ਰੂਪ ਰੇਖਾ : ਅਖ਼ਬਾਰ ਦੇ ਸੰਪਾਦਕ ਨੂੰ ਚਿੱਠੀ-ਪੱਤਰ


ਅਖ਼ਬਾਰ ਦੇ ਸੰਪਾਦਕ ਨੂੰ ਚਿੱਠੀ-ਪੱਤਰ


ਅਜੋਕੀ ਇੱਕੀਵੀਂ ਸਦੀ ਨੂੰ ‘ਇਨਫਰਮੇਸ਼ਨ ਟੈਕਨਾਲੋਜੀ’ ਦੀ ਸਦੀ ਕਿਹਾ ਜਾ ਰਿਹਾ ਹੈ। ਇਸ ਸਦੀ ਵਿੱਚ ਸੰਚਾਰ ਸਾਧਨਾਂ ਵਿੱਚ ਬਹੁਤ ਵੱਡੀ ਕ੍ਰਾਂਤੀ ਆਈ ਹੈ। ਸੰਚਾਰ ਦੇ ਵੱਖ-ਵੱਖ ਸਾਧਨਾਂ ਨੇ ਮਨੁੱਖੀ ਜੀਵਨ ‘ਤੇ ਬਹੁਤ ਪ੍ਰਭਾਵ ਪਾਇਆ ਹੈ। ਇਸ ਨਾਲ ਸਾਡਾ ਸੰਸਾਰ ਇੱਕ ਪਿੰਡ ਹੀ ਬਣ ਗਿਆ ਹੈ। ਦੁਨੀਆ ਭਰ ਵਿੱਚ ਵਾਪਰਦੀ ਕਿਤੇ ਵੀ ਤੇ ਕਿਸੇ ਵੀ ਤਰ੍ਹਾਂ ਦੀ ਘਟਨਾ ਨੂੰ ਉਸੇ ਸਮੇਂ ਨਾਲੋ-ਨਾਲ ਵੇਖਿਆ ਜਾ ਸਕਦਾ ਹੈ।

ਅਜਿਹੇ ਸਮੇਂ ‘ਚ ਅਖ਼ਬਾਰਾਂ ਜਾਂ ਸਮਾਚਾਰ-ਪੱਤਰਾਂ ਦਾ ਵੀ ਆਪਣਾ ਮਹੱਤਵ ਹੈ। ਅਖ਼ਬਾਰਾਂ ਰਾਹੀਂ ਵੀ ਸਾਨੂੰ ਦੇਸ਼-ਵਿਦੇਸ਼ ‘ਚ ਵਾਪਰਦੀਆਂ ਘਟਨਾਵਾਂ, ਸਥਿਤੀਆਂ ਤੇ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਮਿਲਦੀ ਹੈ। ਅਖ਼ਬਾਰਾਂ ਵਿੱਚ ਵੱਖ-ਵੱਖ ਪਾਠਕਾਂ ਵੱਲੋਂ ਕਿਸੇ ਮਸਲੇ ਜਾਂ ਘਟਨਾ ਸੰਬੰਧੀ ਲਿਖੇ ਪੱਤਰ ਵੀ ਬਹੁਤ ਮਹੱਤਵਪੂਰਨ ਹੁੰਦੇ ਹਨ। ਇਹਨਾਂ ਪੱਤਰਾਂ ਵਿੱਚ ਲੋਕ ਜਿੱਥੇ ਆਪਣੀਆਂ ਸਮੱਸਿਆਵਾਂ ਦੀ ਗੱਲ ਕਰਦੇ ਹਨ, ਉੱਥੇ ਨਾਲ ਹੀ ਸਮਾਜ ‘ਚ ਵਾਪਰਦੀਆਂ ਚੰਗੀਆਂ ਘਟਨਾਵਾਂ ਬਾਰੇ ਵੀ ਲਿਖਦੇ ਹਨ। ਚੰਗੀਆਂ ਘਟਨਾਵਾਂ ਬਾਰੇ ਪੜ੍ਹ ਕੇ ਪਾਠਕ ਉਹਨਾਂ ਤੋਂ ਬਹੁਤ ਪ੍ਰਭਾਵਿਤ ਹੁੰਦੇ ਹਨ। ਉਦਾਹਰਨ ਵਜੋਂ ਇੱਕ ਸਾਦਾ ਵਿਆਹ ਬਾਰੇ ਲਿਖਿਆ ਪੱਤਰ ਜਦੋਂ ਅਖ਼ਬਾਰ ‘ਚ ਛਪਦਾ ਹੈ ਤਾਂ ਇਸ ਤੋਂ ਹੋਰ ਵੀ ਨੌਜਵਾਨ ਪ੍ਰੇਰਿਤ ਹੋ ਕੇ ਅਜਿਹਾ ਕਰਦੇ ਹਨ। ਇਸੇ ਤਰ੍ਹਾਂ ਮਾੜੀਆਂ ਘਟਨਾਵਾਂ ਬਾਰੇ ਪੜ੍ਹ ਕੇ ਵੀ ਲੋਕ ਅਜਿਹੀ ਸੋਚ ਦਾ ਵਿਰੋਧ ਕਰਦਿਆਂ ਉਸ ਤੋਂ ਦੂਰ ਰਹਿੰਦੇ ਹਨ। ਇਸੇ ਤਰ੍ਹਾਂ ਜਦੋਂ ਅਖ਼ਬਾਰਾਂ ਵਿੱਚ ਲੋਕ ਆਪਣੀਆਂ ਸਮੱਸਿਆਵਾਂ ਬਾਰੇ ਲਿਖਦੇ ਹਨ ਤਾਂ ਇਸ ਨਾਲ ਸੰਬੰਧਤ ਅਧਿਕਾਰੀਆਂ ਅਤੇ ਸਰਕਾਰ ਨੂੰ ਉਸ ਸਮੱਸਿਆ ਬਾਰੇ ਪੂਰੀ ਜਾਣਕਾਰੀ ਮਿਲਦੀ ਹੈ ਤੇ ਅਧਿਕਾਰੀ ਇਸ ਸਮੱਸਿਆ ਦਾ ਹੱਲ ਪਹਿਲ ਦੇ ਆਧਾਰ ‘ਤੇ ਕਰਦੇ ਹਨ।

ਲੋਕ-ਰਾਜ ਵਿੱਚ ਅਖ਼ਬਾਰਾਂ ਵਿੱਚ ਜਦੋਂ ਪੱਤਰ ਛਪਦੇ ਹਨ ਤਾਂ ਇਸ ਨਾਲ ਕਿਸੇ ਵੀ ਮਸਲੇ ਬਾਰੇ ਲੋਕ-ਰਾਇ ਬਣਾਉਣ ‘ਚ ਸਹਾਇਤਾ ਮਿਲਦੀ ਹੈ। ਇਸ ਨਾਲ ਲੋਕਾਂ ਤੇ ਸਰਕਾਰ ਦੇ ਆਪਸੀ ਸੰਬੰਧਾਂ ਵਿੱਚ ਹੋਰ ਨੇੜਤਾ ਬਣਦੀ ਹੈ। ਕਿਸੇ ਅਖ਼ਬਾਰ ਦੇ ਸੰਪਾਦਕ ਨੂੰ ਕਿਸੇ ਵੀ ਮਸਲੇ ਜਾਂ ਘਟਨਾ ਬਾਰੇ ਪੱਤਰ ਲਿਖਣ ਸਮੇਂ ਹੇਠਲੀਆਂ ਗੱਲਾਂ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ :

1. ਇਹ ਪੱਤਰ ਇੱਕ ਨਿਸ਼ਚਿਤ ਖ਼ਾਕੇ ਅਨੁਸਾਰ ਲਿਖਿਆ ਹੋਣਾ ਚਾਹੀਦਾ ਹੈ।

2. ਪੱਤਰ ਵਿਚਲੀ ਘਟਨਾ ਜਾਂ ਮਸਲੇ ਬਾਰੇ ਵਿਚਾਰ ਪੇਸ਼ ਕਰਦਿਆਂ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਨਹੀਂ ਕਰਨਾ ਚਾਹੀਦਾ।

3. ਪੱਤਰ ਵਿਚਲੀ ਘਟਨਾ ਜਾਂ ਮਸਲੇ ਬਾਰੇ ਸੰਖੇਪਤਾ ਭਰਪੂਰ ਸ਼ਬਦਾਵਲੀ ਦੀ ਵਰਤੋਂ ਕਰਨੀ ਚਾਹੀਦੀ ਹੈ, ਕਿਉਂਕਿ ਬੇਲੋੜੇ ਵਿਸਥਾਰ ਨਾਲ ਪਾਠਕ ਉਕਤਾ ਜਾਂਦੇ ਹਨ।

4. ਕਿਸੇ ਚੰਗੀ ਗੱਲ ਦੀ ਪ੍ਰਸੰਸਾ ਜਾਂ ਮਾੜੀ ਗੱਲ ਦੀ ਵਿਰੋਧਤਾ ਲਈ ਵੀ ਮਰਿਯਾਦਾ ‘ਚ ਰਹਿ ਕੇ ਹੀ ਲਿਖਣਾ ਚਾਹੀਦਾ ਹੈ।

5. ਆਪਣੇ ਵਿਚਾਰਾਂ ਅਨੁਸਾਰ ਪੱਤਰ ਵਿੱਚ ਪੈਰੇ ਬਣਾਉਣੇ ਚਾਹੀਦੇ ਹਨ। ਪੱਤਰ ਵਿਚਲੀ ਭਾਸ਼ਾ ਸ਼ੁੱਧ, ਸਪੱਸ਼ਟ ਤੇ ਪ੍ਰਭਾਵਸ਼ਾਲੀ ਹੋਣੀ ਚਾਹੀਦੀ ਹੈ।

6. ਪੱਤਰ ਵਿੱਚ ਵਧੇਰੇ ਲੰਮੇ ਵਾਕ ਲਿਖਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

7. ਪੱਤਰ ਵਿੱਚ ਅਖ਼ਬਾਰ ਦੇ ਸੰਪਾਦਕ ਨੂੰ ਪੱਤਰ ਅਖ਼ਬਾਰ ‘ਚ ਛਾਪਣ ਲਈ ਨਿਮਰਤਾ ਸਹਿਤ ਬੇਨਤੀ ਕਰਦਿਆਂ ਅਗਾਊਂ ਧੰਨਵਾਦ ਵੀ ਕਰਨਾ ਚਾਹੀਦਾ ਹੈ।