ਲੇਖ : ਇਸਤਰੀ ਦੀ ਸਮਾਜਕ ਮਹਤੱਤਾ
ਇਸਤਰੀ ਦੀ ਸਮਾਜਕ ਮਹਤੱਤਾ
ਇਹ ਗੱਲ ਸਹੀ ਹੈ ਕਿ ਸੰਸਾਰ ਵਿਚ ਹਰ ਵਸਤੂ ਵਿਕਦੀ ਹੈ, ਪਰ ਕਿਸੇ ਇਨਸਾਨੀ ਜੀਵ ਅਰਥਾਤ ਇਸਤਰੀ ਜਾਂ ਪੁਰਸ਼ ਨੂੰ ਮੰਡੀ ਵਿਚ ਵਿਕਣ ਵਾਲੀ ਵਸਤੂ ਦੀ ਤਰ੍ਹਾਂ ਵੇਚਣਾ ਸਮਾਜਕ ਵਿਵਹਾਰ ਦਾ ਇਕ ਕੋਝਾ ਕਰਮ ਹੈ। ਇਸਤਰੀ ਪੁਰਸ਼ ਵਿਚੋਂ, ਇਸਤਰੀ ਵਧੇਰੇ ਵਿਕਦੀ ਹੈ ਤੇ ਉਸ ਦੇ ਵਿਕਣ ਦੇ ਵੱਖੋ-ਵੱਖਰੇ ਸਾਧਨ ਹਨ। ਹਵਾ ਦੀਆਂ ਜਾਈਆਂ ਦਾ ਮੰਡੀ ਵਿਚ ਵਿਕਣਾ ਕਈ ਵਾਰੀ ਬੜਾ ਸੂਖਮ ਲੱਗਦਾ ਹੈ ਤੇ ਕਈ ਵਾਰੀ ਵਿਕਣ ਦੀ ਇਹ ਪ੍ਰਕਿਰਿਆ ਪਰਦੇ ਵਿਚ ਢਕੀ ਹੀ ਰਹਿੰਦੀ ਹੈ। ਸਿਆਣੇ ਕਹਿੰਦੇ ਹਨ ਕਿ ਕੋਈ ਲੜਕੀ ਦਾ ਵਿਆਹ ਗੱਜ ਕੇ ਕਰ ਲੈਂਦੇ ਹਨ ਤੇ ਕੋਈ ਕੱਜ ਕੇ, ਪਰ ਦੋਵੇਂ ਹਾਲਤਾਂ ਵਿਚ ਲੜਕੀ ਵਿਕਦੀ ਹੈ। ਇਸਤਰੀ ਦੀ ਇਹ ਸਭ ਤੋਂ ਵੱਡੀ ਤਰਾਸਦੀ ਹੈ ਕਿ ਉਹ ਸਦੀਆਂ ਤੋਂ ਹੀ ਵਿਕਦੀ ਚਲੀ ਆ ਰਹੀ ਹੈ। ਕੇਵਲ ਉਸ ਦੀ ਵਿਕਰੀ ਦੇ ਰੂਪ ਹੀ ਅਵੱਲੇ ਹਨ। ਪਹਿਲੀਆਂ ਅਵਸਥਾਵਾਂ ਵਿਚ ਇਸਤਰੀਆਂ ਨੂੰ ਗਊਆਂ-ਮੱਝਾਂ ਤੇ ਹੋਰ ਜਾਨਵਰਾਂ ਦੀ ਤਰ੍ਹਾਂ ਮੰਡੀ ਵਿਚ ਲਿਆਂਦਾ ਜਾਂਦਾ ਸੀ ਤੇ ਉਸ ਦੀ ਖੁੱਲੇਆਮ ਵਿਕਰੀ ਹੁੰਦੀ ਸੀ। ਭਾਰਤ ਦੇ ਇਤਿਹਾਸ ਵਿਚ ਗੁਲਾਮ ਵੰਸ਼ ਦਾ ਜ਼ਿਕਰ ਆਉਂਦਾ ਹੈ ਤੇ ਇਸ ਵੰਸ਼ ਦੇ ਬਾਦਸ਼ਾਹ ਅਲਤਮਸ਼ ਦੀ ਪੁੱਤਰੀ ਰਾਜ ਤਖਤ ‘ਤੇ ਵੀ ਬੈਠੀ, ਪਰ ਗੱਦੀ ਹੋਣ ਦੇ ਬਾਵਜੂਦ ਵੀ ਉਹ ਆਜ਼ਾਦ ਹੋ ਕੇ ਆਪਣੇ ਪ੍ਰੇਮੀ ਨਾਲ ਨਿਕਾਹ ਨਾ ਕਰ ਸਕੀ ਤੇ ਅਮੀਰਾਂ ਵਜ਼ੀਰਾਂ ਨੇ ਉਸ ਨੂੰ ਕੈਦ ਵਿਚ ਸੁੱਟ ਦਿਤਾ। ਇਹ ਇਤਿਹਾਸਕ ਤੱਥ ਇਸ ਗੱਲ ਨੂੰ ਪ੍ਰਗਟ ਕਰਦਾ ਹੈ ਕਿ ਵਿਕਣ ਵਾਲੀ ਵਸਤੂ ਵਾਂਗ ਇਸਤਰੀ ਭਾਵੇਂ ਰਾਣੀ ਹੀ ਕਿਉਂ ਨਾ ਹੋ ਜਾਵੇ, ਪੁਰਸ਼ ਦੀ ਕਰੋਪੀ ਤੋਂ ਨਹੀਂ ਬਚ ਸਕਦੀ।
ਆਧੁਨਿਕ ਸਮੇਂ ਵਿਚ ਆ ਕੇ ਇਸਤਰੀ ਦੀ ਵਿਕਣ ਪ੍ਰਕਿਰਿਆ ਨੇ ਵਧੇਰੇ ਕਰੂਪ ਰੂਪ ਧਾਰਨ ਕਰ ਲਿਆ ਹੈ, ਹੁਣ ਇਸਤਰੀ ਹਰ ਸਮੇਂ ਵਿਕਦੀ ਹੈ। ਫਰਕ ਕੇਵਲ ਇਹ ਪੈ ਗਿਆ ਹੈ ਕਿ ਰੀਤਾਂ-ਰਸਮਾਂ ਤੇ ਸਮਾਜਕ ਕਰਤਵ ਨਿਭਾਉਂਦਿਆਂ ਸ਼ਾਦੀ ਸਮੇਂ ਦਾਜ ਦੇ ਰੂਪ ਵਿਚ ਉਸ ਦਾ ਮੁੱਲ ਪਾਇਆ ਜਾਂਦਾ ਹੈ। ਦਾਜ ਦੇ ਰੂਪ ਵਿਚ ਵਿਕਣ ਵਾਲੀ ਮੰਡੀ ਨੇ ਹਰ ਪਾਸੇ ਰੂਪ ਧਾਰ ਲਿਆ ਹੈ ਤੇ ਅਜਿਹੀ ਮੰਡੀ ਸੰਸਾਰ ਦੇ ਹਰ ਖੇਤਰ ਵਿਚ ਮਿਲਦੀ ਹੈ। ਪਹਿਲੇ ਸਮੇਂ ਵਿਚ ਜਦੋਂ ਸ਼ਾਦੀ ਤੋਂ ਬਾਦ ਲੜਕੀ ਆਪਣਾ ਘਰ ਸੰਸਾਰ ਵਸਾਉਂਦੀ ਸੀ ਤਾਂ ਮਾਪੇ ਉਸ ਨੂੰ ਸਥਿਰ ਕਰਨ ਲਈ ਕੁਝ ਵਸਤਾਂ ਸੌਗਾਤ ਦੇ ਰੂਪ ਵਿਚ ਦਿੰਦੇ ਸਨ, ਪਰ ਸਮੇਂ ਨੇ ਅਜਿਹੀ ਕਰਵਟ ਬਦਲੀ ਹੈ ਕਿ ਇਹ ਸੌਗਾਤ ਹੁਣ ਸੌਗਾਤ ਨਹੀਂ ਰਹੀ ਸਗੋਂ ਇਕ ਮਜਬੂਰੀ ਬਣ ਗਈ ਹੈ ਤੇ ਲੜਕੇ ਦੇ ਮਾਪੇ ਵਿਕਣ ਵਾਲੀ ਵਸਤੂ ਵਾਂਗ ਆਪਣੀ ਮੰਗ ਰਖਣ ਲੱਗ ਪਏ ਹਨ। ਸੌਗਾਤ ਵਿਚ ਸਹਾਨੂਭੂਤੀ, ਪਿਆਰ ਦੀ ਭਾਵਨਾ ਤਾਂ ਇਸ ਵਿਚ ਖਤਮ ਹੀ ਹੋ ਗਈ ਹੈ। ਸੌਗਾਤ ਤਾਂ ਉਹ ਹੁੰਦੀ ਹੈ ਜਿਸ ਵਿਚ ਦੇਣ ਵਾਲੇ ਨੂੰ ਦੁਗਣੀ ਖੁਸ਼ੀ ਪ੍ਰਾਪਤ ਹੁੰਦੀ ਹੈ। ਜਦੋਂ ਤੁਸੀਂ ਮਜ਼ਬੂਰੀ ਵਸ ਕੁਝ ਵਸਤੂ ਦੇ ਰਹੇ ਹੁੰਦੇ ਹੋ ਤਾਂ ਉਸ ਸਮੇਂ ਤੁਹਾਡਾ ਆਪਾ ਇਸ ਵਿਚ ਮਨਫੀ ਹੋ ਜਾਂਦਾ ਹੈ, ਸੌਗਾਤ ਤਾਂ ਉਸ ਸਮੇਂ ਬਣਦੀ ਹੈ, ਜਦੋਂ ਤੁਹਾਡਾ ਮਨ ਇਸ ਵਿਚ ਸ਼ਾਮਲ ਹੋ ਜਾਂਦਾ ਹੈ।
ਕੋਈ ਵਸਤੂ ਸੌਗਾਤ ਦੇਣ ਦਾ ਵਿਚਾਰ ਤਾਂ ਆਪ ਮੁਹਾਰੇ ਪਹਾੜੀ ਚਸ਼ਮੇ ਦੀ ਤਰ੍ਹਾਂ ਫੁਟਦਾ ਹੈ। ਪ੍ਰਸਿੱਧ ਚਿੰਤਕ ਪਬਲਿੰਗ ਮਿਮਸ ਲਿਖਦਾ ਹੈ, ”ਜੇ ਛੇਤੀ ਨਾਲ ਮੰਨ ਕਿਸੇ ਸੌਗਾਤ ਨੂੰ ਦਿੰਦਾ ਹੈ ਸਮਝੋ ਉਹ ਦੁਗਣੀ ਸੌਗਾਤ ਦੇ ਰਿਹਾ ਹੈ ਪਰੰਤੂ ਮੰਡੀ ਦੇ ਰੂਪ ਵਿਚ ਵਿਕਣ ਵਾਲੀ ਵਸਤੂ ਦੀ ਤਰ੍ਹਾਂ ਜਦੋਂ ਕਿਸੇ ਦਾ ਮੁੱਲ ਤਾਰਿਆ ਜਾਂਦਾ ਹੈ ਤਾਂ ਸੌਗਾਤ ਦੇਣ ਦੀ ਸੁਗੰਧੀ ਇਸ ਵਿਚੋਂ ਖਤਮ ਹੋ ਜਾਂਦੀ ਹੈ।”
ਸ਼ੈਕਸਪੀਅਰ ਹੈਮਲਿਟ ਵਿਚ ਕਹਿੰਦਾ ਹੈ ਕਿ “ਉਤਮ ਤੋਹਫੇ ਗਰੀਬਾਂ ਨੂੰ ਵਧੇਰੇ ਤਰਸਯੋਗ ਬਣਾਉਂਦੇ ਹਨ ਜਦੋਂ ਕਿ ਦੇਣ ਵਾਲੇ ਉਪਕਾਰ ਦੀ ਭਾਵਨਾ ਤੋਂ ਕੋਰੇ ਹੁੰਦੇ ਹਨ।”
ਵਰਜਿਲ ਨੇ ਵੀ ਇਹ ਗੱਲ ਦੁਹਰਾਈ ਹੈ, “ਮੈਨੂੰ ਯੂਨਾਨੀਆਂ ਤੋਂ ਬਹੁਤ ਡਰ ਲੱਗਦਾ ਹੈ, ਜਦੋਂ ਉਹ ਕੋਈ ਸੌਗਾਤ ਲਿਆਉਂਦੇ ਹਨ।”
ਇਸ ਤਰ੍ਹਾਂ ਅਮਰੀਕਾ ਦਾ ਰਾਸ਼ਟਰੀ ਸ਼ਾਇਰ ਵਾਲਟ ਵਿਟਮੈਨ ਕਹਿੰਦਾ ਹੈ “ਠਹਿਰੋ! ਮੈਂ ਕੋਈ ਸੌਗਾਤ ਦੇਣ ਸੰਬੰਧੀ ਉਪਕਾਰ ਤੇ ਭਾਸ਼ਣ ਨਹੀਂ ਦਿੰਦਾ, ਜਦੋਂ ਮੈਂ ਦਿੰਦਾ ਹਾਂ ਤਾਂ ਆਪਣਾ ਆਪਾ ਦਿੰਦਾ ਹਾਂ।”
ਦਾਜ ਦੇ ਰੂਪ ਵਿਚ ਵਿਕਣ ਵਾਲੀ ਨਾਰੀ ਫਿਰ ਕੇਵਲ ਇਕ ਵਾਰ ਹੀ ਨਹੀਂ ਵਿਕਦੀ ਸਗੋਂ ਉਸ ਦਾ ਹਰ ਸਮੇਂ ਮੁੱਲ ਤਾਰਿਆ ਜਾਂਦਾ ਹੈ। ਜਿਵੇਂ ਕਿਸੇ ਮਹਿੰਗੀ ਵਸਤੂ ਨੂੰ ਖਰੀਦਣ ਲੱਗਿਆਂ ਉਸ ਨਾਲ ਜੁੜੀਆ ਹੋਈਆਂ ਸਹਾਇਕ ਵਸਤਾਂ ਨੂੰ ਵੀ ਖਰੀਦਿਆ ਜਾਂਦਾ ਹੈ ਉਸੇ ਤਰ੍ਹਾਂ ਲੜਕੀ ਨਾਲ ਜੁੜ ਜਾਣ ਵਾਲਿਆਂ ਦਾ ਮੁੱਲ ਵੀ ਤਾਰਿਆ ਜਾਂਦਾ ਹੈ। ਲੜਕੀ ਦੇ ਬਣਨ ਵਾਲੇ ਸੱਸ, ਸਹੁਰਾ, ਦਿਓਰ, ਜੇਠ, ਨਣਾਨਾਂ ਆਦਿ ਵੀ ਆਪਣਾ ਮੁੱਲ ਰਿਸ਼ਤੇ ‘ਤੇ ਟੰਗ ਕੇ ਆਪਣਾ ਮੁੱਲ ਪੁਆਉਂਦੇ ਹਨ ਤੇ ਇਹ ਲੜਕੀ ਦੇ ਸਮੁੱਚੇ ਮੁੱਲ ਵਿਚ ਸ਼ਾਮਲ ਹੋ ਜਾਂਦਾ ਹੈ। ਇਹ ਕਿਸ ਤਰ੍ਹਾਂ ਦਾ ਇਤਫਾਕ ਹੈ ਕਿ ਸਮਾਜ ਵਿਚ ਸਾਰੇ ਲੋਕਾਂ ਨੇ ਆਪੋ ਆਪਣੀਆਂ ਲੜਕੀਆਂ ਨੂੰ ਵਿਆਹੁਣਾ ਹੁੰਦਾ ਹੈ। ਪਰ ਹਰ ਕੋਈ ਇਸ ਦੌੜ ਵਿਚ ਦੂਸਰੇ ਤੋਂ ਪਿਛੇ ਨਹੀਂ ਰਹਿਣਾ ਚਾਹੁੰਦਾ, ਆਪਣੇ ਲੜਕੇ ਦੀ ਸ਼ਾਦੀ ਕਰਨ ਸਮੇਂ ਉਹ ਇਹ ਸੋਚਦਾ ਕਿ ਉਸ ਨੂੰ ਵੀ ਆਪਣੀ ਧੀ ਦਾ ਮੁੱਲ ਤਾਰਨਾ ਪੈਣਾ ਹੈ।
ਕਹਿੰਦੇ ਹਨ ਕਿ ਕਿਸੇ ਵਸਤੂ ਦਾ ਵੀ ਬੀਜ ਨਾਸ਼ ਨਹੀਂ ਹੁੰਦਾ, ਕੁਝ ਲੋਕ ਅਜਿਹੇ ਵੀ ਦੇਖੇ ਗਏ ਹਨ ਜੋ ਕੇਵਲ ਦਾਜ ਵਿਚ ਰਸਮੀ ਤੌਰ ‘ਤੇ ਇਕ ਰੁਪਈਆ ਹੀ ਲੈਂਦੇ ਹਨ ਪਰ ਅਜਿਹੇ ਲੋਕਾਂ ਦੀ ਗਿਣਤੀ ਸ਼ਹਿਰ ਵਿਚ ਇਕ-ਦੋ ਦੇ ਬਰਾਬਰ ਹੀ ਹੁੰਦੀ ਹੈ।
ਇਸ ਵਿਆਹ ਸ਼ਾਦੀ ਦੀ ਮੰਡੀ ਵਿਚ ਕਈ ਤਰ੍ਹਾਂ ਦੇ ਦੂਸਰੇ ਐਬ ਵੀ ਜੁੜ ਜਾਂਦੇ ਹਨ। ਜਿਉਂ-ਜਿਉਂ ਵਿਗਿਆਨ ਦੀਆਂ ਮਨੋਰੰਜਨ ਦੀਆਂ ਵਸਤਾਂ ਵਿਚ ਵਾਧਾ ਹੋ ਰਿਹਾ ਹੈ, ਉਹ ਲੜਕੀ ਦੇ ਬਿਲ ਵਿਚ ਵਾਧਾ ਕਰਦੀਆਂ ਹਨ। ਕਿਸੇ ਸਮੇਂ ਕੇਵਲ ਰੇਡੀਓ ਤੇ ਸਲਾਈ ਮਸ਼ੀਨ ਦਾਜ ਵਿਚ ਮੁਖ ਵਸਤਾਂ ਹੁੰਦੀਆਂ ਸਨ ਪਰੰਤੂ ਹੁਣ ਪੈਸੇ ਦਾ ਫੈਲਾਅ ਇਸ ਕਦਰ ਹੋਇਆ ਹੈ ਕਿ ਟੈਲੀਵਿਯਨ, ਵੀ.ਸੀ.ਆਰ. ਤੇ ਸਾਧਾਰਣ ਘਰਾਂ ਵਿਚ ਫਰਿਜ ਤੇ ਸਕੂਟਰ, ਕਾਰ ਆਦਿ ਦੇਣੇ ਮਾਪਿਆਂ ਦੀ ਨੀਂਦ ਹਰਾਮ ਕਰਦੇ ਹਨ।
ਜਿਹੜੀਆਂ ਲੜਕੀਆਂ ਆਪਣੇ ਸਹੁਰਿਆਂ ਦੇ ਪਾਏ ਹੋਏ ਮੁੱਲ ‘ਤੇ ਪੂਰਾ ਨਹੀਂ ਉਤਰਦੀਆਂ, ਉਨ੍ਹਾਂ ਦੀ ਨੀਂਦ ਹਰਾਮ ਕਰਨਾ ਸਹੁਰਿਆਂ ਦਾ ਮੁਖ ਪ੍ਰਯੋਜਨ ਬਣ ਜਾਂਦਾ ਹੈ। ਰਿਸ਼ਤਾ ਪੈਸਿਆਂ ਦੀ ਛਣਕਾਰ ਕਾਰਨ ਆਪਣੀ ਮਧੁਰਤਾ ਤੇ ਸੁਗੰਧੀ ਗੁਆ ਲੈਂਦਾ ਹੈ। ਅਖਬਾਰਾਂ ਵਿਚ ਨਿਤ ਦਿਨ ਅਜਿਹੀਆਂ ਲਾਲ ਸੁਰਖੀਆਂ ਛਪਦੀਆਂ ਹਨ, ਜੋ ਪਾਏ ਹੋਏ ਮੁੱਲ ਨੂੰ ਨਾ ਤਾਰਨ ਸਦਕਾ ਅੱਗ ਦੀ ਭੇਟ ਕੀਤੀਆਂ ਜਾਂਦੀਆਂ ਹਨ। ਇਕ ਵਾਰ ਲੋੜ ਤੋਂ ਵਧ ਦਾਜ, ਲੋਭ ਵਿਚ ਵਾਧਾ ਕਰਦਾ ਹੈ।
ਆਧੁਨਿਕ ਇਸਤਰੀ ਨਾ ਕੇਵਲ ਵਿਆਹ-ਸ਼ਾਦੀ ਦੇ ਸਮੇਂ ਆਪਣਾ ਮੁੱਲ ਪੁਆਉਂਦੀ ਹੈ, ਸਗੋਂ ਹੋਰ ਕਈ ਖੇਤਰਾਂ ਵਿਚ ਵੀ ਉਸ ਦਾ ਮੁੱਲ ਪੈਂਦਾ ਹੈ। ਕਈ ਨੌਕਰੀਆਂ ਅਜਿਹੀਆਂ ਹਨ ਜਿਨ੍ਹਾਂ ਦਾ ਸਿੱਧਾ ਸੰਬੰਧ ਇਸਤਰੀ ਨਾਲ ਵੀ ਵਿਸ਼ੇਸ਼ ਜੁੜ ਜਾਂਦਾ ਹੈ। ਜਿੰਨੀ ਯੋਗਤਾ ਤੇ ਸੁੰਦਰਤਾ ਦੀ ਉਹ ਮਾਲਕ ਹੈ, ਉਸ ਨਾਲ ਉਸ ਦੀ ਤਨਖਾਹ ਨਿਸ਼ਚਿਤ ਕੀਤੀ ਜਾਂਦੀ ਹੈ। ਕਈ ਵਾਰੀ ਉਸ ਨੂੰ ਨੌਕਰੀ ਨੂੰ ਸਥਿਰ ਰੱਖਣ ਲਈ ਆਪਣੀ ਲਾਜ ਨਾਲ ਵੀ ਸਮਝੌਤਾ ਕਰਨਾ ਪੈਂਦਾ ਹੈ। ਆਮ ਤੌਰ ‘ਤੇ ਵੱਡੇ ਪੁਰਸ਼ਾਂ ਦੀਆਂ ਸੈਕਟਰੀਆਂ ਆਦਿ ਅਜਿਹੇ ਮਾਹੌਲ ਵਿਚੋਂ ਲੰਘਦੀਆਂ ਹਨ।
ਇਸਤਰੀ ਨੂੰ ਗਲੈਮਰ ਪ੍ਰਤੀ ਲਾਲਸਾ ਵਧੇਰੇ ਹੁੰਦੀ ਹੈ। ਗਲੈਮਰ ਦੀ ਦੁਨੀਆ ਵਿਚ ਇਸਤਰੀ ਨੂੰ ਆਪਣੀ ਇੱਜ਼ਤ ਬਚਾਉਣੀ ਔਖੀ ਲੱਗਦੀ ਹੈ। ਫਿਲਮਾਂ ਵਿੱਚ ਕੰਮ ਕਰਨ ਵਾਲੀਆਂ ਅਭਿਨੇਤਰੀਆਂ ਅਤੇ ਮਾਡਲ ਬਣਨ ਦੀ ਇੱਛਾ ਰੱਖਣ ਵਾਲੀਆਂ ਯੁਵਤੀਆਂ ਹਵਾ ਦੀਆਂ ਉਹ ਸੋਹਣੀਆਂ ਜਾਈਆਂ ਹਨ ਜੋ ਧਨ, ਦੌਲਤ, ਸ਼ੋਹਰਤ ਪ੍ਰਾਪਤ ਕਰਨ ਲਈ ਪੂਰੇ ਤੌਰ ‘ਤੇ ਅਸਤਿਤਵ ਨੂੰ ਪੁਰਸ਼ਾਂ ਅੱਗੇ ਵੇਚ ਦਿੰਦੀਆਂ ਹਨ। ਫਿਲਮਾਂ ਦੀ ਤਰ੍ਹਾਂ ਹੀ ਦਰਦਰਸ਼ਨ ਤੇ ਹੋਰ ਬਿਜਲੀ ਦੇ ਮਨੋਰੰਜਨ ਦੇ ਸਾਧਨ ਗਲੈਮਰ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਹਨ ਤੇ ਇਸਤਰੀ ਪੂਰੀ ਤਰ੍ਹਾਂ ਵਿਕ ਕੇ ਸੌਖੇ ਤੇ ਛੇਤੀ ਨਾਲ ਪਹੁੰਚਣ ਵਾਲੇ ਰਸਤੇ ਨੂੰ ਚੁਣਦੀ ਹੈ।
ਗਲੈਮਰ ਦੀ ਦੁਨੀਆ ਵਿਚ ਪ੍ਰਵੇਸ਼ ਪਾਉਣ ਲਈ ਇਸਤਰੀ ਬੜੇ ਤਿਲਕਵੇਂ ਰਸਤੇ ‘ਤੇ ਤੁਰਦੀ ਹੈ ਜਿਥੇ ਪੈਰ-ਪੈਰ ਤੇ ਫਿਸਲਣ ਦੇ ਬੜੇ ਸਥਾਨ ਹੁੰਦੇ ਹਨ। ਇਸ ਦੁਨੀਆ ਵਿਚ ਇਸਤਰੀ ਬਾਹਰਲੇ ਰੂਪ ਵਿਚ ਤਾਂ ਆਪਣੇ ਆਪ ਨੂੰ ਦੁਨੀਆ ਸਾਹਮਣੇ ਬੜੀ ਸੁਰੱਖਿਅਤ ਸਿੱਧ ਕਰਦੀ ਹੈ, ਪਰ ਹਕੀਕਤ ਨੂੰ ਮੰਨਣ ਲਈ ਉਹ ਬਿਲਕੁਲ ਤਿਆਰ ਨਹੀਂ ਹੁੰਦੀ, ਕਈ ਤਰ੍ਹਾਂ ਵਿਚੋਲਿਆਂ ਦੇ ਰੂਪ ਨਕਲੀ ਰਿਸ਼ਤੇ ਬਣਾਉਣ ਵਾਲੇ ਲੋਕ ਇਸਤਰੀ ਦੀ ਮਜਬੂਰੀ ਨੂੰ ਕਈ ਥਾਂ ‘ਤੇ ਰੋਲਦੇ ਹਨ। ਗਲੈਮਰ ਦੀ ਦੁਨੀਆ ਜਿੰਨੀ ਦੂਰੋਂ ਚਮਕਦੀ ਨਜ਼ਰ ਆਉਂਦੀ ਹੈ, ਨੇੜੇ ਤੋਂ ਦੇਖਿਆਂ ਉਸ ਦਾ ਰੂਪ ਸੁਨਹਿਰੀ ਨਜ਼ਰ ਨਹੀਂ ਆਉਂਦਾ। ਹਵਾ ਦੀਆਂ ਜਾਈਆਂ ਇਸ ਦੁਨੀਆਂ ਵਿਚ ਪੈਰ-ਪੈਰ ‘ਤੇ ਫਿਸਲਦੀਆਂ ਹਨ ਤੇ ਆਪਣਾ ਸਭ ਕੁਝ ਗਵਾ ਕੇ ਵੀ ਇਸ ਦੁਨੀਆ ਦੀ ਚਮਕ ਤੋਂ ਆਪਣਾ ਖਹਿੜਾ ਨਹੀਂ ਛੁਡਾਉਂਦੀਆਂ।
ਫਿਰ ਹਵਾ ਦੀਆਂ ਜਾਈਆਂ ਦਾ ਬਾਬਾ ਆਦਮ ਤੋਂ ਚਲਦਾ ਆ ਰਿਹਾ ਵੈਸ਼ਯਾ ਦਾ ਧੰਦਾ ਇਸਤਰੀ ਨੂੰ ਸਭ ਤੋਂ ਵਧ ਮਜਬੂਰੀ ਵਜੋਂ ਅਪਣਾਉਣਾ ਪੈਂਦਾ ਹੈ। ਦੁਨੀਆ ਦਾ ਇਹ ਸਭ ਤੋਂ ਪੁਰਾਣਾ ਧੰਦਾ ਹਰ ਦੇਸ਼ ਵਿਚ ਪ੍ਰਤੱਖ ਅਤੇ ਅਪ੍ਰਤੱਖ ਰੂਪ ਵਿਚ ਵਿਆਪਕ ਹੈ, ਜਿਥੇ ਹਵਾ ਦੀਆਂ ਜਾਈਆਂ ਇਕ ਮੰਡੀ ਦੇ ਰੂਪ ਵਿਚ ਆਪਣਾ ਜਿਸਮ ਵੇਚਦੀਆਂ ਹਨ, ਉਨ੍ਹਾਂ ਦੇ ਜਿਸਮ ਦੀ ਕੀਮਤ ਉਮਰ ਅਤੇ ਉਨ੍ਹਾਂ ਦੀ ਸੁੰਦਰਤਾ ਅਨੁਸਾਰ ਲਗਾਈ ਜਾਂਦੀ ਹੈ। ਕੈਬਰੇ ਦੇ ਰੂਪ ਵਿਚ ਇਸਤਰੀ ਦੇ ਜਿਸਮ ਦੇ ਨੰਗੇ ਨਾਚ ਲੋਕਾਂ ਦੇ ਸਨਮੁਖ ਦਿਖਾਏ ਜਾਂਦੇ ਹਨ, ਜਿਥੇ ਸਮਾਜ ਦੇ ਪ੍ਰਤਿਸ਼ਠ ਲੋਕ ਆਪਣੇ ਸਾਰੇ ਮਾਂ, ਭੈਣ, ਧੀ ਦੇ ਰਿਸ਼ਤਿਆਂ ਤੋਂ ਉਚੇ ਉਠ ਕੇ ਕਲਾ ਦੇ ਨਾਂ ‘ਤੇ ਇਸਤਰੀ ਦਾ ਇਹ ਰੂਪ ਵੀ ਵੇਖਦੇ ਹਨ।
ਮਾਡਲਿੰਗ ਦਾ ਰੂਪ ਇਸਤਰੀ ਰੂਪ ਦੇ ਵਿਕਣ ਵਾਲਾ ਇਕ ਹੋਰ ਰੂਪ ਹੈ, ਇਥੇ ਹਰ ਇਸਤਰੀ ਮਾਡਲ ਆਪਣੀ ਕੀਮਤ ਚਾਲ, ਅਦਾ ਸੁੰਦਰਤਾ ਤੇ ਜਿਸਮ ਦੇ ਵਧ ਤੋਂ ਵਧ ਪ੍ਰਦਰਸ਼ਨ ਨਾਲ ਪੁਆਉਂਦੀ ਹੈ।
ਇਹ ਕਿਸ ਤਰ੍ਹਾਂ ਦਾ ਮਰਦ ਪ੍ਰਧਾਨ ਸਮਾਜ ਹੈ ਜਿੱਥੇ ਇਨਸਾਨ ਦਾ ਇੱਕ ਰੂਪ ਪੁਰਸ਼ ਜੋ ਨਾਰੀ ਤੋਂ ਹੀ ਉਤਪੰਨ ਹੁੰਦਾ ਹੈ, ਉਹ ਇਸਤਰੀ ਨੂੰ ਵੇਚਦਾ ਹੈ। ਇਸਤਰੀ ਪ੍ਰਤੀ ਇਹ ਲਿੰਗ ਦੇ ਆਧਾਰ ‘ਤੇ ਕੀਤੀ ਜਾਂਦੀ ਲੁੱਟ-ਖਸੁੱਟ ਕੇਵਲ ਸੰਪੂਰਨ ਸਮਾਜਵਾਦੀ ਦ੍ਰਿਸ਼ਟੀਕੋਣ ਅਪਣਾ ਕੇ ਰੋਕੀ ਜਾ ਸਕਦੀ ਹੈ।