ਲੇਖ : ਇੱਕਲਤਾ


ਇੱਕਲਤਾ


ਮਨੁੱਖ ਆਪਣੀ ਜ਼ਿੰਦਗੀ ਦਾ ਸਮਾਂ ਬਹੁਤਾ ਕਰ ਕੇ ਦੋ ਥਾਂਵਾਂ ‘ਤੇ, ਵਿਸ਼ੇਸ਼ ਤੌਰ ‘ਤੇ ਬਤੀਤ ਕਰਦਾ ਹੈ, ਇੱਕ ਘਰ ਅਤੇ ਦੂਸਰਾ ਬਾਹਰਲੀ ਦੁਨੀਆਂ ਵਿੱਚ। ਘਰ ਦੀ ਦੁਨੀਆਂ ਤੇ ਬਾਹਰ ਦੀ ਦੁਨੀਆਂ ਵਿੱਚ ਕੋਈ ਵਿਰੋਧ ਨਹੀਂ ਪਰ ਇਨ੍ਹਾਂ ਦੋਹਾਂ ਵਿੱਚ ਸਾਵਾਂਪਣ ਕਾਇਮ ਰੱਖਣਾ ਜ਼ਰੂਰੀ ਹੁੰਦਾ ਹੈ। ਜੇ ਸਾਰਾ ਦਿਨ ਘਰ ਵਿੱਚ ਹੀ ਪਿੰਜਰੇ ਪਏ ਪੰਛੀ ਦੀ ਤਰ੍ਹਾਂ ਰਹਿਣਾ ਹੈ ਤਾਂ ਸਾਡੀ ਕਲਪਨਾ ਦੇ ਪਰ ਉਡਾਰੀ ਨਹੀਂ ਮਾਰ ਸਕਣਗੇ ਤੇ ਸਾਡਾ ਮਾਨਸਿਕ ਤੇ ਬੌਧਿਕ ਵਿਕਾਸ ਰੁਕ ਜਾਵੇਗਾ। ਪੰਛੀ ਵੀ ਸਾਰਾ ਦਿਨ ਉਡਾਰੀਆਂ ਮਾਰਨ ਤੋਂ ਬਾਅਦ ਸ਼ਾਮਾਂ ਨੂੰ ਆਪਣੇ ਆਲ੍ਹਣੇ ਵਿੱਚ ਅੱਪੜਦੇ ਹਨ। ਇਹ ਠੀਕ ਹੈ ਕਿ ਛੱਜੂ ਦੇ ਚੁਬਾਰੇ ਦਾ ਸੁੱਖ ਬਹੁਤਾ ਆਨੰਦ ਵਾਲਾ ਹੁੰਦਾ ਹੈ ਪਰ ਇਸ ਆਨੰਦ ਦਾ ਪਤਾ ਬਲਖ ਬੁਖਾਰੇ ਤੋਂ ਪ੍ਰਾਪਤ ਕੀਤੇ ਸੁਆਦ ਤੋਂ ਬਾਅਦ ਲੱਗਦਾ ਹੈ। ਇਸ ਨਾਲ ਬਾਹਰ ਦੀ ਦੁਨੀਆਂ ਦੀ ਮਹੱਤਤਾ ਘਟਦੀ ਨਹੀਂ।

ਘਰ ਦੇ ਪੰਛੀ ਬਣਨ ਦੀ ਪ੍ਰਵਿਰਤੀ ਭਾਵੇਂ ਪੁਰਸ਼ ਅਤੇ ਇਸਤਰੀ ਦੋਹਾਂ ਵਿੱਚ ਹੁੰਦੀ ਹੈ ਪਰ ਇਸਤਰੀ ਦੀ ਸਮਾਜ ਵਿੱਚ ਸਥਿਤੀ ਇਸ ਪ੍ਰਕਾਰ ਦੀ ਹੈ ਕਿ ਉਸ ਨੂੰ ਘਰ ਵਿੱਚ ਰਹਿਣ ਲਈ ਕਈ ਹਾਲਤਾਂ ਵਿੱਚ ਮਜਬੂਰ ਹੋਣਾ ਪੈਂਦਾ ਹੈ। ਫਿਰ ਇਹ ਮਜਬੂਰੀ ਆਦਤ ਬਣ ਜਾਂਦੀ ਹੈ। ਇਹ ਹੀ ਕਾਰਨ ਹੈ ਕਿ ਜਦੋਂ ਉਸ ਨੂੰ ਬਾਹਰਲੀ ਦੁਨੀਆਂ ਵਿੱਚ ਲਿਜਾਇਆ ਜਾਂਦਾ ਹੈ ਤਾਂ ਤੇਜ਼ ਰਫਤਾਰ ਵਿੱਚ ਚੱਲਦੇ ਹੋਏ ਜ਼ਮਾਨੇ ਕਰ ਕੇ ਉਸ ਨੂੰ ਘਟੀਆਪਣ ਦਾ ਅਹਿਸਾਸ ਹੋਣ ਲੱਗ ਜਾਂਦਾ ਹੈ। ਘਰ ਦੀ ਜ਼ਿੰਮੇਵਾਰੀ ਨੂੰ ਪੂਰਾ ਕਰਦੇ ਹੋਏ ਉਹ ਘਰ ਦੀਆਂ ਹੋਰ ਮਸ਼ੀਨਾਂ ਦੀ ਤਰ੍ਹਾਂ ਇੱਕ ਮਸ਼ੀਨ ਬਣ ਕੇ ਰਹਿ ਜਾਂਦੀ ਹੈ। ਇਹ ਮਸ਼ੀਨ ਬਹੁ-ਪੱਖੀ ਕੰਮ ਸੁਆਰਨ ਵਾਲੀ ਮਸ਼ੀਨ ਦੀ ਤਰ੍ਹਾਂ ਹੁੰਦੀ ਹੈ। ਬੱਚੇ ਨੂੰ ਜਨਮ ਦੇਣ ਤੋਂ ਬਾਅਦ ਉਹ ਘਰ ਵਿੱਚ ਹੀ ਰਹਿਣ ਵਾਲੀ ਇੱਕ ਰਸੋਈਆ ਵੀ ਹੁੰਦੀ ਹੈ, ਬਰਤਣ ਮਾਂਜਣ ਵਾਲੀ ਸੇਵਕਾ ਵੀ ਹੁੰਦੀ ਹੈ, ਇੱਕ ਨਰਸ ਵੀ ਹੁੰਦੀ ਹੈ, ਕੱਪੜੇ ਧੋਣ ਤੇ ਪ੍ਰੈਸ ਕਰਨ ਵਾਲੀ ਇੱਕ ਧੋਬਣ ਵੀ ਹੁੰਦੀ ਹੈ। ਜਦੋਂ ਸਾਰੇ ਸਮੇਂ ਮਸ਼ੀਨ ਹੀ ਬਣਿਆ ਰਹਿਣਾ ਹੈ ਤਾਂ ਉਸ ਕੋਲ ਆਪਣੇ ਲਈ ਵਕਤ ਹੀ ਕਿਹੜਾ ਬਚਦਾ ਹੈ।

ਘਰ ਦਾ ਪੰਛੀ ਬਣਨ ‘ਤੇ ਮਜਬੂਰ ਹੋਣ ਵਾਲੀ ਇਸਤਰੀ ਬਹੁਤ ਸਾਰੇ ਲੋਕਾਂ ਨਾਲ ਸੰਪਰਕ ਵਿੱਚ ਨਹੀਂ ਆਉਂਦੀ ਜਿਸ ਨਾਲ ਉਹ ਖੁਲ੍ਹ ਕੇ ਦੂਸਰੇ ਵਿਅਕਤੀਆਂ ਨਾਲ ਆਪਣੇ ਮਨ ਦੇ ਭਾਵਾਂ ਨੂੰ ਵਿਅਕਤ ਨਹੀਂ ਕਰ ਸਕਦੀ। ਬਾਹਰਲੀ ਦੁਨੀਆਂ ਨੇ ਜੋ ਵਿਕਾਸ ਕੀਤਾ ਹੈ ਉਸ ਨੂੰ ਜਾਣਨਾ ਉਸ ਲਈ ਅਸੰਭਵ ਹੁੰਦਾ ਹੈ। ਸ਼ਰਮ ਹਯਾ ਦੇ ਪਰਦੇ ਵਿੱਚ ਢਕੇ ਰਹਿਣ ਤੋਂ ਭਾਵ ਵਿਚਾਰਾਂ ਦੀ ਤੰਗਦਿਲੀ ਨਹੀਂ ਹੈ। ਸ਼ਰਮ ਤਾਂ ਇਸਤਰੀ ਦਾ ਗਹਿਣਾ ਹੈ। ਘਰ ਤੋਂ ਬਾਹਰ ਕੰਮ ਕਰਨ ਵਾਲੀ ਇਸਤਰੀ ਬੇਸ਼ਰਮ ਨਹੀਂ ਹੁੰਦੀ। ਸ਼ਰਮ ਤਾਂ ਉਸ ਸਮੇਂ ਤੋਂ ਹੀ ਖ਼ਤਮ ਹੋ ਗਈ ਹੈ ਜਦੋਂ ਝੂਠੀ ਸ਼ਰਮ ਦਾ ਰਿਵਾਜ਼ ਸ਼ੁਰੂ ਹੋਇਆ ਹੈ, ਜਦੋਂ ਸ਼ਰਮ ਦੇ ਨਾਂ ‘ਤੇ ਅਭਿਨੈ ਕੀਤਾ ਜਾਂਦਾ ਹੈ। ਇਹ ਪੁਰਸ਼ ਦੀ ਕਮੀਨਗੀ ਹੈ ਕਿ ਉਹ ਹਮੇਸ਼ਾ ਇਸਤਰੀ ਨੂੰ ਆਪਣੇ ਨਾਲ ਬਾਹਰ ਨਹੀਂ ਲਿਜਾਂਦਾ।

ਬਾਹਰਲੇ ਜਗਤ ਨਾਲ ਪੁਰਸ਼ਾਂ ਨਾਲ ਮੋਢੇ ਨਾਲ ਮੋਢਾ ਡਾਹ ਕੇ ਤੁਰਨ ਨਾਲ ਇਸਤਰੀ ਦਾ ਮਾਨਸਿਕ ਤੇ ਬੌਧਿਕ ਵਿਕਾਸ ਸੰਭਵ ਹੁੰਦਾ ਹੈ। ਹੁਣ ਇਸਤਰੀ ਕਿਹੜਾ ਕੰਮ ਨਹੀਂ ਕਰਦੀ? ਫੌਜ ਵਿੱਚ ਉਹ ਭਰਤੀ ਹੋ ਰਹੀ ਹੈ। ਪਾਇਲਟ ਬਣ ਕੇ ਹਵਾ ਵਿੱਚ ਉਡਾਰੀਆਂ ਲਾ ਰਹੀ ਹੈ। ਵੱਡੇ ਤੋਂ ਵੱਡਾ ਡਾਕਟਰ ਤੇ ਸਰਜਨ ਉਹ ਬਣ ਰਹੀ ਹੈ। ਰਾਜਨੀਤੀ ਦੇ ਖੇਤਰ ਵਿੱਚ ਪ੍ਰਧਾਨ ਮੰਤਰੀ ਦੀ ਪਦਵੀ ‘ਤੇ ਉਹ ਸੁਸ਼ੋਭਿਤ ਹੋ ਸਕਦੀ ਹੈ। ਇਹ ਸਭ ਕੁੱਝ ਤਾਂ ਹੀ ਸੰਭਵ ਹੋਇਆ ਹੈ ਕਿ ਜਦੋਂ ਇਸਤਰੀ ਨੇ ਮਰਦ ਦੁਆਰਾ ਪਹਿਨਾਇਆ ਗਿਆ ਪਰੰਪਰਾਗਤ ਸ਼ਰਮ ਦਾ ਬੁਰਕਾ ਲਾਹਿਆ ਹੈ। ਇਸਤਰੀ ਨੇ ਜਦੋਂ ਵੀ ਕਦੇ ਦਲੇਰੀ ਭਰਿਆ ਕਦਮ ਉਠਾਇਆ ਹੈ ਉਸ ਉੱਤੇ ਪਹਿਲਾਂ ਕੁੱਝ ਉਂਗਲਾਂ ਉੱਠੀਆਂ ਹਨ। ਮਰਦ ਭਾਵੇਂ ਨੰਗਾ-ਧੜੰਗਾ ਸਭ ਦੇ ਸਾਹਮਣੇ ਫਿਰਦਾ ਰਹੇ ਪ੍ਰੰਤੂ ਜਦੋਂ ਕਦੇ ਘਰ ਦੇ ਬਾਹਰਲੇ ਜਗਤ ਵਿੱਚ ਕੋਈ ਇਸਤਰੀ ਮਰਦ ਦੇ ਸਦਾਚਾਰਕ ਪੈਮਾਨੇ ‘ਤੇ ਦੋਹਰੀ ਨੀਤੀ ਨੂੰ ਚੈਲਿੰਜ ਕਰਨ ਲਈ ਆਪਣੇ ਉੱਪਰਲੇ ਬਸਤਰ ਉਤਾਰ ਕੇ ਫੋਟੋ ਖਿਚਵਾਉਂਦੀ ਹੈ ਤਾਂ ਮਰਦ ਬਰਦਾਸ਼ਤ ਨਹੀਂ ਕਰ ਸਕਦਾ ਤੇ ਇਸਤਰੀ ਦੇ ਇਸ ਕਰਮ ਨੂੰ ਗੁੰਮਰਾਹ ਕਰਨ ਵਾਲਾ ਮੰਨਦਾ ਹੈ।

ਅੱਜ ਦੀ ਇਸਤਰੀ ਲਈ ਕੋਈ ਰੋਜ਼ ਘਰ ਦੇ ਸੋਫੇ ਤੇ ਕੁਰਸੀਆਂ ਸਾਫ਼ ਕਰਨ ਦਾ ਕੰਮ ਹੀ ਨਹੀਂ ਤੇ ਨਾ ਹੀ ਜੂਠੇ ਭਾਂਡਿਆਂ ਨੂੰ ਮਾਂਜਣ, ਘਰ ਦੀਆਂ ਬੂਹੇ-ਬਾਰੀਆਂ ਦੇ ਸ਼ੀਸ਼ੇ ਸਾਫ਼ ਕਰਨ ਦਾ ਹੀ ਕੰਮ ਰਹਿ ਗਿਆ ਹੈ। ਇਸ ਕੰਮ ਦੀ ਜਿੰਨੀ ਸਾਰਥਿਕਤਾ ਹੈ ਉਨਾ ਹੀ ਇਹ ਕੰਮ ਕਰਨਾ ਚਾਹੀਦਾ ਹੈ। ਜ਼ਿੰਦਗੀ ਦਾ ਮੂਲ ਮਕਸਦ ਜਾਂ ਇਸ ਨੂੰ ਆਦਰਸ਼ ਮੰਨ ਲੈਣਾ ਇੱਕ ਭੁੱਲ ਹੈ। ਘਰ ਦੇ ਜਾਲੇ ਲਾਹੁਣ ਨਾਲੋਂ ਵੀ ਜ਼ਰੂਰੀ ਹੈ ਕਿ ਮਨ ਦੇ ਜਾਲੇ ਲਾਹੇ ਜਾਣ। ਇੱਕ ਨਜ਼ਰ ਮਨ ਦੀ ਖਿੜਕੀ ਖੋਲ੍ਹ ਕੇ ਬਾਹਰਲੀ ਜ਼ਿੰਦਗੀ ਵਲ ਵੀ ਝਾਤ ਪਾਈ ਜਾਵੇ। ਇਹ ਠੀਕ ਹੈ ਕਿ ਟੈਲੀਵਿਜ਼ਨ, ਰੇਡੀਓ, ਟੈਲੀਫੋਨ, ਅਖ਼ਬਾਰਾਂ ਆਦਿ ਨੇ ਬਾਹਰਲੀ ਜ਼ਿੰਦਗੀ ਦੀ ਝਲਕ ਘਰ ਬੈਠਿਆਂ ਹੀ ਪੁਆਉਣੀ ਸ਼ੁਰੂ ਕੀਤੀ ਹੈ। ਪਰ ਇਹ ਕਾਫ਼ੀ ਨਹੀਂ।

ਘਰ ਤੋਂ ਬਾਹਰ ਦੁਨੀਆਂ ਦੇਖਣ ਤੋਂ ਭਾਵ ਇਹ ਨਹੀਂ ਕਿ ਮਹਿੰਗੇ ਹੋਟਲਾਂ ਵਿੱਚ ਜਾ ਕੇ ਛੁਰੀਆਂ-ਕਾਂਟਿਆਂ ਨਾਲ ਖਾਣਾ ਹੀ ਖਾਣਾ ਹੈ ਜਾਂ ਆਧੁਨਿਕ ਅਖਵਾਉਣ ਦੀ ਲਿਲਕ ਵਿੱਚ ਡਿਸਕੋ ਡਾਂਸ ਸਿੱਖਣੇ ਤੇ ਕਰਨੇ ਹਨ ਜਾਂ ਦੂਸਰੇ ਪਾਸੇ ਬਾਹਰ ਇਸ ਲਈ ਜਾਣਾ ਹੈ ਕਿ ਮੱਸਿਆ ਨਹਾਉਣਾ ਹੈ ਜਾਂ ਪੂਰਨਮਾਸ਼ੀ ਵਾਲੇ ਦਿਨ ਕਿਸੇ ਸੰਤ ਦੇ ਡੇਰੇ ਜਾ ਕੇ ਮੱਥਾ ਰੜਗਨਾ ਹੁੰਦਾ ਹੈ। ਘਰ ਤੋਂ ਬਾਹਰਲੀ ਦੁਨੀਆਂ ਨੂੰ ਦੇਖਣਾ ਆਧੁਨਿਕ ਬੋਧ ਨੂੰ ਅਪਣਾਉਣਾ ਹੁੰਦਾ ਹੈ ਤੇ ਆਧੁਨਿਕ ਬੋਧ ਬਾਹਰਲੀ ਜ਼ਿੰਦਗੀ ਦੀ ਹਰ ਕਿਰਿਆ ਨੂੰ ਪੂਰੀ ਤਰ੍ਹਾਂ ਜਾਣਨ, ਸਮਝਣ ਤੇ ਮਹਿਸੂਸ ਕਰਨ ਨਾਲ ਆਉਂਦਾ ਹੈ।

ਘਰ ਦੇ ਪੰਛੀ ਬਣ ਕੇ ਇਸਤਰੀ ਤੇ ਪੁਰਸ਼ ਇੱਕੋ ਤਰ੍ਹਾਂ ਦੀ ਜ਼ਿੰਦਗੀ ਜਿਊਂਦੇ ਹਨ। ਉਨ੍ਹਾਂ ਵਿੱਚ ਕੋਈ ਨਵਾਂ ਰੰਗ ਤੇ ਨਵੀਨਤਾ ਨਹੀਂ ਹੁੰਦੀ ਤੇ ਅਜਿਹੇ ਢੰਗ ਨਾਲ ਜ਼ਿੰਦਗੀ ਜਿਊਂਦੇ ਹੋਏ ਨਾ ਕੇਵਲ ਉਨ੍ਹਾਂ ਦੇ ਚਿਹਰੇ ‘ਤੇ ਝੁਰੜੀਆਂ ਆਉਂਦੀਆਂ ਹਨ ਸਗੋਂ ਵਿਚਾਰਾਂ ਤੇ ਮਨ ‘ਤੇ ਵੀ ਇਹ ਝੁਰੜੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਹਨ। ਜੇ ਘਰ ਵਿੱਚ ਕਿਸੇ ਕਿਸਮ ਦੇ ਵਿਚਾਰਾਂ ਦਾ ਵਿਰੋਧ ਹੈ ਤਾਂ ਕਲਾ ਕਲੇਸ਼ ਤੱਕ ਨੌਬਤ ਆ ਜਾਂਦੀ ਹੈ। ਇਸ ਤੋਂ ਮੁਕਤ ਹੋਣ ਦਾ ਸਭ ਤੋਂ ਵਧੀਆ ਸਾਧਨ ਬਾਹਰਲੀ ਰੌਣਕ ਨੂੰ ਦੇਖਣਾ ਤੇ ਮਾਨਣਾ ਤੇ ਬਾਹਰਲੇ ਜਗਤ ਦੀਆਂ ਕਾਰਗੁਜ਼ਾਰੀਆਂ ਨਾਲ ਆਪਣਾ ਮਨ ਲਾਉਣਾ ਹੈ।

ਜੇ ਇਹ ਘਰ ਘੁਸੜਨ ਦੀ ਪ੍ਰਵਿਰਤੀ ਪੁਰਸ਼ ਵਿੱਚ ਵੀ ਹੋਵੇ ਤਾਂ ਰੱਬ ਰਾਖਾ, ਇਹ ਵੀ ਇਸਤਰੀ ਦੀ ਹੀ ਸਮੱਸਿਆ ਬਣ ਜਾਂਦੀ ਹੈ। ਪੁਰਸ਼ ਲਈ ਕਮਾਊ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਕੰਮ ਰੁਜ਼ਗਾਰ ਤੋਂ ਬਿਨਾਂ ਸਮਾਜਿਕ ਜੀਵਨ ਅੱਗੇ ਨਹੀਂ ਤੁਰਦਾ। ਇਸਤਰੀਆਂ ਭਾਵੇਂ ਮਰਦ ਦੇ ਬਰਾਬਰ ਕੰਮ ਕਰਦੀਆਂ ਹਨ, ਹਰ ਖੇਤਰ ਵਿੱਚ ਮਿਲਦੀਆਂ ਹਨ ਪਰ ਜੇ ਅੰਕੜੇ ਦੇਖੇ ਜਾਣ ਤਾਂ ਬਹੁਤਾ ਕੰਮ ਅਜੇ ਵੀ ਪੁਰਸ਼ਾਂ ਦੇ ਹੱਥਾਂ ਵਿੱਚ ਹੈ। ਪੁਰਸ਼ ਦੋ ਰੂਪਾਂ ਵਿੱਚ ਘਰ ਦਾ ਪੰਛੀ ਬਣਨ ‘ਤੇ ਮਜਬੂਰ ਹੁੰਦਾ ਹੈ। ਪੁਰਸ਼ ਜੇ ਆਪਣੇ ਸੀਮਤ ਜਿਹੇ ਕੰਮ ਤੋਂ ਬਾਅਦ ਹਮੇਸ਼ਾ ਘਰ ਵਿੱਚ ਹੀ ਘੁਸੜਿਆ ਰਹਿੰਦਾ ਹੈ ਤਾਂ ਇਹ ਰੁਚੀ ਮਾੜੀ ਹੈ। ਅਜਿਹੀ ਰੁਚੀ ਨਾਲ ਪੁਰਸ਼ ਦਾ ਦਾਇਰਾ ਸੀਮਤ ਹੁੰਦਾ ਹੈ। ਕਈ ਤਰ੍ਹਾਂ ਦੀਆਂ ਸਭਾਵਾਂ, ਜੱਥੇਬੰਦੀਆਂ, ਸਾਹਿਤਕ ਗੋਸ਼ਟੀਆਂ, ਰਾਜਨੀਤਕ ਕਾਨਫਰੰਸਾਂ, ਕਲਾ ਤੇ ਸਾਹਿਤ ਨਾਲ ਸਬੰਧਿਤ ਮੇਲੇ ਆਦਿ ਸਭ ਪੁਰਸ਼ ਦੇ ਵਿਕਾਸ ਲਈ ਵੀ ਉਨੇ ਹੀ ਜ਼ਰੂਰ ਹਨ। ਦੂਸਰੀ ਸਥਿਤੀ ਪੁਰਸ਼ ਦਾ ਬੇਰੁਜ਼ਗਾਰ, ਜਾਣ-ਬੁੱਝ ਕੇ ਕੰਮ ਨਾ ਕਰਨਾ, ਆਲਸੀ ਹੋਣਾ, ਇੱਕ ਸਮਾਜਿਕ ਬੀਮਾਰੀ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ। ਕੁੱਝ ਲੋਕ ਆਪਣੇ ਬਾਪ-ਦਾਦਾ ਦੀ ਛੱਡੀ ਹੋਈ ਧਨ ਦੌਲਤ ਤੇ ਜਾਇਦਾਦ ਦੇ ਬਲ ‘ਤੇ ਕੋਈ ਕੰਮ ਕਰਨ ਨੂੰ ਤਿਆਰ ਨਹੀਂ ਤੇ ਹਰ ਸਮੇਂ ਘਰ ਵਿੱਚ ਹੀ ਪਸਰੇ ਰਹਿੰਦੇ ਹਨ। ਅਜਿਹੀ ਧਨ ਦੌਲਤ ਜਿਸ ਦਾ ਅੱਗੇ ਕੋਈ ਵਿਕਾਸ ਨਾ ਹੋਵੇ ਉਸ ਦੇ ਖੂਹ ਵੀ ਖਾਲੀ ਹੋ ਜਾਂਦੇ ਹਨ ਤੇ ਹੱਡਾਂ ਵਿੱਚ ਅਜਿਹਾ ਪਾਣੀ ਪੈ ਜਾਂਦਾ ਹੈ ਕਿ ਮਨੁੱਖ ਉਮਰ ਗਵਾ ਕੇ ਕਿਸੇ ਜੋਗਾ ਨਹੀਂ ਰਹਿੰਦਾ। ਕੁੱਝ ਲੋਕ ਆਪਣੇ ਉੱਚੇ ਖਾਨਦਾਨ ਤੇ ਜਾਤ ਕਰਕੇ ਕੋਈ ਕੰਮ ਨਹੀਂ ਕਰਨਾ ਚਾਹੁੰਦੇ। ਅਜਿਹਾ ਕੰਮ ਜਿਸ ਵਿੱਚ ਮਿਹਨਤ ਤੇ ਪਸੀਨੇ ਦੀ ਖੁਸ਼ਬੂ ਘੁਲੀ ਹੋਵੇ, ਕਰਦੇ ਹੋਏ ਉਨ੍ਹਾਂ ਦੇ ਸੋਹਣੇ ਤੇ ਨੁਕੀਲੇ ਨੱਕ ‘ਤੇ ਮੱਖੀ ਬੈਠ ਸਕਦੀ ਹੈ। ਕੁੱਝ ਨੌਜਵਾਨ ਹਮੇਸ਼ਾ ਆਪਣੇ ਮਾਂ ਦੇ ਡਿਪਟੀ ਤੇ ਲਾਟ ਬਣੇ ਰਹਿੰਦੇ ਹਨ ਤੇ ਮਾਵਾਂ ਹਮੇਸ਼ਾ ਉਨ੍ਹਾਂ ਨੂੰ ਘਰ ਦੀਆਂ ਚਾਬੀਆਂ ਦੀ ਤਰ੍ਹਾਂ ਨਾਲ ਜੋੜੀ ਰੱਖਦੀਆਂ ਹਨ ਤੇ ਮਿਹਨਤ ਵਾਲਾ ਕੰਮ ਨਹੀਂ ਕਰਨ ਦਿੰਦੀਆਂ। ਪ੍ਰੰਤੂ ਜਦੋਂ ਉਹ ਬਿਲਕੁਲ ਹੀ ਨਕਾਰਾ ਤੇ ਅਯੋਗ ਹੋਣ ਕਾਰਨ ਘਰ ਦੀਆਂ ਬਰੂਹਾਂ ਵੀ ਨਹੀਂ ਟੱਪ ਸਕਦੇ ਤੇ ਮਾਪੇ ਹਉਕੇ ਭਰਦੇ ਹੋਏ ਇਹ ਸੁਣੇ ਜਾਂਦੇ ਹਨ, “ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ।”

ਬਹੁਤੀਆਂ ਹਾਲਤਾਂ ਵਿੱਚ ਕੰਮਚੋਰ ਤੇ ਆਲਸੀ ਪੁਰਸ਼ ਘਰ ਦੇ ਪੰਛੀ ਬਣਨ ‘ਤੇ ਮਜਬੂਰ ਹੁੰਦੇ ਹਨ ਜਿਨ੍ਹਾਂ ਕਾਰਨ ਪਤਨੀਆਂ ਪ੍ਰੇਸ਼ਾਨ ਤੇ ਤਣਾਅਗ੍ਰਸਤ ਰਹਿੰਦੀਆਂ ਹਨ। ਕਈ ਵਾਰੀ ਤਾਂ ਪਤੀ ਪਤਨੀ ਦੇ ਵਿਚਕਾਰ ਦਰਾੜ ਇੰਨੀ ਡੂੰਘੀ ਹੋ ਜਾਂਦੀ ਹੈ ਕਿ ਘਰ ਵਿੱਚ ਹਮੇਸ਼ਾ ਯੁੱਧ ਛਿੜਿਆ ਰਹਿੰਦਾ ਹੈ। ਅਜਿਹੀ ਸਥਿਤੀ ਵਿੱਚ ਇਸਤਰੀ ਨੂੰ ਬਹੁਤਾ ਉਤਾਵਲਾ ਜਾਂ ਕ੍ਰੋਧਿਤ ਹੋਣ ਦੀ ਲੋੜ ਨਹੀਂ ਤੇ ਨਾ ਹੀ ਚੁੱਪ ਸਾਧਣ ਦੀ ਲੋੜ ਹੈ। ਜ਼ਰੂਰਤ ਹੈ ਤਾਂ ਕੇਵਲ ਆਪਣੇ ਸਾਥੀ ਦਾ ਇੱਛਾ ਸ਼ਕਤੀ ਨੂੰ ਧੀਰਜ ਨਾਲ ਪ੍ਰੇਰਿਤ ਕਰਨ ਦੀ। ਪਤੀ ਨੂੰ ਕੰਮ ਦੇ ਪ੍ਰਤੀ ਜਗਾਉਣ ਦੀ ਲੋੜ ਹੈ। ਸਾਵਧਾਨੀ ਨਾਲ ਉਸ ਨੂੰ ਆਪਣਾ ਪਹਿਲਾ ਕਰੱਤਵ ਸਮਝਣ ਦੀ ਲੋੜ ਹੈ ਕਿ ਪੁਰਸ਼ ਦਾ ਕੰਮ ਘਰ ਵਿੱਚ ਨਿਤਾਣੇ ਤੇ ਕਮਜ਼ੋਰ ਪੰਛੀ ਬਣ ਕੇ ਘਰ ਰਹਿਣਾ ਨਹੀਂ ਸਗੋਂ ਉਸ ਦੀਆਂ ਬਾਹਾਂ ਵਿੱਚ ਇੰਨੀ ਸ਼ਕਤੀ ਹੈ ਕਿ ਉਹ ਬਾਹਰਲੇ ਜਗਤ ਦੇ ਰੰਗ ਢੰਗ ਦੇਖ ਕੇ ਕਿਸੇ ਕੰਮ ਧੰਦੇ ਨੂੰ ਹੱਥ ਪਾਵੇ। ਇਹ ਸਾਰੀਆਂ ਗੱਲਾਂ ਨਾ ਤਾਂ ਜਾਦੂ ਦੀ ਛੜੀ ਨਾਲ ਆਉਂਦੀਆਂ ਹਨ ਤੇ ਨਾ ਹੀ ਕੋਈ ਇਕਦਮ ਚਮਤਕਾਰ ਹੁੰਦਾ ਹੈ ਕਿ ਉਹ ਹੀ ਵਿਅਕਤੀ ਜਿਹੜਾ ਘਰ ਦੇ ਪਿੰਜਰੇ ਵਿੱਚ ਬੰਦ ਸੀ, ਬਾਹਰ ਨਿਕਲ ਕੇ ਉਡਾਰੀਆਂ ਮਾਰਨ ਲੱਗ ਜਾਵੇ। ਇਸ ਸਾਰੇ ਕੰਮ ਲਈ ਸੰਜਮ, ਧੀਰਜ ਤੇ ਬੁੱਧੀ ਦੀ ਲੋੜ ਹੁੰਦੀ ਹੈ। ਇਹ ਨਾ ਹੋਵੇ ਕਿ ਜ਼ਿੱਦੀ ਪਤੀ ਤੁਹਾਡੀ ਕਿਸੇ ਗੱਲ ‘ਤੇ ਖਿੱਝ ਜਾਵੇ ਤੇ ਹਮੇਸ਼ਾ ਲਈ ਹੀ ਘਰ ਵਿੱਚ ਬਹਿ ਜਾਵੇ। ਇਹ ਘਰ ਦੇ ਪੰਛੀ ਬਣਨ ਦਾ ਆਰਥਿਕ ਪਹਿਲੂ ਹੈ ਕਿ ਜੇ ਉਸ ਕੋਲ ਰੁਜ਼ਗਾਰ ਵੀ ਹੈ ਤਾਂ ਵੀ ਇਹ ਆਦਤ ਉਸ ਦੇ ਵਿਕਾਸ ਨੂੰ ਰੋਕਦੀ ਹੈ। ਸਮਾਜਿਕ ਤੌਰ ‘ਤੇ ਅਜਿਹੇ ਲੋਕ ਆਮ ਲੋਕਾਂ ਨਾਲੋਂ ਟੁੱਟਦੇ ਹਨ ਤੇ ਸਮਾਜਿਕ ਫਰਜ਼ਾਂ ਨੂੰ ਨਿਭਾਉਂਦੇ ਹੋਏ ਇਨ੍ਹਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਕਿਸਮ ਦੇ ਉਪਨਾਮਾਂ ਤੇ ਵਿਸ਼ੇਸ਼ਣਾਂ ਨਾਲ ਲੋਕ ਉਨ੍ਹਾਂ ਨੂੰ ਕਦੇ ਅਸਮਾਜਿਕ ਘਰ ਘੁਸੂ, ਗੈਰਜ਼ਿੰਮੇਵਾਰ, ਘਰ ਦਾ ਪੰਛੀ, ਖੂਹ ਦਾ ਡੱਡੂ, ਗੰਗਾ ਰਾਮ ਕਹਿ ਕੇ ਯਾਦ ਕਰਦੇ ਹਨ ਜਿਵੇਂ ਉਸ ਨੇ ਸਭ ਦਾ ਬਾਈਕਾਟ ਕੀਤਾ ਹੋਵੇ ਜਾਂ ਲੋਕਾਂ ਨੇ ਉਨ੍ਹਾਂ ਦਾ ਬਾਈਕਾਟ ਕੀਤਾ ਹੋਵੇ। ਇੱਥੇ ਇੱਕ ਦਿਲਚਸਪ ਤੱਥ ਇਹ ਹੈ ਕਿ ‘ਬਾਈਕਾਟ’ ਅੰਗਰੇਜ਼ੀ ਦੇ ਸ਼ਬਦ ਦੀ ਵਿਉਤਪਤੀ ਇਵੇਂ ਹੈ ਕਿ ਬਾਈਕਾਟ ਦਰਅਸਲ ਇੱਕ ਅੰਗਰੇਜ਼ੀ ਵਿਅਕਤੀ ਸੀ, ਜੋ ਹਮੇਸ਼ਾ ਘਰ ਦਾ ਪੰਛੀ ਬਣਿਆ ਰਹਿੰਦਾ ਸੀ। ਸਮਾਜਿਕ ਇਕੱਠਾਂ ‘ਤੇ ਕਦੇ ਨਹੀਂ ਸੀ ਜਾਂਦਾ। ਅਜਿਹੀ ਪ੍ਰਵਿਰਤੀ ਵਾਲੇ ਪੁਰਸ਼ ਲਈ ਬਾਈਕਾਟ ਸ਼ਬਦ ਹੀ ਹੋਂਦ ਵਿੱਚ ਆ ਗਿਆ ਜੋ ਬਾਈਕਾਟ ਵਰਗਾ ਵਿਵਹਾਰ ਕਰੇ।

ਘਰ ਦੀ ਚਾਰਦੀਵਾਰੀ ਵਿੱਚ ਕੈਦ ਤੇ ਵੱਡੇ ਸ਼ਹਿਰਾਂ ਦੀਆਂ ਗਲੀਆਂ ਵਿੱਚ ਰਹਿੰਦਾ ਮਨੁੱਖ ਰੋਸ਼ਨੀ ਦੀ ਇੱਕ ਕਿਰਨ ਨੂੰ ਤਰਸਦਾ ਹੈ, ਪਰ ਬਾਹਰ ਸੂਰਜ ਦੀਆਂ ਸੁਨਹਿਰੀ ਕਿਰਨਾਂ ਦਾ ਨ੍ਰਿਤ ਹੁੰਦਾ ਦੇਖਦਾ ਹੈ। ਘਰ ਦੇ ਕਮਰੇ ਦੇ ਨਿੱਘ ਨਾਲੋਂ ਸੂਰਜ ਦੀ ਧੁੱਪ ਦਾ ਨਿੱਘ ਕਿਤੇ ਲਾਹੇਵੰਦ ਹੁੰਦਾ ਹੈ। ਘਰ ਦੇ ਲਟਕੇ ਹੋਏ ਕਲੰਡਰ ਵਿੱਚ ਪ੍ਰਾਕਿਰਤੀ ਦੇ ਨਜ਼ਾਰਿਆਂ ਨਾਲੋਂ ਜਦੋਂ ਮਨੁੱਖ ਉੱਚੇ ਪਹਾੜਾਂ ਵਿੱਚ ਸੱਪ ਵਾਂਗ ਵਲ ਖਾਂਦੇ ਪਹਾੜੀ ਰਸਤੇ ਤੇ ਚਸ਼ਮਿਆਂ ਨੂੰ ਦੇਖਦਾ ਤੇ ਮਾਣਦਾ ਹੈ ਤਾਂ ਇਨ੍ਹਾਂ ਨੂੰ ਬਣਾਉਣ ਵਾਲੇ ਪ੍ਰਤੀ ਉਸ ਦਾ ਮਨ ਸਜਦਾ ਕਰਨ ਨੂੰ ਕਰਦਾ ਹੈ। ਘਰ ਦਾ ਪੰਛੀ ਬਣਿਆ ਮਨੁੱਖ ਤਾਂ ਰੋਜ਼ ਕਾਕਰੋਚ ਤੇ ਕਿਰਲੀਆਂ ਨੂੰ ਦੇਖਦਾ ਹੈ ਪਰ ਬਾਹਰ ਉਹ ਉਡਦੇ ਬਾਜ਼ਾਂ ਦੀ ਪਰਵਾਜ਼ ਨੂੰ ਦੇਖਦਾ ਹੈ। ਘਰ ਦੇ ਗਮਲੇ ਵਿੱਚ ਲੱਗੇ ਹੋਏ ਇੱਕੋ-ਇੱਕ ਫੁੱਲ ਨਾਲੋਂ, ਜਦੋਂ ਉਹ ਬਾਹਰ ਖਿੜੀ ਹੋਈ ਪ੍ਰਾਕਿਰਤੀ ਦੇ ਅਨੇਕਾਂ ਫੁੱਲਾਂ ਨੂੰ ਮਾਣਦਾ ਹੈ ਤਾਂ ਇਵੇਂ ਜਾਪਦਾ ਹੈ ਜਿਵੇਂ ਸਾਰਾ ਬਾਗ ਹੀ ਉਸ ਦੇ ਹਵਾਲੇ ਕਰ ਦਿੱਤਾ ਹੋਵੇ।

ਘਰ ਦੀ ਦੁਨੀਆਂ ਚਾਰਦੀਵਾਰੀ ਤੱਕ ਹੀ ਸੀਮਤ ਕੁੱਝ ਕਦਮਾਂ ਵਾਲੀ ਦੁਨੀਆਂ ਹੁੰਦੀ ਹੈ ਪਰ ਬਾਹਰ ਦੀ ਦੁਨੀਆਂ ਵਿੱਚ ਤੁਸੀਂ ਜਿੰਨੇ ਚਾਹੋ ਕਦਮ ਪੁੱਟ ਸਕਦੇ ਹੋ। ਮਨੁੱਖ ਦੇ ਜਾਏ ਨੇ ਕਲਾ, ਵਿਗਿਆਨ, ਤਕਨਾਲੋਜੀ ਵਿੱਚ ਹੈਰਾਨੀ ਭਰੀ ਪ੍ਰਗਤੀ ਕੀਤੀ ਹੈ। ਅਜੰਤਾ ਤੇ ਅਲੋਰਾਂ ਦੀਆਂ ਗੁਫਾਵਾਂ, ਤਾਜ ਮਹੱਲ ਦਾ ਮਕਬਰਾ, ਕੁਤਬ ਮੀਨਾਰ, ਕਸ਼ਮੀਰ ਦੇ ਸੁੰਦਰਤਾ ਦੇ ਨਜ਼ਾਰੇ ਹੀ ਨਹੀਂ ਸਗੋਂ ਭਾਰਤ ਤੋਂ ਬਾਹਰ ਨਿਆਗਰਾ ਫਾਲ, ਸਵਿਟਜ਼ਰਲੈਂਡ ਦੀਆਂ ਝੀਲਾਂ, ਚੀਨ ਦੀ ਦੀਵਾਰ, ਰੂਸ ਦੀ ਲਾਇਬਰੇਰੀ ਤੁਹਾਡੇ ਕਦਮਾਂ ਦੀ ਆਹਟ ਨੂੰ ਉਡੀਕ ਰਹੀਆਂ ਹਨ ਕਿ ਕਦੋਂ ਤੁਸੀਂ ਘਰ ਦੇ ਆਲ੍ਹਣੇ ਤੇ ਕੁੱਝ ਸਮੇਂ ਲਈ ਮੁਕਤ ਹੋ ਕੇ ਉਡਾਣ ਭਰ ਸਕੋ।