ਲੇਖ : ਇਸਤਰੀ ਦਾ ਸ਼ਸ਼ਕਤੀਕਰਣ
ਇਸਤਰੀ ਦੀ ਸ਼ਕਤੀ ਦੀ ਵਰਤੋਂ-ਇਸਤਰੀ ਦਾ ਸ਼ਸ਼ਕਤੀਕਰਣ
ਇੱਕੀਵੀਂ ਸਦੀ ਵਿਚ ਆ ਕੇ ਇਹ ਮਹਿਸੂਸ ਕੀਤਾ ਜਾਣ ਲੱਗ ਪਿਆ ਕਿ ਦੇਸ਼ ਦੇ ਵਿਕਾਸ ਵਿਚ ਇਸਤਰੀ ਨੂੰ ਪੂਰੀ ਤਰ੍ਹਾਂ ਸ਼ਾਮਲ ਕਰਕੇ ਉਸਦੀ ਸਮਰੱਥਾ ਅਤੇ ਸ਼ਕਤੀ ਨੂੰ ਇੱਕ ਉਤਪ੍ਰੇਰਿਕ ਦੇ ਰੂਪ ਵਿਚ ਵਰਤਿਆ ਜਾ ਸਕਦਾ ਹੈ। ਇਸਤਰੀ ਦੀ ਵਿਕਾਸ ਕਾਰਜਾਂ ਵਿਚ ਸ਼ਮੂਲੀਅਤ ਗਤੀ ਪ੍ਰਦਾਨ ਕਰ ਸਕਦੀ ਹੈ ਤੇ ਸਮੁੱਚੀ ਮਨੁੱਖਤਾ ਦਾ ਕਲਿਆਣ ਹੋ ਸਕਦਾ ਹੈ। ਹੁਣ ਤੱਕ ਜੋ ਇਸਤਰੀ ਦੀ ਅਵਸਥਾ ਰਹੀ ਹੈ ਉਸ ਅਨੁਸਾਰ ਇਸਤਰੀ ਆਰਥਿਕ, ਸਮਾਜਿਕ ਅਤੇ ਨੈਤਿਕ ਪਹਿਲੂਆਂ ਵਿਚ ਸਦਾ ਵਿਤਕਰੇ ਦਾ ਸ਼ਿਕਾਰ ਰਹੀ ਹੈ। ਪੁਰਸ਼ ਨੇ ਸਦਾ ਇਹ ਵੀ ਸਿਧਾਂਤ ਅਪਣਾਈ ਰੱਖਿਆ ਹੈ ਕਿ ਉਹ ਇਨਸਾਨੀ ਜੀਵਨ ਵਿਚ ਇੱਕ ਉੱਤਮ ਪ੍ਰਾਣੀ ਹੋਣ ਕਰਕੇ ਉਸ ਨੂੰ ਇਸਤਰੀ ‘ਤੇ ਇਸ ਸਿਧਾਂਤ ਅਨੁਸਾਰ ਹਾਵੀ ਹੋਣ ਦਾ ਅਧਿਕਾਰ ਹੈ। ਪੁਰਸ਼ ਨੇ ਆਪਣੀ ਜੀਵਨ ਸ਼ੈਲੀ ਵਿਚ ਇਹ ਮੁੱਖ ਰੱਖਿਆ ਹੈ ਕਿ ਅਸਲੀ, ਹਰ ਪ੍ਰਕਾਰ ਦੀ ਸੱਤਾ ਉਸ ਪਾਸ ਹੈ। ਅੱਜ ਦੇ ਸਮੇਂ ਵਿਚ ਜਦੋਂ ਅਸੀਂ ਕਿਸੇ ਸਮੱਸਿਆ ਦਾ ਸਮਾਜਿਕ ਵਿਸ਼ਲੇਸ਼ਣ ਕਰਦੇ ਹਾਂ, ਸਭ ਤੋਂ ਮਹੱਤਵਪੂਰਨ ਤੱਤ ਇਹ ਹੁੰਦਾ ਹੈ ਕਿ ਇਸਤਰੀ ਪੁਰਸ਼ ਵਿਚੋਂ ਪੁਰਸ਼ ਦੀ ਸ੍ਰੇਠਤਾ ਦਾ ਪ੍ਰਸ਼ਨ।
ਇਸਤਰੀ ਪੁਰਸ਼ ਇਹ ਅਸਮਾਨਤਾ ਜੋ ਕਿ ਸਦੀਆਂ ਤੋਂ ਸਮਾਜ ਵਿਚ ਚੱਲਦੀ ਆ ਰਹੀ ਹੈ ਉਹ ਇਕ ਪਿਛਾਂਹ ਖਿੱਚੂ, ਸੰਕੀਰਣ, ਜਹਾਰਾਨਾ ਸੋਚ ਹੈ ਜਿਸ ਨੇ ਸਾਡੇ ਸਮਾਜ ਵਿਚ ਸਦਾ ਤੋਂ ਹੀ ਅਸਾਵਾਂਪਨ ਕਾਇਮ ਰੱਖਿਆ ਹੋਇਆ ਹੈ। ਇਸਤਰੀ ਜੋ ਕਿ ਮਨੁੱਖਤਾ ਦਾ ਅੱਧਾ ਭਾਗ ਹੈ, ਅਜੇ ਤੱਕ ਵੀ ਜ਼ੁਲਮ ਤੇ ਅਸਮਾਨਤਾ ਦਾ ਸ਼ਿਕਾਰ ਰਹੀ ਹੇ ਤੇ ਉਹ ਇਸ ਨੂੰ ਆਪਣੀ ਹੋਣੀ ਜਾਂ ਭਾਗ ਸਮਝਦੀ ਹੈ ਜੋ ਕਿ ਵਿਗਿਆਨ ਤੇ ਆਧੁਨਿਕ ਸੋਚ ਦੇ ਮੁਤਾਬਿਕ ਸਹੀ ਨਹੀਂ ਹੈ।
ਭਵਿੱਖ ਵਿਚ ਜੋ ਸਮਾਂ ਆ ਰਿਹਾ ਹੈ, ਉਸ ਪੱਖ ਤੋਂ ਇਹ ਵਿਚਾਰ ਕਰਨਾ ਜ਼ਰੂਰੀ ਹੋ ਜਾਂਦਾ ਹੈ ਕਿ ਮਨੁੱਖਤਾ ਦਾ ਇਹ ਅਹਿਮ ਅੱਧਾ ਭਾਗ ਸਮੁੱਚੀ ਮਨੁੱਖਤਾ ਦੀ ਉਸਾਰੀ ਵਿਚ ਆਪਣਾ ਕਿੰਨਾ ਯੋਗਦਾਨ ਪਾ ਸਕਦਾ ਹੈ।
ਇਸ ਸਮੇਂ ਸਾਡੇ ਸਮਾਜ ਵਿਚ ਦੋ ਵਿਸ਼ੇਸ਼ ਪ੍ਰਕਾਰ ਦੇ ਵਰਗ ਹਨ, ਇਕ ਉਪਰਲੀ ਸ਼੍ਰੇਣੀ ਜਿਨ੍ਹਾਂ ਕੋਲ ਜੀਵਨ ਦਾ ਸਭ ਕੁਝ ਹੈ ਤੇ ਉਹ ਵਧੇਰੇ ਸੁੱਖ ਸਾਧਨਾਂ ਦੀ ਦੌੜ ਵਿਚ ਲਾ ਦਿੰਦੇ ਹਨ ਤੇ ਦੂਸਰੇ ਉਹ ਲੋਕ ਹਨ ਜੋ ਜ਼ਿੰਦਗੀ ਦੀਆਂ ਜ਼ਰੂਰਤਾਂ ਵੀ ਪੂਰੀਆਂ ਨਹੀਂ ਕਰ ਸਕਦੇ ਤੇ ਉਪਰਲੀ ਸ਼੍ਰੇਣੀ ਤੋਂ ਜ਼ੁਲਮ ਸਹਿੰਦੇ ਹਨ।
ਸਮਾਜਿਕ ਵਿਸ਼ਲੇਸ਼ਣ ਕਰਨ ਵਾਲੇ ਮਾਹਿਰਾਂ ਦਾ ਇਹ ਕਹਿਣਾ ਹੈ ਕਿ ਜੋ ਲੋਕ ਜ਼ੁਲਮ ਸਹਿੰਦੇ ਹਨ ਉਨ੍ਹਾਂ ਵਿੱਚੋਂ ਇੱਕ ਵੱਡਾ ਭਾਗ ਇਸਤਰੀ ਵਰਗ ਹੀ ਹੈ, ਜਿਸ ਨੂੰ ਘਰ ਦੀ ਚਾਰਦੀਵਾਰੀ ਵਿਚ ਰਹਿਣ ਲਈ ਮਜ਼ਬੂਰ ਕੀਤਾ ਜਾਂਦਾ ਹੈ ਤੇ ਜੋ ਪਰਿਵਾਰ ਲਈ ਮਿਹਨਤ ਮਜ਼ਦੂਰੀ ਕਰਦੀਆਂ ਹਨ ਜਾਂ ਕੋਈ ਹੋਰ ਨੌਕਰੀ, ਕਿੱਤਾ ਅਪਣਾਉਂਦੀਆਂ ਵੀ ਹਨ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਤੋਂ ਇਹ ਆਸ ਕੀਤੀ ਜਾਂਦੀ ਹੈ ਕਿ ਉਨ੍ਹਾਂ ਨੇ ਘਰ ਪਰਿਵਾਰ ਦੇ ਕੰਮਾਂ ਨੂੰ ਪਹਿਲ ਦੇਣੀ ਹੈ।
ਸਮਾਜ ਵਿਸਲੇਸ਼ਣ ਕਰਨ ਵਾਲੇ ਮਾਹਿਰਾਂ ਦਾ ਇਹ ਕਹਿਣਾ ਹੈ ਕਿ ਜੇ ਭਵਿੱਖ ਵਿਚ ਵੀ ਇਸਤਰੀ ਦੀ ਅਵਸਥਾ ਅਜਿਹੀ ਰਹੀ ਤਾਂ ਅੱਗੇ ਜੋ ਵਿਕਾਸ ਮਨੁੱਖਤਾ ਨੇ ਕਰਨਾ ਹੈ, ਉਸ ਨਾਲ ਇਸਤਰੀ ਤਾਂ ਹੋਰ ਇਸ ਅਸਮਾਨ ਸਮਾਜ ਵਿਚ ਹਾਸ਼ੀਏ ‘ਤੇ ਚਲੀ ਜਾਵੇਗੀ। ਪੁਰਸ਼ ਨੇ ਆਪਣੀ ਲਾਪਰਵਾਹੀ ਨਾਲ ਸੁਚੇਤ ਹੋ ਕੇ ਇਸਤਰੀ ਦੀ ਇਹ ਦੁਰਗਤੀ ਵਾਲੀ ਸਥਿਤੀ ਬਣਾਈ ਹੈ।
ਸਮਾਜ ਵਿਚ ਵਿਕਾਸ ਦੀ ਸੁਰ ਉਸ ਸਮੇਂ ਹੀ ਗੂੰਜਦੀ ਹੈ ਜਦੋਂ ਬਰਾਬਰੀ, ਆਰਥਿਕ ਵਿਕਾਸ ਲਈ ਉਨ੍ਹਾਂ ਲੋਕਾਂ ਨੂੰ ਵੀ ਸ਼ਕਤੀ ਪ੍ਰਦਾਨ ਕੀਤੀ ਜਾਵੇ ਜਿਹੜੇ ਹਮੇਸ਼ਾ ਤੋਂ ਹੀ ਮਹਿਰੂਮ ਰਹੇ ਹਨ। ਅਜੋਕੇ ਵਿਕਾਸ ਦੇ ਸਿਧਾਂਤਾਂ ਨੇ ਇਹ ਪ੍ਰਵਾਨ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਕਿ ਇਸਤਰੀ ਗੁਲਾਮ ਰਹਿ ਕੇ ਵਿਕਾਸ ਦੇ ਕੰਮਾਂ ਵਿਚ ਯੋਗਦਾਨ ਪਾ ਸਕਦੀ ਹੈ। ਵਿਸ਼ਵ ਵਿਚ ਬਹੁਤ ਸਾਰੇ ਦੇਸ਼ਾਂ ਵਿਚ ਤਾਂ ਇਸਤਰੀ ਨੂੰ ਜ਼ਮੀਨ ਦਾ ਕੋਈ ਅਧਿਕਾਰ ਨਹੀਂ। ਉਨ੍ਹਾਂ ਦੇ ਹਿੱਸੇ ਕੇਵਲ ਖੇਤਾਂ ਵਿਚ ਕੰਮ ਕਰਨਾ ਹੀ ਆਇਆ ਹੈ। ਆਰਥਿਕ ਮਾਹਿਰਾਂ ਦਾ ਕਹਿਣਾ ਹੈ ਕਿ ਖੇਤੀਬਾੜੀ ਵਿਚ ਜਿੱਥੇ ਉਹ ਫਸਲਾਂ ਜਿਨ੍ਹਾਂ ਨਾਲ ਧਨ ਰਾਸ਼ੀ ਛੇਤੀ ਪ੍ਰਾਪਤ ਹੁੰਦੀ ਹੈ, ਉਥੇ ਇਸਤਰੀ ਮਜ਼ਦੂਰੀ ਤੇ ਖੇਤੀ ਦਾ ਕੰਮ ਤਾਂ ਕਰਦੀ ਹੈ ਪਰ ਧਨ ਰਾਸ਼ੀ ਪ੍ਰਾਪਤ ਕਰਨ ਦਾ ਉਸ ਲਈ ਕੋਈ ਅਧਿਕਾਰ ਨਹੀਂ।
ਸਮਾਜ ਵਿਚ ਵਿਕਾਸ ਇਸਤਰੀ ਅਤੇ ਪੁਰਸ਼ ਦੋਹਾਂ ਨੂੰ ਵੱਖੋ-ਵੱਖਰੇ ਢੰਗ ਨਾਲ ਪ੍ਰਭਾਵਿਤ ਕਰਦੇ ਹਨ। ਜਿਹੜੇ ਦੇਸ਼ ਪਹਿਲਾਂ ਕਿਸੇ ਸਾਮਰਾਜ ਦੀਆਂ ਬਸਤੀਆਂ ਹੀ ਰਹੇ ਹਨ, ਜਿਵੇਂ ਏਸ਼ੀਆ ਦੇ ਕਈ ਦੇਸ਼ ਜਿਵੇਂ ਭਾਰਤ, ਪਾਕਿਸਤਾਨ, ਲੰਕਾ, ਬਰਮਾ ਆਦਿ ਅੰਗਰੇਜ਼ੀ ਸਾਮਰਾਜ ਦੀਆਂ ਬਸਤੀਆਂ ਸਨ, ਹੁਣ ਜਿਨ੍ਹਾਂ ਨੇ ਵਿਕਾਸ ਕਰਨਾ ਸ਼ੁਰੂ ਕੀਤਾ ਹੈ, ਉਨ੍ਹਾਂ ਵਿਚ ਸਮੁੱਚਾ ਕੀਤਾ ਗਿਆ ਵਿਕਾਸ ਇਸਤਰੀ ਦੀ ਦੁਰਦਸ਼ਾ ਦਾ ਹੀ ਕਾਰਨ ਬਣਿਆ ਹੈ ਕਿਉਂਕਿ ਇਨ੍ਹਾਂ ਦੇਸ਼ਾਂ ਵਿਚ ਇੱਕ ਵੱਡਾ ਵਰਗ ਇਸਤਰੀਆਂ ਦਾ ਹੈ ਜੋ ਪੁਰਸ਼ ਦੀ ਅਧੀਨਗੀ ਨੂੰ ਸਹਿੰਦੀਆਂ ਆਈਆਂ ਹਨ ਤੇ ਵਿਕਾਸ ਨਾਲ ਇਹ ਅਧੀਨਗੀ ਸਗੋਂ ਹੋਰ ਵਧੀ ਹੈ।
ਖੇਤੀਬਾੜੀ ਦੇ ਇਹ ਮਾਹਿਰ ਕਹਿੰਦੇ ਹਨ ਕਿ ਖੇਤੀਬਾੜੀ ਵਿਚ ਆਧੁਨਿਕਤਾ ਆਉਣ ਨਾਲ ਜਿੱਥੋਂ ਤੱਕ ਇਸਤਰੀ ਅਤੇ ਪੁਰਸ਼ ਵਿਚ ਖੇਤੀ ਮਜ਼ਦੂਰੀ ਜਾਂ ਖੇਤੀ ਦਾ ਧੰਦਾ ਕਰਨ ਵਾਲਿਆਂ ਵਿਚ ਇਸ ਵੰਨਗੀ ਦਾ ਅੰਤਰ ਜ਼ਰੂਰ ਆਇਆ ਹੈ, ਕਿਉਂਕਿ ਹੁਣ ਖੇਤੀ ਬਹੁਤੀ ਮਨੁੱਖੀ ਹੱਥਾਂ ਨਾਲ ਨਹੀਂ, ਸਗੋਂ ਮਸ਼ੀਨਾਂ ਨਾਲ ਹੁੰਦੀ ਹੈ, ਮਸ਼ੀਨਾਂ ਵੀ ਆਪਣੇ ਆਪ ਵਿਚ ਕੰਮ ਕਰਨ ਵਾਲੀ ਇਕ ਵੰਨਗੀ ਬਣ ਗਈਆਂ ਹਨ।
ਇੱਕੀਵੀਂ ਸਦੀ ਵਿਚ ਆ ਕੇ ਇਸਤਰੀ ਨੂੰ ਆਪਣੀ ਸੰਕੀਰਣ ਸੋਚ ਬਦਲਣੀ ਹੋਵੇਗੀ ਤੇ ਖੇਤੀ ਵਿਚ ਨਵੀਂ ਤਕਨਾਲੋਜੀ ਤੇ ਖੇਤੀ ਨੂੰ ਮਸ਼ੀਨਾਂ ਨਾਲ ਚਲਾਉਣ ਲਈ ਆਪਣੀ ਸਮਰੱਥਾ ਤੇ ਸੂਝ-ਬੂਝ ਵਿਚ ਵਾਧਾ ਕਰਨਾ ਹੋਵੇਗਾ। ਇਸਤਰੀ ਨੂੰ ਇਸ ਗੱਲ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ ਕਿ ਨਵੇਂ ਆਧੁਨਿਕੀਕਰਨ ਦਾ ਪੂਰਾ ਲਾਭ ਪੁਰਸ਼ ਨੂੰ ਹੀ ਨਾ ਪ੍ਰਾਪਤ ਹੋ ਜਾਵੇ। ਜਦੋਂ ਕੰਮ ਹੀ ਮਸ਼ੀਨਾਂ ਦੁਆਰਾ ਕੀਤਾ ਜਾਣਾ ਹੈ ਤਾਂ ਇਸ ਨੂੰ ਚਲਾਉਣ ਵਾਲੇ ਹੱਥ ਪੁਰਸ਼ ਦੇ ਹੋਣ ਜਾਂ ਇਸਤਰੀ ਦੇ, ਇਸ ਗੱਲ ਨਾਲ ਫ਼ਰਕ ਨਹੀਂ ਪੈਂਦਾ, ਪਰ ਇਸ ਨੂੰ ਸਿੱਖਣ ਤੇ ਚਲਾਉਣ ਦੀ ਜੋ ਸਮਝ ਹੈ, ਉਸ ਤੋਂ ਇਸਤਰੀ ਨੂੰ ਪੂਰੀ ਤਰ੍ਹਾਂ ਵਾਕਫ਼ ਹੋਣਾ ਜ਼ਰੂਰੀ ਹੋ ਜਾਂਦਾ ਹੈ ਤਾਂ ਹੀ ਉਹ ਪੁਰਸ਼ ਨਾਲ ਬਰਾਬਰੀ ਦੇ ਸੰਕਲਪ ਤੇ ਪੂਰਾ ਉਤਰ ਸਕਦੀ ਹੈ।
ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਦੀ ਇਕ ਰਿਪੋਰਟ ਆਰਥਿਕ ਮਾਹਿਰਾਂ ਅਨੁਸਾਰ ਇਸ ਪ੍ਰਕਾਰ ਦਿੱਤੀ ਗਈ ਹੈ, ਜਿਸ ਵਿਚ ਇਸਤਰੀ ਦੀ ਵਿਕਾਸ ਕਾਰਜਾਂ ਵਿਚ ਸੁਚੇਤ ਭਾਗੀਦਾਰੀ ਨੂੰ ਇਨ੍ਹਾਂ ਸ਼ਬਦਾਂ ਰਾਹੀਂ ਬਿਆਨ ਕੀਤਾ ਗਿਆ ਹੈ, ”ਇਸਤਰੀ ਨੂੰ ਵਿਕਾਸ ਕਾਰਜਾਂ ਲਈ ਜੋੜਨਾ ਤੇ ਅਧਿਕਾਰ ਦੇਣਾ ਤੇ ਉਸ ਦੀ ਸ਼ਕਤੀ ਨੂੰ ਉਦਯੋਗ ਲਈ ਵਰਤਣਾ ਤੇ ਉਨ੍ਹਾਂ ਨੂੰ ਸ੍ਵੈ-ਇੱਛਾ ਨਾਲ ਕੰਮ ਕਰਨ ਦੀ ਇਜਾਜ਼ਤ ਦੇਣਾ, ਯਕੀਨਨ ਤੌਰ ਤੇ ਆਰਥਿਕ ਵਿਕਾਸ ਦੇ ਰਾਹ ‘ਤੇ ਤੁਰਨਾ ਹੈ।”
ਅੱਗੇ ਚੱਲ ਕੇ ਇਹ ਮਹੱਤਵਪੂਰਨ ਰਿਪੋਰਟ ਕਹਿੰਦੀ ਹੈ, “ਮਨੁੱਖੀ ਵਿਕਾਸ ਇਸਤਰੀ ਪੁਰਸ਼ ਦੇ ਫ਼ਰਕ ਨੂੰ ਮਿਟਾ ਕੇ ਹੀ ਸੰਭਵ ਹੈ ਜਦੋਂ ਤੱਕ ਇਸਤਰੀ ਨੂੰ ਵਿਕਾਸ ਕਾਰਜਾਂ ਤੋਂ ਦੂਰ ਰੱਖਿਆ ਜਾਂਦਾ ਰਹੇਗਾ, ਵਿਕਾਸ ਸਦਾ ਇਕਪਾਸੜ ਜਿਹਾ ਹੋਵੇਗਾ। ਸਥਾਈ ਵਿਕਾਸ ਦੇ ਅੰਤਰਗਤ ਇਹ ਸ਼ਾਮਲ ਹੈ ਕਿ ਕਿਵੇਂ ਲਿੰਗ ਦੇ ਅੰਤਰ ਨੂੰ ਖ਼ਤਮ ਕਰਨਾ ਹੈ ਤੇ ਨਵਾਂ ਸੰਕਲਪ ਉਸਾਰਨਾ ਹੈ।”
ਇੱਕੀਵੀਂ ਸਦੀ ਦੇ ਚੜ੍ਹਨ ਨਾਲ ਇਸ ਵਿਚਾਰ ਨੂੰ ਹੋਰ ਬਲ ਪ੍ਰਦਾਨ ਹੋਇਆ ਹੈ ਕਿ ਇਸਤਰੀ ਪੁਰਸ਼ ਵਿਚ ਫਰਕ ਕੇਵਲ ਭੌਤਿਕ ਹੈ, ਫਿਰ ਇਸ ਫਰਕ ਨੂੰ ਮਾਨਸਿਕ ਅਤੇ ਬੌਧਿਕ ਫ਼ਰਕ ਕਿਉਂ ਸਮਝਿਆ ਜਾਵੇ। ਮਨੋਵਿਗਿਆਨੀ ਇਹ ਕਹਿੰਦੇ ਹਨ ਕਿ ਇਸਤਰੀ ਦੀ ਮਾਨਸਕਤਾ ਵਿਚ ਇਹ ਭਰ ਦਿੱਤਾ ਜਾਂਦਾ ਹੈ ਕਿ ਕਿਉਂਕਿ ਪੁਰਸ਼ ਉਸ ਨਾਲੋਂ ਤਾਕਤਵਰ ਹੈ, ਆਰਥਿਕ ਤੌਰ ‘ਤੇ ਸੱਤਾ ਉਸ ਕੋਲ ਹੈ, ਇਸ ਲਈ ਪੁਰਸ਼ ਦੀ ਅਧੀਨਗੀ ਹੀ ਉਸ ਨੇ ਕਬੂਲ ਕਰਨੀ ਹੈ। ਭੌਤਿਕ ਅੰਤਰ ਨਾਲ ਜੋ ਇਹ ਸੋਚ ਇਸਤਰੀ ਦੀ ਬਣ ਗਈ ਹੈ ਕਿ ਪੁਰਸ਼ ਉਤਮ ਹੈ, ਉਹ ਪਰਮੇਸ਼ਵਰ ਹੈ, ਇਸ ਸੋਚ ਨੇ ਮਨੁੱਖੀ ਵਿਕਾਸ ਦੇ ਰਾਹ ‘ਤੇ ਕਈ ਰੋੜੇ ਅਟਕਾਏ ਹਨ।
ਪੁਰਸ਼ ਦੂਸਰੇ ਪਾਸੇ ਹਰ ਖੇਤਰ ਵਿਚ ਆਪਣਾ ਅਧਿਕਾਰ ਸਮਝਦਾ ਹੈ ਕਿ ਉਸ ਦੀ ਹਉਮੈ ਨੂੰ ਇਸਤਰੀ ਵੱਲੋਂ ਹਮੇਸ਼ਾ ਪੱਠੇ ਪੈਂਦੇ ਰਹਿਣ, ਇਸ ਤਰ੍ਹਾਂ ਅਹੰ ਦਾ ਚਾਰਾ ਖਾ ਕੇ ਉਸ ਦੀ ਜੀਭ ਸਦਾ ਹਉਮੈ ਨਾਲ ਜੁਗਾਲੀ ਕਰਦੀ ਰਹਿੰਦੀ ਹੈ।
ਘਰ ਦੀ ਚਾਰਦੀਵਾਰੀ ਵਿਚ, ਖੇਤੀ ਦਾ ਕੰਮ ਕਰਦੇ ਹੋਏ, ਫੈਕਟਰੀਆਂ, ਦਫਤਰਾਂ, ਵਿਦਿਅਕ ਅਦਾਰਿਆਂ ਵਿਚ ਜਿੱਥੇ ਕਿਤੇ ਵੀ ਪੁਰਸ਼ ਮਾਲਕ ਜਾਂ ਅਫਸਰ ਹੁੰਦਾ ਹੈ, ਉਸ ਦੀ ਅਧੀਨਗੀ ਪ੍ਰਵਾਨ ਕਰਨੀ ਇਸਤਰੀ ਆਪਣਾ ਕਰੱਤਵ ਸਮਝਦੀ ਹੈ ਤੇ ਇੱਥੋਂ ਤੱਕ ਜਦੋਂ ਕਿ ਸਾਰੇ ਕੰਮਾਂ ਵਿਚ ਬਰਾਬਰ ਦੀ ਭੂਮਿਕਾ ਅਦਾ ਕਰਦੀ ਹੈ ਤਾਂ ਅਜਿਹੀ ਸੋਚ ਇਸਤਰੀ ਲਈ ਆਪਣੇ ਲਈ ਤੇ ਸਮੁੱਚੀ ਮਨੁੱਖਤਾ ਲਈ ਵਾਧਕ ਸਿੱਧ ਹੁੰਦੀ ਹੈ। ਸਾਡੇ ਧਾਰਮਿਕ ਵਿਸ਼ਵਾਸਾਂ ਨੇ ਵੀ ਇਸਤਰੀ ਦੇ ਪਿਛਾਂਹਖਿੱਚੂ ਸੋਚ ਨੂੰ ਕਮਜ਼ੋਰ ਬਣਾਇਆ ਹੈ ਤੇ ਉਸ ਨੂੰ ਅੰਧ-ਵਿਸ਼ਵਾਸ ਦੀ ਹਨ੍ਹੇਰੀ ਗਲੀ ਵਿਚ ਤੋਰਿਆ ਹੈ।
ਦੂਸਰੇ ਪਾਸੇ ਜਿੱਥੇ ਇਹ ਲਿੰਗ ਦਾ ਅੰਤਰ ਵਿਕਾਸ ਦੇ ਕਾਰਜਾਂ ਲਈ ਖ਼ਤਮ ਕਰ ਦਿੱਤਾ ਗਿਆ ਹੈ ਉੱਥੇ ਮਨੁੱਖੀ ਵਿਕਾਸ ਨੇ ਹੈਰਾਨੀਜਨਕ ਪ੍ਰਗਤੀ ਕੀਤੀ ਹੈ। ਪੱਛਮੀ ਦੇਸ਼ਾਂ ਵਿਚ ਜਿੱਥੇ ਇਸਤਰੀਆਂ ਪਾਇਲਟ ਬਣ ਕੇ ਹਵਾਈ ਜਹਾਜ਼ ਚਲਾ ਰਹੀਆਂ ਹਨ, ਡਾਕਟਰ, ਇੰਜੀਨੀਅਰ, ਮਿੱਲ ਮਾਲਕ ਅਤੇ ਹੋਰ ਅਨੇਕਾਂ ਖੇਤੀ ਦੇ ਫਾਰਮਾਂ ਨੂੰ ਚਲਾ ਰਹੀਆਂ ਹਨ, ਉੱਥੇ ਵਿਕਾਸ ਦੀ ਦਰ ਕਿੰਨੀ ਉੱਚੀ ਪਹੁੰਚ ਚੁੱਕੀ ਹੈ। ਜਿੰਨੀ ਕਿਸੇ ਦੇਸ਼, ਧਰਮ, ਜਾਤ ਵਿਚ ਲਿੰਗ ਦੀ ਬਰਾਬਰੀ ਹੈ, ਉੱਥੋਂ ਦਾ ਜੀਵਨ ਪੱਧਰ ਵੀ ਉੱਚਾ ਹੋਵੇਗਾ ਤੇ ਵਿਕਾਸ ਦੀ ਦਰ ਵੀ ਉੱਚੀ ਹੋਵੇਗੀ।
ਆਰਥਿਕ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਖੁਰਾਕ, ਪਾਣੀ, ਬਾਲਣ ਜੋ ਕਿ ਇਕ ਪਰਿਵਾਰ ਦੀਆਂ ਜ਼ਰੂਰੀ ਲੋੜਾਂ ਹਨ ਤੇ ਇਕ ਦੂਸਰੇ ਨਾਲ ਜੁੜੀਆਂ ਹੋਈਆਂ ਵਸਤਾਂ ਹਨ, ਜੇ ਇਨ੍ਹਾਂ ਦਾ ਪੂਰਾ ਨਿਯੰਤਰਣ ਸਥਾਨਕ ਵਸੋਂ ਵਿੱਚੋਂ ਕੇਵਲ ਔਰਤਾਂ ਨੂੰ ਪ੍ਰਾਪਤ ਹੋਵੇ ਤਾਂ ਇਨ੍ਹਾਂ ਜੀਵਨ ਦੀਆਂ ਲੋੜਾਂ ਦਾ ਸੰਕਟ ਛੇਤੀ ਨਾਲ ਹੱਲ ਕੀਤਾ ਜਾ ਸਕਦਾ ਹੈ।
ਇਨ੍ਹਾਂ ਵਸਤਾਂ ਦਾ ਉਤਪਾਦਨ ਵੀ ਜੇ ਇਸਤਰੀਆਂ ਦੁਆਰਾ ਹੋਵੇ ਤੇ ਵਿਭਾਜਨ ਦੀ ਜ਼ਿੰਮੇਵਾਰੀ ਵੀ ਇਸਤਰੀਆਂ ਨਿਭਾਉਣ ਤਾਂ ਵਿਕਾਸ ਦਰ ਵਿਚ ਨਿਰੰਸਦੇਹ ਵਾਧਾ ਹੋਵੇ।
ਵਰਤਮਾਨ ਸਥਿਤੀ ਇਹ ਹੈ ਕਿ ਇਸਤਰੀ ਦੀ ਰਾਜਨੀਤਕ ਸੱਤਾ ਵਿਚ, ਨੀਤੀ ਬਣਾਉਣ ਵਿਚ ਤੇ ਫੈਸਲਾ ਕਰਨ ਵਿਚ ਨੁਮਾਇੰਦਗੀ ਬਹੁਤ ਥੋੜ੍ਹੀ ਹੈ। ਇਕ ਸਰਵੇਖਣ ਅਨੁਸਾਰ ਸੰਸਾਰ ਵਿਚ ਕੇਵਲ ਪੰਜ ਪ੍ਰਤੀਸ਼ਤ ਔਰਤਾਂ ਦੇਸ਼ਾਂ ਦੀਆਂ ਮੁਖੀ ਹਨ, ਕੁਝ ਥੋੜ੍ਹੀਆਂ ਜਿਹੀਆਂ ਕਾਰਪੋਰੇਸ਼ਨਾਂ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਦੀਆਂ ਮੁਖੀ ਹਨ। ਰਾਜਨੀਤਕ ਪਾਰਟੀਆਂ ਅਤੇ ਮੈਨੇਜਰਾਂ ਦੀਆਂ ਪਦਵੀਆਂ ਵਿਚ ਇਨ੍ਹਾਂ ਦਾ ਸਥਾਨ ਨਾਂ-ਮਾਤਰ ਜਿਹਾ ਹੈ। ਸਾਰੇ ਕੰਮਾਂ ਵਿਚ ਉਨ੍ਹਾਂ ਦੀ ਥਾਂ ਬਹੁਤ ਨੀਵੀਂ ਹੈ।
ਸਿਹਤ ਵਿਗਿਆਨ ਦੇ ਮਾਹਿਰ ਇਹ ਗੱਲ ਕਹਿੰਦੇ ਹਨ ਕਿ ਇਸਤਰੀ ਅਤੇ ਪੁਰਸ਼ ਵਿਚ ਲਿੰਗ ਦੇ ਪੱਖ ਤੋਂ ਇਹ ਅੰਤਰ ਹੈ ਕਿ ਜਿੱਥੇ ਇਸਤਰੀ ਇਕ ਜਣਨੀ ਹੈ ਤੇ ਉਸ ਨੂੰ ਸਮੇਂ-ਸਮੇਂ ਅਨੁਸਾਰ ਜਣੇਪੇ ਦੇ ਦੌਰ ਵਿਚੋਂ ਲੰਘਣਾ ਪੈਂਦਾ ਹੈ, ਜਿਸ ਨਾਲ ਉਸ ਦੀ ਸਰੀਰਕ ਸ਼ਕਤੀ ਅਤੇ ਸੇਵਾ ਕਰਨ ਦਾ ਸਮਾਂ ਵੀ ਘੱਟ ਜਾਂਦਾ ਹੈ। ਧਨ ਦੌਲਤ ਦੇ ਹਿਸਾਬ ਨਾਲ ਵੀ ਉਸ ਦੀ ਆਮਦਨ ਵਿਚ ਘਾਟਾ ਪੈਂਦਾ ਹੈ, ਸੰਸਾਰਕ ਜੀਵਨ ਵਿਚ ਵਿਚਰਦਿਆਂ ਉਸ ਦੇ ਕੰਧੇ ‘ਤੇ ਬੋਝ ਵੀ ਪੈਂਦਾ ਹੈ, ਇਸ ਲਈ ਇਸਤਰੀ ਦੀ ਆਮਦਨ ਨੂੰ ਬਰੈਕਟ ਵਿਚ ਰੱਖਣ ਦੀ ਲੋੜ ਹੈ। ਇਹ ਪੁਰਸ਼ਾਂ ਦੇ ਬਰਾਬਰ ਆਮਦਨ ਨਹੀਂ ਹੋ ਸਕਦੀ।
ਇਸ ਪ੍ਰਸੰਗ ਤੇ ਵਿਚਾਰ ਕੀਤਿਆਂ ਇਹ ਤੱਥ ਸਾਹਮਣੇ ਆਉਂਦਾ ਹੈ ਕਿ ਚਾਹੇ ਇਸਤਰੀ ਪੁਰਸ਼ ਵਿਚ ਸਰੀਰਕ ਤੌਰ ‘ਤੇ ਅੰਤਰ ਹੈ, ਪਰ ਸਮੁੱਚੇ ਤੌਰ ‘ਤੇ ਇਸਤਰੀ ਦੇ ਯੋਗਦਾਨ ਨੂੰ ਝੁਠਲਾਇਆ ਨਹੀਂ ਜਾ ਸਕਦਾ। ਜੇ ਅਸੀਂ ਇਸਤਰੀ ਪੁਰਸ਼ ਨੂੰ ਮੁੱਖ ਰੱਖ ਕੇ ਕਿੱਤਿਆਂ ਦੀ ਵੰਡ ਕਰੀਏ ਤਾਂ ਪਤਾ ਚੱਲਦਾ ਹੈ ਕਿ ਕੁਝ ਕਿੱਤੇ ਤਾਂ ਨਿਰੋਲ ਇਸਤਰੀਆਂ ਦੇ ਕਰਨ ਵਾਲੇ ਹੁੰਦੇ ਹਨ, ਉਨ੍ਹਾਂ ਦਾ ਸੁਭਾਅ ਉਸ ਕਿੱਤੇ ਨਾਲ ਬਿਲਕੁਲ ਮੇਲ ਖਾਂਦਾ ਹੈ, ਉਹ ਪੁਰਸ਼ ਨਾਲੋਂ ਵਧੇਰੇ ਕੁਸ਼ਲ ਹੁੰਦੀਆਂ ਹਨ, ਜਿਵੇਂ ਨਰਸਿੰਗ, ਅਧਿਆਪਕ, ਡਾਕਟਰ ਆਦਿ ਬਣਨਾ। ਇਸ ਤਰ੍ਹਾਂ ਕੁਝ ਹੋਰ ਕਿੱਤਿਆਂ ਦੀ ਸੂਚੀ ਵੀ ਬਣਾਈ ਜਾ ਸਕਦੀ ਹੈ, ਜਿਨ੍ਹਾਂ ਵਿਚ ਇਸਤਰੀ ਦੀ ਭੂਮਿਕਾ ਨੂੰ ਦੇਖਦੇ ਹੋਏ ਜਿਹੜੀ ਆਮਦਨ ਨੂੰ ਕੁਝ ਆਲੋਚਕ ਬਰੈਕਟ ਵਿਚ ਰੱਖਣਾ ਚਾਹੁੰਦੇ ਹਨ, ਉਸ ਦੀ ਘਾਟ ਪੂਰੀ ਕੀਤੀ ਜਾ ਸਕਦੀ ਹੈ।
ਵੀਹਵੀਂ ਸਦੀ ਦੇ ਅੰਤਲੇ ਦਹਾਕਿਆਂ ‘ਤੇ ਆ ਕੇ ਸੰਸਾਰ ਵਿਚ ਪਹਿਲਾਂ ਯੂਰਪ ਵਿਚ ਔਰਤ ਦੀ ਆਜ਼ਾਦੀ ਦੀ ਲਹਿਰ ਚੱਲੀ ਤੇ ਸਾਰੇ ਸੰਸਾਰ ਨੂੰ ਇਸ ਨੇ ਝੰਜੋੜ ਕੇ ਰੱਖ ਦਿੱਤਾ। ਵਿਕਾਸ ਕਾਰਜਾਂ ਨੂੰ ਮੁੱਖ ਰੱਖ ਕੇ ਇਸ ਲਹਿਰ ਨੇ ਜਿੱਥੇ ਇਸਤਰੀ ਦੀ ਆਜ਼ਾਦੀ ਵਿਚ ਕੁਝ ਹੱਦ ਤੱਕ ਯੋਗਦਾਨ ਪਾਇਆ, ਉਥੇ ਵਿਕਾਸ ਕਾਰਜਾਂ ਤੇ ਇਸਤਰੀ ਦੀ ਸ਼ਕਤੀ ਨਾਲ ਵਧੇਰੇ ਤੇਜ਼ੀ ਆਈ। ਇਸ ਲਹਿਰ ਨੇ ਹੀ ਔਰਤ ਵਿਚ ਚੇਤੰਨਤਾ ਜਗਾਈ ਤੇ ਵਿਦਿਆ ਦੇ ਪਸਾਰ ਵਿਚ ਵਾਧਾ ਕੀਤਾ।
ਯੂਨੈਸਕੋ ਦੀ ਇਕ ਰਿਪੋਰਟ ਅਨੁਸਾਰ ਦੁਨੀਆਂ ਵਿਚ ਅਨਪੜ੍ਹਤਾ, ਗਰੀਬੀ ਅਤੇ ਲਿੰਗ ਵਿਚ ਅੰਤਰ ਅਰਥਾਤ ਇਸਤਰੀਆਂ ਦੀ ਅਨੁਪਾਤ ਲਗਭਗ ਇਕੋ-ਜਿਹੀ ਨਜ਼ਰ ਆਉਂਦੀ ਹੈ। ਹੁਣ ਇਸਤਰੀਆਂ ਦੀ ਵਿੱਦਿਆ ਵਿਚ ਇਨਕਲਾਬੀ ਜਿਹੀ ਤਬਦੀਲੀ ਆਈ ਹੈ, ਇਸ ਨੇ ਇਸਤਰੀਆਂ ਵਿਚ ਸ੍ਵੈ-ਨਿਰਭਰਤਾ ਤੇ ਪੁਰਸ਼ ਨਾਲ ਬਰਾਬਰੀ ਦੇ ਸੰਕਲਪ ਨੂੰ ਉਤਸ਼ਾਹਤ ਕੀਤਾ ਹੈ।
ਇਸਤਰੀਆਂ ਨੂੰ ਪੂਰੀ ਤਰ੍ਹਾਂ ਸੰਪੂਰਨ ਤੌਰ ‘ਤੇ ਪ੍ਰਚੰਡ ਕਰਕੇ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਂਦੀ ਜਾ ਸਕਦੀ ਹੈ। ਵਿਕਾਸ ਕਰ ਰਹੇ ਦੇਸ਼ਾਂ ਲਈ ਇਸ ਸ਼ਕਤੀ ਦੀ ਵਧੇਰੇ ਲੋੜ ਹੈ ਤੇ ਭਾਰਤੀ ਦ੍ਰਿਸ਼ਟੀਕੋਣ ਤੋਂ ਤਾਂ ਇਸ ਦਾ ਸਮਾਜਿਕ, ਧਾਰਮਿਕ, ਸਦਾਚਾਰਕ ਤੇ ਆਰਥਿਕ ਤੌਰ ‘ਤੇ ਵਿਕਾਸ ਕਰਨ ਲਈ ਇਸ ਸ਼ਕਤੀ ਦਾ ਵਧੇਰੇ ਕਾਰਜਸ਼ੀਲ ਹੋਣਾ ਬਹੁਤ ਮਹੱਤਵ ਰੱਖਦਾ ਹੈ। ਇਹ ਸ਼ਕਤੀ ਇਕ ਉਤਪ੍ਰੇਰਿਕ ਦੇ ਰੂਪ ਵਿਚ ਕਾਰਜ ਕਰ ਸਕਦੀ ਹੈ।