ਜੇ ਇਸਦੇ ਹੋਣ ਦੇ ਕਾਰਨਾਂ ਦਾ ਪੂਰੀ ਤਰ੍ਹਾ ਖਿਆਲ ਰੱਖਿਆ ਜਾਵੇ ਤਾਂ ਇਸ ਰੋਗ ‘ਤੇ ਪਹਿਲਾਂ ਹੀ ਕਾਬੂ ਪਾਇਆ ਜਾ ਸਕਦਾ ਹੈ।

ਕਾਰਣ :

(ੳ) ਏਡਜ਼ ਰੋਗੀ ਨਾਲ ਲਿੰਗ ਸੰਬੰਧ : ਏਡਜ਼ ਰੋਗ ਦੇ ਮਹਾਂਮਾਰੀ ਦੇ ਰੂਪ ਵਿਚ ਫੈਲਣ ਦਾ ਪ੍ਰਮੁੱਖ ਕਾਰਨ ਤਾਂ ਇਹ ਹੈ ਕਿ ਜਦੋਂ ਕੋਈ ਏਡਜ਼ ਦੇ ਮਰੀਜ਼ ਨਾਲ ਲਿੰਗ ਸੰਬੰਧ ਬਣਾਉਂਦਾ ਹੈ, ਤਾਂ ਉਸਨੂੰ ਵੀ ਇਹ ਰੋਗ ਲੱਗ ਜਾਂਦਾ ਹੈ। ਇਸ ਕਾਰਨ ਇਸ ਪ੍ਰਤੀ ਪੂਰੀ ਜਾਗਰੂਕਤਾ ਹੋਣੀ ਚਾਹੀਦੀ ਹੈ। ਗ਼ੈਰ ਮਰਦ ਜਾਂ ਗ਼ੈਰ ਇਸਤਰੀ ਨਾਲ ਸੰਬੰਧ ਬਣਾਉਣਾ ਇੱਕ ਤਾਂ ਨੈਤਿਕ ਤੌਰ ‘ਤੇ ਇਕ ਕੁਕਰਮ ਹੈ, ਦੂਸਰਾ ਉਸ ਬਾਰੇ ਪੂਰੀ ਜਾਣਕਾਰੀ ਨਹੀਂ ਹੁੰਦੀ ਕਿ ਉਹ ਪੂਰੀ ਤਰ੍ਹਾਂ ਤੰਦਰੁਸਤ ਹੈ।

(ਅ) ਸਮਲਿੰਗੀ ਕ੍ਰਿਆ : ਇਕ ਪੁਰਸ਼ ਦਾ ਦੂਸਰੇ ਪੁਰਸ਼ ਨਾਲ ਲਿੰਗ ਸੰਬੰਧ ਬਣਾਉਣਾ ਜਾਂ ਇਕ ਇਸਤਰੀ ਦਾ ਦੂਸਰੀ ਇਸਤਰੀ ਨਾਲ ਲਿੰਗ ਸੰਬੰਧ ਬਣਾਉਣ ਭਾਵੇਂ ਕਈ ਪੱਛਮੀ ਦੇਸ਼ਾਂ ਵਿਚ ਪ੍ਰਵਾਨ ਹੋ ਗਿਆ ਹੈ, ਪਰ ਇਸ ਨਾਲ ਏਡਜ਼ ਰੋਗ ਦੇ ਫੈਲਣ ਦਾ ਖਤਰਾ ਵੱਧ ਗਿਆ ਹੈ।

(ੲ) ਵੇਸ਼ਵਾ ਗਮਨੀ : ਸਾਡੇ ਦੇਸ਼ ਵਿਚ ਵੇਸ਼ਵਾਪੁਣੇ ਨੂੰ ਕਾਨੂੰਨ ਸਵੀਕਾਰ ਨਹੀਂ ਕਰਦਾ ਤੇ ਇਸ ਤਰ੍ਹਾਂ ਕੁਝ ਇਸਤਰੀਆਂ ਆਪਣਾ ਪੇਟ ਪਾਲਣ ਕਰਕੇ ਇਸ ਪੇਸ਼ੇ ਨੂੰ ਸਵੀਕਾਰ ਕਰ ਲੈਂਦੀਆਂ ਹਨ, ਪਰਾਏ ਪੁਰਸ਼ਾਂ ਨਾਲ ਲਿੰਗ ਸੰਬੰਧ ਉਨ੍ਹਾਂ ਨੂੰ ਇਸ ਬਿਮਾਰੀ ਨਾਲ ਸਹੇੜ ਦਿੰਦਾ ਹੈ।

(ਸ) ਏਡਜ਼ ਖੂਨ ਦੀ ਵਰਤੋਂ : ਜਦੋਂ ਖ਼ੂਨ ਦੀ ਲੋੜ ਵੇਲੇ ਦੂਸਰੇ ਵਿਅਕਤੀ ਨੂੰ ਖੂਨ ਚੜ੍ਹਾਇਆ ਜਾਂਦਾ ਹੈ ਤਾਂ ਇਸ ਗੱਲ ਦੀ ਪੂਰੀ ਸੰਭਾਵਨਾ ਬਣੀ ਰਹਿੰਦੀ ਹੈ ਕਿ ਕਿਤੇ ਏਡਜ਼ ਦੇ ਰੋਗੀ ਦਾ ਖ਼ੂਨ ਨਾ ਚੜ੍ਹ ਜਾਵੇ। ਕਈ ਮਰੀਜ਼ ਸਾਵਧਾਨੀ ਨਾ ਵਰਤਣ ਕਰਕੇ ਇਸ ਦਾ ਸ਼ਿਕਾਰ ਬਣ ਜਾਂਦੇ ਹਨ।

(ਹ) ਔਜ਼ਾਰਾਂ, ਟੀਕਿਆ ਤੇ ਸੂਈਆਂ ਦੀ ਵਰਤੋਂ : ਖੂਨ ਚੜ੍ਹਾਉਣ ਲੱਗਿਆਂ ਔਜ਼ਾਰਾਂ ਤੇ ਸੂਈਆਂ ਦੀ ਜੋ ਵਰਤੋਂ ਕੀਤੀ ਜਾਂਦੀ ਹੈ, ਉਨ੍ਹਾਂ ਪ੍ਰਤੀ ਜਦੋਂ ਅਣਗਹਿਲੀ ਵਰਤੀ ਜਾਂਦੀ ਹੈ ਤਾਂ ਏਡਜ਼ ਰੋਗੀ ਦੇ ਖ਼ੂਨ ਚੜ੍ਹਨ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਤਰ੍ਹਾਂ ਫਾਲਤੂ ਟੀਕਿਆਂ ਦੀ ਵਰਤੋਂ ਵੀ ਇਹ ਰੋਗ ਵਧਾਉਂਦੀ ਹੈ।

(ਕ) ਬੱਚੇ ਦੀ ਮਾਂ ਦਾ ਏਡਜ਼ ਰੋਗੀ ਹੋਣਾ : ਜੇ ਗਰਭਵਤੀ ਮਾਂ ਹੀ ਏਡਜ਼ ਦੀ ਰੋਗੀ ਹੈ ਤਾਂ ਇਸ ਗੱਲ ਦੀ ਪੂਰੀ ਸੰਭਾਵਨਾ ਹੁੰਦੀ ਹੈ ਕਿ ਬੱਚਾ ਵੀ ਏਡਜ਼ ਰੋਗ ਨਾਲ ਪੀੜਤ ਪੈਦਾ ਹੋਵੇ। ਸ਼ਹਿਰਾਂ ਨਾਲੋਂ ਪਿੰਡਾਂ, ਕਸਬਿਆਂ ਵਿਚ ਅਜਿਹੀਆਂ ਮਾਵਾਂ ਆਮ ਮਿਲ ਜਾਂਦੀਆਂ ਹਨ, ਜਿਨ੍ਹਾਂ ਦਾ ਸਰੀਰਕ ਚੈਕ ਅਪ ਪੂਰੀ ਤਰ੍ਹਾਂ ਨਾ ਹੋਣ ਕਾਰਨ, ਉਨ੍ਹਾਂ ਨੂੰ ਏਡਜ਼ ਦਾ ਰੋਗ ਹੋਵੇ। ਇਸ ਲਈ ਇਹ ਜ਼ਰੂਰੀ ਹੈ ਕਿ ਹਰ ਥਾਂ ਤੇ ਸਭ ਡਾਕਟਰੀ ਸਹੂਲਤਾਂ ਪਹੁੰਚਾਈਆਂ ਜਾਣ। ਜਦੋਂ ਏਡਜ਼ ਦੇ ਕੀਟਾਣੂ ਪੈਦਾ ਹੋ ਗਏ ਤਾਂ ਸੰਭਲਣਾ ਮੁਸ਼ਕਲ ਹੋ ਜਾਂਦਾ ਹੈ, ਅਜਿਹੇ ਬਚਾਓ ਦੇ ਸਾਧਨ ਤੇ ਕੋਈ ਦਵਾਈ ਨਹੀਂ ਬਣੀ ਕਿ ਜਿਸ ਨਾਲ ਇਸ ਰੋਗ ਤੋਂ ਬਚਿਆ ਜਾ ਸਕੇ। ਇਸ ਲਈ ਪਹਿਲਾਂ ਸਾਵਧਾਨੀਆਂ ਵਰਤਣ ਦੀ ਲੋੜ ਹੈ।

ਸਾਵਧਾਨੀਆਂ :

(ੳ) ਪੂਰੀ ਤਰ੍ਹਾਂ ਸੁਚੇਤ, ਚੁਕੰਨਾ ਹੋਣਾ : ਸਰਕਾਰ ਨੇ ਹਰ ਥਾਂ ਤੇ ਸਿਹਤ ਚੈੱਕਅਪ ਕੇਂਦਰ ਸਥਾਪਿਤ ਕੀਤੇ ਹਨ। ਇਸ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਪੂਰੀ ਤਰ੍ਹਾਂ ਸੁਚੇਤ ਹੋ ਕੇ ਇਨ੍ਹਾਂ ਤੋਂ ਆਪਣਾ ਚੈੱਕ ਅਪ ਕਰਾਉਂਦੇ ਰਹਿਣ।

(ਅ) ਗ਼ੈਰ ਲਿੰਗ ਸੰਬੰਧਾਂ ਤੋਂ ਤੋਬਾ : ਸਭ ਤੋਂ ਵੱਡਾ ਕਾਰਨ ਤਾਂ ਗ਼ੈਰ ਪੁਰਸ਼ ਤੇ ਗ਼ੈਰ ਇਸਤਰੀਆਂ ਨਾਲ ਲਿੰਗ ਸੰਬੰਧਾਂ ਨੂੰ ਬਣਾਉਣਾ ਹੈ। ਪੂਰੀ ਤਰ੍ਹਾਂ ਸਾਵਧਾਨੀ ਵਰਤਣ ਦੀ ਲੋੜ ਹੈ, ਸਹੀ ਨਿਰੋਧ ਦੀ ਵਰਤੋਂ ਤੋਂ ਬਿਨਾਂ ਇਹ ਸੰਬੰਧ ਬਣਨਾ ਹੀ ਨਹੀਂ ਚਾਹੀਦਾ।

(ੲ) ਖੂਨ ਲੈਣ ਦਾ ਸਹੀ ਢੰਗ : ਜਦੋਂ ਕਿਸੇ ਵਿਅਕਤੀ ਦਾ ਹਾਦਸੇ, ਲੜਾਈ ਵਿਚ ਖੂਨ ਦੀ ਕਮੀ ਹੋ ਜਾਵੇ ਤਾਂ ਸਹੀ ਢੰਗ ਨਾਲ ਲਿਆ ਗਿਆ ਖੂਨ ਹੀ ਉਸਦੇ ਕੰਮ ਆ ਸਕਦਾ ਹੈ।

(ਸ) ਔਜ਼ਾਰਾਂ, ਟੀਕਿਆ, ਸੂਈਆਂ ਦੀ ਸਹੀ ਵਰਤੋਂ : ਔਜ਼ਾਰਾਂ, ਸੂਈਆਂ ਤੇ ਟੀਕਿਆਂ ਦੀ ਮਦਦ ਨਾਲ ਖੂਨ ਚੜ੍ਹਾਇਆ ਜਾਂਦਾ ਹੈ। ਬਹੁਤ ਸਾਵਧਾਨੀ ਵਰਤਣ ਦੀ ਲੋੜ ਹੁੰਦੀ ਹੈ ਕਿ ਇਹ ਸਾਰੇ ਔਜਾਰ ਸਹੀ ਹੋਣ।

(ਹ) ਨਸ਼ੇਬਾਜ਼ੀ ਦੇ ਟੀਕੇ ਲਾਉਣ ਤੋਂ ਖਬਰਦਾਰੀ : ਅਧਿਕ ਸ਼ਰਾਬ ਦੀ ਮਸਤੀ ਵਿਚ ਕੁਝ ਲੋਕ ਨਜਾਇਜ਼ ਸੰਬੰਧ ਕਾਇਮ ਕਰਦੇ ਹਨ ਤੇ ਛੇਤੀ ਹੀ ਇਸਦੇ ਸ਼ਿਕਾਰ ਹੋ ਜਾਂਦੇ ਹਨ। ਇਨ੍ਹਾਂ ਤੋਂ ਬਚਣ ਦੀ ਲੋੜ ਹੈ।

(ਕ) ਬ੍ਰਹਮਚਾਰੀ ਜੀਵਨ : ਸ਼ਾਦੀ ਤੋਂ ਪਹਿਲਾਂ ਸੰਪੂਰਣ ਬ੍ਰਹਮਚਾਰੀ ਹੋਣਾ ਤੇ ਵਿਆਹ ਤੋਂ ਬਾਅਦ ਕੇਵਲ ਇੱਕ ਹੀ ਵਿਅਕਤੀ ਨਾਲ ਜਿਸਮਾਨੀ ਸੰਬੰਧ ਕਾਇਮ ਕਰਨੇ, ਇਸ ਰੋਗ ਨੂੰ ਫੈਲਣ ਤੋਂ ਰੋਕ ਸਕਦਾ ਹੈ।

(ਖ) ਸਹੀ ਨਿਰੋਧ ਦੀ ਵਰਤੋਂ : ਪਰਿਵਾਰ ਨਿਯੋਜਨ ਵਿਚ ਜਿੱਥੇ ਸਹੀ ਨਿਰੋਧ ਦੀ ਵਰਤੋਂ ਕਰਨੀ ਜ਼ਰੂਰੀ ਹੈ ਉੱਥੇ ਪੁਰਸ਼ ਲਈ ਜਦੋਂ ਇਹ ਸੰਬੰਧ ਬਣਾਉਣਾ ਜ਼ਰੂਰੀ ਹੋ ਜਾਵੇ ਤਾਂ ਨਿਰੋਧ ਦੀ ਵਰਤੋਂ ਉਸਨੂੰ ਬਚਾ ਸਕਦੀ ਹੈ।

(ਗ) ਏਡਜ਼ ਪ੍ਰਤੀ ਚੇਤੰਨਤਾ : ਏਡਜ਼ ਇੱਕ ਲਾਇਲਾਜ ਬਿਮਾਰੀ ਹੈ। ਇਸ ਪ੍ਰਤੀ ਸੰਪੂਰਣ ਤੌਰ ‘ਤੇ ਜਾਗ੍ਰਿਤੀ ਤੇ ਸੂਝ-ਬੂਝ ਹੋਣੀ ਬਹੁਤ ਜ਼ਰੂਰੀ ਹੈ। ਸਰਕਾਰ ਪੂਰੀ ਇਮਾਨਦਾਰੀ ਨਾਲ ਮੀਡੀਆ ਦੇ ਵੱਖੋ-ਵੱਖਰੇ ਸਾਧਨਾਂ ਰਾਹੀਂ ਇਸ ਪ੍ਰਤੀ ਲੋਕਾਂ ਨੂੰ ਸਾਵਧਾਨੀਆਂ ਵਰਤਣ ਦੀਆਂ ਫਿਲਮਾਂ, ਨੁਮਾਇਸ਼ਾਂ, ਇਸ਼ਤਿਹਾਰਾਂ, ਨਾਟਕਾਂ ਤੇ ਹੋਰ ਢੰਗਾਂ ਨਾਲ ਜਾਣਕਾਰੀ ਦੇਣ ਦਾ ਹੱਲਾ ਕਰਦੀ ਹੈ।

(ਘ) ਖੂਨ ਚੜਾਉਣ ਸਮੇਂ ਸਾਵਧਾਨੀਆਂ : ਕੁਝ ਲੋਕ ਕੇਵਲ ਆਪਣਾ ਖੂਨ ਵੇਚ ਕੇ ਹੀ ਗੁਜ਼ਾਰਾ ਕਰਨ ਤੇ ਮਜ਼ਬੂਰ ਹੋ ਜਾਂਦੇ ਹਨ, ਕੁਝ ਪੈਸੇ ਖਾਤਰ ਜਿਵੇਂ ਕਿਡਨੀ ਵੇਚ ਦੇਂਦੇ ਹਨ। ਜਦੋਂ ਖੂਨ ਦੀ ਇੰਨੀ ਕਿੱਲਤ ਹੋ ਜਾਵੇ ਕਿ ਬੱਲਡ ਬੈਂਕ ਵਿਚ ਖ਼ੂਨ ਖਤਮ ਹੀ ਹੋ ਜਾਵੇ ਤਾਂ ਕਈ ਵਾਰ ਕਾਹਲੀ ਵਿਚ ਸਾਵਧਾਨੀਆਂ ਪਿੱਛੇ ਰਹਿ ਜਾਂਦੀਆਂ ਹਨ।

(ਚ) ਵੇਸ਼ਵਾਪੁਣਾ ਵਿਰੁੱਧ ਕਾਨੂੰਨ : ਸਾਡੇ ਦੇਸ਼ ਵਿਚ ਵੇਸ਼ਯਾ ਪ੍ਰਤੀ ਕੋਈ ਠੋਸ ਨੀਤੀ ਨਹੀਂ ਹੈ। ਸੰਸਾਰ ਦਾ ਇਹ ਸਭ ਤੋਂ ਪੁਰਾਣਾ ਪੇਸ਼ਾ ਕਾਨੂੰਨ ਦੀ ਛਾਂ ਥੱਲੇ ਪਲਰਦਾ ਹੈ। ਹਰ ਵੱਡੇ ਸ਼ਹਿਰ ਵਿਚ ਵੇਸ਼ਵਾਵਾਂ ਹਨ ਤੇ ਉਹ ਕਈ ਵਾਰੀ ਏਡਜ਼ ਦਾ ਕਾਰਨ ਬਣਦੀਆਂ ਹਨ।

(ਛ) ਡਰਾਇਵਰਾਂ ਨੂੰ ਸੁਚੇਤ ਕਰਨ ਦੀ ਲੋੜ : ਸਾਡੇ ਖਾਸ ਤੌਰ ‘ਤੇ ਪੰਜਾਬੀ ਡਰਾਇਵਰ ਆਪਣੀ ਪਤਨੀ ਤੋਂ ਦੂਰ, ਦੂਰ-ਦੁਰਾਡੀਆਂ ਥਾਵਾਂ ‘ਤੇ ਟਰੱਕ, ਬੱਸਾਂ ਆਦਿ ਚਲਾਉਂਦੇ ਹਨ ਤਾਂ ਬਾਹਰ ਕਿਸੇ ਡਰ, ਭੈਅ ਤੋਂ ਵੇਸ਼ਵਾਵਾਂ ਦੇ ਸੰਪਰਕ ਵਿਚ ਆ ਜਾਂਦੇ ਹਨ। ਨਿਰੋਧ ਦੀ ਸਾਵਧਾਨੀ ਵੀ ਨਹੀਂ ਵਰਤਦੇ ਤੇ ਘਰ ਏਡਜ਼ ਦਾ ਰੋਗ ਲੈ ਆਉਂਦੇ ਹਨ।

(ਜ) ਮਹਾਂਮਾਰੀ, ਕਾਲ ਵਰਗਾ ਖਤਰਾ : ਏਡਜ਼ ਦੀ ਭਿਆਨਕਤਾ ਦਾ ਅਜੇ ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ, ਇਹ ਵੀ ਪੁਰਾਣੀਆਂ ਤਪਦਿਕ, ਚੇਚਕ ਵਰਗੀਆਂ ਬਿਮਾਰੀਆਂ ਤੋਂ ਵੱਧ ਲੋਕਾਂ ਨੂੰ ਮਾਰ ਦੇਂਦੀਆਂ ਹਨ। ਤਪਦਿਕ, ਚੇਚਕ ਆਦਿ ਦੇ ਤਾਂ ਪੂਰੇ ਇਲਾਜ ਬਣ ਗਏ ਹਨ, ਪਰ ਏਡਜ਼ ਦਾ ਅਜੇ ਕੋਈ ਇਲਾਜ ਨਹੀਂ ਲੱਭਿਆ। ਇਹ ਮਹਾਂਮਾਰੀ ਕਾਲ ਦੀ ਤਰ੍ਹਾਂ ਆ ਸਕਦੀ ਹੈ ਤੇ ਸਭ ਨੂੰ ਆਪਣਾ ਸ਼ਿਕਾਰ ਬਣਾ ਸਕਦੀ ਹੈ। ਗੈਰ ਲਿੰਗ ਸੰਬੰਧਾਂ ਤੋਂ ਤੋਬਾ ਕਰੀਏ ਤੇ ਸਾਵਧਾਨੀਆਂ ਪੂਰੀ ਤਰ੍ਹਾਂ ਵਰਤੀਏ।

ਏਡਜ਼ ਦੀ ਬਿਮਾਰੀ ਹੁਣ ਕੈਂਸਰ ਦੀ ਬਿਮਾਰੀ ਤੋਂ ਵੀ ਵੱਧ ਭਿਆਨਕ ਰੂਪ ਧਾਰਨ ਕਰ ਚੁੱਕੀ ਹੈ। ਕੈਂਸਰ ਦੇ ਤਾਂ ਕੁਝ ਇਲਾਜ ਲੱਭਣੇ ਆਰੰਭ ਹੋ ਗਏ ਹਨ ਤੇ ਕਾਫੀ ਸਮੇਂ ਤੱਕ ਮਰੀਜ਼ ਨੂੰ ਜਿਉਂਦਾ ਰੱਖਿਆ ਜਾ ਸਕਦਾ ਹੈ, ਪਰ ਏਡਜ਼ ਦਾ ਕੋਈ ਇਲਾਜ ਹੀ ਨਹੀਂ। ਯੂਰਪ ਵਿਚ ਹਜ਼ਾਰਾਂ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਭਾਰਤ ਵਿਚ ਵੀ ਇਹ ਬਿਮਾਰੀ ਸਭ ਰਾਜਾਂ ਵਿਚ ਪੈਰ ਪਸਾਰ ਰਹੀ ਹੈ। ਇਸ ਬਿਮਾਰੀ ਨਾਲ ਜੁੜੇ ਹੋਏ ਕਈ ਅੰਦੇਸ਼ੇ, ਭਰਮ ਜੁੜ ਗਏ ਹਨ। ਇਹ ਛੂਤ ਦੀ ਬਿਮਾਰੀ ਨਹੀਂ, ਇਹ ਕਿਸੇ ਦੇ ਚੁੰਮਣ, ਹੱਥ ਫੜਨ ਜਾਂ ਜੱਫੀ ਪਾਉਣ ਨਾਲ ਨਹੀਂ ਹੁੰਦੀ। ਕੇਵਲ ਏਡਜ਼ ਦੇ ਮਰੀਜ਼ ਨਾਲ ਲਿੰਗ ਸੰਬੰਧ ਜੁੜਨ ਨਾਲ ਹੁੰਦੀ ਹੈ ਜਾਂ ਗਲਤ ਸੂਈਆਂ, ਔਜ਼ਾਰਾਂ ਦੀ ਵਰਤੋਂ ਨਾਲ ਫੈਲਦੀ ਹੈ। ਲੋਕਾਂ ਨਾਲੋਂ ਸਰਕਾਰਾਂ ਇਸ ਵੱਲ ਜ਼ਿਆਦਾ ਧਿਆਨ ਦੇ ਸਕਦੀਆਂ ਹਨ।