ਰਾਂਝੇ ਉੱਤੇ ਹੀਰ ਦਾ ਮੋਹਿਤ ਹੋਣਾ : ਪ੍ਰਸੰਗ ਸਹਿਤ ਵਿਆਖਿਆ
ਪ੍ਰਸ਼ਨ. ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ :
ਕੂਕੇ ਮਾਰ ਹੀ ਮਾਰ ਤੇ ਪਕੜ ਛਮਕਾਂ,
ਪਰੀ ਆਦਮੀ ਤੇ ਕਹਿਰਵਾਨ ਹੋਈ ।
ਰਾਂਝੇ ਉੱਠ ਕੇ ਆਖਿਆ ‘ਵਾਹ ਸੱਜਣ’ !
ਹੀਰ ਹੱਸ ਕੇ ਤੇ ਮਿਹਰਬਾਨ ਹੋਈ ।
ਕੱਛੇ ਵੰਝਲੀ ਕੰਨਾਂ ਦੇ ਵਿਚ ਵਾਲੇ,
ਜ਼ੁਲਫ਼ ਮੁੱਖੜੇ ‘ਤੇ ਪਰੇਸ਼ਾਨ ਹੋਈ ।
ਸੂਰਤ ਯੂਸਫ਼ ਦੀ ਵੇਖ ਤੈਮਸ ਬੇਟੀ,
ਸਣੇ ਮਾਲਕੇ ਬਹੁਤ ਹੈਰਾਨ ਹੋਈ ।
ਨੈਣ ਮਸਤ ਕਲੇਜੜੇ ਵਿਚ ਧਾਣੇ
ਹੀਰ ਘੋਲ ਘੱਤੀ ਕੁਰਬਾਨ ਹੋਈ ।
ਭਲਾ ਹੋਇਆ ਮੈਂ ਤੈਨੂੰ ਨਾ ਮਾਰ ਬੈਠੀ,
ਕਾਈ ਨਹੀਂ ਉ ਗੱਲ ਬੇਸ਼ਾਨ ਹੋਈ ।
ਪ੍ਰਸੰਗ : ਇਹ ਕਾਵਿ-ਟੋਟਾ ਵਾਰਿਸ ਸ਼ਾਹ ਦੀ ‘ਹੀਰ’ ਵਿੱਚੋਂ ਲਿਆ ਗਿਆ ਹੈ ਅਤੇ ਇਹ ‘ਸਾਹਿਤ-ਮਾਲਾ’ ਪੁਸਤਕ ਵਿੱਚ ‘ਰਾਂਝੇ ਉੱਤੇ ਹੀਰ ਦਾ ਮੋਹਿਤ ਹੋਣਾ’ ਸਿਰਲੇਖ ਹੇਠ ਦਰਜ ਹੈ। ਇਸ ਕਿੱਸੇ ਵਿੱਚ ਕਵੀ ਨੇ ਹੀਰ-ਰਾਂਝੇ ਦੀ ਪ੍ਰੀਤ-ਕਹਾਣੀ ਨੂੰ ਬਿਆਨ ਕੀਤਾ ਹੈ। ਇਨ੍ਹਾਂ ਸਤਰਾਂ ਵਿੱਚ ਉਸ ਘਟਨਾ ਦਾ ਵਰਣਨ ਹੈ, ਜਦੋਂ ਗੁੱਸੇ ਭਰੀ ਹੀਰ ਸੱਠ ਸਹੇਲੀਆਂ ਨਾਲ ਲੈ ਕੇ ਬੇੜੀ ਵਿੱਚ ਆਪਣੀ ਸੇਜ ਮੱਲ ਕੇ ਪਏ ਰਾਂਝੇ ਨੂੰ ਮਾਰ-ਮਾਰ ਕੇ ਉਠਾਉਣ ਲਈ ਆਉਂਦੀ ਹੈ, ਤਾਂ ਦੋਹਾਂ ਦੀਆਂ ਅੱਖਾਂ ਚਾਰ ਹੁੰਦਿਆਂ ਹੀ ਉਨ੍ਹਾਂ ਦਾ ਆਪਸ ਵਿੱਚ ਪਿਆਰ ਪੈ ਜਾਂਦਾ ਹੈ ਤੇ ਉਹ ਸਦੀਵੀ ਪ੍ਰੇਮ-ਡੋਰੀ ਵਿੱਚ ਪ੍ਰੋਏ ਜਾਂਦੇ ਹਨ।
ਵਿਆਖਿਆ : ਹੀਰ ਦੀਆਂ ਸਾਰੀਆਂ ਸਹੇਲੀਆਂ ਨੇ ਆਪਣੇ ਹੱਥਾਂ ਵਿੱਚ ਛਮਕਾਂ ਫੜੀਆਂ ਹੋਈਆਂ ਸਨ ਅਤੇ ਹੀਰ ‘ਮਾਰੋ-ਮਾਰੋ’ ਕੂਕ ਰਹੀ ਸੀ। ਇਸ ਪ੍ਰਕਾਰ ਪਰੀ ਵਰਗੀ ਸੁੰਦਰ ਹੀਰ ਆਦਮੀ (ਰਾਂਝੇ) ਉੱਪਰ ਕਹਿਰਵਾਨ ਹੋਈ ਪਈ ਸੀ। ਰਾਂਝੇ ਨੂੰ ਜਾਗ ਆਈ, ਤਾਂ ਉਸ ਨੇ ਉੱਠ ਕੇ ਜਦੋਂ ਆਪਣੇ ਸਾਹਮਣੇ ਖ਼ੂਬਸੂਰਤ ਮੁਟਿਆਰ ਹੀਰ ਨੂੰ ਖੜ੍ਹੀ ਦੇਖਿਆ, ਤਾਂ ਉਹ ਉਸ ਉੱਪਰ ਆਸ਼ਕ ਹੋ ਗਿਆ ਤੇ ਉਸ ਦੇ ਮੂੰਹੋਂ ਆਪ-ਮੁਹਾਰੇ ਨਿਕਲ ਗਿਆ, ‘ਵਾਹ ਸੱਜਣ ! ‘ ਉਧਰ ਰਾਂਝੇ ਦੀ ਸੁੰਦਰਤਾ ਦੇਖ ਕੇ ਹੀਰ ਵੀ ਉਸ ਉੱਤੇ ਮੋਹਿਤ ਹੋ ਗਈ। ਰਾਂਝੇ ਦੇ ਪਿਆਰ ਤੇ ਅਪਣੱਤ ਭਰੇ ਸ਼ਬਦ ਸੁਣ ਕੇ ਹੀਰ ਹੱਸ ਪਈ ਅਤੇ ਉਹ ਉਸ ਉੱਪਰ ਮਿਹਰਬਾਨ ਹੋ ਗਈ। ਇਸ ਮਿਲਣੀ ਸਮੇਂ ਰਾਂਝੇ ਦੀ ਕੱਛ ਵਿੱਚ ਵੰਝਲੀ ਤੇ ਕੰਨਾਂ ਵਿੱਚ ਪਏ ਵਾਲੇ ਅਤੇ ਦੂਜੇ ਪਾਸੇ ਹੀਰ ਦੇ ਮੁੱਖੜੇ ਉੱਪਰ ਲਟਕਦੀ ਜ਼ੁਲਫ਼ ਹੈਰਾਨ ਹੋ ਗਏ। ਇਸ ਪ੍ਰਕਾਰ ਉਨ੍ਹਾਂ ਦਾ ਆਪ-ਮੁਹਾਰਾ ਪਿਆਰ ਪੈ ਗਿਆ। ਇਸ ਤਰ੍ਹਾਂ ਲੱਗਦਾ ਸੀ ਜਿਵੇਂ ਤੈਮੂਸ ਦੀ ਬੇਟੀ ਜ਼ੁਲੈਖਾ, ਜੋ ਯੂਸਫ਼ ਨੂੰ ਪਿਆਰ ਕਰਦੀ ਸੀ, ਉਸ ਨੂੰ ਖੂਹ ਵਿੱਚੋਂ ਕੱਢਣ ਵਾਲੇ ਗ਼ੁਲਾਮਾਂ ਤੇ ਉਨ੍ਹਾਂ ਦੇ ਮਾਲਿਕ ਉੱਪਰ ਵੀ ਨਾਲ ਹੀ ਆਸ਼ਕ ਹੋ ਗਈ ਹੋਵੇ। ਰਾਂਝੇ ਨੂੰ ਦੇਖਦਿਆਂ ਹੀ ਉਸ ਦੇ ਮਸਤ ਨੈਣ ਹੀਰ ਦੇ ਕਲੇਜੇ ਵਿੱਚ ਧੱਸ ਗਏ ਤੇ ਉਹ ਉਸ ਤੋਂ ਕੁਰਬਾਨ ਹੋ ਗਈ। ਉਹ ਆਪਣੇ ਦਿਲ ਵਿੱਚ ਰਾਂਝੇ ਨੂੰ ਕਹਿ ਰਹੀ ਸੀ ਕਿ ਇਹ ਚੰਗੀ ਗੱਲ ਹੋਈ ਹੈ ਕਿ ਉਹ ਕਿਤੇ ਉਸ ਨੂੰ ਮਾਰ ਨਹੀਂ ਬੈਠੀ ਤੇ ਉਸ ਤੋਂ ਕੋਈ ਗੱਲ ਉਸ ਦੀ ਸ਼ਾਨ ਦੇ ਉਲਟ ਨਹੀਂ ਹੋਈ।