ਲੇਖ – ਏਡਜ਼ : ਇੱਕ ਭਿਆਨਕ ਮਹਾਮਾਰੀ
ਏਡਜ਼ : ਇੱਕ ਭਿਆਨਕ ਮਹਾਮਾਰੀ
ਏਡਜ਼ ਦਾ ਅਰਥ : ਏਡਜ਼ ਤੋਂ ਭਾਵ Acquired (ਕੋਈ ਅਜਿਹੀ ਚੀਜ਼ ਜੋ ਬਾਹਰੋਂ ਹਮਲਾ ਕਰਦੀ ਹੈ, ਸਰੀਰ ਦੇ ਅੰਦਰੋਂ ਪੈਦਾ ਨਹੀਂ ਹੁੰਦੀ), Immuno (ਸਰੀਰ ਦੀ ਕੁਦਰਤੀ ਰੋਗ ਪ੍ਰਣਾਲੀ), Deficiency (ਕਮਜ਼ੋਰੀ ਜਾਂ ਘਾਟ), Syndrome (ਕਈ ਰੋਗਾਂ ਦੇ ਸਹਿ ਲੱਛਣ) ਭਾਵ Acquired Immuno Deficiency Syndrome. ਇਹ HIV ਭਾਵ Human Immuno Deficiency Virus ਦੇ ਕਾਰਨ ਹੁੰਦੀ ਹੈ। ਇਸ ਬਿਮਾਰੀ ਵਿੱਚ ਜੀਵ ਦੀ ਰੋਗ-ਪ੍ਰਤੀਰੋਧਕ ਸ਼ਕਤੀ ਖ਼ਤਮ ਹੋ ਜਾਂਦੀ ਹੈ ਕਿਉਂਕਿ ਇਸ ਨਾਲ ਮਨੁੱਖ ਦੇ ਖ਼ੂਨ ਵਿੱਚ ਉਸ ਦੀਆਂ ਸਰੀਰਕ ਬਿਮਾਰੀਆਂ ਤੋਂ ਰੱਖਿਆ ਕਰਨ ਵਾਲੇ ਚਿੱਟੇ ਕਣ ਨਕਾਰਾ ਹੋ ਜਾਂਦੇ ਹਨ। ਏਡਜ਼ ਦੇ ਰੋਗੀ ਦਾ ਕੋਈ ਵੀ ਰੋਗ ਲਾ-ਇਲਾਜ ਹੋ ਜਾਂਦਾ ਹੈ। ਉਸ ਦੇ ਪਰਿਵਾਰਕ ਮੈਂਬਰ ਵੀ ਉਸ ਨਾਲੋਂ ਨਾਤਾ ਤੋੜ ਲੈਂਦੇ ਹਨ ਕਿ ਇਸ ਨੂੰ ਤਾਂ ਕੋਈ ਛੂਤ ਦੀ ਬਿਮਾਰੀ ਹੈ। ਉਸ ਨੂੰ ਜਿਊਂਦੇ-ਜੀਅ ਨਰਕ ਵਿੱਚ ਧੱਕ ਦਿੱਤਾ ਜਾਂਦਾ ਹੈ ਤੇ ਉਹ ਜ਼ਿੰਦਗੀ-ਮੌਤ ਨਾਲ ਸੰਘਰਸ਼ ਕਰਦਾ ਹੋਇਆ ਮਰ ਜਾਂਦਾ ਹੈ।
ਏਡਜ਼ ਫੈਲਣ ਦੇ ਕਾਰਨ : ਏਡਜ਼ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਫੈਲਦੀ ਹੈ। ਇਸ ਦੀ ਛੂਤ ਫੈਲਣ ਦੇ ਕੁਝ ਪ੍ਰਮੁੱਖ ਕਾਰਨ ਇਹ ਹਨ :
1. ਲਿੰਗ ਸਬੰਧ : ਇਸ ਦਾ ਮੁੱਖ ਕਾਰਨ ਏਡਜ਼ ਦੇ ਰੋਗੀ ਨਾਲ ਅਸੁਰੱਖਿਅਤ ਲਿੰਗ ਸਬੰਧ ਮੰਨਿਆ ਗਿਆ ਹੈ। ਇਹ ਸਬੰਧ ਕੁਦਰਤੀ ਤੇ ਗ਼ੈਰ-ਕੁਦਰਤੀ ਵੀ ਹੋ ਸਕਦੇ ਹਨ। ਮੁੱਖ ਰੂਪ ਵਿੱਚ ਇਹ ਰੋਗ ਗ਼ੈਰ-ਕੁਦਰਤੀ ਲਿੰਗ ਸਬੰਧਾਂ ਕਾਰਨ ਫੈਲਿਆ ਹੋਇਆ ਹੈ। ਭਾਵ ਇਹ ਵਿਰੋਧੀ ਲਿੰਗ ਕਿਰਿਆ, ਸਮਲਿੰਗੀ ਕਿਰਿਆ, ਵੇਸਵਾਗਮਨੀ ਆਦਿ ਕਰਕੇ ਫੈਲਦਾ ਹੈ।
2. ਖ਼ੂਨ ਰਾਹੀਂ : ਇਸ ਦਾ ਦੂਜਾ ਕਾਰਨ ਖ਼ੂਨ ਦੀ ਲੋੜ ਵੇਲੇ ਮਨੁੱਖ ਨੂੰ ਏਡਜ਼ ਦੇ ਰੋਗੀ ਦਾ ਖ਼ੂਨ ਚੜ੍ਹਾਇਆ ਜਾਣਾ ਹੈ। ਕਿਉਂਕਿ ਪਹਿਲਾਂ-ਪਹਿਲ ਖ਼ੂਨ ਲੈਣ ਵਾਲੇ ਵਿਅਕਤੀ ਦੀ ਏਡਜ਼ ਬਾਰੇ ਜਾਂਚ ਨਹੀਂ ਸੀ ਕੀਤੀ ਜਾਂਦੀ। ਜਿਸ ਵਿਅਕਤੀ ਦਾ ਖ਼ੂਨ ਲਿਆ ਗਿਆ ਹੋਵੇ, ਉਸ ਨੂੰ ਏਡਜ਼ ਦਾ ਰੋਗ ਹੋਵੇ ਤਾਂ ਵਿਸ਼ਾਣੂ ਖ਼ੂਨ ਰਾਹੀਂ ਦੂਜੇ ਵਿਅਕਤੀ ਦੇ ਸਰੀਰ ਵਿੱਚ ਚਲੇ ਜਾਂਦੇ ਹਨ। ਭਾਰਤ ਵਿੱਚ 1980 ਈ: ਵਿੱਚ ਜਿਸ ਪਹਿਲੇ ਏਡਜ਼ ਦੇ ਰੋਗੀ ਦੀ ਮੌਤ ਹੋਈ ਸੀ, ਉਹ ਰੋਗੀ ਏਡਜ਼ ਦਾ ਸ਼ਿਕਾਰ ਖ਼ੂਨ ਚੜ੍ਹਾਉਣ ਨਾਲ ਹੀ ਹੋਇਆ ਸੀ।
3. ਟੀਕਿਆਂ ਤੇ ਨਸ਼ੀਲੀਆਂ ਦਵਾਈਆਂ ਰਾਹੀਂ : ਐੱਚ.ਆਈ.ਵੀ. ਰੋਗੀ ਦੀ ਵਰਤੀ ਹੋਈ ਸਰਿੰਜ ਜਾਂ ਸੂਈ ਕਿਸੇ ਹੋਰ ਅਰੋਗ ਵਿਅਕਤੀ ਦੇ ਟੀਕਾ ਲਾਉਣ ਲਈ ਵਰਤਣ ਨਾਲ ਏਡਜ਼ ਦੇ ਵਿਸ਼ਾਣੂ ਸੂਈ ਰਾਹੀਂ ਦੂਜੇ ਦੇ ਅੰਦਰ ਚਲੇ ਜਾਂਦੇ ਹਨ। ਇਸ ਤਰੀਕੇ ਨਾਲ ਲਗਭਗ ਵੀਹ ਪ੍ਰਤੀਸ਼ਤ ਏਡਜ਼ ਦੇ ਮਰੀਜ਼ ਬਣ ਜਾਂਦੇ ਹਨ। ਇਸੇ ਤਰ੍ਹਾਂ ਏਡਜ਼ ਦੇ ਰੋਗੀ ਲਈ ਵਰਤੇ ਗਏ ਆਪਰੇਸ਼ਨ ਦੇ ਔਜ਼ਾਰਾਂ ਨੂੰ ਬਿਨਾਂ ਉਬਾਲਿਆਂ ਹੀ ਦੂਜੇ ਵਿਅਕਤੀ ਲਈ ਇਸਤੇਮਾਲ ਕਰਨ ‘ਤੇ ਵੀ ਏਡਜ਼ ਹੋ ਸਕਦੀ ਹੈ। ਇਸ ਤੋਂ ਇਲਾਵਾ ਧੂੰਏਂ ਰਾਹੀਂ ਪੀਤੀ ਜਾਣ ਵਾਲੀ ਕੋਕੀਨ ਨਾਲ ਵੀ ਏਡਜ਼ ਦਾ ਖ਼ਤਰਾ ਬਣ ਜਾਂਦਾ ਹੈ।
4. ਰੋਗੀ ਮਾਵਾਂ ਰਾਹੀਂ : ਮੁੱਖ ਰੂਪ ਵਿੱਚ ਬੱਚਿਆਂ ਨੂੰ ਏਡਜ਼ ਦਾ ਰੋਗ ਇਸ ਰੋਗ ਤੋਂ ਪ੍ਰਭਾਵਿਤ ਮਾਵਾਂ ਰਾਹੀਂ ਹੀ ਹੁੰਦਾ ਹੈ। ਏਡਜ਼ ਤੋਂ ਪੀੜਤ ਗਰਭਵਤੀ ਮਾਂਵਾਂ ਵਿੱਚ 30 ਤੋਂ 50 ਪ੍ਰਤੀਸ਼ਤ ਬੱਚਿਆਂ ਨੂੰ ਇਹ ਰੋਗ ਹੋ ਜਾਂਦਾ ਹੈ। ਅਜਿਹੇ ਬੱਚਿਆਂ ਵਿੱਚ ਇਹ ਰੋਗ ਛੇ ਮਹੀਨਿਆਂ ਵਿੱਚ ਹੀ ਪੂਰੀ ਤਰ੍ਹਾਂ ਵਿਕਸਤ ਹੋ ਸਕਦਾ ਹੈ।
5. ਖ਼ੂਨ ਤੋਂ ਬਣਨ ਵਾਲੀਆਂ ਦਵਾਈਆਂ ਰਾਹੀਂ : ਖ਼ੂਨ ਤੋਂ ਕਈ ਕਿਸਮ ਦੇ ਟੀਕੇ ਅਤੇ ਇਮੂਯੂਨੋਗਲੋਬਿਨਜ਼ ਬਣਦੇ ਹਨ। ਇਹ ਰੋਗੀਆਂ ਲਈ ਦਵਾਈਆਂ ਦੇ ਤੌਰ ‘ਤੇ ਵਰਤੇ ਜਾਂਦੇ ਹਨ; ਜਿਵੇਂ ਐਂਟੀ ਆਰ.ਐੱਚ.ਓ. ਅਤੇ ਇਮਯੂਨੋਗਲੋਬਿਨਜ਼। ਇਹ ਟੀਕੇ ਉਨ੍ਹਾਂ ਗਰਭਵਤੀ ਮਾਵਾਂ ਨੂੰ ਦਿੱਤੇ ਜਾਂਦੇ ਹਨ ਜਿਨ੍ਹਾਂ ਨੂੰ RH-ve ਹੁੰਦੇ ਹਨ ਜਾਂ ਜੇ ਰੋਗੀ ਹੀਮੋਫ਼ੋਲੀਆ ਰੋਗ ਦਾ ਸ਼ਿਕਾਰ ਹੈ ਤਾਂ ਖ਼ੂਨ ਬੰਦ ਕਰਨ ਲਈ ਜੋ ਦਵਾਈ ਦਿੱਤੀ ਜਾਂਦੀ ਹੈ, ਉਹ ਖ਼ੂਨ ਤੋਂ ਹੀ ਤਿਆਰ ਹੁੰਦੀ ਹੈ। ਇਸ ਲਈ ਖ਼ੂਨ ਜੇਕਰ ਏਡਜ਼ ਗ੍ਰਸਤ ਵਿਅਕਤੀ ਦਾ ਹੋਵੇ ਤਾਂ ਸੰਭਵ ਹੈ ਦਵਾਈ ਵੀ ਏਡਜ਼-ਗ੍ਰਸਤ ਹੀ ਹੋਵੇਗੀ। ਬਹੁਤ ਸਾਰੇ ਹੀਮੋਫਲੀਆ ਦੇ ਰੋਗੀ ਹੀ ਏਡਜ਼ ਦੇ ਸ਼ਿਕਾਰ ਹੋਏ ਹਨ।
6. ਕੁਝ ਹੋਰ ਫੁਟਕਲ , ਸਾਧਨਾਂ ਰਾਹੀਂ : ਹੋਰ ਸਾਧਨਾਂ ਵਿੱਚ ਜਿਵੇਂ ਨੱਕ, ਕੰਨ ਵਿਨ੍ਹਾਉਂਦੇ ਸਮੇਂ, ਸਰੀਰ ਦੇ ਕਿਸੇ ਹਿੱਸੇ ‘ਤੇ ਟੈਟੂ ਆਦਿ ਬਣਾਉਂਦੇ ਸਮੇਂ ਜਾਂ ਰੋਗੀ ਦਾ ਟੁਥ-ਬਰੱਸ਼ ਜਾਂ ਬਲੇਡ ਵਰਤਣ ਨਾਲ, ਫਿਰ ਟੈਸਟ ਟਿਊਬ ਬੇਬੀ ਤੇ ਔਲਾਦ ਪ੍ਰਾਪਤ ਕਰਨ ਦੇ ਤਰੀਕੇ ਜੇਕਰ ਏਡਜ਼ ਤੋਂ ਪ੍ਰਭਾਵਿਤ ਹੋਣਗੇ ਤਾਂ ਨਿਸਚਿਤ ਹੀ ਇਹ ਰੋਗ ਇੱਕ ਤੋਂ ਦੂਜੇ ਤੱਕ ਫੈਲੇਗਾ।
ਏਡਜ਼ ਦੇ ਲੱਛਣ : ਸ਼ੁਰੂ ਵਿੱਚ ਇਹ ਫਲੂ ਵਾਂਗ ਹੁੰਦਾ ਹੈ। ਬਾਅਦ ਵਿੱਚ ਟੈਸਟਾਂ ਰਾਹੀਂ ਪਤਾ ਲਾਇਆ ਜਾਂਦਾ ਹੈ। ਹੌਲੀ – ਹੌਲੀ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਘਟਣੀ ਸ਼ੁਰੂ ਹੋ ਜਾਂਦੀ ਹੈ ਤੇ ਅੰਤ ਵਿੱਚ ਸਰੀਰ ਬਿਲਕੁਲ ਹੀ ਨਕਾਰਾ ਹੋ ਜਾਂਦਾ ਹੈ। ਸਰੀਰ ਸੁੱਕਦਾ ਜਾਂਦਾ ਹੈ। ਬੁਖ਼ਾਰ ਲਗਾਤਾਰ ਰਹਿੰਦਾ ਹੈ ਤੇ ਕਈ ਹੋਰ ਰੋਗ ਲੱਗ ਜਾਂਦੇ ਹਨ ਪਰ ਦਵਾਈ ਦਾ ਅਸਰ ਨਹੀਂ ਹੁੰਦਾ ਤੇ ਮਰੀਜ਼ ਮੌਤ ਦੇ ਮੂੰਹ ਜਾ ਪੈਂਦਾ ਹੈ।
ਏਡਜ਼ ਦੀ ਰੋਕਥਾਮ ਦੇ ਉਪਾਅ : ਅਜੇ ਤੱਕ ਡਾਕਟਰੀ ਵਿਗਿਆਨ ਵਿੱਚ ਇਸ ਦਾ ਕੋਈ ਇਲਾਜ ਨਹੀਂ ਲੱਭਿਆ ਗਿਆ। ਇਸ ਲਈ ਇਸ ਨੂੰ ਲਾ-ਇਲਾਜ ਰੋਗ ਕਿਹਾ ਜਾਂਦਾ ਹੈ ਪਰ ਇਹ ਰੋਗ ਪੂਰੇ ਸੰਸਾਰ ਵਿੱਚ ਬੜੀ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਕਰਕੇ ਹਰ ਇੱਕ ਮਨੁੱਖ ਦਾ ਫ਼ਰਜ਼ ਬਣਦਾ ਹੈ ਕਿ ਏਡਜ਼-ਰੋਗ ਦੇ ਫੈਲਣ ਦੇ ਕਾਰਨਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਪੂਰੀ ਤਰ੍ਹਾਂ ਸੁਚੇਤ ਹੋਵੇ; ਜਿਵੇਂ : ਨੇਕ ਆਚਰਨ ਬਣਾਈ ਰੱਖੋ, ਖ਼ੂਨ ਚੜ੍ਹਾਉਣ ਤੋਂ ਪਹਿਲਾਂ ਉਸ ਦਾ ਟੈਸਟ ਜ਼ਰੂਰੀ ਹੈ, ਇੱਕ ਵਾਰ ਵਰਤੇ ਗਏ ਡਾਕਟਰੀ ਔਜ਼ਾਰ, ਸੂਈਆਂ ਆਦਿ ਦੁਬਾਰਾ ਨਾ ਵਰਤੇ ਜਾਣ, ਨਸ਼ਿਆਂ ਦਾ ਤਿਆਗ ਕਰੋ, ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰਨਾ ਆਦਿ।
ਸਰਕਾਰੀ ਉਪਰਾਲੇ : ਅੱਜ, ਵਿਸ਼ਵ ਸਿਹਤ ਸੰਸਥਾ (WHO) ਏਡਜ਼ ਵਿਰੁੱਧ ਮੁਹਿੰਮ ਦੀ ਇੰਚਾਰਜ ਹੈ। ਇਹ ਮੁਹਿੰਮ ਜਨਵਰੀ ਦੇਣ ਦਾ 1996 ਈ: ਤੋਂ ਸ਼ੁਰੂ ਕੀਤੀ ਗਈ ਸੀ। ਇਸ ਦਾ ਆਯੋਜਨ ਕਰਨ ਵਾਲੀਆਂ ਸੰਯੁਕਤ ਰਾਸ਼ਟਰ ਦੀਆਂ ਛੇ ਸੰਸਥਾਵਾਂ ਹਨ : UNICEF, UNESCO, UNFP, UNDP, World Bank. ਇਸ ਸੰਸਥਾ ਦਾ ਨਾਂ UNAIDS ਹੈ, ਜਿੱਥੇ ਇਸ ਪ੍ਰੋਗਰਾਮ ਨੂੰ ਨਵਾਂ ਰੂਪ ਭਾਵ, ਇਸ ਸਿਲਸਿਲੇ ਵਿੱਚ, ਹੋਰ ਸਾਧਨਾਂ ’ਤੇ ਨਿਪੁੰਨਤਾ ਪ੍ਰਦਾਨ ਕਰਨੀ ਹੈ, ਉੱਥੇ ਆਪਸੀ ਤਾਲਮੇਲ ਵੀ ਰੱਖਿਆ ਜਾਂਦਾ ਹੈ।
ਸਾਰੰਸ਼ : ਏਡਜ਼ ਬਹੁਤ ਹੀ ਗੰਭੀਰ ਬਿਮਾਰੀ ਹੈ। ਇਸ ਬਿਮਾਰੀ ਵਿਰੁੱਧ ਮੁਹਿੰਮ ਵਿੱਚ ਸਿਰਫ਼ ਡਾਕਟਰ ਤੇ ਸਿਹਤ ਅਧਿਕਾਰੀ ਹੀ ਸ਼ਾਮਲ ਨਹੀਂ ਸਗੋਂ ਸਵੈ-ਇੱਛੁਕ ਸਮਾਜਕ ਸੰਸਥਾਵਾਂ ਵੀ ਮਦਦਗਾਰ ਸਾਬਤ ਹੋ ਰਹੀਆਂ ਹਨ। ਵੱਖ-ਵੱਖ ਡਾਕਟਰੀ ਪ੍ਰਣਾਲੀਆਂ ਇਸ ਬਿਮਾਰੀ ਨੂੰ ਰੋਕਣ ਲਈ ਖੋਜ ਕਰ ਰਹੀਆਂ ਹਨ ਤੇ ਆਸ ਹੈ ਕਿ ਆਉਣ ਵਾਲੇ ਸਮੇਂ ਵਿੱਚ ਵਧੇਰੇ ਗੁਣਕਾਰੀ ਦਵਾਈਆਂ ਮਿਲ ਜਾਣ ਪਰ ਇਸ ਸਮੱਸਿਆ ਨਾਲ ਨਜਿੱਠਣ ਵਾਲੇ ਮਾਹਰਾਂ ਦਾ ਵਿਚਾਰ ਹੈ ਕਿ ਇਸ ਬਿਮਾਰੀ ਤੋਂ ਬਚਾਅ ਕਰਨ ਵਾਲੇ ਪੱਖ ‘ਤੇ ਹੀ ਵਧੇਰੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਖ਼ਾਸ ਤੌਰ ‘ਤੇ ਇਸ ਬਿਮਾਰੀ ਵਿੱਚ ਇਲਾਜ ਨਾਲੋਂ ਪਰਹੇਜ਼ ਚੰਗਾ ਹੈ।