ਲੇਖ : ਉਸਰਦਾ ਪੰਜਾਬ
ਉਸਰਦਾ ਪੰਜਾਬ
ਪੰਜਾਬ ਦੀ ਮਹਾਨ ਧਰਤੀ : ਪੰਜਾਬ ਅਵਤਾਰਾਂ, ਪੀਰਾਂ-ਫ਼ਕੀਰਾਂ, ਯੋਧਿਆਂ, ਸ਼ਹੀਦਾਂ ਤੇ ਸਤੀਆਂ ਨਾਰਾਂ ਦਾ ਸਥਾਨ ਹੈ। ਇੱਥੇ ਵੇਦਾਂ ਦੀ ਰਚਨਾ ਹੋਈ ਜਿਨ੍ਹਾਂ ਨੇ ਰੱਬੀ ਬਾਣੀ ਦਾ ਪ੍ਰਕਾਸ਼ ਫੈਲਾਇਆ। ਰਾਮ, ਕ੍ਰਿਸ਼ਨ, ਲਵ ਤੇ ਕੁਸ਼ ਦੇ ਪੈਰਾਂ ਦੇ ਨਿਸ਼ਾਨ ਵੀ ਇੱਥੇ ਹੀ ਮਿਲਦੇ ਹਨ। ਇਹ ਉਹ ਪਵਿੱਤਰ ਧਰਤੀ ਹੈ, ਜਿਸ ਵਿੱਚ ਗੁਰੂ ਨਾਨਕ ਦੇਵ ਜੀ ਨੇ ਜਨਮ ਲਿਆ ਅਤੇ ਸਮੁੱਚੇ ਸੰਸਾਰ ਨੂੰ ਜੀਵਨ-ਜਾਚ ਦਾ ਨਵਾਂ ਨਰੋਆ ਮਾਰਗ ਦੱਸਿਆ। ਇਸ ਦੇ ਅਣਗਿਣਤ ਸੂਰਬੀਰਾਂ, ਬਹਾਦਰਾਂ ਤੇ ਸ਼ਹੀਦਾਂ ਦਾ ਮੁਕਾਬਲਾ ਸ਼ਾਇਦ ਹੀ ਕੋਈ ਕਰ ਸਕੇ। ਬੰਦਾ ਬਹਾਦਰ ਅਤੇ ਭਾਈ ਮਤੀ ਦਾਸ ਦੀਆਂ ਕੁਰਬਾਨੀਆਂ ਵਰਗੀਆਂ ਅਨੇਕ ਉਦਾਹਰਨਾਂ ਇੱਥੇ ਮਿਲਦੀਆਂ ਹਨ, ਜਿਨ੍ਹਾਂ ਨੇ ਕੌਮ ਅਤੇ ਦੇਸ਼ ਦੀ ਖ਼ਾਤਰ ਮੌਤ ਨੂੰ ਹੱਸ-ਹੱਸ ਕਬੂਲਿਆ ਅਤੇ ਅੰਗ-ਅੰਗ ਕਟਵਾ ਕੇ ਵੀ ਸੀ ਤੱਕ ਨਾ ਕੀਤੀ। ਭਾਰਤ ਦੇ ਇਤਿਹਾਸ ਵਿੱਚ ਪੰਜਾਬ ਦੇ ਭਗਤ ਸਿੰਘ ਦਾ ਨਾਂ ਅਮਰ ਯਾਦਗਾਰ ਰਹੇਗਾ, ਜਿਸ ਨੇ ਭਾਰਤ ਦੀ ਸੁਤੰਤਰਤ ਲਈ ਗਾਂਧੀ ਦੇ ਰੱਸੇ ਨੂੰ ਖ਼ੁਸ਼ੀ-ਖ਼ੁਸ਼ੀ ਚੁੰਮਿਆ। ਨਵੰਬਰ, 1962 ਈ. ਵਿੱਚ ਹੋਈ ਚੀਨ ਨਾਲ ਲੜਾਈ, 6 ਸਤੰਬਰ, 1965 ਈ. ਅਤੇ 3 ਦਸੰਬਰ, 1971 ਈ. ਵਿੱਚ ਹੋਏ ਪਾਕਿਸਤਾਨ ਨਾਲ ਯੁੱਧ ਸਮੇਂ ਪੰਜਾਬ ਦੇ ਬਹਾਦਰਾਂ ਨੇ ਭਾਰਤ ਦੀ ਲਾਜ ਰੱਖੀ। ਪੰਜਾਬਣਾਂ ਵੀ ਬਹਾਦਰੀ ਦੇ ਖੇਤਰ ਵਿੱਚ ਪਿੱਛੇ ਨਹੀਂ ਰਹੀਆਂ। ਰਾਣੀ ਸਾਹਿਬ ਕੌਰ ਵੈਰੀਆਂ ਦੇ ਦਲਾਂ ਦਾ ਖ਼ਾਤਮਾ ਕਰਨ ਦੀ ਸ਼ਕਤੀ ਰੱਖਦੀ ਸੀ। ਸ੍ਰੀ ਹਕੀਕਤ ਰਾਏ ਦੀ ਮੰਗੇਤਰ ਲੱਛਮੀ ਬਾਈ ਦੇ ਸਤੀ ਹੋਣ ਨੂੰ ਕੌਣ ਨਹੀਂ ਜਾਣਦਾ।
ਸਮੇਂ ਨਾਲ ਬਦਲਦਾ ਪੰਜਾਬ ਦਾ ਅਕਾਰ : ਸਮੇਂ ਦੇ ਗੇੜ ਨਾਲ ਪੰਜਾਬ ਅਕਾਰ ਵਜੋਂ ਛੁਟੇਰਾ ਹੁੰਦਾ ਗਿਆ। ਸ਼ੁਰੂ-ਸ਼ੁਰੂ ਵਿੱਚ ‘ਸਪਤ ਸਿੰਧੂ’ (ਜਮਨਾ, ਸਤਲੁਜ, ਬਿਆਸ, ਰਾਵੀ, ਚਨਾਬ, ਜੇਹਲਮ ਤੇ ਸਿੰਧ ਭਾਵ ਸੱਤਾਂ ਦਰਿਆਵਾਂ ਦੀ ਧਰਤੀ) ਅਖਵਾਉਣ ਵਾਲੀ ਪੰਜਾਬ ਦੀ ਧਰਤੀ ਨੂੰ ਜਮਨਾ ਤੇ ਸਿੰਧ ਦੇ ਨਿਖੇੜਨ ਨਾਲ ‘ਪੰਜ ਨਦ’ (ਸੰਸਕ੍ਰਿਤ ਵਿੱਚ ਨਾਂ) ਕਿਹਾ ਜਾਣ ਲੱਗ ਪਿਆ। ਉਪਰੰਤ ਮੁਸਲਮਾਨਾਂ ਨੇ ਆ ਕੇ ਆਪਣੀ ਬੋਲੀ ਦੇ ਸੁਭਾਅ ਅਨੁਸਾਰ ‘ਪੰਜ ਨਦ’ ਦੀ ਥਾਂ ‘ਪੰਜ ਆਬ’ ਅਥਵਾ ‘ਪੰਜਾਬ’ ਆਖਣਾ ਸ਼ੁਰੂ ਕਰ ਦਿੱਤਾ। 15 ਅਗਸਤ, 1947 ਈ. ਵਿੱਚ ਭਾਰਤ ਦੇ ਅਜ਼ਾਦ ਹੋਣ ਸਮੇਂ ਪੰਜਾਬ ਦੀ ਵੰਡ ਹੋਈ। ਦਰਿਆ ਰਾਵੀ ਨੂੰ ਹੱਦ ਮਿਥਿਆ ਗਿਆ। ਇੱਕ ਭਾਗ ਰਾਵੀ ਦੇ ਪੱਛਮ ਵੱਲ, ਸੋਲ੍ਹਾਂ ਜ਼ਿਲ੍ਹਿਆਂ ਦਾ ਪੱਛਮੀ ਪੰਜਾਬ ਦਾ ਇਲਾਕਾ—ਅਟਾਰੀ ਤੋਂ ਰਾਵਲਪਿੰਡੀ ਤੇ ਹੇਠਾਂ ਬਹਾਵਲਪੁਰ ਤਕ ਦਾ ਹੈ—ਜਿਹੜਾ ਪਾਕਿਸਤਾਨ ਦੇ ਹਿੱਸੇ ਆਇਆ ਹੈ ਅਤੇ ਜਿਸ ਨੂੰ ਪੱਛਮੀ ਪੰਜਾਬ ਆਖਿਆ ਜਾਂਦਾ ਹੈ। ਦੂਜਾ ਭਾਗ ਰਾਵੀ ਦੇ ਪੂਰਬ ਵੱਲ—ਅਟਾਰੀ, ਫ਼ਿਰੋਜ਼ਪੁਰ, ਬਠਿੰਡਾ ਤੇ ਸੋਨੀਪਤ ਦੀਆਂ ਹੱਦਾਂ ਨਾਲ ਘਿਰਿਆ ਹੋਇਆ ਹੈ, ਪੂਰਬੀ ਪੰਜਾਬ (ਹੁਣ ਪੰਜਾਬ) ਅਖਵਾਉਂਦਾ ਹੈ, ਭਾਰਤ ਦੇ ਹਿੱਸੇ ਆਇਆ ਹੈ। 1956 ਈ. ਵਿੱਚ ਪਟਿਆਲਾ ਤੇ ਪੂਰਬੀ ਪੰਜਾਬ ਦੀਆਂ ਰਿਆਸਤਾਂ ਨੂੰ ਇਸ ਨਾਲ ਮਿਲਾ ਦਿੱਤਾ ਗਿਆ। 1 ਨਵੰਬਰ, 1966 ਈ. ਨੂੰ ਨਿਰੋਲ ਪੰਜਾਬੀ ਭਾਸ਼ਾ ਦੇ ਅਧਾਰ ‘ਤੇ ਪੰਜਾਬ ਦਾ ਪੁਨਰਗਠਨ ਕੀਤਾ ਗਿਆ। ਇਸ ਵਿੱਚ ਜ਼ਿਲ੍ਹਾ ਗੁਰਦਾਸਪੁਰ, ਅੰਮ੍ਰਿਤਸਰ, ਜਲੰਧਰ, ਫ਼ਿਰੋਜ਼ਪੁਰ, ਹੁਸ਼ਿਆਰਪੁਰ, ਕਪੂਰਥਲਾ, ਲੁਧਿਆਣਾ, ਪਟਿਆਲਾ, ਸੰਗਰੂਰ, ਬਠਿੰਡਾ ਤੇ ਅੰਬਾਲਾ ਜ਼ਿਲ੍ਹੇ ਦੀ ਰੋਪੜ ਤਹਿਸੀਲ ਆਦਿ ਨੂੰ ਸ਼ਾਮਲ ਕੀਤਾ ਗਿਆ; ਪਹਾੜੀ ਬੋਲੀ ਵਾਲਿਆਂ ਇਲਾਕਿਆਂ–ਕਾਂਗੜਾ, ਸ਼ਿਮਲਾ, ਡਲਹੌਜ਼ੀ ਤੇ ਅੱਧਾ ਊਨਾ ਨੂੰ ਹਿਮਾਚਲ ਪ੍ਰਦੇਸ਼ ਵਿੱਚ ਮਿਲਾ ਦਿੱਤਾ ਗਿਆ; ਹਰਿਆਣਵੀ ਬੋਲੀ ਦੇ ਜ਼ਿਲ੍ਹਿਆਂ-ਅੰਬਾਲਾ, ਕਰਨਾਲ, ਰੋਹਤਕ, ਹਿਸਾਰ, ਮਹਿੰਦਰਗੜ੍ਹ ਤੇ ਗੁੜਗਾਵਾਂ ਨੂੰ ਨਿਖੇੜ ਕੇ ਇੱਕ ਨਵਾਂ ਪ੍ਰਾਂਤ ਹਰਿਆਣਾ ਬਣਾਇਆ ਗਿਆ।
ਖੇਤੀ ਖੇਤਰ ਵਿੱਚ ਸਵੈ-ਨਿਰਭਰ : ਖੇਤੀ ਦੇ ਸਬੰਧ ਵਿੱਚ ਵੀ ਪੰਜਾਬ ਭਾਰਤ ਦੇ ਹੋਰ ਪ੍ਰਾਂਤਾਂ ਨਾਲੋਂ ਬਹੁਤ ਅੱਗੇ ਹੈ। ਇੱਥੇ ਅੰਨ-ਦਾਣੇ ਦੀ ਉਪਜ ਦਿਨੋ-ਦਿਨ ਵਧਦੀ ਜਾ ਰਹੀ ਹੈ। ਭਾਰਤ ਨੂੰ ਅੰਨ ਸਬੰਧੀ ਸਵੈ-ਨਿਰਭਰ ਬਣਾਉਣ ਵਿੱਚ ਇਸ ਨੇ ਸਲਾਹੁਣ-ਯੋਗ ਹਿੱਸਾ ਪਾਇਆ ਹੈ। ਕਵੀ ਲੋਕ ਠੀਕ ਹੀ ਇਸ ਨੂੰ ‘ਅੰਨਦਾਤਾ’ ਤੇ ‘ਦਾਨੀ’ ਆਖਦੇ ਹਨ। ਖੇਤੀ-ਸੁਧਾਰ ਸਬੰਧੀ ਸਰਕਾਰੀ ਯਤਨਾਂ ਕਾਰਨ ਪਿੰਡ-ਪਿੰਡ ਵਿੱਚ ਗ੍ਰਾਮ ਸੇਵਕ ਕਿਸਾਨਾਂ ਨੂੰ ਨਵੀਆਂ ਖਾਦਾਂ, ਬੀਜਾਂ ਅਤੇ ਮਸ਼ੀਨਾਂ ਦੀ ਵਰਤੋਂ ਬਾਰੇ ਦੱਸਦੇ ਰਹਿੰਦੇ ਹਨ। ਨਵੀਆਂ ਖਾਦਾਂ, ਬੀਜਾਂ ਅਤੇ ਮਸ਼ੀਨਾਂ ਦੀ ਪ੍ਰਾਪਤੀ ਲਈ ਕਿਸਾਨਾਂ ਨੂੰ ਕਰਜ਼ੇ ਦਿੱਤੇ ਜਾ ਰਹੇ ਹਨ। ਸਾਲ ਵਿੱਚ ਇੱਕ ਦੀ ਥਾਂ ਤਿੰਨ-ਤਿੰਨ ਫ਼ਸਲਾਂ ਲਾਉਣ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਪਿੰਡ-ਪਿੰਡ ਵਿੱਚ ਪੁੱਜੀ ਬਿਜਲੀ ਨਾਲ ਚਲਦੇ ਟਿਊਬਵੈੱਲਾਂ ਅਤੇ ਵਗਦੀਆਂ ਨਹਿਰਾਂ ਨੇ ‘ਹਰਾ ਇਨਕਲਾਬ’ ਲੈ ਆਂਦਾ ਹੈ। ਮਈ 1982 ਈ. ਵਿੱਚ ਵਿਸ਼ਵ ਬੈਂਕ ਦੁਆਰਾ ਵਿਸ਼ਵ ਵਿਕਾਸ ਰਿਪੋਰਟ ਵਿੱਚ ਪੰਜਾਬ ਦੀਆਂ ਖੇਤੀ ਦੇ ਖੇਤਰ ਵਿੱਚ ਕੀਤੀਆਂ ਪ੍ਰਾਪਤੀਆਂ ਦੀ ਭਰਪੂਰ ਸ਼ਲਾਘਾ ਕੀਤੀ ਗਈ ਹੈ।
ਪਿੰਡਾਂ ਦਾ ਵਿਕਾਸ : ਪਿੰਡਾਂ ਵਿੱਚ ਸਕੂਲ-ਕਾਲਜ ਖੁੱਲ੍ਹਣ ਨਾਲ ਪੰਜਾਬ ਵਿੱਚ ਵਿੱਦਿਆ ਦਾ ਚਾਨਣ ਫੈਲ ਰਿਹਾ ਹੈ। ਪੜ੍ਹ-ਲਿਖ ਜਾਣ ਕਰ ਕੇ ਪੰਜਾਬੀਆਂ ਵਿੱਚ ਸੱਭਿਆ ਅੰਸ਼ ਵਧ ਰਹੇ ਹਨ, ਗੰਵਾਰਪੁਣਾ ਘਟ ਰਿਹਾ ਹੈ। ਇਹ ਆਪਸੀ ਲੜਾਈਆਂ-ਝਗੜਿਆਂ ਲਈ ਹੁਣ ਕਚਹਿਰੀਆਂ ਵਿੱਚ ਨਹੀਂ ਰੁਲਦੇ, ਪੰਚਾਇਤਾਂ ਵਿੱਚ ਹੀ ਨਿਪਟਾਰਾ ਕਰ ਲੈਂਦੇ ਹਨ। ਇਹ ਮਾਮੂਲੀ-ਮਾਮੂਲੀ ਗੱਲਾਂ ਉੱਤੇ ਹੁਣ ਸਿਰ ਪਾੜਨੋਂ ਹਟ ਗਏ ਹਨ। ਹੁਣ ਪੜ੍ਹਿਆ-ਲਿਖਿਆ ਨਵਾਂ ਪੋਚ ਪਿੰਡ ਦੇ ਸੁਧਾਰ ਦੇ ਕੰਮਾਂ ਵਿੱਚ ਵਧੇਰੇ ਦਿਲਚਸਪੀ ਲੈ ਰਿਹਾ ਹੈ। ਵਹਿਮਾਂ- ਭਰਮਾਂ ਵਿੱਚ ਲੋਕਾਂ ਦਾ ਵਿਸ਼ਵਾਸ ਖ਼ਤਮ ਹੋ ਰਿਹਾ ਹੈ।
ਨਿਵੇਕਲਾ ਰਹਿਣ-ਸਹਿਣ : ਪੰਜਾਬ ਦੇ ਲੋਕ ਨਵੇਕਲੇ ਤੇ ਰੰਗੀਲੇ ਸੱਭਿਆਚਾਰ ਦੇ ਮਾਲਕ ਹਨ। ਇਹ ਰੱਜ ਕੇ ਕੰਮ ਕਰਨ, ਚੰਗਾ-ਚੋਖਾ ਖਾਣ ਤੇ ਜੀਵਨ ਦਾ ਅਨੰਦ ਮਾਣਨ ਵਿੱਚ ਯਕੀਨ ਰੱਖਦੇ ਹਨ। ਦਿੱਲੀ ਦੇ ਦਫ਼ਤਰਾਂ ਵਿੱਚ ਵੇਖਣ ਤੋਂ ਪਤਾ ਲਗਦਾ ਹੈ ਕਿ ਕਿਵੇਂ ਦੱਖਣੀ ਪ੍ਰਾਂਤਾਂ ਦੇ ਅਫ਼ਸਰ ਵੀ ਬਹੁਤ ਸਾਦੇ ਕੱਪੜਿਆਂ ਵਿੱਚ ਹੁੰਦੇ ਹਨ, ਪਰ ਪੰਜਾਬੀ ਕਲਰਕ ਵੀ ਸੂਟ-ਬੂਟ ਵਿੱਚ ਹੋਵੇਗਾ। ਕੰਜੂਸੀ ਕਰ-ਕਰ ਜੋੜਨਾ ਇਨ੍ਹਾਂ ਦਾ ਸੁਭਾਅ ਨਹੀਂ। ਇਹ ਤਾਂ ‘ਖਾ ਗਏ ਰੰਗ ਲਾ ਗਏ, ਜੋੜ ਗਏ ਸੋ ਰੋੜ੍ਹ ਗਏ’ ਦਾ ਗੁਰ ਜਾਣਦੇ ਹਨ। ਅਸਲ ਵਿੱਚ ਇਸ ਦਾ ਕਾਰਨ ਇਤਿਹਾਸਕ ਹੈ। ‘ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ’ ਦੇ ਅਖਾਣ ਅਨੁਸਾਰ ਪੰਜਾਬ ਆਦਿਕਾਲ ਤੋਂ ਬਾਹਰਲੇ ਹਮਲਿਆਂ ਦਾ ਸ਼ਿਕਾਰ ਰਿਹਾ ਹੈ। ਇਨ੍ਹਾਂ ਨਾਲ ਲੜਾਈਆਂ ਵਿੱਚ ਪੰਜਾਬੀਆਂ ਦਾ ਸਭ ਕੁਝ ਜੋੜਿਆ ਧਨ ਆਦਿ ਨਸ਼ਟ ਹੋ ਜਾਂਦਾ ਸੀ। ਇਸ ਲਈ ਇੱਥੇ ‘ਖਾਧਾ-ਪੀਤਾ ਲਾਹੇ ਦਾ ਤੇ ਰਹਿੰਦਾ ਅਹਿਮਦ ਸ਼ਾਹੇ ਦਾ’ ਦੀ ਪਿਰਤ ਚੱਲ ਪਈ। ਸ਼ਾਇਦ ਇਸ ਕਰਕੇ ਪੰਜਾਬੀ ਰਸਮਾਂ-ਰਿਵਾਜਾਂ ਵਿੱਚ ਅਦੁੱਤੀ ਰੰਗੀਨੀ ਵਿਖਾਈ ਦਿੰਦੀ ਹੈ। ਇੱਥੇ ਵਿਆਹ-ਸ਼ਾਦੀਆਂ ਅਤੇ ਮਰਨਿਆਂ-ਪਰਨਿਆਂ ਆਦਿ ਅਵਸਰਾਂ ‘ਤੇ ਚੰਗਾ ਖ਼ਰਚ ਕੀਤਾ ਜਾਂਦਾ ਹੈ।
ਉਦਯੋਗਿਕ ਖੇਤਰ ਵਿੱਚ ਤਰੱਕੀ : ਪੰਜਾਬ ਵਿੱਚ ਸਨਅਤੀ ਤਰੱਕੀ ਵੀ ਸ਼ਲਾਘਾਯੋਗ ਹੋ ਰਹੀ ਹੈ। ਪਿੰਡਾਂ ਤੇ ਸ਼ਹਿਰਾਂ ਵਿੱਚ ਨਿੱਕੀਆਂ-ਵੱਡੀਆਂ ਸਨਅਤਾਂ ਖੁੱਲ੍ਹ ਰਹੀਆਂ ਹਨ। ਜਿੱਥੇ ਬਟਾਲਾ ਲੋਹੇ ਦੀਆਂ ਵੱਡੀਆਂ ਤੋਂ ਵੱਡੀਆਂ ਮਸ਼ੀਨਾਂ ਬਣਾਉਣ ਵਿੱਚ ਸਿਰਕੱਢ ਹੈ, ਉੱਥੇ ਜਲੰਧਰ ਖੇਡਾਂ ਦੇ ਸਾਮਾਨ ਤਿਆਰ ਕਰਨ ਵਿੱਚ, ਅੰਮ੍ਰਿਤਸਰ ਕੱਪੜੇ ਵਿੱਚ, ਲੁਧਿਆਣਾ ਹੌਜ਼ਰੀ ਵਿੱਚ, ਕਪੂਰਥਲਾ ਪੱਖਿਆਂ ਵਿੱਚ ਅਤੇ ਧਾਰੀਵਾਲ ਊਨੀ ਕੱਪੜੇ ਵਿੱਚ ਅੱਗੇ ਹੈ। ਸ਼ਹਿਰਾਂ ਵਿੱਚ ਵਧਦੀਆਂ ਸਨਅਤਾਂ ਕਾਰਨ ਪੇਂਡੂ ਪੰਜਾਬੀ ਆਮ ਕਰਕੇ ਸ਼ਹਿਰ ਵੱਲ ਭੱਜ ਰਹੇ ਹਨ। ਪਿੰਡਾਂ ਵਿੱਚ ਨਵੀਨ ਵਾਹੀ ਕਰਕੇ ਪੜ੍ਹੇ-ਲਿਖੇ ਪੰਜਾਬੀ ਹੁਣ ਵਾਹੀ ਵਿੱਚ ਦਿਲਚਸਪੀ ਲੈ ਰਹੇ ਹਨ। ਟਰੈਕਟਰਾਂ, ਟਿਊਬਵੈੱਲਾਂ ਤੇ ਥਰੈਸ਼ਰਾਂ ਕਰਕੇ ਉਨ੍ਹਾਂ ਨੂੰ ਪਹਿਲਾਂ ਵਾਂਗ ਮਿੱਟੀ ਨਾਲ ਮਿੱਟੀ ਹੋਣਾ ਨਹੀਂ ਪੈਂਦਾ। ਪਿੰਡਾਂ ਨੂੰ ਪੱਕੀਆਂ ਸੜਕਾਂ ਨਾਲ ਜੋੜ ਦਿਤਾ ਗਿਆ ਹੈ। ਪਿੰਡ-ਪਿੰਡ ਬੱਸਾਂ ਘੂਕਦੀਆਂ ਪਹੁੰਚ ਰਹੀਆਂ ਹਨ। ਬਿਜਲੀ ਪਾਣੀ ਦੀਆਂ ਸ਼ਹਿਰੀ ਸਹੂਲਤਾਂ ਕਰਕੇ ਪਿੰਡਾਂ ਦਾ ਕਾਇਆ-ਕਲਪ ਹੋ ਗਿਆ ਹੈ।
ਮਾਤ-ਭਾਸ਼ਾ ਨੂੰ ਯੋਗ ਸਥਾਨ : ਪੰਜਾਬ ਇੱਕ ਭਾਸ਼ਾਈ ਪ੍ਰਾਂਤ ਹੈ ਤੇ ਪੰਜਾਬੀ ਇਸ ਦੀ ਮੁੱਖ ਭਾਸ਼ਾ ਹੈ। ਇਸ ਭਾਸ਼ਾ ਨੂੰ ਨਾ ਕੇਵਲ ਸਰਕਾਰੀ ਕੰਮਾਂ-ਕਾਰਾਂ ਵਿੱਚ ਵਰਤਿਆ ਜਾ ਰਿਹਾ ਹੈ ਸਗੋਂ ਇਸ ਨੂੰ ਉਚੇਰੀ ਵਿੱਦਿਆ ਦਾ ਮਾਧਿਅਮ ਬਣਨ ਦੇ ਯੋਗ ਵੀ ਬਣਾਇਆ ਜਾ ਰਿਹਾ ਹੈ। ਜਿਸ ਬੋਲੀ ਨੂੰ ਗੰਵਾਰਾਂ ਦੀ ਭਾਸ਼ਾ ਕਹਿ ਕੇ ਧਿਰਕਾਰਿਆ ਜਾਂਦਾ ਰਿਹਾ, ਅੱਜ ਉਹ ਉੱਨਤੀ ਦੀਆਂ ਸਿਖ਼ਰਾਂ ਨੂੰ ਛੋਹ ਰਹੀ ਹੈ।
ਸਿੱਟਾ : ਮੁੱਕਦੀ ਗੱਲ ਤਾਂ ਇਹ ਕਿ ਭਾਵੇਂ ਪੰਜਾਬ ਦਾ ਅਕਾਰ ਛੁਟੇਰਾ ਹੋ ਗਿਆ ਹੈ, ਫਿਰ ਵੀ ਇਹ ਦਿਨੋ-ਦਿਨ ਉਸਰਦਾ ਤੇ ਵਧਦਾ-ਫੁੱਲਦਾ ਜਾ ਰਿਹਾ ਹੈ। ਹਰ ਖੇਤਰ ਵਿੱਚ ਹੋਈ ਉੱਨਤੀ ਇਸ ਦੀ ਸ਼ੋਭਾ ਵਧਾ ਰਹੀ ਹੈ। ਇਸ ਦਾ ਵਾਸੀ ਹੋਣ ਲਈ ਜੇ ਕਿਸੇ ਦਾ ਜੀਅ ਲਲਚਾ ਜਾਏ ਤਾਂ ਕੋਈ ਹੈਰਾਨੀ ਵਾਲੀ ਗੱਲ ਨਹੀਂ। ਛੋਟੇ ਅਕਾਰ ਦੀ ਚਿੰਤਾ ਨਹੀਂ, ਹੀਰਾ ਆਖਰ ਛੋਟਾ ਹੀ ਹੁੰਦਾ ਹੈ, ਪੱਥਰਾਂ ਦੇ ਅਕਾਰ ਵੱਡੇ ਹੁੰਦੇ ਹਨ। ਖੇਤੀਬਾੜੀ, ਦਸਤਕਾਰੀ, ਬੀਰਤਾ, ਸੁਹੱਪਣ ਤੇ ਸੁਚੱਜ ਦੇ ਖੇਤਰਾਂ ਵਿੱਚ ਪੰਜਾਬੀ ਸਦਾ ਮੋਹਰੀ ਰਹੇ ਹਨ। ਭਾਵੇਂ ਰਾਜਨੀਤੀ ਦੀਆਂ ਚਾਲਾਂ ਨੇ ਪਿਛਲੇ ਸਾਲਾਂ ਵਿੱਚ ਪੰਜਾਬ ਨੂੰ ਜ਼ਖ਼ਮੀ ਕੀਤਾ ਹੈ, ਪਰ ਪੰਜਾਬ ਆਪਣੀ ਸਮਰੱਥਾ ਕਾਰਨ ਸਭ ਕੁਝ ਝੱਲ ਜਾਣ ਵਾਲਾ ਬਹਾਦਰ ਹੈ।