CBSEclass 11 PunjabiClass 9th NCERT PunjabiEducationNCERT class 10thParagraphPunjab School Education Board(PSEB)

ਲੇਖ : ਆਨਲਾਈਨ ਪੜ੍ਹਾਈ

ਆਨਲਾਈਨ ਪੜ੍ਹਾਈ

ਕੋਰੋਨਾ ਵਾਇਰਸ ਨੇ ਚਾਰੇ ਪਾਸੇ ਮਚਾਈ ਹੈ ਤਬਾਹੀ,
ਬੱਚੇ ਘਰ ਬੈਠੇ ਕਰ ਰਹੇ ਹਨ ਆਨਲਾਈਨ ਪੜਾਈ।

ਭੂਮਿਕਾ : ਕਦੇ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ ਕਿ ਅਜਿਹਾ ਸਮਾਂ ਵੀ ਆਏਗਾ ਕਿ ਅਧਿਆਪਕ ਆਪਣੇ ਵਿਦਿਆਰਥੀਆਂ ਤੋਂ ਦੂਰ ਬੈਠ ਕੇ ਮੋਬਾਈਲ ‘ਤੇ ਪੜ੍ਹਾਉਣਗੇ। ਕੋਰੋਨਾ ਕਾਲ ਦੌਰਾਨ ਆਨਲਾਈਨ ਪੜ੍ਹਾਈ ਹੀ ਇੱਕ ਅਜਿਹਾ ਸਾਧਨ ਹੈ, ਜਿਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਜਾਰੀ ਰੱਖ ਕੇ ਉਨ੍ਹਾਂ ਦਾ ਸਾਲ ਖ਼ਰਾਬ ਹੋਣ ਤੋਂ ਬਚਾਇਆ ਗਿਆ। ਜਿੱਥੇ ਇਸ ਵਾਇਰਸ ਨੇ ਵਿਸ਼ਵ ਪੱਧਰ ‘ਤੇ ਹਰੇਕ ਖੇਤਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ, ਉੱਥੇ ਸਿੱਖਿਆ ਪ੍ਰਣਾਲੀ ਨੂੰ ਤਾਂ ਪੂਰੀ ਤਰ੍ਹਾਂ ਹੀ ਬਦਲ ਕੇ ਰੱਖ ਦਿੱਤਾ ਹੈ। ਅਕਸਰ ਹੀ ਮਾਪੇ ਤੇ ਅਧਿਆਪਕ ਵਿਦਿਆਰਥੀਆਂ ਨੂੰ ਮੋਬਾਈਲ ਫੋਨ ਤੋਂ ਦੂਰ ਰਹਿਣ ਦੀ ਨਸੀਹਤ ਦਿੰਦੇ ਹੋਏ ਇਸ ਦੇ ਨੁਕਸਾਨ ਗਿਣਾਉਂਦੇ ਨਹੀਂ ਸਨ ਥੱਕਦੇ, ਪਰ ਅੱਜ ਮੋਬਾਈਲ ਫੋਨ ਉਨ੍ਹਾਂ ਦੇ ਜੀਵਨ ਦਾ ਅਟੁੱਟ ਅੰਗ ਬਣ ਗਿਆ ਹੈ।

ਸਮੇਂ ਦੀ ਮੰਗ : ਕੋਰੋਨਾ ਕਾਲ ਦੌਰਾਨ ਆਨਲਾਈਨ ਪੜ੍ਹਾਈ ਸਮੇਂ ਦੀ ਜ਼ਰੂਰਤ ਬਣ ਗਈ ਹੈ। ਵਾਇਰਸ ਤੋਂ ਬਚਣ ਲਈ ਵਿੱਦਿਅਕ ਸੰਸਥਾਵਾਂ ਬੰਦ ਹੋਣ ਕਰ ਕੇ ਵਿਦਿਆਰਥੀ ਘਰ ਵਿੱਚ ਸੁਰੱਖਿਅਤ ਰਹਿ ਕੇ ਮੋਬਾਈਲ ‘ਤੇ ਆਨਲਾਈਨ ਪੜ੍ਹਾਈ ਕਰ ਰਹੇ ਹਨ। ਅਧਿਆਪਕ ਜ਼ੂਮ, ਗੂਗਲ ਮੀਟ ਅਤੇ ਮਾਈਕ੍ਰੋਸੌਫਟ ਟੀਮਜ਼ ਆਦਿ ਪਲੇਟਫਾਰਮ ‘ਤੇ ਪੜ੍ਹਾ ਰਹੇ ਹਨ। ਵਿਦਿਆਰਥੀਆਂ ਦੀ ਪ੍ਰੀਖਿਆ ਲੈਣ ਲਈ ਗੂਗਲ ਫਾਰਮਜ਼, ਐਗਜ਼ਾਮ ਨੈੱਟ ਆਦਿ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਵਿਦਿਆਰਥੀਆਂ ਦੀ ਬੋਰਡ ਦੇ ਇਮਤਿਹਾਨਾਂ ਲਈ ਤਿਆਰੀ ਹੋ ਰਹੀ ਹੈ। ਇਸ ਤੋਂ ਇਲਾਵਾ ਵਿਦਿਆਰਥੀਆਂ ਦੇ ਮਾਪਿਆਂ ਨਾਲ ਵਰਚੂਅਲ ਮੀਟਿੰਗਾਂ ਕਰ ਕੇ ਉਨ੍ਹਾਂ ਦੀ ਪੜ੍ਹਾਈ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ।

ਪਾਠਕ੍ਰਮ ਦੀ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਦੇ ਸਰਬ-ਪੱਖੀ ਵਿਕਾਸ ਲਈ ਸੈਮੀਨਾਰ ਵੀ ਲਗਾਏ ਜਾ ਰਹੇ ਹਨ। ਸੀ.ਬੀ.ਐੱਸ.ਈ. ਵੱਲੋਂ ਅਧਿਆਪਕਾਂ ਲਈ ਵੀ ਅਨੇਕ ਸੈਮੀਨਾਰ ਲਗਾਏ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਆਨਲਾਈਨ ਪੜ੍ਹਾਈ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਸੰਬੰਧੀ ਨੁਸਖੇ ਦੱਸੇ ਜਾ ਰਹੇ ਹਨ।

ਚੁਣੌਤੀ : ਸਕੂਲ ਵਿੱਚ ਅਧਿਆਪਕ ਬਲੈਕ ਬੋਰਡ ਅਤੇ ਸਮਾਰਟ ਬੋਰਡ ਦੀ ਵਰਤੋਂ ਨਾਲ ਪੜ੍ਹਾਉਣ ਦੇ ਆਦੀ ਸਨ। ਉਨ੍ਹਾਂ ਲਈ ਮੋਬਾਈਲ ਜਾਂ ਲੈਪਟਾਪ ‘ਤੇ ਪੜ੍ਹਾਉਣਾ ਕੋਈ ‘ਖਾਲਾ ਜੀ ਦਾ ਵਾੜਾ’ ਨਹੀਂ ਸੀ। ਇਸ ਕਰ ਕੇ ਅਧਿਆਪਕਾਂ ਲਈ ਆਨਲਾਈਨ ਪੜ੍ਹਾਉਣਾ ਬਹੁਤ ਵੱਡੀ ਚੁਣੌਤੀ ਸੀ, ਪਰ ਸਮੇਂ ਦੀ ਨਜ਼ਾਕਤ ਨੂੰ ਵੇਖਦੇ ਹੋਏ ਉਨ੍ਹਾਂ ਦਿਨ-ਰਾਤ ਇੱਕ ਕਰਕੇ ਤਕਨੀਕੀ ਗਿਆਨ ਪ੍ਰਾਪਤ ਕੀਤਾ, ਤਾਂ ਜੁ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਕਿਸੇ ਵੀ ਕਿਸਮ ਦਾ ਵਿਘਨ ਨਾ ਪਏ।

ਜੇ ਵਿਦਿਆਰਥੀਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਵੀ ਆਨਲਾਈਨ ਪੜ੍ਹਾਈ ਲਈ ਤਕਨੀਕਾਂ ਸਿੱਖੀਆਂ। ਸ਼ੁਰੂ-ਸ਼ੁਰੂ ਵਿੱਚ ਤਾਂ ਸਾਰਿਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਪਰ ਬਾਅਦ ਵਿੱਚ ਹੌਲੀ-ਹੌਲੀ ਸਭ ਇਸ ਦੇ ਆਦੀ ਹੋ ਗਏ।

ਲਾਭ : ਅਸੀਂ ਆਨਲਾਈਨ ਪੜ੍ਹਾਈ ਨੂੰ ਸਮੇਂ ਦੀ ਜ਼ਰੂਰਤ ਮੰਨਦੇ ਹਾਂ, ਕਿਉਂਕਿ ਕੋਰੋਨਾ ਵਾਇਰਸ ਦੌਰਾਨ ਹੋਰ ਕੋਈ ਚਾਰਾ ਵੀ ਨਹੀਂ ਸੀ, ਪਰ ਇਸ ਦੇ ਅਨੇਕ ਲਾਭ ਵੀ ਹਨ। ਆਨਲਾਈਨ ਪੜ੍ਹਾਈ ਦੌਰਾਨ ਵਿਦਿਆਰਥੀਆਂ ਦਾ ਸਕੂਲ ਆਉਣ-ਜਾਣ ਦਾ ਸਮਾਂ ਬਚ ਜਾਂਦਾ ਅਤੇ ਮਾਤਾ-ਪਿਤਾ ਦੀ ਆਵਾਜਾਈ ਦੇ ਸਾਧਨਾਂ ਦੇ ਖ਼ਰਚੇ ਤੋਂ ਬੱਚਤ ਹੋ ਜਾਂਦੀ ਹੈ। ਵਿਦਿਆਰਥੀ ਜੇ ਕਿਸੇ ਕਾਰਨ ਸ਼ਹਿਰੋਂ ਬਾਹਰ ਗਿਆ ਹੋਵੇ ਤਾਂ ਉਸ ਦੀ ਪੜ੍ਹਾਈ ਦਾ ਨੁਕਸਾਨ ਬਿਲਕੁਲ ਵੀ ਨਹੀਂ ਹੁੰਦਾ, ਕਿਉਂਕਿ ਦੂਰ-ਦੁਰਾਡੇ ਬੈਠਾ ਵੀ ਉਹ ਮੋਬਾਈਲ ‘ਤੇ ਪੜ੍ਹਾਈ ਕਰ ਸਕਦਾ ਹੈ। ਜੇ ਕਿਤੇ ਵਿਦਿਆਰਥੀ ਬਿਮਾਰ ਹੋ ਜਾਂਦਾ ਸੀ ਤਾਂ ਉਸ ਨੂੰ ਸਕੂਲ ਤੋਂ ਛੁੱਟੀ ਕਰਨੀ ਪੈ ਜਾਂਦੀ ਸੀ ਤੇ ਪੜ੍ਹਾਈ ਦਾ ਹਰਜ ਹੁੰਦਾ ਸੀ ਪਰ ਹੁਣ ਬਿਮਾਰ ਵਿਦਿਆਰਥੀ ਬਿਸਤਰੇ ‘ਤੇ ਬੈਠਾ ਪੀਰੀਅਡ ਲਗਾ ਸਕਦਾ ਹੈ ਜਾਂ ਫਿਰ ਅਧਿਆਪਕ ਕੋਲੋਂ ਉਸ ਲੈਕਚਰ ਦੀ ਰਿਕਾਰਡਿੰਗ ਮੰਗਵਾ ਸਕਦਾ ਹੈ। ਇਸ ਤੋਂ ਇਲਾਵਾ ਗੂਗਲ ਕਲਾਸ-ਰੂਮ ਵਿੱਚ ਨੋਟਿਸ ਭੇਜੇ ਜਾਂਦੇ ਹਨ, ਜੋ ਵਿਦਿਆਰਥੀਆਂ ਲਈ ਲਿਖਤੀ ਕੰਮ ਪੂਰਾ ਕਰਨ ਵਿੱਚ ਸਹਾਈ ਹੁੰਦੇ ਹਨ। ਆਨਲਾਈਨ ਪੜ੍ਹਾਈ ਦੌਰਾਨ ਵਿਦਿਆਰਥੀਆਂ ਦੇ ਤਕਨਾਲੋਜੀ ਸੰਬੰਧੀ ਗਿਆਨ ਵਿੱਚ ਵੀ ਭਰਪੂਰ ਵਾਧਾ ਹੋਇਆ ਹੈ। ਇਸ ਪੜ੍ਹਾਈ ਦਾ ਸਭ ਤੋਂ ਵੱਧ ਲਾਭ ਉਹ ਵਿਦਿਆਰਥੀ ਉਠਾ ਰਹੇ ਹਨ, ਜਿਹੜੇ ਜਮਾਤ ਵਿੱਚ ਸਾਰਿਆਂ ਸਾਹਮਣੇ ਪੁੱਛਣ ਤੋਂ ਕਤਰਾਉਂਦੇ/ਸ਼ਰਮਾਉਂਦੇ ਸਨ। ਹੁਣ ਅਜਿਹੇ ਵਿਦਿਆਰਥੀ ਖੁੱਲ੍ਹ ਕੇ ਆਪਣੇ ਵਿਚਾਰ ਪੇਸ਼ ਕਰਦੇ ਹਨ ਅਤੇ ਆਪਣੇ-ਆਪਣੇ ਘਰ ਬੈਠੇ ਇਕੱਲੇ ਹੀ ਲੈਕਚਰ ਸੁਣ ਰਹੇ ਹੁੰਦੇ ਹਨ। ਇਸ ਲਈ ਉਹ ਪੂਰੀ ਇਕਾਗਰਤਾ ਨਾਲ ਹਰ ਇੱਕ ਗੱਲ ਸੁਣਦੇ ਤੇ ਸਮਝਦੇ ਹਨ। ਸ਼ਰਾਰਤੀ ਬੱਚਿਆਂ ਦੀਆਂ ਸ਼ਰਾਰਤਾਂ ਦਾ ਵਧੀਆ ਵਿਦਿਆਰਥੀਆਂ ‘ਤੇ ਕੋਈ ਪ੍ਰਭਾਵ ਨਹੀਂ ਪੈਂਦਾ, ਜਦੋਂ ਕਿ ਆਫ਼ਲਾਈਨ ਪੜ੍ਹਾਈ ਦੌਰਾਨ ਸ਼ਰਾਰਤੀ ਬੱਚੇ ਦੂਜਿਆਂ ਦਾ ਧਿਆਨ ਹਮੇਸ਼ਾ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਆਨਲਾਈਨ ਪੜ੍ਹਾਈ ਦੌਰਾਨ ਸ਼ਰਾਰਤ ਕਰਨ ਵਾਲਿਆਂ ਨੂੰ ਅਧਿਆਪਕਾ ਲੈਕਚਰ ਵਿੱਚੋਂ ਕੱਢ ਦਿੰਦੇ ਹਨ ਤੇ ਦੁਬਾਰਾ ਦਾਖ਼ਲ ਨਹੀਂ ਕਰਦੀ।

ਇਸ ਤੋਂ ਇਲਾਵਾ ਆਨਲਾਈਨ ਪੜ੍ਹਾਈ ਨੇ ਵਿਦਿਆਰਥੀਆਂ ਨੂੰ ਜ਼ਿਆਦਾ ਜ਼ਿੰਮੇਵਾਰ, ਸਵੈ-ਅਨੁਸ਼ਾਸਿਤ ਅਤੇ ਆਤਮ ਨਿਰਭਰ ਬਣਾ ਦਿੱਤਾ ਹੈ।

ਹਾਨੀਆਂ : ਆਨਲਾਈਨ ਪੜ੍ਹਾਈ ਦੇ ਲਾਭਾਂ ਦੇ ਨਾਲ-ਨਾਲ ਕੁਝ ਹਾਨੀਆਂ ਵੀ ਹਨ। ਇਹ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਿਹਤ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੀ ਹੈ। ਲਗਾਤਾਰ ਮੋਬਾਈਲ ‘ਤੇ ਕੰਮ ਕਰਨ ਕਾਰਨ ਇਸ ਦਾ ਸਭ ਤੋਂ ਮਾੜਾ ਅਸਰ ਅੱਖਾਂ ‘ਤੇ ਹੋਇਆ ਹੈ। ਅਨੇਕ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਐਨਕ ਲੱਗ ਗਈ ਹੈ ਅਤੇ ਕਈਆਂ ਦੀ ਐਨਕ ਦਾ ਨੰਬਰ ਵੱਧ ਗਿਆ ਹੈ। ਇਸ ਪੜ੍ਹਾਈ ਨੇ ਮਾਪਿਆਂ ‘ਤੇ ਵੀ ਆਰਥਿਕ ਬੋਝ ਪਾਇਆ ਹੈ। ਕਈ ਮਾਪੇ ਆਪਣੇ ਬੱਚਿਆਂ ਨੂੰ ਸਮਾਰਟ ਫ਼ੋਨ ਅਤੇ ਇੰਟਰਨੈੱਟ ਦੀ ਸਹੂਲਤ ਮੁਹੱਈਆ ਨਹੀਂ ਕਰਵਾ ਸਕਦੇ, ਜਿਸ ਕਰ ਕੇ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਇਸ ਤੋਂ ਇਲਾਵਾ ਤਕਨੀਕੀ ਮੁਸ਼ਕਲਾਂ ਕਾਰਨ ਕਈ ਵਾਰ ਵਿਦਿਆਰਥੀ ਅਧਿਆਪਕ ਦੀ ਅਵਾਜ਼ ਨਹੀਂ ਸੁਣ ਸਕਦੇ ਅਤੇ ਦੂਰ-ਦੁਰਾਡੇ ਪੇਂਡੂ ਇਲਾਕਿਆਂ ਵਿੱਚ ਇੰਟਰਨੈੱਟ ਸਿਗਨਲ ਕਮਜ਼ੋਰ ਹੋਣ ਕਾਰਨ ਜਾਂ ਫਿਰ ਬਿਜਲੀ ਘੱਟ ਆਉਣ ਕਾਰਨ ਪੜ੍ਹਾਈ ਨਹੀਂ ਕਰ ਸਕਦੇ। ਜੇ ਸ਼ਰਾਰਤੀ ਬੱਚਿਆਂ ਦੀ ਗੱਲ ਕੀਤੀ ਜਾਵੇ ਤਾਂ ਉਹ ਜਾਣ-ਬੁੱਝ ਕੇ ਤਕਨੀਕੀ ਖ਼ਰਾਬੀ ਦਾ ਬਹਾਨਾ ਲਗਾ ਕੇ ਪੀਰੀਅਡ ਨਹੀਂ ਲਗਾਉਂਦੇ ਜਾਂ ਫਿਰ ਪੜ੍ਹਾਈ ਕਰਨ ਦੀ ਥਾਂ ਕੋਈ ਹੋਰ ਵੀਡੀਓ ਵੇਖਦੇ ਤੇ ਦੋਸਤਾਂ ਨੂੰ ਭੇਜਦੇ ਰਹਿੰਦੇ ਹਨ। ਇਸ ਪ੍ਰਕਾਰ ਉਹ ਆਪਣਾ ਕੀਮਤੀ ਸਮਾਂ ਬਰਬਾਦ ਕਰਦੇ ਹਨ।

ਸੁਝਾਅ : ਆਨਲਾਈਨ ਪੜ੍ਹਾਈ ਨੂੰ ਵਧੇਰੇ ਚੰਗੇਰੀ ਤੇ ਪ੍ਰਭਾਵਸ਼ਾਲੀ ਬਣਾਉਣ ਲਈ ਅਧਿਆਪਕਾਂ ਨੂੰ ਆਪਣੇ ਲੈਕਚਰ ਦੀ ਰਿਕਾਰਡਿੰਗ ਜ਼ਰੂਰ ਕਰ ਲੈਣੀ ਚਾਹੀਦੀ ਹੈ, ਤਾਂ ਕਿ ਤਕਨੀਕੀ ਖ਼ਰਾਬੀ ਕਾਰਨ ਜੇ ਕਿਤੇ ਪੀਰੀਅਡ ਨਾ ਲੱਗ ਸਕੇ ਤਾਂ ਉਹ ਰਿਕਾਰਡ ਕੀਤਾ ਹੋਇਆ ਲੈਕਚਰ ਭੇਜ ਸਕਣ। ਪਾਠ ਦੀ ਦੁਹਰਾਈ ਅਤੇ ਲਿਖਤ ਅਭਿਆਸ ਲਈ ਦੁਹਰਾਈ ਪੱਤਰੀ ਅਤੇ
ਨੋਟਸ ਭੇਜਣੇ ਚਾਹੀਦੇ ਹਨ। ਪਾਠ ਯੋਜਨਾ ‘ਵਿਦਿਆਰਥੀ ਕੇਂਦਰਿਤ’ ਹੋਣੀ ਚਾਹੀਦੀ ਹੈ, ਜਿਸ ਵਿੱਚ ਵਿਦਿਆਰਥੀਆਂ ਨਾਲ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ ਅਤੇ ਸਮੂਹਿਕ ਚਰਚਾ ਜ਼ਰੂਰ ਕਰਵਾਉਣੀ ਚਾਹੀਦੀ ਹੈ, ਤਾਂ ਜੁ ਵਿਦਿਆਰਥੀਆਂ ਦੀ ਵਿਸ਼ੇ ਵਿੱਚ ਰੁਚੀ ਬਣੀ ਰਹੇ।

ਸਿੱਟਾ : ਭਾਵੇਂ ਆਨਲਾਈਨ ਪੜ੍ਹਾਈ ਦੇ ਕੁਝ ਨੁਕਸਾਨ ਹਨ, ਪਰ ਇਹ ਸਮੇਂ ਦੀ ਮੰਗ ਹੈ। ਅਜੋਕੇ ਸਮੇਂ ਇਸ ਬਿਨ੍ਹਾਂ ਗੁਜ਼ਾਰਾ ਹੀ ਨਹੀਂ। ਜੇ ਥੋੜੇ ਹੋਰ ਉਪਰਾਲੇ ਕੀਤੇ ਜਾਣ ਤਾਂ ਇਹ ਹੋਰ ਵੀ ਵਧੇਰੇ ਲਾਭਦਾਇਕ ਸਾਬਤ ਹੋ ਸਕਦੀ ਹੈ। ਕੋਰੋਨਾ ਕਾਲ ਦੌਰਾਨ ਇਹ ਵਰਦਾਨ ਸਿੱਧ ਹੋ ਰਹੀ ਹੈ।