ਰੱਬਾ ! ਮੇਰੇ ਹਾਲ ਦਾ ……….. ਮੈਂ ਨਾਹੀਂ ਸਭ ਤੂੰ।
ਸਭੁ ਕਿਛੁ ਮੇਰਾ ਤੂੰ : ਸ਼ਾਹ ਹੁਸੈਨ
ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ-
ਰੱਬਾ ! ਮੇਰੇ ਹਾਲ ਦਾ ਮਹਿਰਮ ਤੂੰ ।
ਅੰਦਰਿ ਤੂੰ ਹੈਂ ਬਾਹਰਿ ਤੂੰ ਹੈਂ, ਰੋਮਿ ਰੋਮਿ ਵਿਚਿ ਤੂੰ ।
ਤੂੰ ਹੈਂ ਤਾਣਾ, ਤੂੰ ਹੈਂ ਬਾਣਾ, ਸਭੁ ਕਿਛੁ ਮੇਰਾ ਤੂੰ ।
ਕਹੈ ਹੁਸੈਨ ਫ਼ਕੀਰ ਨਿਮਾਣਾ, ਮੈਂ ਨਾਹੀਂ ਸਭ ਤੂੰ ।
ਪ੍ਰਸੰਗ : ਇਹ ਕਾਵਿ-ਟੋਟਾ ਸ਼ਾਹ ਹੁਸੈਨ ਦੀ ਲਿਖੀ ਹੋਈ ਇਕ ਕਾਫ਼ੀ ਹੈ, ਜੋ ਕਿ ‘ਸਾਹਿਤ-ਮਾਲਾ’ ਪੁਸਤਕ ਵਿੱਚ ‘ਸਭੁ ਕਿਛੁ ਮੇਰਾ ਤੂੰ’ ਸਿਰਲੇਖ ਹੇਠ ਦਰਜ ਹੈ। ਇਸ ਕਾਫ਼ੀ ਵਿੱਚ ਕਵੀ ਆਪਣੀ ਹੋਂਦ ਨੂੰ ਨਕਾਰਦਾ ਹੋਇਆ ਪ੍ਰਭੂ ਦੀ ਹੋਂਦ ਦੇ ਸੱਚ ਨੂੰ ਬਿਆਨ ਕਰਦਾ ਹੈ।
ਵਿਆਖਿਆ : ਸ਼ਾਹ ਹੁਸੈਨ ਬੜੇ ਨਿਰਮਾਣਤਾ ਭਰੇ ਭਾਵ ਪ੍ਰਗਟ ਕਰਦਾ ਹੋਇਆ ਆਖਦਾ ਹੈ, ਹੇ ਰੱਬਾ ! ਤੂੰ ਮੇਰੀ ਦਰਦ ਭਰੀ ਹਾਲਤ ਦਾ ਭੇਤੀ ਹੈਂ। ਮੇਰੇ ਅੰਦਰ ਵੀ ਤੂੰ ਵਸਦਾ ਹੈਂ ਤੇ ਬਾਹਰ ਵੀ। ਤੂੰ ਮੇਰੇ ਰੋਮ-ਰੋਮ ਵਿੱਚ ਵਸਦਾ ਹੈਂ। ਤੂੰ ਮੇਰੇ ਸਰੀਰ ਰੂਪੀ ਕੱਪੜੇ ਦਾ ਤਾਣਾ ਵੀ ਹੈਂ ਤੇ ਬਾਣਾ ਵੀ, ਭਾਵ ਮੇਰੇ ਸਰੀਰ ਦਾ ਅੰਗ-ਅੰਗ ਤੇ ਰੰਗ-ਰਗ ਸਭ ਕੁੱਝ ਤੂੰ ਹੀ ਹੈਂ। ਸ਼ਾਹ ਹੁਸੈਨ ਇਕ ਨਿਮਾਣਾ ਫ਼ਕੀਰ ਹੈ; ਇਸ ਲਈ ਉਹ ਆਖਦਾ ਹੈ ਕਿ ਮੇਰੇ ਵਿੱਚ ਮੇਰਾ ਕੁੱਝ ਨਹੀਂ, ਸਗੋਂ ਮੈਂ ਜੋ ਕੁੱਝ ਹਾਂ, ਅਸਲ ਵਿੱਚ ਹੇ ਪ੍ਰਭੂ, ਉਹ ਤੂੰ ਹੈਂ ਭਾਵ ਮੇਰੀ ਆਪਣੀ ਹਸਤੀ ਕੁੱਝ ਨਹੀਂ, ਸਗੋਂ ਸਭ ਕੁੱਝ ਪ੍ਰਭੂ ਹੀ ਹੈ।
‘ਸਭੁ ਕਿਛੁ ਮੇਰਾ ਤੂੰ’ ਨਾਮਕ ਕਾਫ਼ੀ ਦਾ ਕੇਂਦਰੀ ਭਾਵ
ਪ੍ਰਸ਼ਨ. ‘ਸਭੁ ਕਿਛੁ ਮੇਰਾ ਤੂੰ’ ਨਾਮਕ ਕਾਫ਼ੀ ਦਾ ਅੰਤ੍ਰੀਵ (ਕੇਂਦਰੀ) ਭਾਵ ਜਾਂ ਸਾਰ ਲਗਪਗ 40 ਸ਼ਬਦਾਂ ਵਿੱਚ ਲਿਖੋ।
ਉੱਤਰ : ਮਨੁੱਖ ਦੀ ਹਸਤੀ ਕੁੱਝ ਵੀ ਨਹੀਂ, ਸਗੋਂ ਜੋ ਕੁੱਝ ਹੈ, ਪ੍ਰਭੂ ਆਪ ਹੀ ਹੈ ਅਤੇ ਉਹ ਉਸ ਦੇ ਅੰਦਰ ਬਾਹਰ ਤੇ ਰੋਮ-ਰੋਮ ਵਿੱਚ ਵਸਦਾ ਹੈ। ਉਸ ਦੇ ਸਰੀਰ ਦਾ ਤਾਣਾ-ਬਾਣਾ ਉਹ ਆਪ ਹੀ ਹੈ।
ਔਖੇ ਸ਼ਬਦਾਂ ਦੇ ਅਰਥ
ਮਹਿਰਮ : ਭੇਤੀ।
ਰੋਮਿ ਰੋਮਿ : ਵਾਲ-ਵਾਲ, ਰਗ-ਰਗ ।
ਤਾਣਾ, ਬਾਣਾ : ਕੱਪੜੇ ਨੂੰ ਬੁਣਨ ਸਮੇਂ ਪਹਿਲਾਂ ਤਾਣਾ ਤਣਿਆ ਜਾਂਦਾ ਹੈ ਤੇ ਫਿਰ ਉਸ ਵਿੱਚੋਂ ਨਲੀਆਂ ਰਾਹੀਂ ਬਾਣਾ ਲੰਘਾਇਆ ਜਾਂਦਾ ਹੈ। ਇੱਥੇ ਭਾਵ ਸਰੀਰ ਦੇ ਅੰਗ-ਅੰਗ ਤੇ ਰਗ-ਰਗ ਤੋਂ ਹੈ।