ਲੇਖ – ਅਨਪੜ੍ਹਤਾ : ਕੌਮ ਲਈ ਸਰਾਪ

ਅਨਪੜ੍ਹਤਾ : ਕੌਮ ਲਈ ਸਰਾਪ

ਭੂਮਿਕਾ : ਭਾਰਤ ਇੱਕ ਪਛੜਿਆ ਦੇਸ਼ ਹੈ। ਇਸ ਦੇਸ਼ ਵਿੱਚ ਕਈ ਸਮੱਸਿਆਵਾਂ ਮੌਜੂਦ ਹਨ; ਜਿਵੇਂ ਗ਼ਰੀਬੀ, ਕੰਗਾਲੀ, ਬੇਰੁਜ਼ਗਾਰੀ, ਭ੍ਰਿਸ਼ਟਾਚਾਰੀ, ਵਧਦੀ ਅਬਾਦੀ, ਅਨਪੜ੍ਹਤਾ ਆਦਿ। ਇਨ੍ਹਾਂ ਵਿੱਚੋਂ ਅਨਪੜ੍ਹਤਾ ਕੌਮ ਲਈ ਸਭ ਤੋਂ ਵੱਡਾ ਸਰਾਪ ਹੈ ਕਿਉਂਕਿ ਦੇਸ਼ ਜਿਸ ਰਫ਼ਤਾਰ ਨਾਲ ਤਰੱਕੀ ਕਰ ਰਿਹਾ ਹੈ ਉਸ ਨੂੰ ਜਾਣਨ ਅਤੇ ਸਮਝਣ ਲਈ ਪੜ੍ਹਾਈ ਬੇਹੱਦ ਜ਼ਰੂਰੀ ਹੈ। ਸਾਡੇ ਦੇਸ਼ ਵਿੱਚ ਲਗਭਗ 53% ਲੋਕ ਅਨਪੜ੍ਹ ਹਨ। ਇਸ ਤਰ੍ਹਾਂ ਅੱਧੀ ਜਨ-ਸੰਖਿਆ ਦੇ ਅਨਪੜ੍ਹ ਹੁੰਦਿਆਂ ਭਾਰਤ ਕਿੰਨੀ ਕੁ ਤਰੱਕੀ ਕਰ ਸਕਦਾ ਹੈ, ਇਸ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ।

ਭਾਰਤ ਅਤੇ ਵਿੱਦਿਆ : ਭਾਰਤ ਵਿੱਚ ਅਨਪੜ੍ਹਤਾ ਦੀ ਸਮੱਸਿਆ ਪੈਦਾ ਹੋਣ ਪਿੱਛੇ ਕਈ ਕਾਰਨ ਹਨ; ਜਿਵੇਂ ਵਧਦੀ ਅਬਾਦੀ, ਬੇਰੁਜ਼ਗਾਰੀ, ਗ਼ਰੀਬੀ, ਅਨਿਸ਼ਚਿਤ ਭਵਿੱਖ ਅਤੇ ਪੜ੍ਹਾਈ ਵਿੱਚ ਰੁਝਾਨ ਘੱਟ ਹੋਣਾ ਆਦਿ। ਭਾਵੇਂ ਸਰਕਾਰ ਨੇ ਉਪਰਾਲਾ ਕੀਤਾ ਹੈ ਕਿ ਪ੍ਰਾਇਮਰੀ ਤੱਕ ਦੀ ਵਿੱਦਿਆ ਸਾਰਿਆਂ ਲਈ ਜ਼ਰੂਰੀ ਤੇ ਮੁਫ਼ਤ ਹੈ। ਇਸ ਤੋਂ ਇਲਾਵਾ ਕਿਤਾਬਾਂ, ਵਰਦੀਆਂ ਤੇ ਵਜ਼ੀਫ਼ੇ ਵੀ ਦਿੱਤੇ ਜਾ ਰਹੇ ਹਨ ਅਤੇ ਹੁਣ ਸਰਕਾਰ ਨੇ ‘ਮਿਡ-ਡੇ-ਮੀਲ’ ਦਾ ਖ਼ਾਸ ਪ੍ਰਬੰਧ ਕੀਤਾ ਹੈ ਤਾਂ ਜੋ ਗ਼ਰੀਬ ਵਿਦਿਆਰਥੀਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮਿਲਦੀਆਂ ਰਹਿਣ ਤੇ ਸਾਡੇ ਦੇਸ਼ ਉੱਤੋਂ ਅਨਪੜ੍ਹਤਾ ਦਾ ਕਲੰਕ ਦੂਰ ਹੋ ਜਾਵੇ ਪਰ ਬਹੁਤ ਸਾਰੀ ਗ਼ਰੀਬ ਸ਼੍ਰੇਣੀ ਅਜਿਹੀ ਹੈ ਜਿਹੜੀ ਅਜਿਹੀਆਂ ਸਹੂਲਤਾਂ ਵੀ ਨਹੀਂ ਲੈ ਰਹੀ। ਇਸ ਤਰ੍ਹਾਂ ਅਨਪੜ੍ਹਤਾ ਪ੍ਰਾਇਮਰੀ ਪੱਧਰ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਬਹੁਤੇ ਵਿਦਿਆਰਥੀ ਪ੍ਰਾਇਮਰੀ ਤੋਂ ਬਾਅਦ ਪੜ੍ਹਾਈ ਛੱਡ ਦਿੰਦੇ ਹਨ ਕਿਉਂਕਿ ਉਹ ਫ਼ੀਸਾਂ ਅਤੇ ਹੋਰ ਖ਼ਰਚੇ ਬਰਦਾਸ਼ਤ ਨਹੀਂ ਕਰ ਸਕਦੇ । ਬੇਰੁਜ਼ਗਾਰੀ, ਮਹਿੰਗਾਈ ਤੇ ਭੁੱਖ ਨੇ ਬੱਚਿਆਂ ਨੂੰ ਬਚਪਨ ਵਿੱਚ ਹੀ ਕੰਮ ਕਰਨ ਲਾ ਦਿੱਤਾ ਹੈ। ਦਸਵੀਂ ਤੇ ਬਾਰ੍ਹਵੀਂ ਤੱਕ ਪਹੁੰਚਦਿਆਂ – ਪਹੁੰਚਦਿਆਂ ਗਿਣਤੀ ਘਟਣੀ ਸ਼ੁਰੂ ਹੋ ਜਾਂਦੀ ਹੈ। ਅੱਗੋਂ ਬੀ.ਏ., ਐੱਮ.ਏ. ਤੱਕ ਪੜ੍ਹਨ ਦਾ ਰੁਝਾਨ ਘਟ ਰਿਹਾ ਹੈ, ਕੋਈ ਸਰਦਾ-ਪੁੱਜਦਾ ਹੀ ਕੋਈ ਕਿੱਤਾਮੁਖੀ ਕੋਰਸ ਕਰਦਾ ਹੈ।

ਇਸ ਦੇ ਨੁਕਸਾਨ : ਇਹ ਸਮੱਸਿਆ ਸਾਡੇ ਦੇਸ਼ ਅਤੇ ਕੌਮ ਲਈ ਦਿਨੋ-ਦਿਨ ਗੰਭੀਰ ਹੁੰਦੀ ਜਾ ਰਹੀ ਹੈ ਕਿਉਂਕਿ ਅਨਪੜ੍ਹ ਵਿਅਕਤੀ ਨਾ ਤਾਂ ਚੰਗੇ ਨਾਗਰਿਕ ਦੇ ਕਰਤੱਵਾਂ ਦੀ ਠੀਕ ਪਾਲਣਾ ਕਰ ਸਕਦਾ ਹੈ ਤੇ ਨਾ ਹੀ ਆਪਣੇ ਫ਼ਰਜ਼ਾਂ ਤੇ ਹੱਕਾਂ ਨੂੰ ਪਛਾਣ ਸਕਦਾ ਹੈ। ਉਸ ਦੀ ਸੋਚ ਵੀ ਸੀਮਤ ਹੁੰਦੀ ਹੈ। ਕਈ ਵਾਰ ਤਾਂ ਉਹ ਆਪਣਾ ਨਫ਼ਾ-ਨੁਕਸਾਨ ਵੀ ਨਹੀਂ ਸੋਚ ਸਕਦਾ।

ਪਿਛਾਂਹ-ਖਿੱਚੂ ਤੇ ਅਵਿਗਿਆਨਕ ਸੂਝ ਵਾਲਾ : ਅਨਪੜ੍ਹ ਵਿਅਕਤੀ ਦੇ ਖ਼ਿਆਲ ਵੀ ਪੁਰਾਣੇ ਹੁੰਦੇ ਹਨ। ਉਹ ਲਕੀਰ ਦਾ ਫ਼ਕੀਰ ਵਹਿਮਾਂ-ਭਰਮਾਂ ਵਿੱਚ ਗ੍ਰਸਿਆ ਜਾਂਦਾ ਹੈ ਤੇ ਜਾਦੂ-ਟੂਣਿਆਂ ਵਿੱਚ ਵਿਸ਼ਵਾਸ ਕਰਨ ਲੱਗ ਪੈਂਦਾ ਹੈ। ਕਈ ਵਾਰ ਕਿਸੇ ਬਿਮਾਰੀ ਹੋਣ ’ਤੇ ਉਹ ਡਾਕਟਰੀ ਇਲਾਜ ਨਾਲੋਂ ਪਖੰਡੀ ਬਾਬਿਆਂ ਦੇ ਝਾਂਸੇ ਵਿੱਚ ਆ ਜਾਂਦਾ ਹੈ, ਸਿੱਟੇ ਵਜੋਂ ਤੰਦਰੁਸਤ ਹੋਣ ਦੀ ਬਜਾਏ ਉਹ ਹੋਰ ਰੋਗੀ ਹੋ ਜਾਂਦਾ ਹੈ। ਉਹ ਕਿਸੇ ਵੀ ਗੱਲ ਨੂੰ ਤਰਕ ਦੇ ਅਧਾਰ ‘ਤੇ ਨਹੀਂ ਸੋਚ ਸਕਦਾ। ਉਹ ਛੂਤ-ਛਾਤ, ਜਾਤ-ਪਾਤ ਤੇ ਫ਼ਿਰਕੂਪੁਣੇ ਦਾ ਸ਼ਿਕਾਰ ਹੋ ਜਾਂਦਾ ਹੈ।

ਗ਼ਰੀਬੀ ਹੰਢਾਉਣ ਵਾਲਾ : ਵਰਤਮਾਨ ਸਮੇਂ ਵਿੱਚ ਇੱਕ ਅਨਪੜ੍ਹ ਆਦਮੀ ਆਮ ਕਰਕੇ ਗ਼ਰੀਬੀ ਹੀ ਭੋਗਦਾ ਹੈ ਕਿਉਂਕਿ ਉਹ ਦਿਨ-ਭਰ ਦੀ ਮਿਹਨਤ-ਮੁਸ਼ੱਕਤ ਤੋਂ ਬਾਅਦ ਵਧੇਰੇ ਰਕਮ ‘ਤੇ ਅੰਗੂਠੇ ਲਾ ਕੇ ਘੱਟ ਪੈਸੇ ਲੈ ਲੈਂਦਾ ਹੈ ਤੇ ਉਸ ਨੂੰ ਇਸ ਧੋਖੇ ਦਾ ਪਤਾ ਵੀ ਨਹੀਂ ਲੱਗਦਾ। ਕਈ ਵਾਰ ਤਾਂ ਉਹ ਸਰਕਾਰ ਵੱਲੋਂ ਕੱਢੀਆਂ ਜਾਂਦੀਆਂ ਸਕੀਮਾਂ-ਸਹੂਲਤਾਂ ਤੋਂ ਵੀ ਵਾਂਝਾ ਰਹਿ ਜਾਂਦਾ ਹੈ।

ਅਨਪੜ੍ਹ ਵਿਅਕਤੀ ਦੂਜਿਆਂ ‘ਤੇ ਨਿਰਭਰ ਹੋ ਜਾਂਦਾ ਹੈ। ਕੋਈ ਵੀ ਫ਼ਾਰਮ ਭਰਨਾ ਹੋਵੇ, ਕੋਈ ਚੀਜ਼ ਖ਼ਰੀਦਣੀ ਹੋਵੇ, ਕੋਈ ਬੱਸਾਂ-ਗੱਡੀਆਂ ਦੇ ਨੰਬਰ, ਪਲੇਟਫਾਰਮ ਆਦਿ ਬਾਰੇ ਉਹ ਦੂਜਿਆਂ ਤੋਂ ਪੁੱਛਦਾ ਹੀ ਰਹਿੰਦਾ ਹੈ ਤੇ ਅਕਸਰ ਹੀ ਲੁੱਟਿਆ ਜਾਂਦਾ ਹੈ। ਵਸਤਾਂ ਖ਼ਰੀਦਣ ਵੇਲੇ ਤਾਂ ਅਕਸਰ ਅਜਿਹਾ ਹੋ ਜਾਂਦਾ ਹੈ ਕਿਉਂਕਿ ਵਸਤਾਂ ਉੱਤੇ ਅੰਕਿਤ ਮੁੱਲ, ਕੰਪਨੀ ਅਤੇ ਤਾਰੀਖ਼ (ਮਿਆਦ) ਬਾਰੇ ਉਹ ਅਣਜਾਣ ਰਹਿੰਦਾ ਹੈ ਤੇ ਕਈ ਵਾਰ ਗ਼ਲਤ ਭਾਵ ਨਕਲੀ ਵਸਤਾਂ ਖ਼ਰੀਦ ਲਿਆਉਂਦਾ ਹੈ।

ਇਸ ਤੋਂ ਇਲਾਵਾ ਅਨਪੜ੍ਹ ਵਿਅਕਤੀ ਬੇਰੁਜ਼ਗਾਰੀ ਵਰਗੀਆਂ ਸਮੱਸਿਆਵਾਂ ਨੂੰ ਜਨਮ ਦਿੰਦਾ ਹੈ ਕਿਉਂਕਿ ਉਸਦੇ ਅਨਪੜ੍ਹ ਹੋਣ ਕਰਕੇ ਕੋਈ ਵੀ ਉਸ ਨੂੰ ਕੰਮ ‘ਤੇ ਰੱਖਣ ਨੂੰ ਤਰਜੀਹ ਨਹੀਂ ਦਿੰਦਾ। ਅੱਜ-ਕੱਲ੍ਹ ਤਾਂ ਖੇਤੀਬਾੜੀ, ਵਪਾਰ, ਦੁਕਾਨਦਾਰੀ ਆਦਿ ਸਭ ਕੁਝ ਨਵੀਆਂ ਤਕਨੀਕਾਂ ਨਾਲ ਚਲਾਇਆ ਜਾ ਰਿਹਾ ਹੈ।

ਸਰਕਾਰ ਵੱਲੋਂ ਅਨਪੜ੍ਹਤਾ ਦੂਰ ਕਰਨ ਲਈ ਉਪਰਾਲੇ : ਭਾਵੇਂ ਸਾਡੀ ਸਰਕਾਰ ਵੱਲੋਂ ਅਨਪੜ੍ਹਤਾ ਦੂਰ ਕਰਨ ਲਈ ਬਹੁਤ ਸਾਰੇ ਉਪਰਾਲੇ ਕੀਤੇ ਗਏ ਹਨ। ਇਸ ਲਈ ਪ੍ਰਾਇਮਰੀ ਤੱਕ ਦੀ ਵਿੱਦਿਆ ਨੂੰ ਮੁਫ਼ਤ ਤੇ ਲਾਜ਼ਮੀ ਬਣਾਇਆ ਹੈ। ਪਿੰਡਾਂ ਵਿੱਚ ਮੁਢਲੀ ਸਿੱਖਿਆ ਲਈ ਸਕੂਲ ਖੋਲ੍ਹੇ ਹਨ। ਸਰਬ-ਸਿੱਖਿਆ ਅਭਿਆਨ ਤਹਿਤ ਵੀ ਅਨਪੜ੍ਹਤਾ ਵਿਰੁੱਧ ਲਾਮਬੰਦੀ ਹੋਈ ਹੈ। ‘ਮਿਡ-ਡੇ-ਡੀਲ’ ਦਾ ਪ੍ਰਬੰਧ ਆਦਿ ਕੀਤਾ ਹੈ ਪਰ ਇਸ ਸਭ ਕੁਝ ਦੇ ਬਾਵਜੂਦ ਅਨਪੜ੍ਹਤਾ ਉਸੇ ਦਰ ਨਾਲ ਕਾਇਮ ਹੈ। ਇਹ ਸੱਚ ਹੈ ਕਿ ਸਾਡੇ ਦੇਸ਼ ਵਿੱਚ ਸਰਕਾਰ ਨੇ ਵਿੱਦਿਆ ਦੇ ਪ੍ਰਸਾਰ ਵੱਲ ਸੰਜੀਦਗੀ ਨਾਲ ਧਿਆਨ ਨਹੀਂ ਦਿੱਤਾ। ਬਜਟ ਵਿੱਚ ਸਰਕਾਰ ਵੱਲੋਂ ਵਿੱਦਿਆ ਤੇ ਖ਼ਰਚਾ ਨਾਮਾਤਰ ਹੀ ਐਲਾਨ ਕੀਤਾ ਜਾਂਦਾ ਹੈ, ਇਸ ਲਈ ਵਿੱਦਿਆ ਦਾ ਮਿਆਰ ਦਿਨੋ-ਦਿਨ ਡਿਗ ਰਿਹਾ ਹੈ। ਕਿਉਂਕਿ ਨਾ ਹੀ ਠੀਕ ਇਮਾਰਤਾਂ, ਪੂਰੇ ਅਧਿਆਪਕਾਂ ਤੇ ਚੰਗੀਆਂ ਲਾਇਬਰੇਰੀਆਂ ਵੱਲ ਪੂਰਾ ਧਿਆਨ ਦਿੱਤਾ ਹੈ। ਮੁਫ਼ਤ ਕਿਤਾਬਾਂ, ਵਰਦੀਆਂ ਜਾਂ ਤਾਂ ਸਮੇਂ ਸਿਰ ਆਉਂਦੀਆਂ ਨਹੀਂ ਤੇ ਜੇ ਆ ਵੀ ਜਾਣ ਤਾਂ ਭ੍ਰਿਸ਼ਟਾਚਾਰ ਦੀ ਭੇਟ ਚੜ੍ਹ ਜਾਂਦੀਆਂ ਹਨ। ‘ਮਿਡ-ਡੇ-ਮੀਲ’ ਦੀ ਵੀ ਇਹੋ ਸਥਿਤੀ ਹੈ। ਅਧਿਆਪਕ ਖਾਣੇ ਬਣਾਉਣ ਕਿ ਪੜ੍ਹਾਉਣ ? ਸਰਕਾਰ ਦੇ ਕਾਗ਼ਜ਼ੀ ਐਲਾਨ ਅਤੇ ਅਮਲੀ ਰੂਪ ਵਿੱਚ ਜ਼ਮੀਨ-ਅਸਮਾਨ ਦਾ ਫ਼ਰਕ ਹੁੰਦਾ ਹੈ। ਨੈਨੀ ਪਾਲਕੀਵਾਲਾ ਅਨੁਸਾਰ “ਸਾਡੀ ਸਰਕਾਰ ਦੀ ਵਿੱਦਿਆ ਦੇ ਪ੍ਰਸਾਰ ਵੱਲੋਂ ਕੁਤਾਹੀ ਅਜ਼ਾਦੀ ਤੋਂ ਪਿੱਛੋਂ ਸਭ ਤੋਂ ਵੱਡੀ ਮਾਰੂ ਗ਼ਲਤੀ ਹੈ।”

ਅਨਪੜ੍ਹਤਾ ਦੂਰ ਕਰਨ ਲਈ ਸੁਝਾਅ : ਦੇਸ਼ ਵਿੱਚੋਂ ਅਨਪੜ੍ਹਤਾ ਦੂਰ ਕਰਨ ਲਈ ਸਰਕਾਰ ਤੇ ਜਨਤਾ ਦੇ ਸਾਂਝੇ ਉੱਦਮਾਂ ਦੀ ਲੋੜ ਹੈ। ਲੋਕਾਂ ਨੂੰ ਚਾਹੀਦਾ ਹੈ ਕਿ ਆਪਣੀ ਸੋਚ ਬਦਲਣ ਤੇ ਸਰਕਾਰ ਵੱਲੋਂ ਦਿੱਤੀ ਜਾ ਰਹੀ ਮੁਫ਼ਤ ਵਿੱਦਿਆ ਦਾ ਭਰਪੂਰ ਲਾਭ ਉਠਾਉਣ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਸਰਕਾਰੀ ਸਕੂਲਾਂ ਵਿੱਚ ਵਿੱਦਿਆ ਸਬੰਧੀ ਪੂਰੇ ਢੁਕਵੇਂ ਪ੍ਰਬੰਧ ਕਰੋ | ਰਿਸ਼ਵਤਖ਼ੋਰਾਂ, ਘਪਲੇਬਾਜ਼ਾਂ ਤੇ ਭ੍ਰਿਸ਼ਟਾਚਾਰਾਂ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਗ਼ਰੀਬੀ ਦੇ ਮੱਦੇਨਜ਼ਰ ਈਵਨਿੰਗ ਸੈਂਟਰ ਖੋਲ੍ਹੇ ਜਾ ਸਕਦੇ ਹਨ ਤਾਂ ਕਿ ਦਿਨੇ ਕੰਮ-ਕਾਰ ਤੋਂ ਵਿਹਲੇ ਹੋ ਕੇ ਸ਼ਾਮ ਨੂੰ ਹੀ ਪੜ੍ਹਾਈ ਕੀਤੀ ਜਾ ਸਕੇ। ਇਸਤਰੀਆਂ ਦੀ ਵਿੱਦਿਆ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਪਰ ਵਿੱਦਿਆ ਦੇ ਨਿੱਜੀਕਰਨ ਨਾਲ ਵਿੱਦਿਆ ਦਾ ਵਪਾਰੀਕਰਨ ਵਧ ਗਿਆ ਹੈ, ਵਿੱਦਿਆ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਈ ਹੈ।

ਸਾਰੰਸ਼ : ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਅਨਪੜ੍ਹਤਾ ਇੱਕ ਗੰਭੀਰ ਸਮੱਸਿਆ ਹੈ। ਇਸ ਨੂੰ ਪਹਿਲ ਦੇ ਅਧਾਰ ‘ਤੇ ਦੂਰ ਕਰਨ ਦੀ ਲੋੜ ਹੈ। ਇਸ ਸਮੱਸਿਆ ‘ਤੇ ਕਾਬੂ ਪਾਇਆਂ ਬਹੁਤ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ। ਨੋਬਲ ਪੁਰਸਕਾਰ ਜੇਤੂ ਅਮਿਤਯ ਸੈਨ ਨੇ ਕਿਹਾ ਸੀ, “ਪ੍ਰਾਇਮਰੀ ਸਿੱਖਿਆ ਜ਼ਰੂਰੀ ਕਰਨ ਨਾਲ਼ ਬਾਕੀ ਸਮੱਸਿਆਵਾਂ ਆਪੇ ਠੀਕ ਹੋ ਜਾਣਗੀਆਂ।