CBSEclass 11 PunjabiClass 12 PunjabiClass 9th NCERT PunjabiEducationNCERT class 10thPunjab School Education Board(PSEB)Punjabi Viakaran/ Punjabi Grammar

ਲਗਾਖਰ (ਬਿੰਦੀ, ਟਿੱਪੀ ਤੇ ਅੱਧਕ)


ਪ੍ਰਸ਼ਨ 1. ਲਗਾਖਰ ਕੀ ਹੁੰਦੇ ਹਨ? ਪੰਜਾਬੀ ਵਿੱਚ ਕਿੰਨੇ ਲਗਾਖਰ ਹਨ?

ਜਾਂ

ਪ੍ਰਸ਼ਨ. ਲਗਾਖਰ ਤੋਂ ਕੀ ਭਾਵ ਹੈ?

ਉੱਤਰ : ਗੁਰਮੁਖੀ ਵਿੱਚ ਲਗਾਂ ਦੇ ਨਾਲ ਕੁੱਝ ਚਿੰਨ੍ਹਾਂ ਦੀ ਵਰਤੋਂ ਵੀ ਹੁੰਦੀ ਹੈ। ਇਨ੍ਹਾਂ ਨੂੰ ਲਗਾਖਰ ਆਖਿਆ ਜਾਂਦਾ ਹੈ।

ਪੰਜਾਬੀ ਵਿੱਚ ਇਹ ਚਿੰਨ੍ਹ ਤਿੰਨ ਹਨ :

(ੳ) ਬਿੰਦੀ (ਂ)

(ਅ) ਟਿੱਪੀ (ੰ)

(ੲ) ਅੱਧਕ (ੱ)

ਪ੍ਰਸ਼ਨ 2. ਬਿੰਦੀ ਅਤੇ ਟਿੱਪੀ ਦੀ ਵਰਤੋਂ ਕਦੋਂ ਤੇ ਕਿਨ੍ਹਾਂ-ਕਿਨ੍ਹਾਂ ਲਗਾਂ ਨਾਲ ਹੁੰਦੀ ਹੈ? ਇਨ੍ਹਾਂ ਦਾ ਅੰਤਰ ਦੱਸੋ।

ਉੱਤਰ : ਦਸ ਲਗਾਂ ਵਿਚੋਂ ਜਦੋਂ ਕਿਸੇ ਦਾ ਉਚਾਰਨ ਨੱਕ ਵਿੱਚ ਹੁੰਦਾ ਹੈ, ਤਾਂ ਉਸ ਦੇ ਨਾਲ ਬਿੰਦੀ ਅਤੇ ਟਿੱਪੀ ਦੀ ਵਰਤੋਂ ਕੀਤੀ ਜਾਂਦੀ ਹੈ। ਦਸ ਲਗਾਂ ਵਿਚੋਂ ਛੇਆਂ :

ਕੰਨਾ, ਬਿਹਾਰੀ, ਲਾਂ, ਦੁਲਾਂ, ਹੋੜਾ ਅਤੇ ਕਨੌੜਾ ਨਾਲ ਬਿੰਦੀ ਲਗਦੀ ਹੈ ਅਤੇ

ਚਹੁੰ – ਮੁਕਤਾ, ਸਿਹਾਰੀ, ਔਂਕੜ ਤੇ ਦੁਲੈਂਕੜ ਨਾਲ ਟਿੱਪੀ।

ਪ੍ਰਸ਼ਨ 3. ਸ੍ਵਰਾਂ (ੳ, ਅ, ੲ) ਨਾਲ ਬਿੰਦੀ ਤੇ ਟਿੱਪੀ ਦੀ ਵਰਤੋਂ ਕਿਵੇਂ ਹੁੰਦੀ ਹੈ?

ਜਾਂ

ਪ੍ਰਸ਼ਨ. ੳ, ਅ, ੲ ਨਾਲ ਕਿਹੜੇ ਨਾਸਿਕੀ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ?

ਉੱਤਰ : ੳ, ਅ, ੲ ਨਾਲ ਵੱਖ-ਵੱਖ ਨਾਸਿਕੀ ਚਿੰਨ੍ਹ (ਬਿੰਦੀ ਤੇ ਟਿੱਪੀ) ਲਗਦੇ ਹਨ। ਇਨ੍ਹਾਂ ਨਾਲ ਲਗਣ ਵਾਲੀਆਂ ਅੱਠ ਲਗਾਂ – ਕੰਨਾ, ਬਿਹਾਰੀ, ਔਂਕੜ, ਦੁਲੈਂਕੜ, ਲਾਂ, ਦੁਲਾਵਾਂ, ਹੋੜਾ ਅਤੇ ਕਨੌੜਾ ਨਾਲ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਹੈ ;

ਜਿਵੇਂ – ਆਂਦਰ, ਸਾਈਂ, ਕਿਉਂ, ਖਾਊਂਂ, ਜਾਏਂ, ਐਂਠ, ਔਂਤਰਾ।

ਜਦੋਂ ‘ਅ’ ਮੁਕਤਾ ਹੁੰਦਾ ਹੈ ਅਤੇ ‘ੲ’ ਨੂੰ ਸਿਹਾਰੀ ਲੱਗੀ ਹੁੰਦੀ ਹੈ, ਤਾਂ ਇਨ੍ਹਾਂ ਨਾਲ ਟਿੱਪੀ (ੰ) ਦੀ ਵਰਤੋਂ ਹੁੰਦੀ ਹੈ।

ਜਿਵੇਂ – ਅੰਗ, ਇੰਦਰ ।

ਪ੍ਰਸ਼ਨ 4. ‘ੳ’ ਨਾਲ ਕਿਹੜੇ ਨਾਸਿਕੀ ਚਿੰਨ੍ਹ ਦੀ ਵਰਤੋਂ ਹੁੰਦੀ ਹੈ?

ਉੱਤਰ : ‘ੳ’ ਨਾਲ ਔਂਕੜ, ਦੁਲੈਂਕੜ ਤੇ ਹੋੜਾ ਵਿੱਚੋਂ ਭਾਵੇਂ ਕੋਈ ਵੀ ਲਗ ਲੱਗੀ ਹੋਵੇ, ਇਸ ਨਾਲ ਨਾਸਿਕੀ ਚਿੰਨ੍ਹ ਬਿੰਦੀ (ਂ) ਹੀ ਲਗਦਾ ਹੈ ; ਜਿਵੇਂ – ਉਂਗਲ, ਊਂਂਧੀ, ਭਿਓਂ।

ਪ੍ਰਸ਼ਨ 5. ਅਧਕ ਦੀ ਵਰਤੋਂ ਕਦੋਂ ਕੀਤੀ ਜਾਂਦੀ ਹੈ?

ਉੱਤਰ : ਪੰਜਾਬੀ ਵਿੱਚ ਅੱਖਰਾਂ ਦੀ ਦੋਹਰੀ ਅਵਾਜ਼ ਨੂੰ ਪ੍ਰਗਟ ਕਰਨ ਲਈ ਹਿੰਦੀ, ਸੰਸਕ੍ਰਿਤ ਵਾਂਗ ਅੱਧੇ ਅੱਖਰ ਨਹੀਂ ਪਾਏ ਜਾਂਦੇ, ਸਗੋਂ ਜਿਸ ਅੱਖਰ ਦੀ ਅਵਾਜ਼ ਦੋਹਰੀ ਕਰਨੀ ਹੋਵੇ, ਉਸ ਤੋਂ ਪਹਿਲੇ ਅੱਖਰ ਉੱਪਰ ਅੱਧਕ ਪਾ ਕੇ ਹੀ ਕੰਮ ਸਾਰ ਲਿਆ ਜਾਂਦਾ ਹੈ : ਜਿਵੇਂ- ਸੱਚ, ਹਿੱਕ, ਭੁੱਖ, ਅੱਛਾ ਆਦਿ।

ਪ੍ਰਸ਼ਨ 6. ਅੱਧਕ ਦੀ ਵਰਤੋਂ ਕਿਹੜੀ-ਕਿਹੜੀ ਲਗ ਨਾਲ ਹੁੰਦੀ ਹੈ?

ਜਾਂ

ਪ੍ਰਸ਼ਨ. ਅੱਧਕ ਕਿਹੜੀ ਲਗ ਨਾਲ ਆ ਸਕਦੀ ਹੈ?

ਉੱਤਰ : ਪੰਜਾਬੀ ਵਿੱਚ ਅੱਧਕ ਦੀ ਵਰਤੋਂ ਮੁਕਤਾ, ਸਿਹਾਰੀ ਤੇ ਔਂਕੜ ਲਗ ਨਾਲ ਹੁੰਦੀ ਹੈ, ਪਰੰਤੂ ਅੰਗਰੇਜ਼ੀ ਦੇ ਕੁੱਝ ਸ਼ਬਦ ਲਿਖਣ ਲਈ ਇਸ ਦੀ ਦੁਲਾਵਾਂ ਨਾਲ ਵੀ ਵਰਤੋਂ ਕਰਨੀ ਪੈਂਦੀ ਹੈ ; ਜਿਵੇਂ-ਪੈੱਨ, ਪ੍ਰੈੱਸ ਆਦਿ।

ਪ੍ਰਸ਼ਨ 7. ਵਿਆਕਰਨ ਦਾ ‘ਵਾਕ ਬੋਧ ਅੰਗ’ ਕਿਸ ਦਾ ਅਧਿਐਨ ਕਰਾਉਂਦਾ ਹੈ?

ਉੱਤਰ : ਵਾਕਾਂ ਦਾ।

ਪ੍ਰਸ਼ਨ 8. ਵਿਆਕਰਨ ਅਧੀਨ ਸ਼ਬਦਾਂ ਦੀ ਵਿਆਖਿਆ ਕਰਨ ਵਾਲੇ ਭਾਗ ਨੂੰ ਕੀ ਕਹਿੰਦੇ ਹਨ?

ਜਾਂ

ਪ੍ਰਸ਼ਨ. ਵਿਆਕਰਨ ਦੇ ਕਿਸ ਭਾਗ ਅਧੀਨ ਸ਼ਬਦਾਂ ਦਾ ਅਧਿਐਨ ਕੀਤਾ ਜਾਂਦਾ ਹੈ?

ਉੱਤਰ : ਸ਼ਬਦ-ਬੋਧ।

ਪ੍ਰਸ਼ਨ 9. ਮੁਕਤਾ ਲਗ ਕਿਸ ਨੂੰ ਆਖਦੇ ਹਨ?

ਉੱਤਰ : ਮੁਕਤਾ ਪੰਜਾਬੀ ਦੀ ਇਕ ਅਜਿਹੀ ਲਗ ਹੈ, ਜਿਸ ਦਾ ਕੋਈ ਚਿੰਨ੍ਹ ਨਹੀਂ ਹੁੰਦਾ। ਪਰ ਇਹ ਸ੍ਵਰ ‘ਅ’ ਨਾਲ ਤੇ ਸਾਰੇ ਵਿਅੰਜਨਾਂ ਨਾਲ ਲੁਪਤ ਰੂਪ ਵਿੱਚ ਲੱਗੀ ਹੁੰਦੀ ਹੈ।

ਪ੍ਰਸ਼ਨ 10. ਸੰਯੁਕਤ (ਦੁੱਤ) ਅੱਖਰ ਤੋਂ ਕੀ ਭਾਵ ਹੈ?

ਉੱਤਰ : ਸੰਯੁਕਤ ਅੱਖਰ ਜੁੜਵੇਂ ਜਾਂ ਦੁੱਤ ਅੱਖਰ ਹੁੰਦੇ ਹਨ। ਪੰਜਾਬੀ ਵਿੱਚ ਪੈਰੀਂ ‘ਰ’, ‘ਹ’, ‘ਵ’ ਸੰਯੁਕਤ ਅੱਖਰ ਹਨ। ਇਨ੍ਹਾਂ ਦੀ ਵਰਤੋਂ ਇਸ ਪ੍ਰਕਾਰ ਹੁੰਦੀ ਹੈ-ਪ੍ਰੇਮ, ਪੜ੍ਹ, ਸ੍ਵੈ।

ਪ੍ਰਸ਼ਨ 11. ਗੁਰਮੁਖੀ ਲਿਪੀ ਤੇ ਵਰਨਮਾਲਾ ਵਿਚ ਕੀ ਅੰਤਰ ਹੈ?

ਉੱਤਰ : ਗੁਰਮੁਖੀ ਦੇ ਸਾਰੇ ਅੱਖਰਾਂ (ਵਰਨਾਂ) ਤੇ ਲਗਾਂ ਨੂੰ ਮਿਲਾ ਕੇ ਗੁਰਮੁਖੀ ਦੇ 41 ਅੱਖਰ ਇਕ ਖ਼ਾਸ ਤਰਤੀਬ ਵਿੱਚ ਰੱਖੇ ਜਾਂਦੇ ਹਨ, ਤਾਂ ਉਸ ਨੂੰ ‘ਵਰਨਮਾਲਾ’ ਕਿਹਾ ਜਾਂਦਾ ਹੈ।

ਪ੍ਰਸ਼ਨ 12. ਪੰਜਾਬੀ ਵਿਚ ਫ਼ਾਰਸੀ ਭਾਸ਼ਾ ਦੀਆਂ ਕਿਹੜੀਆਂ ਧੁਨੀਆਂ ਸ਼ਾਮਿਲ ਕੀਤੀਆਂ ਗਈਆਂ ਹਨ?

ਜਾਂ

ਪ੍ਰਸ਼ਨ. ਉਰਦੂ-ਫ਼ਾਰਸੀ ਵਿਚੋਂ ਆਏ ਸ਼ਬਦਾਂ ਨੂੰ ਲਿਖਣ ਲਈ ਕਿਨ੍ਹਾਂ ਅੱਖਰਾਂ ਦੇ ਪੈਰਾਂ ਵਿਚ ਬਿੰਦੀ ਪਾਈ ਗਈ ਹੈ?

ਉੱਤਰ : ਸ਼ ਖ਼ ਗ਼ ਜ਼ ਫ਼ ।

ਪ੍ਰਸ਼ਨ 13. ‘ਲ’ ਅਤੇ ‘ਲ਼’ ਵਿੱਚ ਕੀ ਅੰਤਰ ਹੈ?

ਉੱਤਰ : ‘ਲ’ ਧੁਨੀ ਨੂੰ ਉਚਾਰਨ ਸਮੇਂ ਜੀਭ ਉੱਪਰਲੇ ਦੰਦਾਂ ਦੇ ਅੰਦਰਲੇ ਪਾਸੇ ਛੂੰਹਦੀ ਹੈ, ਪਰ ‘ਲ਼’ ਦੇ ਉਚਾਰਨ ਸਮੇਂ ਜੀਭ ਉਲਟ ਕੇ ਕਠੋਰ ਤਾਲੂ ਨਾਲ ਛੂੰਹਦੀ ਹੈ। ਦੋਹਾਂ ਦੀ ਵਰਤੋਂ ਸ਼ਬਦਾਂ ਦੇ ਅਰਥਾਂ ਵਿੱਚ ਭਿੰਨਤਾ ਪੈਦਾ ਕਰਦੀ ਹੈ ; ਜਿਵੇਂ-

ਜਲ = ਪਾਣੀ

ਜਲ਼ = ਸੜ

ਬਲ = ਤਾਕਤ

ਬਲ਼ = ਸੜ

ਪ੍ਰਸ਼ਨ 14. ਗੁਰਮੁਖੀ ਲਿਪੀ ਦਾ ਦੂਜਾ ਨਾਂ ਕਿਹੜਾ ਹੈ? ਕੀ ਇਹ ਲਿਪੀ ਗੁਰੂ ਸਾਹਿਬ ਦੀ ਆਪਣੀ ਕਾਢ ਹੈ?

ਉੱਤਰ : ਗੁਰਮੁਖੀ ਲਿਪੀ ਦਾ ਦੂਜਾ ਨਾਂ ‘ਪੈਂਤੀ’ ਜਾਂ ‘ਪੈਂਤੀ-ਅੱਖਰੀ’ ਹੈ ਕਿਉਂਕਿ ਇਸ ਦੇ ਮੂਲ ਅੱਖਰ ਗਿਣਤੀ ਵਿੱਚ ਪੈਂਤੀ (35) ਹਨ। ਗੁਰਮੁਖੀ ਲਿਪੀ ਗੁਰੂ ਸਾਹਿਬਾਨ ਦੀ ਕਾਢ ਨਹੀਂ, ਸਗੋਂ ਇਹ ਬ੍ਰਹਮੀ ਲਿਪੀ ਤੋਂ ਵਿਕਸਿਤ ਹੋਈਆਂ ਟਾਕਰੀ ਤੇ ਸ਼ਾਰਦਾ ਲਿਪੀਆਂ ਵਿੱਚੋਂ ਨਿਕਲੀ ਹੋਈ ਹੈ ਅਤੇ ਇਹ ਗੁਰੂ ਨਾਨਕ ਦੇਵ ਜੀ ਤੋਂ ਵੀ ਪਹਿਲਾਂ ਹੋਂਦ ਵਿੱਚ ਆ ਚੁੱਕੀ ਸੀ।

ਪ੍ਰਸ਼ਨ 15. ਉਹ ਕਿਹੜੀਆਂ ਧੁਨੀਆਂ ਹਨ, ਜਿਨ੍ਹਾਂ ਦੀ ਹੋਂਦ ਲਿਖਤ ਵਿਚ ਤਾਂ ਹੈ, ਪਰੰਤੂ ਬੋਲ-ਚਾਲ ਵਿਚ ਨਹੀਂ?

ਉੱਤਰ : ਘ, ਝ, ਢ, ਧ, ਭ।

ਪ੍ਰਸ਼ਨ 16. ਸੋਹਣਾ (ਸੁੰਦਰ) ਲਿਖਣ ਲਈ ਕਿਹੜੀਆਂ-ਕਿਹੜੀਆਂ ਗੱਲਾਂ ਦਾ ਖ਼ਿਆਲ ਰੱਖਣਾ ਚਾਹੀਦਾ ਹੈ?

ਉੱਤਰ : ਸੋਹਣਾ (ਸੁੰਦਰ) ਲਿਖਣ ਲਈ ਸ਼ਬਦਾਂ ਵਿੱਚ ਸਾਰੇ ਅੱਖਰਾਂ ਦਾ ਆਕਾਰ ਇੱਕੋ ਜਿਹਾ ਰੱਖਣਾ ਚਾਹੀਦਾ ਹੈ ਅਤੇ ਲਗਾਂ ਤੇ ਲਗਾਖ਼ਰਾਂ ਨੂੰ ਉਨ੍ਹਾਂ ਦੇ ਅਨੁਪਾਤ ਅਨੁਸਾਰ ਠੀਕ ਥਾਂਵਾਂ ਉੱਤੇ ਲਿਖਣਾ ਚਾਹੀਦਾ ਹੈ। ਇਸ ਤੋਂ ਬਿਨਾਂ ਵਾਕ ਵਿੱਚ ਸ਼ਬਦਾਂ ਦਾ ਫ਼ਰਕ ਇੱਕੋ ਜਿਹਾ ਰੱਖਣ ਦੇ ਨਾਲ-ਨਾਲ ਕਾਗ਼ਜ਼ ਉੱਤੇ ਹਾਸ਼ੀਆ ਛੱਡਣ, ਪੈਰੇ ਬਣਾਉਣ ਤੇ ਵਿਸਰਾਮ ਚਿੰਨ੍ਹਾਂ ਦੀ ਵਰਤੋਂ ਬਾਰੇ ਵੀ ਸੁਚੇਤ ਰਹਿਣਾ ਚਾਹੀਦਾ ਹੈ।

ਪ੍ਰਸ਼ਨ 17. ਪੰਜਾਬੀ ਭਾਸ਼ਾ ਦੀ ਵਰਨਮਾਲਾ ਦੀ ਵਰਗ-ਵੰਡ ਕਰੋ।

ਉੱਤਰ :

ਸ੍ਵਰ — ੳ  ਅ  ੲ

ਸੁਰ-ਯੰਤਰੀ —  ਹ

ਵਿਅੰਜਨ

ਕਵਰਗ — ਕ  ਖ  ਗ  ਘ  ਙ

ਚਵਰਗ — ਚ ‌ ਛ  ਜ  ਝ ‌ ਞ

ਟਵਰਗ — ਟ  ਠ  ਡ  ਢ  ਣ

ਤਵਰਗ — ਤ  ਥ  ਦ  ਧ  ਨ

ਪਵਰਗ — ਪ  ਫ  ਬ  ਭ  ਮ

ਅੰਤਮ ਵਰਗ — ਯ  ਰ  ਲ  ਵ  ੜ

ਨਵੀਨ ਵਰਗ — ਸ਼  ਖ਼  ਗ਼  ਜ਼  ਫ਼

ਪੂਰਕ — ਲ਼