CBSEclass 11 PunjabiEducationPunjab School Education Board(PSEB)

ਲਾਲਸਾ ਦੀ ਚੱਕੀ – ਸਾਰ

ਇਕ ਸ਼ਹਿਰ ਵਿਚ ਇਕ ਲਾਲਚੀ ਬੰਦਾ ਰਹਿੰਦਾ ਸੀ। ਉਸ ਨੇ ਸੁਣਿਆ ਸੀ ਕਿ ਸੰਤਾਂ – ਸਾਧਾਂ ਦੀ ਸੇਵਾ ਕਰਨ ਨਾਲ ਬਹੁਤ ਧਨ ਪ੍ਰਾਪਤ ਹੁੰਦਾ ਹੈ। ਇਸ ਕਰਕੇ ਉਸ ਨੇ ਸੰਤਾਂ – ਸਾਧਾਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਉਸ ਦੀ ਸੇਵਾ ਤੋਂ ਖੁਸ਼ ਹੋ ਕੇ ਉਸ ਨੂੰ ਚਾਰ ਦੀਵੇ ਦਿੱਤੇ ਅਤੇ ਕਿਹਾ ਕਿ ਉਹ ਇਨ੍ਹਾਂ ਵਿੱਚੋਂ ਇਕ ਦੀਵਾ ਬਾਲ ਕੇ ਪੂਰਬ ਦਿਸ਼ਾ ਨੂੰ ਤੁਰ ਪਵੇ।

ਜਿੱਥੇ ਦੀਵਾ ਬੁੱਝ ਜਾਵੇ, ਉੱਥੇ ਧਰਤੀ ਪੁੱਟਣ ਤੋਂ ਉਸ ਨੂੰ ਕਾਫੀ ਧਨ ਮਿਲ ਜਾਵੇਗਾ। ਜੇ ਉਸ ਨੂੰ ਹੋਰ ਦੌਲਤ ਦੀ ਲੋੜ ਪਵੇ, ਤਾਂ ਉਹ ਦੂਜਾ ਦੀਵਾ ਬਾਲ ਕੇ ਪੱਛਮ ਵੱਲ ਨੂੰ ਤੁਰ ਪਵੇ। ਜਿੱਥੇ ਦੀਵਾ ਬੁਝੇ, ਉੱਥੇ ਜਮੀਨ ਪੁੱਟਣ ਤੇ ਉਸ ਨੂੰ ਮਨ – ਚਾਹੀ ਮਾਇਆ ਮਿਲੇਗੀ। ਜੇ ਉਹ ਫਿਰ ਵੀ ਸੰਤੁਸ਼ਟ ਨਾ ਹੋਵੇ, ਤਾਂ ਤੀਜਾ ਦੀਵਾ ਬਾਲ ਕੇ ਦੱਖਣ ਵੱਲ ਤੁਰ ਪਵੇ। ਜਿੱਥੇ ਦੀਵਾ ਬੁੱਝੇ, ਉੱਥੋਂ ਜਮੀਨ ਪੁੱਟਣ ਤੇ ਉਸ ਨੂੰ ਬੇਓੜਕ ਧਨ ਮਿਲੇਗਾ। ਫਿਰ ਉਸ ਕੋਲ ਇਕ ਦੀਵਾ ਬਚ ਜਾਵੇਗਾ ਅਤੇ ਇਕ ਉੱਤਰ ਦੀ ਦਿਸ਼ਾ ਰਹਿ ਜਾਵੇਗੀ। ਉਹ ਉਸ ਦੀਵੇ ਨੂੰ ਨਾ ਬਾਲੇ ਤੇ ਨਾ ਹੀ ਉੱਤਰ ਦਿਸ਼ਾ ਵੱਲ ਜਾਵੇ।

ਸੰਤਾਂ ਦੇ ਜਾਣ ਮਗਰੋਂ ਲਾਲਚੀ ਬੰਦਾ ਉਸੇ ਵੇਲੇ ਪਹਿਲਾ ਦੀਵਾ ਬਾਲ ਕੇ ਪੂਰਬ ਦਿਸ਼ਾ ਵੱਲ ਚੱਲ ਪਿਆ। ਦੂਰ ਜੰਗਲ ਵਿੱਚ ਜਾ ਕੇ ਜਦੋਂ ਦੀਵਾ ਬੁੱਝ ਗਿਆ, ਤਾਂ ਉਸਨੇ ਉਹ ਥਾਂ ਪੁੱਟੀ ਤੇ ਉਸ ਨੂੰ ਪੈਸਿਆਂ ਨਾਲ ਭਰੀ ਇਕ ਗਾਗਰ ਮਿਲੀ। ਉਹ ਬੜਾ ਖੁਸ਼ ਹੋਇਆ। ਉਸ ਨੇ ਸੋਚਿਆ ਕਿ ਇਹ ਗਾਗਰ ਉਹ ਫਿਰ ਲੈ ਜਾਵੇਗਾ। ਉਹ ਗਾਗਰ ਨੂੰ ਉਥੇ ਹੀ ਛੱਡ ਕੇ ਦੂਜੇ ਦਿਨ ਦੀਵਾ ਬਾਲ ਕੇ ਪੱਛਮ ਦਿਸ਼ਾ ਵਾਲਾ ਧਨ ਵੇਖਣ ਚਲ ਪਿਆ। ਦੂਰ ਇਕ ਉਜਾੜ ਥਾਂ ਤੇ ਦੀਵਾ ਬੁੱਝ ਗਿਆ। ਉਹ ਥਾਂ ਪੁੱਟਣ ਤੇ ਉਸ ਨੂੰ ਸੋਨੇ ਦੀਆਂ ਮੋਹਰਾਂ ਨਾਲ ਭਰਿਆ ਇਕ ਘੜਾ ਮਿਲਿਆ। ਉਸ ਨੇ ਸੋਚਿਆ ਕਿ ਇਹ ਘੜਾ ਉਹ ਫਿਰ ਲੈ ਜਾਵੇਗਾ, ਪਹਿਲਾਂ ਦੱਖਣ ਦਿਸ਼ਾ ਵਾਲਾ ਧਨ ਦੇਖ ਲਵੇ।

ਉਹ ਅਗਲੇ ਦਿਨ ਤੀਜਾ ਦੀਵਾ ਬਾਲ ਕੇ ਦੱਖਣ ਦਿਸ਼ਾ ਵੱਲ ਚੱਲ ਪਿਆ। ਦੀਵਾ ਇਕ ਮੈਦਾਨ ਵਿੱਚ ਜਾ ਕੇ ਬੁੱਝ ਗਿਆ। ਪੁੱਟਣ ਤੇ ਉਸ ਨੂੰ ਹੀਰੇ, ਮੋਤੀਆਂ ਨਾਲ ਭਰੀਆਂ ਦੋ ਪੇਟੀਆਂ ਦਿੱਸੀਆਂ।

ਉਸ ਨੇ ਸੋਚਿਆ ਕਿ ਜੇ ਇਨ੍ਹਾਂ ਤਿੰਨਾਂ ਦਿਸ਼ਾਵਾਂ ਵਿਚ ਇਤਨਾ ਮਾਲ – ਧਨ ਪਿਆ ਹੈ, ਤਾਂ ਚੌਥੀ ਦਿਸ਼ਾ ਵਿਚ ਤਾਂ ਇਸ ਤੋਂ ਵੀ ਵੱਧ ਹੋਵੇਗਾ। ਉਸ ਨੂੰ ਖ਼ਿਆਲ ਆਇਆ ਕਿ ਉਸ ਦਿਸ਼ਾ ਵੱਲ ਜਾਣ ਤੋਂ ਸੰਤਾਂ ਨੇ ਰੋਕਿਆ ਸੀ।

ਦੂਜੇ ਹੀ ਪਲ ਉਸਦੇ ਮਨ ਨੇ ਕਿਹਾ ਕਿ ਹੋ ਸਕਦਾ ਹੈ, ਉਹ ਦੌਲਤ ਸੰਤ ਆਪ ਰੱਖਣੀ ਚਾਹੁੰਦੇ ਹੋਣ। ਇਸ ਕਰਕੇ ਮੈਨੂੰ ਛੇਤੀ ਉਸ ਉੱਪਰ ਕਬਜ਼ਾ ਕਰ ਲੈਣਾ ਚਾਹੀਦਾ ਹੈ।

ਅਗਲੇ ਦਿਨ ਉਹ ਚੌਥਾ ਦੀਵਾ ਬਾਲ ਕੇ ਉੱਤਰ ਦਿਸ਼ਾ ਵੱਲ ਚੱਲ ਪਿਆ। ਦੂਰ ਅੱਗੇ ਇਕ ਮਹਿਲ ਕੋਲ ਜਾ ਕੇ ਦੀਵਾ ਬੁੱਝ ਗਿਆ। ਮਹਿਲ ਦਾ ਦਰਵਾਜ਼ਾ ਬੰਦ ਸੀ, ਜਿਹੜਾ ਉਸ ਦੇ ਧੱਕਾ ਮਾਰਨ ਤੇ ਖੁੱਲ੍ਹ ਗਿਆ। ਉਹ ਬੜਾ ਖੁਸ਼ ਹੋਇਆ ਕਿ ਇਹ ਮਹਿਲ ਉਸ ਲਈ ਹੀ ਹੈ। ਉਹ ਹੁਣ ਪਹਿਲੀਆਂ ਤਿੰਨ ਦਿਸ਼ਾਵਾਂ ਵਿੱਚੋਂ ਲੱਭਿਆ ਧਨ ਵੀ ਇੱਥੇ ਲਿਆ ਕੇ ਰੱਖ ਲਵੇਗਾ ਤੇ ਮੌਜਾਂ ਲਵੇਗਾ।

ਉਹ ਮਹਿਲ ਦੇ ਅੰਦਰ ਵੜਿਆ, ਤਾਂ ਦੇਖਿਆ ਕਿ ਉਸ ਦਾ ਕੋਈ ਕਮਰਾ ਹੀਰੇ – ਮੋਤੀਆਂ ਨਾਲ, ਕੋਈ ਸੋਨੇ ਦੇ ਕੀਮਤੀ ਗਹਿਣਿਆਂ ਨਾਲ ਤੇ ਕੋਈ ਬੇਅੰਤ ਧਨ ਨਾਲ ਭਰਿਆ ਹੋਇਆ ਸੀ। ਉਹ ਚਕਾਚੌਂਧ ਹੋ ਗਿਆ। ਜ਼ਰਾ ਅੱਗੇ ਵਧਿਆ, ਤਾਂ ਉਸ ਨੂੰ ਇਕ ਕਮਰੇ ਵਿੱਚੋਂ ਚੱਕੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਉਸ ਕਮਰੇ ਵਿੱਚ ਵੜ ਕੇ ਉਸ ਨੇ ਦੇਖਿਆ ਕਿ ਇਕ ਬੁੱਢਾ ਆਦਮੀ ਚੱਕੀ ਚਲਾ ਰਿਹਾ ਸੀ। ਲਾਲਚੀ ਬੰਦੇ ਨੇ ਬੁੱਢੇ ਨੂੰ ਪੁੱਛਿਆ ਕਿ ਉਹ ਇੱਥੇ ਕਿਵੇਂ ਪੁੱਜਾ ਹੈ?

ਬੁੱਢੇ ਨੇ ਕਿਹਾ, ਉਹ ਜ਼ਰਾ ਚੱਕੀ ਚਲਾਵੇ। ਉਹ ਜ਼ਰਾ ਸਾਹ ਲੈ ਕੇ ਉਸ ਨੂੰ ਦੱਸਦਾ ਹੈ। ਇਹ ਸੁਣ ਕੇ ਲਾਲਚੀ ਬੰਦੇ ਨੇ ਚੱਕੀ ਚਲਾਉਣੀ ਸ਼ੁਰੂ ਕਰ ਦਿੱਤੀ। ਬੁੱਢਾ ਚੱਕੀ ਤੋਂ ਹੱਟ ਕੇ ਉੱਚੀ – ਉੱਚੀ ਹੱਸਣ ਲੱਗਾ। ਹੈਰਾਨ ਹੋਇਆ ਲਾਲਚੀ ਬੰਦਾ ਚੱਕੀ ਬੰਦ ਕਰਨ ਹੀ ਲੱਗਾ ਸੀ ਕਿ ਬੁੱਢੇ ਨੇ ਖ਼ਬਰਦਾਰ ਕਰਦਿਆਂ ਕਿਹਾ, ” ਨਾ, ਨਾ। ਚੱਕੀ ਬੰਦ ਨਾ ਕਰ। ਇਹ ਮਹਿਲ ਹੁਣ ਤੇਰਾ ਹੈ। ਪਰ ਇਹ ਓਨੀ ਦੇਰ ਹੀ ਖੜ੍ਹਾ ਰਹੇਗਾ, ਜਿਤਨੀ ਦੇਰ ਉਹ ਚੱਕੀ ਚਲਾਉਂਦਾ ਰਹੇਗਾ। ਜੇ ਚੱਕੀ ਚੱਲਣੀ ਬੰਦ ਹੋ ਗਈ, ਤਾਂ ਇਹ ਮਹਿਲ ਡਿੱਗ ਪਵੇਗਾ ਤੇ ਉਹ ਇਸ ਥੱਲੇ ਆ ਕੇ ਮਰ ਜਾਵੇਗਾ।” ਕੁੱਝ ਪਲ ਰੁੱਕ ਕੇ ਬੁੱਢੇ ਨੇ ਕਿਹਾ, “ਉਸ ਨੇ ਵੀ ਉਸ ਵਾਂਗ ਲਾਲਚ ਕਰਕੇ ਸੰਤਾਂ ਦੀ ਗੱਲ ਨਹੀਂ ਸੀ ਮੰਨੀ ਤੇ ਉਸ ਦੀ ਸਾਰੀ ਜੁਆਨੀ ਇਹ ਚੱਕੀ ਚਲਾਉਂਦਿਆਂ ਹੀ ਬੀਤ ਗਈ ਹੈ।”

ਲਾਲਚੀ ਆਦਮੀ ਬੁੱਢੇ ਦੀ ਗੱਲ ਸੁਣ ਕੇ ਰੋਣ ਲੱਗ ਪਿਆ ਤੇ ਪੁੱਛਣ ਲੱਗਾ ਕਿ ਹੁਣ ਉਸ ਦਾ ਛੁਟਕਾਰਾ ਕਿਵੇਂ ਹੋਵੇਗਾ?

ਬੁੱਢੇ ਨੇ ਉੱਤਰ ਦਿੱਤਾ ਕਿ ਜਦੋਂ ਉਨ੍ਹਾਂ ਦੋਹਾਂ ਵਰਗਾ ਕੋਈ ਹੋਰ ਲਾਲਚੀ ਬੰਦਾ ਇੱਥੇ ਆਵੇਗਾ, ਤਦ ਉਸ ਦਾ ਛੁਟਕਾਰਾ ਹੋਵੇਗਾ। ਤਦ ਉਸ ਲਾਲਚੀ ਆਦਮੀ ਨੇ ਬੁੱਢੇ ਆਦਮੀ ਨੂੰ ਪੁੱਛਿਆ ਕਿ ਉਹ ਹੁਣ ਬਾਹਰ ਜਾ ਕੇ ਕੀ ਕਰੇਗਾ?

ਬੁੱਢੇ ਨੇ ਉੱਤਰ ਦਿੱਤਾ ਕਿ ਉਹ ਸਾਰੇ ਲੋਕਾਂ ਨੂੰ ਉੱਚੀ – ਉੱਚੀ ਕਹੇਗਾ ਕਿ ਲਾਲਚ ਬੁਰੀ ਬਲਾ ਹੈ।