ਲੇਖ – ਇਕ ਚੁੱਪ ਤੇ ਸੌ ਸੁਖ


ਇਕ ਚੁੱਪ ਤੇ ਸੌ ਸੁਖ


ਇਕ ਚੁੱਪ ਤੇ ਸੌ ਸੁਖ‘ ਪੰਜਾਬੀ ਦਾ ਇੰਨਾ ਹੀ ਪੁਰਾਣਾ ਅਖਾਣ ਹੈ, ਜਿੰਨੀ ਪੰਜਾਬੀ ਬੋਲੀ। ਪਰ ਇਹ ਵਿਚਾਰ ਨਿਰਾ ਪੰਜਾਬੀਆਂ ਦਾ ਹੀ ਨਹੀਂ, ਹੋਰ ਦੇਸ਼ਾਂ ਵਿਚ ਵੀ ‘ਚੁਪ’ ਦੀ ਬੜੀ ਵਡਿਆਈ ਕੀਤੀ ਗਈ ਹੈ। ਅੰਗ੍ਰੇਜ਼ੀ ਦਾ ਇਕ ਅਖਾਣ ਹੈ ਜਿਸ ਦਾ ਭਾਵ ਇਹ ਹੈ, ਕਿ ‘ਚੁੱਪ ਸੁਨਹਿਰੀ ਤੇ ਬੋਲਣ ਰੁੱਪਾ‘ ਹੁੰਦਾ ਹੈ, ਹਾਂ, ਚੁੱਪ ਦਾ ਭਾਵ ਇਹ ਨਹੀਂ ਕਿ ਬੰਦਾ ਜੀਭ ਨੂੰ ਜਿੰਦਰਾਂ ਲਾ ਛੱਡੇ ਤੇ ਉਕਾ ਬੋਲੇ ਹੀ ਨਾ ਜਾਂ ਮੋਨੀ ਬਣ ਜਾਏ। ਸਗੋਂ ਇਸ ਦਾ ਅਰਥ ਇਹ ਹੈ ਕਿ ਬੰਦਾ ਬੜ ਬੜ, ਕੜ ਕੜ ਨਾ ਕਰਦਾ ਰਹੇ, ਫਜੂਲ ਤੇ ਬੇਲੋੜਾ ਨਾ ਬੋਲੇ ਤੇ ਜਦ ਬੋਲੇ, ਸੋਚ ਸਮਝ ਕੇ ਬੋਲੇ। ਬਹੁਤਾ ਬੋਲਣ ਵਾਲੇ ਨੂੰ ਹੀ ਲੋਕ ‘ਪੜਪਾਟਾ ਢੋਲ’ ਕਹਿੰਦੇ ਹਨ ਤੇ ਇਸ ਨੂੰ ਹੀ ਧਾਰਮਿਕ ਗ੍ਰੰਥਾਂ ਵਿਚ ਝੱਖਣਾ ਕਿਹਾ ਗਿਆ ਹੈ।

ਬਹੁਤਾ ਬੋਲਣਾ ਰੱਖਣ ਹੋਇ।

ਅਰਥਾਤ ਬਹੁਤਾ ਬੋਲਣ ਜਾਂ ਬਕ-ਬਕ ਕਰਨਾ ਤੇ ਚੀਕ-ਚਿਹਾੜਾ ਪਾਉਣਾ ਨਿਰੀ ਸਿਰ ਖਪਾਈ ਹੈ, ਇਹਦੇ ਵਿੱਚੋਂ ਪ੍ਰਾਪਤ ਕੁਝ ਨਹੀਂ ਹੁੰਦਾ। ਵਿਚਾਰ ਕੀਤਿਆਂ ਪਤਾ ਲਗਦਾ ਹੈ ਕਿ ਬਹੁਤਾ ਬੋਲਣਾ ਲੜਾਈਆਂ-ਝਗੜਿਆਂ ਦਾ ਕਾਰਨ ਬਣਦਾ ਹੈ। ਇਕ ਵਾਰਤਾ ਹੈ ਕਿ ਕਿਸੇ ਘਰ ਵਿਚ ਨੂੰਹ-ਸੱਸ ਦੀ ਬੜੀ ਲੜਾਈ ਰਹਿੰਦੀ ਸੀ। ਸੱਸ ਜਦੋਂ ਵੀ ਨੂੰਹ ਨੂੰ ਕੁਝ ਕਹਿੰਦੀ, ਨੂੰਹ ਇਹ ਸਮਝ ਕੇ ਕਿ ਇਹ ਮੈਨੂੰ ਅਕਾਰਨ ਕੋਸ ਤੇ ਝਿੜਕ ਰਹੀ ਹੈ, ਝਟਪਟ ਉਸ ਨੂੰ ਇਕ ਦੀਆਂ ਚਾਰ ਸੁਣਾ ਦੇਂਦੀ ਤੇ ਇਸ ਤਰ੍ਹਾਂ ਝਗੜਾ ਲਗਾਤਾਰ ਚਲਦਾ ਰਹਿੰਦਾ। ਇਕ ਦਿਨ ਸੱਸ ਦੀ ਅਣਉਪਸਥਿਤੀ ਵਿਚ ਇਕ ਸਾਧੂ ਉਨਾਂ ਦੇ ਘਰ ਆਇਆ ਤਾਂ ਨੂੰਹ ਨੇ ਉਸ ਨੂੰ ਸਾਰੀ ਵਿੱਥਿਆ ਸੁਣਾ ਕੇ ਆਖਿਆ, “ਮਹਾਰਾਜ ਕੋਈ ਅਜਿਹਾ ਮੰਤਰ ਮਾਰੋ ਕਿ ਮੇਰੀ ਸੱਸ ਮੇਰੇ ਨਾਲ ਲੜਨਾ ਛੱਡ ਦੇਵੇ।” ਸਾਧੂ ਨੇ ਕਿਹਾ, “ਬੀਬੀ ਚਾਵਲਾਂ ਦੀ ਇੱਕ ਬੁੱਕ ਭਰ ਕੇ ਲੈ ਆ। ਮੈਂ ਉਨ੍ਹਾਂ ਉੱਤੇ ਮੰਤਰ ਮਾਰਾਂਗਾ। ਤੂੰ ਉਹ ਚਾਵਲ ਕੋਲ ਰਖ ਲਈਂ ਤੇ ਜਦ ਵੀ ਤੇਰੀ ਸੱਸ ਕੌੜ- ਕੁੜਾਗੇ ਸ਼ਬਦ ਬੋਲੇ, ਪੰਜ-ਸੱਤ ਦਾਣੇ ਦੰਦਾਂ ਹੇਠ ਲੈ ਲਈਂ।” ਹੁਣ ਜਦ ਵੀ ਸੱਸ ਬੋਲਦੀ, ਨੂੰਹ ਝਟਪਟ ਚਾਵਲਾਂ ਦੇ ਦਾਣੇ ਦੰਦਾਂ ਹੇਠ ਰੱਖ ਲੈਂਦੀ। ਇਸ ਨਾਲ ਉਹ ਅੱਗੋਂ ਕੁਝ ਬੋਲ ਨਾ ਸਕਦੀ ਤੇ ਸੱਸ ਵੀ ਦੋ-ਚਾਰ ਬੋਲ, ਬੋਲ ਕੇ ਚੁੱਪ ਕਰ ਜਾਂਦੀ। ਹੌਲੀ-ਹੌਲੀ ਸੱਸ ਦਾ ਬੋਲਣਾ ਬਿਲਕੁਲ ਬੰਦ ਹੋ ਗਿਆ।

ਇਹ ਸਾਰੀ ਕਰਾਮਤ ਮੰਤਰੇ ਹੋਏ ਚਾਵਲਾਂ ਦੀ ਨਹੀਂ, ਸਗੋਂ ਚੁੱਪ ਦੀ ਸੀ, ਜਿਸ ਨੇ ਨੂੰਹ-ਸੱਸ ਦੋਹਾਂ ਨੂੰ ਸੁਖੀ ਕਰ ਦਿੱਤਾ। ਕਬੀਰ ਜੀ ਦਾ ਇਹ ਕਥਨ ਬਿਲਕੁਲ ਠੀਕ ਹੈ ਕਿ ‘ਬੋਲਤ ਬੋਲਤ ਬਢੈ ਬਿਕਾਰਾ’ ਅਰਥਾਤ ਬੋਲਦਿਆਂ- ਬੋਲਦਿਆਂ ਝਗੜਾ ਵਧ ਜਾਂਦਾ ਹੈ। ਤਾੜੀ ਤਾਂ ਦੋਹੀਂ ਹੱਥੀ ਵਜਦੀ ਹੈ। ਜਦ ਇਕ ਆਦਮੀ ਆਪ ਊਲ-ਜਲੂਲ ਤੇ ਅਨਾਪ-ਸ਼ਨਾਪ ਬੋਲੀ ਜਾਂਦਾ ਹੈ ਤੇ ਅਗਲਾ ਸਿਆਣਪ ਤੋਂ ਕੰਮ ਲੈ ਕੇ ਮੌਨ ਧਾਰ ਲੈਂਦਾ ਹੈ, ਤਾਂ ਅੰਤ ਬੋਲਣ ਵਾਲਾ ਵੀ ਚੁੱਪ ਕਰ ਜਾਂਦਾ ਹੈ ਤੇ ਝਗੜਾ ਕਦੇ ਨਹੀਂ ਵਧਦਾ।

ਵਿਚਾਰਵਾਨਾਂ ਨੇ ਬੋਲਣ ਤੇ ਚੁੱਪ ਰਹਿਣ ਬਾਰੇ ਕੁਝ ਗੁਰ ਦੱਸੇ ਹਨ। ਇਨ੍ਹਾਂ ਵਿੱਚੋਂ ਇਕ ਇਹ ਹੈ ਕਿ ਮੂਰਖ ਬੰਦੇ ਨਾਲ ਵਾਦ-ਵਿਵਾਦ ਜਾਂ ਵਿਚਾਰ-ਵਿਵੇਚਨ ਕਰਨ ਦਾ ਕੋਈ ਲਾਭ ਨਹੀਂ। ਭਾਈ ਗੁਰਦਾਸ ਜੀ ਵੀ ਕਹਿੰਦੇ ਹਨ, ਮੂਰਖ ਨਾਲ ਚੰਗੇਰੀ ਚੁੱਪਾ, ਤੇ ਗੁਰੂ ਸਾਹਿਬ ਦਾ ਵੀ ਵਾਕ ਹੈ, ਸੰਤਾਨ ਸਿਉ ਬੋਲੇ ਉਪਕਾਰੀ, ਮੂਰਖ ਸਿਓ ਬੋਲੇ ਝਖ ਮਾਰੀ। ਮੂਰਖ ਨਾ ਤਾਂ ਆਪ ਸੋਚ-ਸਮਝ ਕੇ ਬੋਲਦਾ ਹੈ ਅਤੇ ਨਾ ਹੀ ਅਗਲੇ ਦੀ ਕੋਈ ਗੱਲ ਸ਼ਾਂਤੀਪੂਰਵਕ ਸੁਣਦਾ ਜਾਂ ਵਿਚਾਰਦਾ ਹੈ। ਸੋ ਉਹਦੇ ਨਾਲ ਬੋਲਣਾ ਨਿਰੀ ਬਕ – ਬਕ ਤੇ ਪਾਣੀ ਰਿੜਕਣ ਵਾਲੀ ਗੱਲ ਹੈ। ਦੂਜਾ ਗੁਰ ਇਹ ਹੈ ਕਿ ਭਲੇ ਪੁਰਸ਼ਾਂ ਨਾਲ ਵਿਚਾਰ ਵਟਾਂਦਰਾ ਅਵੱਸ਼ ਕਰੋ। ਉਹ ਤੁਹਾਡੀ ਗੱਲ ਸੁਣਨਗੇ ਤੇ ਤੁਹਾਨੂੰ ਕੁਝ ਸਿਆਣੀਆਂ ਤੇ ਉਪਯੋਗੀ ਗੱਲਾਂ ਦੱਸਣਗੇ ਜਿਨ੍ਹਾਂ ਤੋਂ ਤੁਹਾਨੂੰ ਫਾਇਦਾ ਹੋਵੇਗਾ। ਪਰ ਜਦ ਤੁਹਾਡਾ ਵਾਹ ਕਿਸੇ ਬੁਰੇ ਜਾਂ ਦੁਸ਼ਟ ਬੰਦੇ ਨਾਲ ਪਏ ਤਾਂ ਉਥੇ ਚੁੱਪ ਕਰ ਰਹਿਣਾ ਹੀ ਚੰਗੇਰਾ ਹੈ। ਗੁਰੂ ਸਾਹਿਬ ਨੇ ਕਿਹਾ ਸੋਹਣਾਂ ਫੁਰਮਾਇਆ ਹੈ:-

‘ਸੰਤ ਮਿਲੈ ਕਿਛੁ ਸੁਣੀਏ ਕਹੀਏ,
ਮਿਲੇ ਅਸਤ ਮੁਸ਼ਟ ਹੋਇ ਰਹੀਐ।’

ਭਾਵ ਇਹ ਕਿ ਭਲੇ ਪੁਰਸ਼ਾਂ ਨਾਲ ਵਾਰਤਲਾਪ ਕਰੋ, ਪਰ ਦੁਸ਼ਟਾਂ ਦੇ ਸਾਮ੍ਹਣੇ ਦੜ ਵੱਟ ਲੈਣਾ ਹੀ ਠੀਕ ਹੈ। ਇਸ ਸੰਬੰਧ ਵਿਚ ਇਕ ਹੋਰ ਗੱਲ ਇਹ ਹੈ ਕਿ ਜਿੱਥੇ ਬੋਲ – ਬੋਲ ਕੇ ਅਖੀਰ ਹਾਰ-ਟੁੱਟ ਜਾਣਾ ਹੋਵੇ ਜਾਂ ਨਤੀਜਾ ਕੁਝ ਨਾ ਨਿਕਲਣਾ ਹੋਵੇ, ਉਥੇ ਖਾਮੋਸ਼ ਰਹਿਣਾ ਹੀ ਚੰਗਾ ਹੈ। ਇਹੋ ਜਿਹੇ ਥਾਂ ਬੋਲਣ ਵਿਚ ਆਪਣੇ ਮਨ ਦੀ ਸ਼ਾਂਤੀ ਭੰਗ ਹੋ ਜਾਂਦੀ ਹੈ। ਸੋ ਇਹ ਅਸੂਲ ਅਪਣਾ ਲੈਣਾ ਚਾਹੀਦਾ ਹੈ :

ਜਿਥੈ ਬੋਲਣ ਹਾਰੀਐ ਤਿਥੈ ਚੰਗੀ ਚੁਪ।

ਬੋਲਣ ਬਾਰੇ ਇਕ ਹੋਰ ਸੁਨਹਿਰੀ ਅਸੂਲ ਇਹ ਹੈ ਕਿ ਪਹਿਲਾਂ ਤੋਲੋ ਤੇ ਫਿਰ ਬੋਲੋ ਜਾਂ ਜਿਵੇਂ ਅੰਗਰੇਜ਼ੀ ਵਿਚ ਕਹਿੰਦੇ ਹਨ ਪਹਿਲਾਂ ਸੋਚੋ ਤੇ ਫਿਰ ਬੋਲੋ। ਤਜਰਬਾ ਇਹੋ ਦਸਦਾ ਹੈ ਕਿ ਜਿੰਨਾ ਕੋਈ ਆਦਮੀ ਬਹੁਤਾ ਬੋਲਦਾ ਹੈ, ਉੱਨਾਂ ਹੀ ਉਹ ਘੱਟ ਸੋਚਦਾ ਹੈ। ਇਹੋ ਜਿਹਾ ਆਦਮੀ ਬਿਨਾਂ ਸੋਚੇ-ਸਮਝੇ ਚਪੜ-ਚਪੜ ਕਰੀ ਜਾਂਦਾ ਹੈ। ਉਸ ਦੇ ਬਹੁਤੇ ਬੋਲ ਨਿਰਾਰਥਕ, ਬੇਜੋੜੇ ਤੇ ਅਸੰਗਤ ਹੁੰਦੇ ਹਨ, ਜਿਨ੍ਹਾਂ ਦਾ ਕੋਈ ਸਿਰਪੈਰ ਨਹੀਂ ਹੁੰਦਾ। ਇਹ ਲੋਕ ਗੱਲਾਂ-ਗੱਲਾਂ ਵਿਚ ਹੀ ਅਣਭੋਲ ਆਪਣੇ ਕਈ ਭੇਤ ਦਸ ਜਾਂਦੇ ਹਨ ਤੇ ਗੱਲਾਂ ਵਿਚ ਹੀ ਅਗਲੇ ਨੂੰ ਅਜਿਹਾ ਨਾਰਾਜ਼ ਕਰ ਲੈਂਦੇ ਹਨ ਕਿ ਜੀਹਦੀ ਫਿਰ ਤਲਾਫੀ (compensation) ਹੀ ਨਹੀਂ ਹੋ ਸਕਦੀ। ਸਿਆਣਿਆਂ ਦਾ ਕਥਨ ਹੈ ਕਿ ਜਦ ਤਕ ਤੁਸੀਂ ਕੋਈ ਗੱਲ ਮੂੰਹੋਂ ਨਹੀਂ ਕੱਢਦੇ, ਉਹ ਤੁਹਾਡੀ ਹੁੰਦੀ ਹੈ, ਪਰ ਮੂੰਹੋਂ ਕੱਢੇ ਹੋਏ ਬੋਲ ਤੁਹਾਡੇ ਨਹੀਂ ਰਹਿੰਦੇ ਨਾ ਵਾਪਸ ਆ ਸਕਦੇ ਹਨ।

ਬੋਲਣ ਵਿਚ ਸਰੀਰ ਦੀ ਸ਼ਕਤੀ ਖਰਚ ਹੁੰਦੀ ਹੈ ਤੇ ਇਸ ਸ਼ਕਤੀ ਨੂੰ ਜਿੰਨਾ ਬਚਾ ਕੇ ਰੱਖਿਆ ਜਾਏ, ਉਨ੍ਹਾਂ ਹੀ ਫਾਇਦਾ ਹੈ। ਮਹਾਤਮਾ ਗਾਂਧੀ ਜੀ ਹਫ਼ਤੇ ਵਿਚ ਇਕ ਦਿਨ ਮੌਨ ਵਰਤ ਰਖਿਆ ਕਰਦੇ ਸਨ ਤੇ ਆਚਾਰੀਆ ਵਿਨੋਭਾ ਭਾਵੇ ਵੀ ਕਈ-ਕਈ ਦਿਨ ਚੁੱਪ ਰਹਿੰਦੇ ਰਹੇ ਸਨ। ਘੱਟ ਬੋਲਣ ਵਾਲੇ ਮਨੁੱਖਾਂ ਨੂੰ ਲੋਕ ਬੜੇ ਧਿਆਨ ਨਾਲ ਸੁਣਦੇ ਹਨ ਤੇ ਉਨ੍ਹਾਂ ਦੇ ਬੋਲਾਂ ਦੀ ਕਦਰ ਕਰਦੇ ਹਨ। ਕਊਏ ਦੀ ਲਗਾਤਾਰ ‘ਕਾਂ-ਕਾਂ’ ਲੋਕਾਂ ਦਾ ਸਿਰ ਖਾਂਦੀ ਹੈ ਤੇ ਲੋਕ ਉਸ ਨੂੰ ਸੁਣਨਾ ਪਸੰਦ ਨਹੀਂ ਕਰਦੇ, ਜਦਕਿ ਕੋਇਲ ਦੀ ਕਦੇ-ਕਦੇ ਕੀਤੀ ‘ਕੂਹੂ – ਕੂਹੂ’ ਲੋਕਾਂ ਨੂੰ ਸੁਰੀਲੀ ਤੇ ਪਿਆਰੀ ਲਗਦੀ ਹੈ। ਚੁੱਪ ਰਹਿਣ ਵਾਲਾ ਤੇ ਸਮੇਂ ਸਿਰ ਬੋਲਣ ਵਾਲਾ ਗਹਿਰ-ਗੰਭੀਰ ਸਿਆਣਾ ਸਮਝਿਆ ਜਾਂਦਾ ਹੈ।

ਵੇਖਣ ਵਿਚ ਆਇਆ ਹੈ ਕਿ ਜਿਹੜਾ ਬੰਦਾ ਊਣਾ ਜਾਂ ਘਟ ਸਮਝ ਵਾਲਾ ਹੁੰਦਾ ਹੈ, ਉਹ ਆਪਣੀ ਬੇਸਮਝੀ ਨੂੰ ਢੱਕਣ ਲਈ ਵਧੇਰੇ ਬੋਲਦਾ ਹੈ, ਭਾਵੇਂ ਬੋਲਣ ਨਾਲ ਉਸ ਦੀ ਬੇਸਮਝੀ ਵਧੇਰੇ ਉਜਾਗਰ ਹੁੰਦੀ ਹੈ। ਜਦ ਤਕ ਉਹ ਚੁੱਪ ਰਹਿੰਦਾ ਹੈ, ਉਸ ਦੇ ਔਗੁਣ ਢੱਕੇ ਰਹਿੰਦੇ ਹਨ, ਪਰ ਬੋਲਣ ਸਾਰ ਉਸ ਦਾ ਪਰਦਾਫਾਸ਼ ਹੋ ਜਾਂਦਾ ਹੈ। ਕੁਦਰਤ ਦੇ ਕਾਰਖਾਨੇ ਵਿਚ ਅਨੇਕਾਂ ਅਜਿਹੇ ਉਦਾਹਰਨ ਹਨ; ਜਿਨ੍ਹਾਂ ਤੋਂ ਪਤਾ ਲਗਦਾ ਹੈ ਕਿ ਖਾਲੀ ਤੇ ਉਣੇ ਹੀ ਬਹੁਤੀ ਆਵਾਜ਼ ਕੱਢਦੇ ਹਨ। ਥੋਥੇ ਦੀ ਆਵਾਜ਼ ਭਰੇ ਹੋਏ ਨਾਲੋ ਬਹੁਤ ਜ਼ਿਆਦਾ ਹੁੰਦੀ ਹੈ। ਇਸੇ ਵਾਸਤੇ ਅਖਾਣ ਹੈ, ਥੋਥਾ ਚਣਾ ਬਾਜੇ ਘਣਾ। ਡੂੰਘੇ ਪਾਣੀ ਚੁਪ-ਚਾਪ ਚਲਦੇ ਹਨ, ਜਦਕਿ ਪੇਤਲੇ ਖਾਡ਼-ਖਾੜ ਕਰਦੇ ਜਾਂਦੇ ਹਨ। ਇਸੇ ਤਰ੍ਹਾਂ ਜਿਹੜਾ ਘੜਾ ਘੱਟ ਪਾਣੀ ਵਾਲਾ ਤੇ ਊਣਾ ਹੁੰਦਾ ਹੈ, ਉਹੀ ਛਲਕਦਾ ਹੈ, ਪੂਰੇ ਭਰੇ ਹੋਏ ਭਾਂਡੇ ਵਿੱਚੋਂ ਪਾਣੀ ਕਦੇ ਨਹੀਂ ਡੋਲਦਾ। ਕਬੀਰ ਜੀ ਕਹਿੰਦੇ ਹਨ :-

ਕਹਿ ਕਬੀਰ ਛੂਛਾ ਘਟ ਬੋਲੇ
ਭਰਿਅ ਹੋਇ ਸੋ ਕਬਹੂੰ ਨਾ ਡੋਲੇ।

ਜਿਵੇਂ ਕਿ ਸ਼ੁਰੂ ਵਿਚ ਵੀ ਲਿਖਿਆ ਗਿਆ ਹੈ ਕਿ ਚੁੱਪ ਦਾ ਅਰਥ ਇਹ ਨਹੀਂ ਕਿ ਮਨੁੱਖ ਕਦੇ ਬੋਲੇ ਹੀ ਨਾ। ਅਸਲੀਅਤ ਇਹ ਹੈ ਕਿ ਨਾ ਅੱਤ ਦਾ ਬੋਲਣਾ ਚੰਗਾ ਹੈ ਤੇ ਨਾ ਅੱਤ ਦੀ ਚੁੱਪ, ਜਿਵੇਂ ਨਾ ਅੱਤ ਦੀ ਵਰਖਾ ਤੇ ਨਾ ਅੱਤ ਦੀ ਧੁੱਪ ਚੰਗੀ ਹੈ। ਇਸ ਲਈ ਵਿਚਕਾਰਲਾ ਰਾਹ ਅਪਨਾਉਣਾ ਹੀ ਠੀਕ ਹੈ। ਪਰਮਾਤਮਾ ਨੇ ਸਾਨੂੰ ਕੰਨ ਦੋ ਦਿੱਤੇ ਹਨ, ਪਰ ਜੀਭ ਇਕ, ਤਾਂ ਜੁ ਅਸੀਂ ਸੁਣੀਏ ਬਹੁਤਾ ਤੇ ਬੋਲੀਏ ਘੱਟ। ਅੰਤਿਮ ਅਸੂਲ ਇਹ ਹੈ ਕਿ ਜਦ ਤੇ ਜਿੰਨੀ ਲੋੜ ਹੋਵੇ, ਉਦੋਂ ਤੇ ਉੱਨਾ ਬੋਲੇ ਅਤੇ ਪਹਿਲਾਂ ਸੋਚੇ ਤੇ ਫਿਰ ਬੋਲੋ।