ਲਾਇਬਰੇਰੀ ਜਾਣਾ – ਪੈਰਾ ਰਚਨਾ

ਗਿਆਨ ਪ੍ਰਾਪਤੀ ਦੀ ਜਗਿਆਸਾ ਰੱਖਣ ਵਾਲੇ ਮਨੁੱਖ ਤੇ ਆਪਣੀ ਜਾਣਕਾਰੀ ਨੂੰ ਤਾਜ਼ੀ ਰੱਖਣ ਦੇ ਚਾਹਵਾਨ ਤੇ ਖੋਜੀ ਬਿਰਤੀ ਵਾਲੇ ਲੋਕ ਲਾਇਬਰੇਰੀ ਜਾਣ ਨੂੰ ਆਪਣੀ ਨਿੱਤ ਦੀ ਜੀਵਨ – ਕਿਰਿਆ ਦਾ ਅੰਗ ਬਣਾਉਂਦੇ ਹਨ। ਲਾਇਬਰੇਰੀ ਪੁਰਾਣੀਆਂ ਤੇ ਨਵੀਆਂ ਕਿਤਾਬਾਂ, ਅਖਬਾਰਾਂ ਤੇ ਰਸਾਲਿਆਂ ਦਾ ਸੰਗ੍ਰਹਿਆਲਿਆ ਹੁੰਦਾ ਹੈ। ਕਿਤਾਬ – ਦੋਸਤ ਇੱਥੇ ਜਾ ਕੇ ਆਪਣੇ ਮਨ ਦੀ ਪਸੰਦ ਦੀਆਂ ਪੁਸਤਕਾਂ ਦਾ ਅਧਿਐਨ ਕਰਦੇ ਹਨ। ਇਸ ਤੋਂ ਬਿਨਾਂ ਉਹ ਇੱਥੇ ਬਹਿ ਕੇ ਭਿੰਨ – ਭਿੰਨ ਪ੍ਰਕਾਰ ਦੀਆਂ ਅਖਬਾਰਾਂ ਤੇ ਰਸਾਲਿਆਂ ਨੂੰ ਪੜ੍ਹਦੇ ਤੇ ਇਸ ਤਰ੍ਹਾਂ ਆਪਣੇ ਗਿਆਨ ਵਿੱਚ ਵਾਧਾ ਕਰਦੇ ਹਨ।

ਵਿਦਿਆਰਥੀ ਤੇ ਖੋਜੀ ਲੋਕ ਇਨ੍ਹਾਂ ਵਿੱਚੋਂ ਕੁੱਝ ਨਾ ਕੁੱਝ ਆਪਣੀਆਂ ਕਾਪੀਆਂ ਜਾਂ ਡਾਇਰੀਆਂ ਵਿਚ ਲਿਖਦੇ ਹਨ। ਲਾਇਬਰੇਰੀ ਵਿਚ ਜਾਣ ਵਾਲੇ ਲੋਕ ਆਮ ਤੌਰ ‘ਤੇ ਕੁੱਝ ਸਕਿਉਰਟੀ ਤੇ ਚੰਦਾ ਦੇ ਕੇ ਇਸ ਦੇ ਮੈਂਬਰ ਬਣੇ ਹੁੰਦੇ ਹਨ ਤੇ ਕਈ ਵਾਰੀ ਉਹ ਇੱਥੋਂ ਪੜ੍ਹਨ ਲਈ ਕਿਤਾਬਾਂ ਘਰ ਵੀ ਲੈ ਜਾਂਦੇ ਹਨ। ਲਾਇਬਰੇਰੀ ਵਿਚ ਬੈਠ ਕੇ ਪੜ੍ਹਨ ਦਾ ਵੱਖਰਾ ਹੀ ਆਨੰਦ ਤੇ ਲਾਭ ਹੈ ਕਿਉਂਕਿ ਇਕ ਤਾਂ ਇੱਥੇ ਸਾਰੇ ਚੁਪਚਾਪ ਬੈਠੇ ਕੁੱਝ ਪੜ੍ਹ ਰਹੇ ਹੁੰਦੇ ਹਨ ਤੇ ਕੋਈ ਕਿਸੇ ਨਾਲ ਗੱਲਾਂ ਨਹੀਂ ਕਰ ਰਿਹਾ ਹੁੰਦਾ। ਇਸ ਤਰ੍ਹਾਂ ਦੇ ਵਾਤਾਵਰਨ ਵਿਚ ਬੈਠ ਕੇ ਕੀਤੀ ਪੜ੍ਹਾਈ ਮਨ ਵਿੱਚ ਬੈਠ ਜਾਂਦੀ ਹੈ, ਜਦ ਕਿ ਘਰ ਵਿੱਚ ਮਨੁੱਖ ਨੂੰ ਅਜਿਹਾ ਵਾਤਾਵਰਨ ਨਹੀਂ ਪ੍ਰਾਪਤ ਹੋ ਸਕਦਾ।

ਇਸ ਦੇ ਨਾਲ ਹੀ ਇੱਥੇ ਸਾਨੂੰ ਪੜ੍ਹਨ ਲਈ ਬਹੁ – ਪੱਖੀ ਸਾਮਗਰੀ ਪ੍ਰਾਪਤ ਹੋ ਜਾਂਦੀ ਹੈ। ਬੁੱਧੀਮਾਨ ਵਰਗ ਦੇ ਇੱਕਠਾ ਹੋਣ ਕਰਕੇ ਲੋੜ ਪੈਣ ਤੇ ਅਸੀਂ ਉਨ੍ਹਾਂ ਦੀ ਸੂਝ – ਬੂਝ ਤੇ ਗਿਆਨ ਦਾ ਲਾਭ ਵੀ ਉਠਾ ਸਕਦੇ ਹਾਂ। ਲਾਇਬਰੇਰੀ ਵਿਚ ਬੈਠ ਕੇ ਮਨੁੱਖ ਜਿਉਂ – ਜਿਉਂ ਪੜ੍ਹਦਾ ਹੈ, ਉਸ ਦਾ ਗਿਆਨ ਵਧਦਾ ਜਾਂਦਾ ਹੈ ਤੇ ਜੀਵਨ ਦੀਆਂ ਸਮੱਸਿਆਵਾਂ ਨਾਲ ਵਧੇਰੇ ਨਿਪਟਣ ਦੇ ਯੋਗ ਹੁੰਦਾ ja ਹੈ। ਇਸ ਤਰ੍ਹਾਂ ਉਹ ਇਕ ਚੰਗਾ ਵਿਦਿਆਰਥੀ, ਲਾਇਕ ਅਧਿਆਪਕ ਤੇ ਜਿੰਮੇਵਾਰ ਸ਼ਹਿਰੀ ਬਣਦਾ ਹੈ।