ਲਹਿਰਾ ਦੀ ਲੜਾਈ
ਪ੍ਰਸ਼ਨ. ਗੁਰੂ ਹਰਿਗੋਬਿੰਦ ਜੀ ਦੇ ਸਮੇਂ ਹੋਈ ਲਹਿਰਾ ਦੀ ਲੜਾਈ ‘ਤੇ ਇੱਕ ਸੰਖੇਪ ਨੋਟ ਲਿਖੋ।
ਉੱਤਰ : ਅੰਮ੍ਰਿਤਸਰ ਦੀ ਲੜਾਈ ਦੇ ਛੇਤੀ ਮਗਰੋਂ ਮੁਗ਼ਲਾਂ ਅਤੇ ਸਿੱਖਾਂ ਵਿਚਕਾਰ ਲਹਿਰਾ (ਬਠਿੰਡਾ ਦੇ ਨੇੜੇ) ਨਾਮੀ ਸਥਾਨ ‘ਤੇ ਦੂਜੀ ਲੜਾਈ ਹੋਈ। ਇਸ ਲੜਾਈ ਦਾ ਕਾਰਨ ਦੋ ਘੋੜੇ ਸਨ ਜਿਨ੍ਹਾਂ ਦੇ ਨਾਂ ਦਿਲਬਾਗ ਅਤੇ ਗੁਲਬਾਗ ਸਨ।
ਇਨ੍ਹਾਂ ਦੋਹਾਂ ਘੋੜਿਆਂ ਨੂੰ ਜੋ ਕਿ ਬਹੁਤ ਵਧੀਆ ਨਸਲ ਦੇ ਸਨ ਬਖਤ ਮਲ ਅਤੇ ਤਾਰਾ ਚੰਦ ਨਾਂ ਦੇ ਦੋ ਮਸੰਦ ਕਾਬਲ ਤੋਂ ਗੁਰੂ ਸਾਹਿਬ ਨੂੰ ਭੇਟ ਕਰਨ ਲਈ ਲਿਆ ਰਹੇ ਸਨ। ਰਾਹ ਵਿੱਚ ਇਨ੍ਹਾਂ ਦੋਹਾਂ ਘੋੜਿਆਂ ਨੂੰ ਮੁਗ਼ਲਾਂ ਨੇ ਖੋਹ ਲਿਆ ਤੇ ਉਨ੍ਹਾਂ ਨੂੰ ਸ਼ਾਹੀ ਅਸਤਬਲ ਵਿੱਚ ਪਹੁੰਚਾ ਦਿੱਤਾ। ਇਹ ਗੱਲ ਗੁਰੂ ਜੀ ਦਾ ਇੱਕ ਸ਼ਰਧਾਲੂ ਭਾਈ ਬਿਧੀ ਚੰਦ ਬਰਦਾਸ਼ਤ ਨਾ ਕਰ ਸਕਿਆ। ਉਹ ਭੇਸ ਬਦਲ ਕੇ ਦੋਹਾਂ ਘੋੜਿਆਂ ਨੂੰ ਸ਼ਾਹੀ ਅਸਤਬਲ ਵਿੱਚੋਂ ਕੱਢ ਲਿਆਇਆ ਅਤੇ ਉਨ੍ਹਾਂ ਨੂੰ ਗੁਰੂ ਸਾਹਿਬ ਕੋਲ ਪਹੁੰਚਾ ਦਿੱਤਾ।
ਜਦੋਂ ਸ਼ਾਹਜਹਾਂ ਨੇ ਇਸ ਘਟਨਾ ਦੀ ਖ਼ਬਰ ਸੁਣੀ ਤਾਂ ਉਹ ਅੱਗ ਬਬੂਲਾ ਹੋ ਉੱਠਿਆ। ਉਸ ਨੇ ਫੌਰਨ ਲੱਲਾ ਬੇਗ ਅਤੇ ਕਮਰ ਬੇਗ ਦੇ ਅਧੀਨ ਇੱਕ ਵੱਡੀ ਫ਼ੌਜ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਲਈ ਭੇਜੀ।
ਲਹਿਰਾ ਨਾਮੀ ਸਥਾਨ ‘ਤੇ ਮੁਗ਼ਲਾਂ ਅਤੇ ਸਿੱਖਾਂ ਵਿਚਾਲੇ ਬੜੀ ਘਮਸਾਣ ਦੀ ਲੜਾਈ ਹੋਈ। ਇਸ ਲੜਾਈ ਵਿੱਚ ਮੁਗ਼ਲਾਂ ਦਾ ਭਾਰੀ ਜਾਨੀ ਨੁਕਸਾਨ ਹੋਇਆ ਤੇ ਉਨ੍ਹਾਂ ਦੇ ਦੋਨੋਂ ਸੈਨਾਪਤੀ ਲੱਲਾ ਬੇਗ ਅਤੇ ਕਮਰ ਬੇਗ ਵੀ ਮਾਰੇ ਗਏ। ਇਸ ਲੜਾਈ ਵਿੱਚ ਭਾਈ ਜੇਠਾ ਜੀ ਵੀ ਸ਼ਹੀਦ ਹੋ ਗਏ। ਇਸ ਲੜਾਈ ਵਿੱਚ ਅੰਤ ਸਿੱਖ ਜੇਤੂ ਰਹੇ।